ਸੰਸਾਰ ਦੀ ਸਿਆਸਤ ਦਾ ਵੀ ਸੰਸਾਰੀਕਰਨ ਹੋ ਗਿਆ ਹੈ। ਆਰਥਕ ਸੰਸਾਰੀਕਰਨ ਨੇ ਰਾਜਸੀ ਸੰਸਾਰੀਕਰਨ ਦੇ ਵੀ ਦਰਵਾਜ਼ੇ ਖੋਲ਼੍ਹ ਦਿੱਤੇ ਹਨ। ਇਸ ਸਿਆਸੀ ਸੰਸਾਰੀਕਰਨ ਨੇ ਦੁਨੀਆਂ ਦੀ ਸਿਆਸਤ ਨੂੰ ਕੋਈ ਨਰੋਈ ਅਤੇ ਸਿਹਤਮੰਦ ਫਲਾਸਫੀ ਦੇਣ ਨਾਲੋਂ ਕਮਜ਼ੋਰ ਅਤੇ ਲਾਲਸੀ ਨੇਤਾਵਾਂ ਦੀ ਇੱਕ ਅਜਿਹੀ ਫੌਜ ਖੜ੍ਹੀ ਕਰ ਦਿੱਤੀ ਹੈ ਜਿਨ੍ਹਾਂ ਦੀਆਂ ਆਦਤਾਂ, ਲਾਲਸਾਵਾਂ ਅਤੇ ਨਿਸ਼ਾਨੇ ਇੱਕੋ ਜਿਹੇ ਹਨ। ਰਾਜਸੀ ਸੰਸਾਰੀਕਰਨ ਨੇ ਦੁਨੀਆਂ ਦਾ ਕੋਈ ਭਲਾ ਨਹੀ ਕੀਤਾ ਬਲਕਿ ਨਿਘਰੇ ਹੋਏ ਨਿਸ਼ਾਨੇ, ਅਗਾਂਹਵਧੂ ਮੁਲਕਾਂ ਦੀ ਲੀਡਰਸ਼ਿੱਪ ਦੇ ਗਲ ਪਾ ਦਿੱਤੇ ਹਨ। ਇਸੇ ਲਈ ਹੁਣ ਨਰਿੰਦਰ ਮੋਦੀ ਅਤੇ ਥੈਰੇਸਾ ਮੇਅ ਦਰਮਿਆਨ ਕੋਈ ਫਰਕ ਨਹੀ ਰਹਿ ਗਿਆ। ਦੋਵੇਂ ਇੱਕੋ ਜਿਹੀ ਰਾਜਸੀ ਪਹੁੰਚ ਅਤੇ ਸਿਆਸੀ ਹਵਸ ਦੇ ਭੁੱਖੇ ਹਨ।

ਬਰਤਾਨੀਆ ਵਿੱਚ ੮ ਜੂਨ ਨੂੰ ਆਮ ਚੋਣਾਂ ਹੋ ਰਹੀਆਂ ਹਨ। ਦੇਸ਼ ਦੀ ਵਾਗਡੋਰ ਸੰਭਾਲ ਰਹੀ ਥੈਰੇਸਾ ਮੇਅ ਨੇ ਰਾਜਸੀ ਕਦਰਾਂ ਕੀਮਤਾਂ ਦੀ ਪਰਵਾਹ ਕੀਤੇ ਤੋਂ ਬਿਨਾਂ ੩ ਸਾਲ ਪਹਿਲਾਂ ਹੀ ਇਹ ਚੋਣਾਂ ਐਲਾਨ ਦਿੱਤੀਆਂ ਹਨ ਤਾਂ ਕਿ ਅਗਲੇ ੫ ਸਾਲਾਂ ਲਈ ਸੱਤਾ ਤੇ ਕਬਜਾ ਜਮਾ ਕੇ ਰੱਖਿਆ ਜਾ ਸਕੇ। ਥੈਰੇਸਾ ਮੇਅ ਦੇ ਚੋਣ ਐਲਾਨ ਵਿੱਚ ਕੁਝ ਵੀ ਅਜਿਹਾ ਨਹੀ ਸੀ ਜੋ ਕਿਸੇ ਸੂਝਵਾਨ ਨੂੰ ਕਾਇਲ ਕਰ ਸਕਦਾ ਕਿ ਚੋਣਾਂ ਸਮੇਂ ਦੀ ਲੋੜ ਸਨ। ਸਿਰਫ ਆਪਣੀ ਰਾਜਸੀ ਜਿੰਦਗੀ ਨੂੰ ਲੰਬਾ ਕਰਨ ਲਈ ਚੋਣਾਂ ਕਰਵਾ ਦਿੱਤੀਆਂ ਗਈਆਂ।

ਇਸ ਵੇਲੇ ਚੋਣ ਪਰਚਾਰ ਜੋਰਾਂ ਤੇ ਹੈ। ਕਮਜ਼ੋਰ ਪਾਰੀ ਖੇਡ ਰਹੀ ਲੇਬਰ ਅਤੇ ਮਜਬੂਤ ਦਾਅਵੇਦਾਰ ਟੋਰੀ ਪਾਰਟੀ ਦੇ ਲੀਡਰ ਦੇਸ਼ ਭਰ ਵਿੱਚ ਚੋਣ ਪਰਚਾਰ ਕਰ ਰਹੇ ਹਨ।

ਲੇਬਰ ਲੀਡਰ ਜਰਮੀ ਕੌਰਬਿਨ ਨੇ ਆਪਣੇ ਚੋਣ ਵਾਅਦੇ ਵਿੱਚ ਆਖਿਆ ਹੈ ਕਿ ਉਹ ਯੂਨੀਵਰਸਿਟੀਆਂ ਦੀ ਉਹ ਸਾਰੀ ਫੀਸ ਵਾਪਸ ਲੈ ਲੈਣਗੇ ਜੋ ਟੋਰੀਆਂ ਨੇ ਵਧਾਈ ਸੀ। ਇਹ ਵਾਧਾ ੨੦੦ ਫੀਸਦੀ ਸੀ। ਲੇਬਰ ਲੀਡਰ ਦਾ ਇਹ ਵੀ ਆਖਣਾਂ ਹੈ ਕਿ ਜੇ ਉਸਦੀ ਪਾਰਟੀ ਜਿੱਤ ਪ੍ਰਾਪਤ ਕਰਦੀ ਹੈ ਤਾਂ ਸਕੂਲਾਂ ਵਿੱਚ ਮਿਲਣ ਵਾਲਾ ਦੁਪਹਿਰ ਦਾ ਖਾਣਾਂ ਸਾਰੇ ਵਿਦਿਆਰਥੀਆਂ ਨੂੰ ਮੁਫਤ ਦਿੱਤਾ ਜਾਵੇਗਾ। ਸਿਹਤ ਮਹਿਕਮੇ ਨੂੰ ੩੭ ਅਰਬ ਪੌਂਡ ਹੋਰ ਮੁਹੱਈਆ ਕਰਵਾਏ ਜਾਣਗੇ ਅਤੇ ਹਰ ਕਾਮੇ ਨੂੰ ਕੰਮ ਦੇ ਘੱਟੋ-ਘੱਟ ਘੰਟੇ ਨਿਸਚਿਤ ਕੀਤੇ ਜਾਣਗੇ।

ਦੂਜੇ ਪਾਸੇ ਦੇਸ਼ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਕਹਿਣਾਂ ਹੈ ਕਿ ਜੇ ਉਸਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਦੇਸ਼ ਦੇ ਫੌਜੀ ਖਰਚੇ ਵਿੱਚ ਚੋਖਾ ਵਾਧਾ ਕਰੇਗੀ ਤਾਂ ਕਿ ਦੇਸ਼ ਨੂੰ ਮਜਬੂਤ ਬਣਾਇਆ ਜਾ ਸਕੇ।ਥੈਰੇਸਾ ਮੇਅ ਜਿੱਥੇ ਕਿਤੇ ਵੀ ਪਰਚਾਰ ਲਈ ਜਾਂਦੀ ਹੈ ਉਹ ਇੱਕ ਹੀ ਰਟ ਲਾਈ ਜਾਂਦੀ ਹੈ ਕਿ ਦੇਸ਼ ਨੂੰ ਮਜਬੂਤ ਲੀਡਰਸ਼ਿੱਪ ਦੀ ਲੋੜ ਹੈ, ਇਸ ਲਈ ਦੇਸ਼ ਨੂੰ ਮਜਬੂਤ ਬਣਾਉਣ ਲਈ ਟੋਰੀਆਂ ਨੂੰ ਵੋਟ ਪਾਓ।

ਜੋ ਕੁਝ ਥੈਰੇਸਾ ਮੇਅ ਆਖ ਰਹੀ ਹੈ ਉਹ ਕੁਝ ਹੀ ਨਰਿੰਦਰ ਮੋਦੀ ਆਖ ਰਿਹਾ ਹੈ। ਉਸਦਾ ਧਿਆਨ ਵੀ ਗਰੀਬ ਲੋਕਾਂ ਦਾ ਜੀਵਨ ਪੱਧਰ ਉ%ਚਾ ਚੁੱਕਣ ਵੱਲ ਨਹੀ ਹੈ ਬਲਕਿ ਦੇਸ਼ ਨੂੰ Ḕਮਜਬੂਤḙ ਬਣਾਉਣ ਵੱਲ ਹੈ। ਮੋਦੀ ਦੀ ਭਾਸ਼ਾ ਵਿੱਚ ਦੇਸ਼ ਸਿਰਫ ਜਿਆਦਾ ਹਥਿਆਰ ਖਰੀਦ ਕੇ ਹੀ ਮਜਬੂਤ ਕੀਤਾ ਜਾ ਸਕਦਾ ਹੈ। ਨਰਿੰਦਰ ਮੋਦੀ ਅਤੇ ਉਸਦੀ ਪਾਰਟੀ ਪਿਛਲੇ ੭ ਸਾਲਾਂ ਤੋਂ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦੇ ਤੌਰ ਤੇ ਕੋਸ ਰਹੀ ਸੀ।

ਬਰਤਾਨੀਆ ਤੋਂ ਲੈਕੇ ਭਾਰਤ ਤੱਕ ਹੁਣ ਦੇਸ਼ ਹਥਿਆਰਾਂ ਨਾਲ ਮਜ਼ਬੂਤ ਕੀਤੇ ਜਾ ਰਹੇ ਹਨ। ਬਰਤਾਨੀਆ ਤੋਂ ਲੈਕੇ ਭਾਰਤ ਤੱਕ ਮੌਕਾਪ੍ਰਸਤ ਰਾਜਸੀ ਨੇਤਾ ਮਜਬੂਤ ਲੀਡਰਸ਼ਿੱਪ ਦਾ ਰੌਲਾ ਪਾਕੇ ਆਮ ਲੋਕਾਂ ਦੀਆਂ ਨਿੱਤ ਦਿਨ ਦੀਆਂ ਸਮੱਸਿਆਵਾਂ ਤੋਂ ਮੂੰਹ ਮੋੜ ਰਹੇ ਹਨ।

ਸਰਕਾਰਾਂ ਹੁਣ ਮਲਟੀਨੈਸ਼ਨਲ ਕਾਰਪੋਰੇਸ਼ਨਾ ਬਣ ਗਈਆਂ ਹਨ। ਜਿੱਥੇ ਕਮਜ਼ੋਰ ਅਤੇ ਗਰੀਬ ਦੇ ਰਹਿਣ ਲਈ ਕੋਈ ਥਾਂ ਨਹੀ ਬਚੀ। ਸਿਆਸੀ ਸੰਸਾਰੀਕਰਨ ਨੇ ਦੁਨੀਆਂ ਭਰ ਵਿੱਚ ਮੌਕਾ ਪ੍ਰਸਤੀ ਅਤੇ ਰਾਜਸੀ ਹਵਸ ਨੂੰ ਏਨਾ ਪ੍ਰਚੰਡ ਕਰ ਦਿੱਤਾ ਹੈ ਕਿ ਭਾਰਤ ਅਤੇ ਬਰਤਾਨੀਆ ਦੇ ਨੇਤਾਵਾਂ ਦੀ ਕੁੰਡਲੀ ਆਪਸ ਵਿੱਚ ਮਿਲਣ ਲੱਗ ਪਈ ਹੈ। ਅੱਗੇ ਵਧਣ ਦੀ ਥਾਂ ਦੁਨੀਆਂ ਪਿੱਛੇ ਨੂੰ ਜਾਣ ਲੱਗ ਪਈ ਹੈ।

ਰੱਬ ਖੈਰ ਕਰੇ।