ਆਪਣੇ ਪਿਛਲੇ ਲੇਖ ਵਿੱਚ ਅਸੀਂ ਪੰਥਕ ਧਿਰਾਂ ਵੱਲੋਂ ਕੀਤੀ ਜਾ ਰਹੀ ਸਿੱਖ ਲਹਿਰ ਦੀ ਦੁਰਵਰਤੋਂ ਬਾਰੇ ਗੱਲ ਕੀਤੀ ਸੀ। ਅਸੀਂ ਇਹ ਗੱਲ ਉਭਾਰੀ ਸੀ ਕਿ ਪੰਥਕ ਅਖਵਾਉਣ ਵਾਲੀਆਂ ਧਿਰਾਂ ਵਿੱਚ ਰਵਾਇਤੀ ਅਤੇ ਸੱਤਾਧਾਰੀ ਬਾਦਲ ਦਲ ਨਾਲੋਂ ਕੁਝ ਵੀ ਵੱਖਰਾ ਨਹੀ ਹੈ। ਜਿਸ ਕਿਸਮ ਦੀ ਲਾਲਚ ਭਰਪੂਰ ਅਤੇ ਹਵਸੀ ਰਾਜਨੀਤੀ ਅਕਾਲੀ ਦਲ ਜਾਂ ਕਾਂਗਰਸ ਕਰ ਰਹੀ ਹੈ ਪੰਥਕ ਧਿਰਾਂ ਵਿੱਚ ਸ਼ਾਮਲ ਸੱਜਣ ਵੀ ਲਗਭਗ ਉਹੋ ਜਿਹਾ ਹੀ ਕਾਰਜ ਕਰਨਾ ਚਾਹੁੰਦੇ ਹਨ ਪਰ ਉਹ ਸੱਤਾ ਦੀ ਪ੍ਰਾਪਤੀ ਲਈ ਖਾੜਕੂ ਸਿੱਖ ਲਹਿਰ ਨੂੰ ਵਰਤਣਾਂ ਚਾਹੁੰਦੇ ਹਨ। ਸਿੱਖ ਲਹਿਰ ਦੇ ਵਿਚਾਰਧਾਰਕ ਪਹਿਲੂਆਂ ਨਾਲ ਪੰਥਕ ਅਖਵਾਉਣ ਵਾਲੇ ਬਹੁਤੇ ਲੋਕਾਂ ਦਾ ਕੋਈ ਸਰੋਕਾਰ ਨਹੀ ਹੈ।

ਇੱਥੇ ਸਵਾਲ ਉਠਦਾ ਹੈ ਕਿ ਜੇ ਬਾਦਲ ਦਲ, ਕਾਂਗਰਸ ਅਤੇ ਭਾਜਪਾ ਵਾਲੇ ਪੰਜਾਬ ਦੀ ਲੁੱਟ ਕਰ ਰਹੇ ਹਨ ਫਿਰ ਪੰਥਕ ਧਿਰ ਦਾ ਕੀ ਰੋਲ ਬਣਦਾ ਹੈ? ਜਾਂ ਉਹ ਇਸ ਸਥਿਤੀ ਵਿੱਚ ਕੀ ਕਰੇ?

ਸਿੱਖ ਕੌਮ ਦੇ ਦਰਦ ਨੂੰ ਗਹਿਰਾਈ ਵਿੱਚ ਸਮਝਣ ਵਾਲੇ ਸਖਸ਼ ਜਾਣਦੇ ਹਨ ਕਿ ਸਿੱਖ ਸਮਾਜ ਅਤੇ ਸਿੱਖ ਰਾਜਨੀਤੀ ਵਿੱਚ ਸਰਗਰਮ ਹੋਏ ਲੋਕ ਸਿੱਖ ਮਸਲੇ ਦਾ ਹੱਲ ਬਿਲਕੁਲ ਹੀ ਉਲਟ ਦਿਸ਼ਾ ਵਿੱਚ ਕਰ ਰਹੇ ਹਨ। ਗੱਲ ਸਮਝਣ ਲਈ ਇਹ ਆਖਿਆ ਜਾ ਸਕਦਾ ਹੈ ਕਿ ਸੱਟ ਪੈਰ ਤੇ ਲੱਗੀ ਹੈ ਅਤੇ ਪੱਟੀ ਮੱਥੇ ਤੇ ਬੰਨ੍ਹਣ ਦੇ ਯਤਨ ਹੋ ਰਹੇ ਹਨ। ਜਿਹੜੇ ਸੱਜਣ ਸਿੱਖਾਂ ਦੇ ਭਵਿੱਖ ਬਾਰੇ ਚਿੰਤਤ ਹਨ ਉਹ ਇਹ ਗੱਲ ਜਾਣਦੇ ਹਨ ਕਿ ਸਿੱਖਾਂ ਦੀ ਸਮੱਸਿਆ ਰਾਜਨੀਤਿਕ ਨਹੀ ਹੈ ਬਲਕਿ ਧਾਰਮਕ ਹੈ। ਸਿੱਖਾਂ ਵਿੱਚੋਂ ਆਪਣੇ ਜਨਮਦਾਤੇ ਅਤੇ ਪਾਲਣਹਾਰੇ ਗੁਰੂ ਸਾਹਿਬਾਂ ਦੀ ਸੋਝੀ, ਸੋਚ ਅਤੇ ਵਿਚਾਰਧਾਰਾ ਦਾ ਦੀਵਾ ਬੁਝਦਾ ਜਾ ਰਿਹਾ ਹੈ। ਇਸੇ ਲਈ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ ਲਗਾਤਾਰ ਪਰਵਾਨ ਚੜ੍ਹ ਰਹੇ ਹਨ। ਇਹ ਮਸਲਾ ਰਾਜਨੀਤਿਕ ਬਿਲਕੁਲ ਵੀ ਨਹੀ ਹੈ। ਬਲਕਿ ਧਾਰਮਿਕ ਹੈ। ਸਿੱਖਾਂ ਦਾ ਆਪਣੇ ਧਰਮ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲੋਂ ਨਾਤਾ ਟੁੱਟ ਰਿਹਾ ਹੈ ਇਸੇ ਲਈ ਉਹ ਨਿਤਾਣੇ ਹੋ ਰਹੇ ਹਨ। ਬਿਗਾਨੇ ਫਲਸਫਿਆਂ ਨੇ ਉਨ੍ਹਾਂ ਦੀ ਮਾਨਸਿਕਤਾ ਨੂੰ ਗਰਦਾ ਦਿੱਤਾ ਹੈ। ਉਨ੍ਹਾਂ ਦੀ ਮਾਨਸਿਕਤਾ ਵਿੱਚ ਗੁਰੂ ਸਾਹਿਬ ਦੀ ਨਿਰਮਲ ਜੋਤ ਨਹੀ ਜਗ ਰਹੀ ਇਸੇ ਲਈ ਉਹ ਇੱਕ ਸ਼ਰਾਬ ਦੀ ਬੋਤਲ ਜਾਂ ਝੂਠੇ ਭਾਸ਼ਣਾਂ ਦੀ ਲੋਰ ਵਿੱਚ ਆ ਕੇ ਅਕਾਲੀ ਦਲ ਨੂੰ ਵੋਟ ਪਾ ਦਿੰਦੇ ਹਨ।

ਜਦੋਂ ਤੱਕ ਸਿੱਖ ਪੰਥ ਵਿੱਚ ਧਰਮ ਦੀਆਂ ਨਿਰਮਲ ਜੜ੍ਹਾਂ ਮੁੜ ਤੋਂ ਨਹੀ ਲਗਾਈਆਂ ਜਾਂਦੀਆਂ ਉਦੋਂ ਤੱਕ ਪੰਥਕ ਧਿਰਾਂ ਨੂੰ ਕਿਸੇ ਰਾਜਸੀ ਪਾ੍ਰਪਤੀ ਦੀ ਉਮੀਦ ਨਹੀ ਰੱਖਣੀ ਚਾਹੀਦੀ। ਖ਼ਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਸਟੇਟ ਨੇ ਸਿੱਖਾਂ ਦਾ ਸੁਭਾਅ ਬਦਲਣ ਦਾ ਇੱਕ ਵੱਡਾ ਪ੍ਰਾਜੈਕਟ ਚਲਾਇਆ ਜਿਸ ਵਿੱਚ ਉਨ੍ਹਾਂ ਨੇ ਸਿੱਖਾਂ ਨੂੰ ਆਪਣੇ ਗੌਰਵਸ਼ਾਲੀ ਵਿਰਸੇ ਤੋਂ ਤੋੜਣ ਦਾ ਯਤਨ ਕੀਤਾ। ਅਕਸਰ ਵੱਡੀਆਂ ਜੰਗਾਂ ਵੇਲੇ ਦੁਸ਼ਮਣ ਅਜਿਹੇ ਹਥਿਆਰ ਵਰਤਦਾ ਹੀ ਹੁੰਦਾ ਹੈ। ਵਕਤੀ ਤੌਰ ਤੇ ਦੁਸ਼ਮਣ ਆਪਣੇ ਨਿਸ਼ਾਨੇ ਵਿੱਚ ਕਾਮਯਾਬ ਹੋ ਰਿਹਾ ਹੈ।

ਪਰ ਇਸ ਵੇਲੇ ਵਿਧਾਨ ਸਭਾ ਦੀਆਂ ਸੀਟਾਂ ਜਿੱਤਣ ਲਈ ਉਤਾਵਲੇ ਪੰਥਕ ਸੱਜਣਾਂ ਦੀ ਅਸਲ ਜਿੰਮੇਵਾਰੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦੇ ਸਾਹਮਣੇ ਦੋ ਬਦਲ ਹਨ- ਇੱਕ ਤਾਂ ਹੈ ਭਵਿੱਖ ਦੀ ਪੀੜ੍ਹੀ ਨੂੰ ਬਚਾਉਣ ਦਾ ਦੂਜਾ ਅਗਲੀਆਂ ਚੋਣਾਂ ਜਿੱਤਣ ਦਾ। ਪੰਥਕ ਧਿਰਾਂ ਨੇ ਇਨ੍ਹਾਂ ਵਿੱਚੋਂ ਸਹੀ ਚੋਣ ਕਰਨੀ ਹੈ।

ਚੰਡੀਗੜ੍ਹ ਵਾਲੀ ਕਨਵੈਨਸ਼ਨ ਵਿੱਚ ਜੇ ਇਸ ਸਮੱਸਿਆ ਨੂੰ ਕਿਸੇ ਨੇ ਬੁਝਿਆ ਹੈ ਤਾਂ ਉਹ ਸਾਬਕਾ ਡੀਜੀਪੀ ਸ਼ਸ਼ੀਕਾਂਤ ਹਨ। ਉਨ੍ਹਾਂ ਨੇ ਇਸ ਗੱਲ ਤੇ ਵਾਰ ਵਾਰ ਜੋਰ ਦਿੱਤਾ ਕਿ ਸਿੱਖਾਂ ਨੂੰ ੧੯੨੦ ਵਾਲੀ ਗੁਰਦੁਆਰਾ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ। ਜਦੋਂ ਤੱਕ ਇਸ ਤਰ੍ਹਾਂ ਦੀ ਵਿਚਾਰਧਾਰਕ ਲਹਿਰ ਨਹੀ ਚਲਾਈ ਜਾਂਦੀ। ਸਿੱਖਾਂ ਵਿੱਚ ਆਪਣੇ ਵਿਰਸੇ ਅਤੇ ਆਪਣੇ ਇਤਿਹਾਸ ਦੀ ਸੰਪੂਰਨ ਸੋਝੀ ਨਹੀ ਭਰੀ ਜਾਂਦੀ ਉਦੋਂ ਤੱਕ ਪੰਥਕ ਧਿਰਾਂ ਨੂੰ ਵੋਟ ਨਹੀ ਪਵੇਗੀ ਅਤੇ ਸਿੱਖ ਨਸਲਕੁਸ਼ੀ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਮੌਜੂਦਾ ਸੱਤਾਧਾਰੀ ਹੀ ਵੋਟਾਂ ਹਥਿਆੁਉਂਦੇ ਰਹਿਣਗੇ।

ਇਸ ਵੇਲੇ ਪੰਜਾਬ ਵਿੱਚ ਸਰਗਮ ਪੰਥਕ ਲਹਿਰ ਚਲਾਉਣ ਦੀ ਲੋੜ ਹੈ ਜੋ ਕੌਮ ਵਿੱਚ ਸਵੈਮਾਣ ਭਰੇ। ਸਿੱਖ ਇਸ ਵੇਲੇ ਸਵੈਮਾਣ ਤੋਂ ਸੱਖਣੇ ਹੋਏ ਹੋਏ ਹਨ। ਤਾਂ ਹੀ ਹਰ ਦੁੱਕੀ ਤਿੱਕੀ ਨੂੰ ਵੋਟ ਪਾ ਦਿੰਦੇ ਹਨ। ਧਰਮ ਦੇ ਅਸਲ ਰੰਗ ਵਿੱਚ ਰੰਗੀ ਹੋਈ ਕੋਈ ਵੱਡੀ ਲਹਿਰ ਹੀ ਪੰਥ ਦੇ ਅਗਲੀ ਪੀੜ੍ਹੀ ਅਤੇ ਪੰਥ ਦੀ ਸੱਤਾ ਨੂੰ ਬਚਾ ਸਕੇਗੀ। ਉਹ ਪੰਥਕ ਲਹਿਰ ਕੌਮ ਦੇ ਅੰਦਰੂਨੀ ਧਾਰਮਿਕ ਵਿਵਾਦਾਂ ਜਿਵੇਂ ਨਿੱਤਨੇਮ ਦੀਆਂ ਬਾਣੀਆਂ ਬਾਰੇ ਵਿਵਾਦ ਜਾਂ ਆਦਿ ਤੋਂ ਨਿਰਲੇਪ ਹੋਣੀ ਚਾਹੀਦੀ ਹੈ। ਇਸ ਵਿੱਚੋਂ ਉਚੀ ਉਚੀ ਗੱਜ ਪਾਕੇ ਕਥਾ ਕਰਨ ਵਾਲੇ ਸੱਜਣ ਵੀ ਮਨਫੀ ਹੋਣੇ ਚਾਹੀਦੇ ਹਨ। ਉਚੇ ਸੁੱਚੇ ਕਿਰਦਾਰ ਵਾਲੀਆਂ ਧਾਰਮਕ ਸ਼ਖਸ਼ੀਅਤਾਂ ਜੋ ਸੀਟਾਂ ਜਿੱਤਣ ਦੇ ਲਾਲਚ ਤੋਂ ਨਿਰਲੇਪ ਹੋਣ ਉਸ ਧਾਰਮਕ ਲਹਿਰ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਸਿੱਖਾਂ ਨੂੰ ਆਪਣੇ ਵਿਰਸੇ ਦੇ ਰੰਗ ਵਿੱਚ ਰੰਗੇ ਤੋਂ ਬਿਨਾ ਕੌਮ ਦੀ ਰਾਜਸੀ ਅਜ਼ਾਦੀ ਪ੍ਰਾਪਤ ਨਹੀ ਹੋਵੇਗੀ। ਉਸ ਵੇਲੇ ਤੱਕ ਤਾਂ ਬਾਦਲ, ਕੈਪਟਨ, ਮੋਦੀ ਵਰਗੇ ਹੀ ਪੰਜਾਬ ਨੂੰ ਜਿਬਾਹ ਕਰਦੇ ਰਹਿਣਗੇ।

ਫੈਸਲਾ ਪੰਥਕ ਧਿਰਾਂ ਨੇ ਕਰਨਾ ਹੈ। ਅਗਲੀ ਪੀੜ੍ਹੀ ਬਚਾਉਣੀ ਹੈ ਜਾਂ ਅਗਲੀਆਂ ਚੋਣਾਂ।