ਪੱਛਮੀ ਬੰਗਾਲ ਦੀਆਂ ਵਕਾਰੀ ਚੋਣਾਂ ਤਰਿਣਾਮੂਲ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤ ਲਈਆਂ ਹਨ। ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਇਹ ਚੋਣਾਂ ਵਕਾਰ ਦਾ ਸੁਆਲ ਬਣ ਗਈਆਂ ਸਨ। ਦੋਵਾਂ ਨੇ ਸਿਰਧੜ ਦੀ ਬਾਜੀ ਲਾ ਕੇ ਇਨ੍ਹਾਂ ਨੂੰ ਜਿੱਤਣ ਦਾ ਯਤਨ ਕੀਤਾ ਪਰ ਅੰਤ ਨੂੰ ਵੱਡੀ ਹਾਰ ਦਾ ਸਾਹਮਣਾਂ ਕਰਨਾ ਪਿਆ। ਸੰਘ ਪਰਵਾਰ ਲਈ ਵੀ ਇਹ ਚੋਣਾਂ ਵਕਾਰ ਦਾ ਸੁਆਲ ਸਨ। ਉਹ ਬੰਗਾਲੀ ਨਿਆਰੇਪਣ ਨੂੰ ਆਪਣੀ ਹੈਂਕੜੀ ਰਾਜਨੀਤੀ ਦੀ ਧੌਂਸ ਨਾਲ ਖਤਮ ਕਰਨ ਲਈ ਯਤਨਸ਼ੀਲ ਸਨ, ਪਰ ਬੰਗਾਲ ਦੇ ਲੋਕਾਂ ਨੇ ਆਪਣੀ ਹੋਂਦ ਉੱਤੇ ਹੋਣ ਵਾਲੇ ਇਸ ਹਮਲੇ ਨੂੰ ਸਮਝਦਿਆਂ ਇਸ ਵਿੱਚ ਭਾਜਪਾ ਨੂੰ ਤਕੜੀ ਹਾਰ ਦਿੱਤੀ ਹੈ।

ਬੰਗਾਲ ਵਿੱਚ ਹੋਈਆਂ ਚੋਣਾਂ ਦੀ ਜਿੱਤ ਦੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਵੱਡਾ ਕਾਰਨ ਬੰਗਾਲੀ ਲੋਕਾਂ ਦਾ ਆਪਣੀ ਮਾਂ ਧਰਤੀ ਦੀ ਰਾਖੀ ਲਈ ਅੱਗੇ ਆਉਣਾਂ ਅਤੇ ਇਸ ਜਜਬੇ ਨੂੰ ਜਿੰਦਾ ਰੱਖਣ ਲਈ ਉਸ ਧਿਰ ਨੂੰ ਅੱਗੇ ਲਿਆਉਣਾਂ ਜੋ ਉਨ੍ਹਾਂ ਦੀ ਆਪਣੀ ਹੈ। ਹੋ ਸਕਦਾ ਹੈ ਕਿ ਤਰਿਣਾਮੂਲ ਕਾਂਗਰਸ ਵਿੱਚ ਵੀ ਉਹ ਬਹੁਤ ਸਾਰੀਆਂ ਬੁਰਾਈਆਂ ਹੋਣਗੀਆਂ ਜੋ ਬਾਕੀ ਰਾਜਸੀ ਪਾਰਟੀਆਂ ਵਿੱਚ ਹੁੰਦੀਆਂ ਹਨ ਪਰ ਫਿਰ ਵੀ ਇਹ ਪਾਰਟੀ ਬੰਗਾਲ ਦੇ ਜਜਬੇ ਨੂੰ ਜਿੰਦਾ ਰੱਖਣ ਵਿੱਚ ਕਾਮਯਾਬ ਰਹੀ ਹੈੈ। ਮਮਤਾ ਦੀ ਜਿੱਤ ਨੇ ਇਹ ਦਰਸਾ ਦਿੱਤਾ ਹੈ ਕਿ ਜੇ ਲੀਡਰ ਇਮਾਨਦਾਰ ਹੋਵੇ ਤਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕਦਾ ਹੈ ਅਤੇ ਵੱਡੇ ਵੱਡੇ ਬਾਹੂਬਲੀਆਂ ਨੂੰ ਹਰਾ ਸਕਦਾ ਹੈ। ਜੇ ਲੀਡਰ ਹੀ ਆਪਣੀ ਮਾਂ ਧਰਤੀ ਨੂੰ ਵੇਚਣ ਤੁਰ ਪਵੇ ਜਾਂ ਆਪ ਹੀ ਮਾਂ ਧਰਤੀ ਦੇ ਸਾਰੇ ਸਾਧਨਾ ਤੇ ਕਬਜਾ ਜਮਾ ਲਵੇ ਫਿਰ ਲੋਕ ਬਹੁਤੀ ਦੇਰ ਉਸ ਲੀਡਰ ਦਾ ਅਤੇ ਉਸ ਪਾਰਟੀ ਦਾ ਸਾਥ ਨਹੀ ਦਿੰਦੇ।

ਬੰਗਾਲ ਦੀਆਂ ਚੋਣਾਂ ਨੇ ਆਪਣੇ ਆਪ ਨੂੰ ਬਹੁਤ ਚਤੁਰ ਚਲਾਕ ਅਤੇ ਅਗਾਂਹਵਧੂ ਹੋਣ ਦਾ ਭਰਮ ਪਾਲੀ ਬੈਠੇ ਕਾਮਰੇਡਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਕਾਮਰੇਡ ਧਿਰਾਂ ਨੂੰ ਇੱਕ ਵੀ ਸੀਟ ਨਸੀਬ ਨਹੀ ਹੋਈ। ਹਲਾਂਕਿ ਪਿਛਲੀ ਵਿਧਾਨ ਸਭਾ ਵਿੱਚ ਉਨ੍ਹਾਂ ਦੀਆਂ 75 ਸੀਟਾਂ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਾਮਰੇਡਾਂ ਨੇ ਬੰਗਾਲ ਤੇ 34 ਸਾਲ ਰਾਜ ਕੀਤਾ ਹੈ। 34 ਸਾਲ ਰਾਜ ਕਰਕੇ ਵੀ ਉਹ ਲੋਕਾਂ ਦੇ ਦੇ ਦਿਲਾਂ ਵਿੱਚ ਥਾਂ ਨਹੀ ਬਣਾ ਸਕੇ। ਜਦੋਂ ਮੌਕਾ ਆਇਆ ਤਾਂ ਮਮਤਾ ਬੈਨਰਜੀ ਨੂੰ ਸਬਕ ਸਿਖਾਉਣ ਦੇ ਨਾਅ ਤੇ ਸਾਰੇ ਕਾਮਰੇਡ ਭਾਜਪਾ ਵਿੱਚ ਜਾ ਵੜੇ। ਉਨ੍ਹਾਂ ਆਪਣੇ ਸਾਰੇ ਸਿਧਾਂਤ ਤਿਆਗ ਦਿੱਤੇ। ਕਿੱਥੇ ਖੱਬੇ-ਪੱਖੀ ਅਤੇ ਕਿੱਥੇ ਭਾਜਪਾ ਵਰਗੀ ਕੱਟੜ ਪਾਰਟੀ ਪਰ ਖੱਬੇਪੱਖੀਆਂ ਨੇ ਬਿਨਾ ਸੰਗ ਸ਼ਰਮ ਦੇ ਭਾਜਪਾ ਦਾ ਹੱਥ ਜਾ ਫੜਿਆ।

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਭਾਜਪਾ ਕੋਈ ਅਜਿੱਤ ਤਾਕਤ ਨਹੀ ਹੈ। ਜੇ ਆਪਣੇ ਲੋਕਾਂ ਨਾਲ ਪਿਆਰ ਹੋਵੇ ਅਤੇ ਆਪਣੀ ਮਾਂ ਧਰਤੀ ਨਾਲ ਸਨੇਹ ਹੋਵੇ ਤਾਂ ਬਾਹਰੋਂ ਹਮਲਾਵਰ ਬਣਕੇ ਆਏ ਵਿਰੋਧੀਆਂ ਨੂੰ ਵੰਗਾਰਿਆ ਵੀ ਜਾ ਸਕਦਾ ਹੈ ਅਤੇ ਹਰਾਇਆ ਵੀ ਜਾ ਸਕਦਾ ਹੈ। ਇਸ ਜਿੱਤ ਨੇ ਹਾਸ਼ੀਏ ਤੇ ਲੱਗੀਆਂ ਖੇਤਰੀ ਪਾਰਟੀਆਂ ਨੂੰ ਵੱਡਾ ਹੁਲਾਰਾ ਦਿੱਤਾ ਹੈ, ਕਿ ਜੇ ਉਹ ਸੀਟਾਂ ਦੇ ਵੰਡ-ਵੰਡੇਵੇਂ ਦਾ ਬਹੁਤਾ ਲਾਲਚ ਤਿਆਗ ਕੇ ਇੱਕਮੁੱਠ ਹੋਣ ਤਾਂ ਭਾਜਪਾ ਦੀ ਸਫ ਵਲੇਟੀ ਜਾ ਸਕਦੀ ਹੈ।

ਪੱਛਮੀ ਬੰਗਾਲ ਦੇ ਨਾਲ ਹੀ ਤਾਮਿਲਨਾਡੂ ਅਤੇ ਕੇਰਲਾ ਵਿੱਚ ਖੇਤਰੀ ਪਾਰਟੀਆਂ ਦੀ ਹੋਈ ਜਿੱਤ ਨੇ ਵੀ ਕੇਂਦਰੀਕਰਨ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਨੂੰ ਰਾਜਸੀ ਹੁਲਾਰਾ ਬਖਸ਼ਿਆ ਹੈ। ਇਨ੍ਹਾਂ ਜਿੱਤਾਂ ਨਾਲ ਫੈਡਰਲ ਢਾਂਚੇ ਦੀਆਂ ਮੁਦਈ ਧਿਰਾਂ ਨੂੰ ਤਾਕਤ ਮਿਲੇਗੀ। ਜੇ ਉਹ ਆਪਣੇ ਨਿੱਜੀ ਲਾਲਚ ਤਿਆਗ ਕੇ ਇੱਕਜੁੱਟ ਹੋ ਜਾਂਦੇ ਹਨ ਤਾਂ ਭਾਜਪਾ ਦੀ ਲਹਿਰ ਨੂੰ ਹਰਾ ਸਕਦੇ ਹਨ।

ਇਨ੍ਹਾਂ ਚੋਣਾਂ ਨੇ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਵੀ ਇਹੋ ਸੁਨੇਹਾ ਦਿੱਤਾ ਹੈ ਕਿ ਉਹ ਦੋ ਪਰਵਾਰਾਂ ਦੀ ਆਪਸੀ ਖੇਡ ਨੂੰ ਖਤਮ ਕਰਕੇ ਮਾਂ ਧਰਤੀ ਲਈ ਮਰ ਮਿਟਣ ਦਾ ਜਜਬਾ ਰੱਖਣ ਵਾਲੇ ਲੋਕਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਨਹੀ ਤਾਂ ਇਨ੍ਹਾਂ ਰਵਾਇਤੀ ਲੀਡਰਾਂ ਨੇ ਪੰਜਾਬ ਬਿਲਕੁਲ ਤਬਾਹ ਕਰ ਦੇਣਾਂ ਹੈ।

ਅੱਜ ਜੇ ਪੰਜਾਬ ਦੇ ਕੁਦਰਤੀ ਸਾਧਨਾ ਨੂੰ ਥੋਕ ਦੇ ਭਾਅ ਲੁੱਟਣ ਲਈ ਯਤਨ ਹੋ ਰਹੇ ਹਨ ਤਾਂ ਇਸਦਾ ਵੱਡਾ ਕਾਰਨ ਇਹੋ ਹੀ ਹੈ ਕਿ ਜਿਨ੍ਹਾਂ ਨੂੰ ਪੰਜਾਬ ਨੇ ਸੱਤਾ ਸੌਪੀ ਸੀ ਉਹ ਪੰਜਾਬ ਲਈ ਵਫਾਦਾਰ ਨਹੀ ਨਿਕਲੇ ਬਲਕਿ ਕੇਂਦਰ ਦੀ ਵਫਾਦਾਰੀ ਕਰਦੇ ਰਹੇ। ਹੁਣ ਵੇਲਾ ਹੈ ਪੰਜਾਬ ਲਈ ਵਫਾਦਾਰ ਲੋਕਾਂ ਨੂੰ ਅੱਗੇ ਲਿਆਉਣ ਦਾ।