ਕਿਸੇ ਵੀ ਦੇਸ਼ ਦੀ ਆਰਥਿਕਤਾ ਵੈਸੇ ਤਾਂ ਉਸ ਮੁਲਕ ਦੀ ਲੀਡਰਸ਼ਿੱਪ ਦੀ ਸਿਆਣਪ ਅਤੇ ਦੂਰ ਅੰਦੇਸ਼ੀ ਤੇ ਹੀ ਨਿਰਭਰ ਕਰਦੀ ਹੈ ਪਰ ਕੁਝ ਮੁਲਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਆਪਣਾਂ ਢਾਂਚਾ ਹੀ ਅਜਿਹਾ ਉਸਾਰ ਲਿਆ ਹੁੰਦਾ ਹੈ ਕਿ ਰਾਜਸੀ ਲੀਡਰਸ਼ਿੱਪ ਦੀ ਭੂਮਿਕਾ ਬਹੁਤ ਨਿਗੂਣੀ ਹੋ ਕੇ ਰਹਿ ਜਾਂਦੀ ਹੈ। ਦੁਨੀਆਂ ਦੀ ਆਰਥਿਕਤਾ ਦੀ ਤੋਰ ਇਹ ਦਰਸਾਉਂਦੀ ਹੈ ਕਿ ਆਰਥਿਕ ਵਿਕਾਸ ਦਾ ਇੱਕ ਅਜਿਹਾ ਚੱਕਰ ਚੱਲ ਰਿਹਾ ਹੈ ਜੋ ਵਾਰ ਵਾਰ ਇਤਿਹਾਸ ਦੁਹਰਾਈ ਜਾ ਰਿਹਾ ਹੈ। ਦੇਸ਼ ਆਰਥਿਕ ਸੰਕਟ ਵਿੱਚ ਜਾਂਦੇ ਹਨ, ਲੀਡਰ ਨੀਂਦ ਵਿੱਚੋਂ ਜਾਗਦੇ ਹਨ, ਕੁਝ ਸੁਧਾਰ ਕਰਦੇ ਹਨ, ਆਰਥਿਕਤਾ ਲੀਹੇ ਪੈ ਜਾਂਦੀ ਹੈ, ਲੀਡਰ ਸਬਰ ਕਰਕੇ ਬੈਠ ਜਾਂਦੇ ਹਨ ਕੁਝ ਸਮੇਂ ਬਾਅਦ ਉਹ ਹੀ ਆਰਥਿਕਤਾ ਫਿਰ ਸੰਕਟ ਦਾ ਸ਼ਿਕਾਰ ਹੋ ਜਾਂਦੀ ਹੈ। ਸਾਲਾਂ ਤੋਂ ਦੁਨੀਆਂ ਦੀ ਆਰਥਿਕਤਾ ਦੇ ਇਤਿਹਾਸ ਨਾਲ ਇਹੋ ਵਾਪਰ ਰਿਹਾ ਹੈ। ਇਸੇ ਲਈ ਦੁਨੀਆਂ ਦੇ ਲਗਭਗ ੨੦੦ ਮੁਲਕਾਂ ਵਿੱਚੋਂ ਸਿਰਫ ੩੫ ਮੁਲਕ ਹੀ ਵਿਕਸਿਤ ਮੁਲਕ ਹੋਣ ਦਾ ਦਰਜਾ ਹਾਸਲ ਕਰ ਸਕੇ ਹਨ ਬਾਕੀ ਤਾਂ ਦਹਾਕਿਆਂ ਤੋਂ ਵਿਕਾਸਸ਼ੀਲ ਦੇਸ਼ ਹੀ ਬਣੇ ਹੋਏ ਹਨ ਅਤੇ ਅਗਲ਼ੇ ਕਈ ਦਹਾਕਿਆਂ ਤੱਕ ਉਹ ਹਾਲ਼ੇ ਵੀ ਵਿਕਾਸਸ਼ੀਲ ਹੀ ਬਣੇ ਰਹਿਣਗੇ।

ਸੰਨ ੨੦੦੩ ਦੇ ਲਾਗੇ ਸੰਸਾਰ ਆਰਥਿਕਤਾ ਵਿੱਚ ਅਜਿਹਾ ਕਰਿਸ਼ਮਾ ਵਾਪਰਿਆ ਕਿ ਲੀਡਰਾਂ ਨੂੰ ਵਿਕਾਸ ਲਈ ਕਿਸੇ ਹੰਭਲ਼ੇ ਦੀ ਲੋੜ ਹੀ ਨਾ ਪਈ। ਵਿਕਾਸ ਦੇ ਫਲ ਆਪਣੇ ਆਪ ਹੀ ਝੜਨ ਲੱਗ ਪਏ। ਹਰ ਮੁਲਕ ਵਿੱਚ ਆਰਥਿਕ ਵਿਕਾਸ ਦੇਖਣ ਨੂੰ ਮਿਲਿਆ। ਸੰਸਾਰ ਦੇ ਕੋਨੇ ਕੋਨੇ ਵਿੱਚ ਵਿਦੇਸ਼ੀ ਨਿਵੇਸ਼ ਹੋਇਆ। ਪਰ ਇਹ ਚੰਗਾ ਸਮਾਂ ਬਹੁਤੀ ਦੇਰ ਸਥਿਰ ਨਾ ਰਹਿ ਸਕਿਆ। ੨੦੦੩ ਤੱਕ ਦੁਨੀਆਂ ਦੇ ੬੦ਫੀਸਦੀ ਮੁਲਕਾਂ ਦੀ ਵਿਕਾਸ ਦਰ ੫ ਫੀਸਦੀ ਤੋਂ ਜਿਆਦਾ ਹੋ ਗਈ ਸੀ। ਦੁਨੀਆਂ ਦੇ ਆਰਥਿਕ ਵਿਕਾਸ ਵਿੱਚ ਇਹ ਵੱਡਾ ਮਾਅਰਕਾ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਵਿਕਾਸ ਦਰ ਸਿਰਫ ੩੫ਫੀਸਦੀ ਮੁਲਕਾਂ ਦੀ ਹੀ ਵਧ ਸਕੀ ਸੀ। ਖੈਰ ੨੦੦੮ ਦੀ ਸੰਸਾਰ ਮੰਦੀ ਨੇ ਆਰਥਿਕ ਮਾਹਰਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਇਸ ਮੰਦੀ ਨੇ ੫ ਫੀਸਦੀ ਵਿਕਾਸ ਕਰ ਰਹੇ ਮੁਲਕਾਂ ਦੀ ਦਰ ੩੦ ਫੀਸਦੀ ਤੇ ਲੈ ਆਂਦੀ।

ਸੰਸਾਰ ਭਰ ਵਿੱਚ ਵਾਪਰੇ ਇਸ ਘਟਨਾਕ੍ਰਮ ਨੇ ਆਰਥਿਕਤਾ ਦੇ ਖੇਤਰ ਵਿੱਚ ਇੱਕ ਨਵੀਂ ਲਹਿਰ ਦਾ ਆਗਾਜ਼ ਕਰ ਦਿੱਤਾ ਹੈ। ਹੁਣ ਮੁਲਕਾਂ ਦੀ ਰਾਜਸੀ ਲੀਡਰਸ਼ਿੱਪ ਇੱਕ ਵਾਰ ਫਿਰ ਮਹੱਤਵ ਗ੍ਰਹਿਣ ਕਰ ਗਈ ਹੈ। ਸਟਾਕ ਮਾਰਕੀਟ ਹੁਣ ਲੀਡਰਾਂ ਦੀ ਚੋਣ ਨਾਲ ਤਬਦੀਲ ਹੋਣ ਲੱਗ ਪਈ ਹੈ। ਸੰਸਾਰ ਦੇ ਉਭਰ ਰਹੇ ੧੧੦ ਜਮਹੂਰੀ ਦੇਸ਼ਾਂ ਵਿੱਚੋਂ ੪੪ ਮੁਲਕਾਂ ਵਿੱਚ ਇਸ ਸਾਲ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ ਮੁਲਕਾਂ ਵਿੱਚੋਂ ਜਿੱਥੇ ਬਜ਼ਾਰ ਪੱਖੀ ਲੀਡਰਾਂ ਦੇ ਚੁਣਨ ਦੀ ਸੰਭਾਵਨਾ ਸੀ ਉਥੇ ਸਟਾਕ ਐਕਸਚੇਂਜਾਂ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ। ਇੰਡੋਨੇਸ਼ੀਆ ਅਤੇ ਇੰਡੀਆ ਵਰਗੇ ਮੁਲਕਾਂ ਵਿੱਚ ਹੀ ਨਹੀ ਵਾਪਰਿਆ ਬਲਕਿ ਇਟਲੀ ਵਰਗੇ ਵਿਕਸਿਤ ਮੁਲਕ ਵਿੱਚ ਵੀ ਵਾਪਰਿਆ ਜਿੱਥੇ ਫਰਵਰੀ ਵਿੱਚ ਵਿਕਾਸ ਪੱਖੀ ਮਾਟਿਓ ਰੈਂਜ਼ੀ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਖਬਰਾਂ ਨੇ ਬਜ਼ਾਰ ਨੂੰ ਚਮਕਾ ਕੇ ਰੱਖ ਦਿੱਤਾ।

ਲਾਤੀਨੀ ਅਮਰੀਕਾ ਵਿੱਚ ਵੀ ਇਵੇਂ ਹੀ ਵਾਪਰਿਆ। ਉ%ਥੇ ਵੀ ਨਵੇਂ ਚਿਹਰਿਆਂ ਦੇ ਅੱਗੇ ਆਉਣ ਦੀ ਉਮੀਦ ਨਾਲ ਹੀ ਬਜ਼ਾਰ ਚਮਕ ਪਏ। ਅਰਜਨਟਾਈਨਾਂ ਵਿੱਚ ਜਦੋਂ ਇਹ ਖਬਰਾਂ ਆਈਆਂ ਕਿ ਉਥੋਂ ਦੇ ਰਾਸ਼ਟਰਪਤੀ ਕ੍ਰਿਸਟਨਾ ਫਰਨਾਂਡੇਜ਼ ਕਿਚਨਰ ਕਾਫੀ ਬੀਮਾਰ ਚੱਲ ਰਹੇ ਹਨ ਤਾਂ ਬਜ਼ਾਰ ਇੱਕਦਮ ਤੇਜ਼ੀ ਫੜ ਗਏ। ਬਰਾਜ਼ੀਲ ਵਿੱਚ ਜਿਉਂ ਹੀ ਖਬਰਾਂ ਫੈਲੀਆਂ ਕਿ ਪ੍ਰਧਾਨ ਡਿਲਮਾਂ ਰੌਸਫ ਦੇ ਚੋਣ ਜਿੱਤਣ ਦੀ ਸੰਭਾਵਨਾ ਘੱਟ ਹੈ ਤਾਂ ਬਜ਼ਾਰ ਤੇਜ਼ ਹੋ ਗਏ। ਭਾਰਤ ਵਿੱਚ ਵੀ ਨਰਿੰਦਰ ਮੋਦੀ ਦੇ ਅੱਗੇ ਆਉਣ ਦੀਆਂ ਖਬਰਾਂ ਨਾਲ ਬਜ਼ਾਰ ਛਾਲਾਂ ਮਾਰਨ ਲੱਗੇ, ਜੋ ਹਾਲ਼ੇ ਵੀ ਮਾਰ ਰਹੇ ਹਨ।

ਨਰਿੰਦਰ ਮੋਦੀ ਦੇ ਕਰਸ਼ਿਮੇ ਨੂੰ ਵੀ ਸੰਸਾਰ ਆਰਥਿਕਤਾ ਵਿੱਚ ਆਈ ਇਸ ਨਵੀਂ ਤਬਦੀਲੀ ਦੇ ਨਾਲ ਜੋੜ ਕੇ ਹੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਆਮਦ ਤੋਂ ਬਾਅਦ ਬਜ਼ਾਰ ਲਗਾਤਾਰ ਚੰਗੀ ਪ੍ਰਗਤੀ ਦਿਖਾ ਰਹੇ ਹਨ। ਨਿਵੇਸ਼ਕਾਂ ਵਿੱਚ ਇੱਕ ਭਰੋਸਾ ਪੈਦਾ ਹੋਇਆ ਹੈ। ਇਸ ਸੰਸਾਰ ਵਿਆਪੀ ਵਰਤਾਰੇ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਨਰਿੰਦਰ ਮੋਦੀ ਦੀ ਟੀਮ ਨੇ ਰਾਜਸੀ ਸਰਗਰਮੀਆਂ ਦਾ ਫਿਲਮੀਕਰਨ ਕਰ ਲਿਆ ਹੈ। ਉਨ੍ਹਾਂ ਨੂੰ ਹੁਣ ਫਿਲਮੀ ਕਲਾਕਰਾਂ ਵਾਂਗ ਵਡਿਆਇਆ ਅਤੇ ਪੇਸ਼ ਕੀਤਾ ਜਾ ਰਿਹਾ ਹੈ। ਭਾਰਤੀ ਸੱਤਾ ਦਾ ਗਲ਼ੈਮਰੀਕਰਨ ਹੋ ਰਿਹਾ ਹੈ।

ਸੰਸਾਰ ਆਰਥਿਕਤਾ ਬਾਰੇ ਖੋਜ ਕਰਨ ਵਾਲ਼ੇ ਵਿਦਵਾਨਾਂ ਨੇ ਇਸ ਨਵੀਂ ਤਬਦੀਲੀ ਦੀ ਪੁਣਛਾਣ ਕਰਨ ਦੇ ਨਾਲ ਨਾਲ ਇੱਕ ਚੇਤਾਵਨੀ ਵੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾਂ ਹੈ ਕਿ ਆਰਥਿਕ ਵਿਕਾਸ ਦੇ ਇਹ ਹੁਲਾਰੇ ਬਹੁਤ ਲੰਬੇ ਸਮੇਂ ਲਈ ਨਹੀ ਰਹਿਣੇ। ਇਹ ਜਵਾਨੀ ਚਾਰ ਦਿਨਾਂ ਦੀ ਵਾਂਗ ਉਹ ਮੁਲਕ ਹੀ ਆਰਥਿਕ ਵਿਕਾਸ ਦੀ ਦਰ ਨੂੰ ਸਥਿਰ ਰੱਖ ਸਕਣ ਦੇ ਯੋਗ ਹੋਣਗੇ ਜੋ ਮੰਡੀ ਦੀਆਂ ਹਾਲਤਾਂ ਦੇ ਸਨਮੁਖ ਲਗਾਤਾਰ ਆਪਣੀਆਂ ਨੀਤੀਆਂ ਬਦਲਦੇ ਰਹਿਣਗੇ। ਜੋ ਸਟਾਕ ਐਕਸਚੇਂਜ ਦੀਆਂ ਵਧਦੀਆਂ ਘਟਦੀਆਂ ਦਰਾਂ ਵਾਂਗ ਆਪਣੇ ਦੇਸ਼ਾਂ ਦੀਆਂ ਨੀਤੀਆਂ ਦਿਨਾਂ ਵਿੱਚ ਹੀ ਤਬਦੀਲ ਕਰ ਸਕਣ ਦੇ ਯੋਗ ਹੋਣ।

ਸ਼ਅਇਦ ਮੁਲਕਾਂ ਦਾ ਭਵਿੱਖ ਸਟਾਕ ਐਕਸਚੇਂਜ ਦੀ ਸੱਟੇਬਾਜ਼ੀ ਵਾਂਗ ਨਾ ਘੜਾ ਜਾ ਸਕੇ। ਇਸ ਲਈ ਆਰਥਿਕ ਮਾਹਰਾਂ ਦਾ ਕਹਿਣਾਂ ਹੈ ਕਿ ਨਵੇਂ ਉਭਰੇ ਲੀਡਰਾਂ ਦੀ ਆਰਥਿਕ ਅਤੇ ਸਿਆਸੀ ਉਮਰ ੧੮ ਮਹੀਨੇ ਤੋਂ ਜਿਆਦਾ ਨਹੀ ਹੋਵੇਗੀ। ਕੋਈ ਬਹੁਤ ਹੀ ਸਮਝਦਾਰ ਲੀਡਰ ਹੀ ੧੮ ਮਹੀਨੇ ਤੋਂ ਬਾਅਦ ਤੱਕ ਨਿਵੇਸ਼ਕਾਂ ਅਤੇ ਆਪਣੇ ਮੁਲਕ ਦੇ ਲੋਕਾਂ ਨੂੰ ਸੰਤੁਸ਼ਟ ਕਰ ਸਕਣ ਦੇ ਯੋਗ ਹੋ ਸਕੇਗਾ। ਅੱਜ ਤੱਕ ਨਹੀ ਵਾਪਰਿਆ ਕਿਉਂਕ ੨੦੦ ਮੁਲਕਾਂ ਵਿੱਚੋਂ ਸਿਰਫ ੩੫ ਹੀ ਵਿਕਸਿਤ ਹੋਣ ਦਾ ਮਾਣ ਮਹਿਸੂਸ ਕਰ ਸਕੇ ਹਨ।