ਭਾਰਤ ਵਿੱਚ ਸਰਕਾਰੀ ਸਰਪ੍ਰਸਤੀ ਅਤੇ ਸੁਰੱਖਿਆ ਅਧੀਨ ਕੰਮ ਕਰ ਰਹੇ ਸੰਘ ਪਰਿਵਾਰ ਦੇ ਮੁਖੀ ਨੇ ਹੁਣ ਸਿੱਖ ਗੁਰੂ ਸਾਹਿਬਾਨ ਦੇ ਪੁਰਬਾਂ ਨੂੰ ਮਨਾਉਣ ਵਾਲੀ ਕਮੇਟੀ ਦੀ ਕਮਾਂਨ ਆਪ ਸੰਭਾਲਣ ਦਾ ਫੈਸਲਾ ਲਿਆ ਹੈ। ਕੌਮੀ ਭਾਈਚਾਰਿਆਂ ਵਿੱਚ ਨਫਰਤ ਫੈਲਾਉਣ ਲਈ ਮਸ਼ਹੂਰ ਇਸ ਫਿਰਕੂ ਹਿੰਦੂ ਸੰਗਠਨ ਦੇ ਮੁਖੀ ਮੋਹਨ ਭਾਗਵਤ ਨੇ ਸਿੱਖ ਗੁਰੂ ਸਾਹਿਬਾਨ ਦੇ ਪੁਰਬਾਂ ਸਬੰਧੀ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤੋਂ ਲੈਕੇ ਵਿਚਾਰਧਾਰਾ ਤੱਕ ਦੇ ਪ੍ਰਜੈਕਟ ਆਪਣੇ ਹੱਥੀਂ ਲੈ ਲਏ ਹਨ। ਸਿੱਖਾਂ ਨੂੰ ਦਿਖਾਉਣ ਲਈ ਤਾਂ ਇਹ ਸੰਸਥਾ, ਸਿੱਖਾਂ ਦੇ ਹਮਦਰਦ ਵੱਜੋਂ ਪੇਸ਼ ਆ ਰਹੀ ਹੈ ਪਰ ਅਸਲ ਵਿੱਚ ਇਸਦਾ ਨਿਸ਼ਾਨਾ ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਨੂੰ ਹਿੰਦੂ ਨਜ਼ਰੀਏ ਤੋਂ ਲਿਖਣਾਂ ਅਤੇ ਉਨ੍ਹਾਂ ਦਾ ਪਰਚਾਰ ਕਰਨਾ ਹੈ। ਸਿੱਖ ਇਤਿਹਾਸ ਨੂੰ ਇਹ ਫਿਰਕੂ ਹਿੰਦੂ ਸੰਗਠਨ ਹਿੰਦੂ ਮਿਥਿਹਾਸਕ ਨਜ਼ਰੀਏ ਤੋਂ ਲਿਖਣ ਅਤੇ ਪਰਚਾਰਨ ਦੀ ਘਟੀਆ ਕੋਸ਼ਿਸ਼ ਲਗਾਤਾਰ ਕਰ ਰਿਹਾ ਹੈ।

ਅਸਲ ਵਿੱਚ ਹਿੰਦੂ ਸੰਘ ਪਰਿਵਾਰ ਦੀ ਵੱਡੀ ਸ਼ਕਤੀ ਕਿਸੇ ਉਸਾਰੂ ਸਰਗਰਮੀ ਨਾਲ਼ੋਂ ਨਕਾਰਾਤਮਕ ਕਾਰਜਾਂ ਤੇ ਲੱਗ ਰਹੀ ਹੈ। ਸੰਘ ਪਰਿਵਾਰ ਦੀ ਸਥਾਪਨਾ ਤਾਂ ਹੋਈ ਸੀ ਹਿੰਦੂਆਂ ਨੂੰ ਸੱਚੇ ਅਤੇ ਦੇਸ਼ ਭਗਤ ਹਿੰਦੂ ਬਣਾਉਣ ਲਈ। ਹਿੰਦੂਆਂ ਵਿੱਚ ਆਪਣੇ ਧਰਮ ਦਾ ਗੌਰਵ ਭਰਨ ਲਈ। ਹਿੰਦੂਆਂ ਵਿੱਚ ਆਪਣੇ ਧਰਮ ਲਈ ਮਰ ਮਿਟਣ ਦੀ ਭਾਵਨਾ ਪੈਦਾ ਕਰਨ ਲਈ। ਹਿੰਦੂਆਂ ਵਿੱਚ ਆਪਣੇ ਦੇਸ਼ ਦੀ ਰੱਖਿਆ ਲਈ ਆਤਮ-ਬਲ ਅਤੇ ਸ਼ਕਤੀ ਪੈਦਾ ਕਰਨ ਲਈ, ਪਰ ਸੰਘ ਪਰਿਵਾਰ ਦੀ ਲੀਡਰਸ਼ਿੱਪ ਭਾਰਤ ਸਰਕਾਰ ਦੀ ਵੱਡੀ ਸਹਾਇਤਾ ਅਤੇ ਸਰਪ੍ਰਸਤੀ ਦੇ ਬਾਵਜੂਦ ਉ%ਪਰ ਦੱਸੇ ਕਾਰਜਾਂ ਵਿੱਚੋਂ ਕਿਸੇ ਇੱਕ ਨੂੰ ਕਰਨ ਵਿੱਚ ਵੀ ਸਫਲ ਨਹੀ ਹੋ ਸਕੀ।

ਨਾ ਤਾਂ ਉਹ ਭਾਰਤ ਦੇ ਹਿੰਦੂਆਂ ਨੂੰ ਖਰੇ ਹਿੰਦੂ ਬਣਾਉਣ ਵਿੱਚ ਕਾਮਯਾਬ ਹੋਈ ਹੈ, ਨਾ ਹਿੰਦੂਆਂ ਵਿੱਚ ਆਪਣੇ ਧਰਮ ਲਈ ਮਰ ਮਿਟਣ ਦੀ ਭਾਵਨਾ ਭਰਨ ਵਿੱਚ ਕਾਮਯਾਬ ਹੋਈ ਹੈ ਅਤੇ ਨਾ ਹੀ ਭਾਰਤ ਦੇ ਸੌ ਕਰੋੜ ਹਿੰਦੂਆਂ ਵਿੱਚੋਂ ਕਿਸੇ ਇੱਕ ਵਿੱਚ ਵੀ ਆਪਣੇ ਮੁਲਕ ਲਈ ਹਸਦੇ ਹਸਦੇ ਫਾਂਸੀ ਤੇ ਚੜ੍ਹ ਜਾਣ ਦਾ ਚਾਉ ਅਤੇ ਜਜਬਾ ਪੈਦਾ ਕਰਨ ਵਿੱਚ ਕਾਮਯਾਬ ਹੋ ਸਕੀ ਹੈ।

ਇਸੇ ਲਈ ਸੰਘ ਪਰਿਵਾਰ ਦਾ ਸਾਰਾ ਜੋਰ ਹੁਣ ਸਿੱਖ ਕੌਮ ਵਿੱਚ ਪਾਈਆਂ ਜਾਂਦੀਆਂ ਇਨ੍ਹਾਂ ਖੂਬੀਆਂ ਨੂੰ ਧੁੰਦਲਾ ਕਰਨ ਜਾਂ ਖਤਮ ਕਰ ਦੇਣ ਤੇ ਹੀ ਲੱਗਾ ਹੋਇਆ ਹੈ। ਉਨ੍ਹਾਂ ਨੂੰ ਇਹ ਹੀ ਡਰ ਖਾ ਰਿਹਾ ਹੈ ਕਿ ਏਨੇ ਤਸ਼ੱਦਦ ਦੇ ਬਾਵਜੂਦ ਵੀ ਸਿੱਖ ਕੌਮ ਦਾ ਇੱਕ ਹਿੱਸਾ ਹਾਲੇ ਵੀ ਕਿਉਂ ਆਪਣੇ ਧਰਮ ਅਤੇ ਕੌਮ ਲਈ ਮਰ-ਮਿਟਣ ਦੇ ਚਾਅ ਨਾਲ ਭਰਿਆ ਹੋਇਆ ਹੈ। ਕਿਉਂ ਜੇਲ਼੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਕਿਸੇ ਇੱਕ ਵੀ ਨਾਮੀ ਜੁਝਾਰੂ ਨੇ ਮੁਆਫੀ ਨਹੀ ਮੰਗੀ, ਕਿਉਂ ਹਾਲੇ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਵਰਗੇ ਸ਼ਹੀਦ ਸਿੱਖ ਕੌਮ ਦੇ ਦਿਲ ਵਿੱਚ ਵਸੇ ਹੋਏ ਹਨ?

ਅਸੀਂ ਸਮਝਦੇ ਹਾਂ ਕਿ ਸੰਘ ਪਰਿਵਾਰ ਇੱਕ ਬਹੁਤ ਕਮਜ਼ੋਰ ਅਤੇ ਨੈਤਿਕ ਤੌਰ ਤੇ ਭਟਕਿਆ ਹੋਇਆ ਸੰਗਠਨ ਹੈ। ਇਸੇ ਲਈ ਉਹ ਹਿੰਦੂ ਕੌਮ ਵਿੱਚ ਮਰ ਮਿਟਣ ਦਾ ਜਜਬਾ ਭਰਨ ਵਿੱਚ ਕਾਮਯਾਬ ਨਹੀ ਹੋ ਸਕਿਆ। ਇਸੇ ਲਈ ਉਹ ਸਿੱਖਾਂ ਦੇ ਕੁਰਬਾਨੀ ਵਾਲੇ ਜਜਬੇ ਤੋਂ ਡਰਿਆ ਹੋਇਆ ਹੈ। ਇਸ ਕਰਕੇ ਸੰਘ ਪਰਿਵਾਰ ਭਾਰਤ ਸਰਕਾਰ ਨਾਲ ਮਿਲਕੇ ਸਿੱਖਾਂ ਦੇ ਜਜਬੇ ਨੂੰ ਖਤਮ ਕਰਕੇ ਉਸਨੂੰ ਹਿੰਦੂਆਂ ਵਰਗਾ ਬਣਾਉਣ ਦੇ ਯਤਨ ਕਰ ਰਿਹਾ ਹੈ।

ਸੰਘ ਪਰਿਵਾਰ ਦੀ ਲੀਡਰਸ਼ਿੱਪ ਨੂੰ ਪਤਾ ਹੈ ਕਿ ਜੇ ਅੱਜ ਕਿਤੇ ਸੰਤ ਜਰਨੈਲ ਸਿੰਘ ਵਰਗਾ ਕੋਈ ਸੱਚਾ ਸੁੱਚਾ ਸਿੱਖ ਲੀਡਰ ਪੰਥ ਨੂੰ ਅਵਾਜ਼ ਮਾਰ ਲਵੇ ਤਾਂ ਹਜਾਰਾਂ ਸਿੱਖ ਅੱਜ ਵੀ ਉਸਦੇ ਸੱਦੇ ਤੇ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹੋ ਜਾਣਗੇ, ਪਰ ਇਹ ਜਵਾਨ ਭਾਰਤ ਨੂੰ ਬਚਾਉਣ ਲਈ ਆਪਾ ਕੁਰਬਾਨ ਨਹੀ ਕਰਨਗੇ। ਇਸੇ ਵਜੂਦ ਸਮੋਈ ਕਮਜ਼ੋਰੀ ਕਾਰਨ ਸੰਘ ਪਰਿਵਾਰ ਵਾਰ ਵਾਰ ਹਿੰਦੂਆਂ ਨੂੰ ਸੱਚੇ ਸੁੱਚੇ ਰਾਹ ਪਾਉਣ ਦਾ ਕਾਰਜ ਛੱਡਕੇ ਸਿੱਖਾਂ ਨੂੰ ਕੁਰਾਹੇ ਪਾਉਣ ਦੀ ਲੰਬੀ ਅਤੇ ਯੋਜਨਾਬੱਧ ਸਰਗਰਮੀ ਤੇ ਕਾਰਜ ਕਰੀ ਜਾ ਰਿਹਾ ਹੈ।

ਅਸੀਂ ਸਮਝਦੇ ਹਾਂ ਕਿ ਹਿੰਦੂ ਸੰਘ ਪਰਿਵਾਰ ਦੀ ਲੀਡਰਸ਼ਿੱਪ ਨੂੰ ਇਹ ਮੰਨ ਲੈਣਾਂ ਚਾਹੀਦਾ ਹੈ ਕਿ ਭਾਰਤ ਸਰਕਾਰ ਦੀ ਭਰਪੂਰ ਹਮਾਇਤ ਦੇ ਬਾਵਜੂਦ ਉਹ ਆਪਣੇ ਮਿਸ਼ਨ ਵਿੱਚ ਇੱਕ ਫੀਸਦੀ ਵੀ ਕਾਮਯਾਬ ਨਹੀ ਹੋ ਸਕਿਆ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਹੀ ਕੰਮ ਕਰ ਰਿਹਾ ਹੈ।

ਸੰਘ ਪਰਿਵਾਰ ਨੂੰ ਆਪਣੀ ਇਹ ਕਮਜ਼ੋਰੀ ਛੱਡ ਕੇ ਹਿੰਦੂਆਂ ਨੂੰ ਬਹਾਦਰ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸਿੱਖਾਂ ਵਿੱਚੋਂ ਕੁਰਬਾਨੀ ਅਤੇ ਸੇਵਾ ਦਾ ਜਜਬਾ ਉਹ ਸਾਰਾ ਜੋਰ ਲਾਉਣ ਦੇ ਬਾਵਜੂਦ ਵੀ ਖਤਮ ਨਹੀ ਕਰ ਸਕਦੇ।