ਦੁਨੀਆਂ ਵਿੱਚ ਕਰੋਨਾ ਵਾਇਰਸ ਨੇ ਇਨਸਾਨ ਦੇ ਇੱਕਲੇ ਸਰੀਰ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਉਸਨੇ ਸਮਾਜ ਨੂੰ ਵੀ ਪੂਰੀ ਤਰਾਂ ਨਾਲ ਹਲੂਣਾ ਦਿੱਤਾ ਹੈ। ਜਿਸ ਕਰਕੇ ਸਮਾਜ ਤੇ ਸਰਕਾਰਾਂ ਨੇ ਆਪਣੇ ਆਪ ਨੂੰ ਕਰੋਨਾ ਵਾਇਰਸ ਦੇ ਅਨੁਸਾਰ ਰਹਿਣ ਲਈ ਬਦਲਣਾ ਸ਼ੁਰੂ ਕੀਤਾ ਹੈ ਤਾਂ ਜੋ ਕਰੋਨਾ ਵਾਇਰਸ ਦੀ ਮਾਰ ਤੋਂ ਬਚਿਆ ਜਾ ਸਕੇ। ਸਮਾਜ ਅਤੇ ਸਰਕਾਰਾਂ ਤੇ ਇਸ ਵਾਇਰਸ ਕਰਕੇ ਆਰਥਿਕ ਅਤੇ ਸਿਹਤ ਸਬੰਧੀ ਵੱਡੀ ਜਿੰਮੇਵਾਰੀ ਪਈ ਹੈ ਜਿਸ ਨੂੰ ਹੱਲ ਕਰਨ ਲਈ ਵੱਖ ਵੱਖ ਸਰਕਾਰਾਂ ਆਪਣੇ ਤਰੀਕਿਆਂ ਨਾਲ ਇਸ ਬੀਮਾਰੀ ਤੇ ਮੰਦਹਾਲੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਰਕੇ ਦੁਨੀਆਂ ਦੀਆਂ ਕਈ ਸਰਕਾਰਾਂ ਨੇ ਆਪਣੇ ਨਾਗਰਿਕਾਂ ਦਾ ਪੂਰਾ ਨਿੱਜੀ ਡਾਟਾ ਸਮਾਰਟ ਫੋਨਾਂ ਰਾਹੀਂ ਦਿਜੀਟਲ ਟੈਕਨੋਲਜੀ ਵਰਤ ਕੇ ਇੱਕਠਾ ਕਰਨਾ ਸ਼ੁਰੂ ਕਰ ਲਿਆ ਹੈ। ਇਸ ਵਿਧੀ ਰਾਹੀਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਕਰੋਨਾ ਵਾਇਰਸ ਦੀ ਮਾਰ ਨੂੰ ਘਟਾ ਸਕਣਗੀਆਂ। ਪਰ ਇਸਦੇ ਨਾਲ ਹੀ ਇਹਨਾਂ ਤਕਨੀਕਾਂ ਰਾਹੀਂ ਸਮਾਜ ਦੀ ਨਿੱਜੀ ਜਿੰਦਗੀ ਬਾਰੇ ਜਾਣਕਾਰੀ ਵੀ ਦਾਅ ਤੇ ਲੱਗ ਗਈ ਹੈ ਅਤੇ ਇਸ ਨਾਲ ਮਨੁੱਖੀ ਅਧਿਕਾਰਾਂ ਦੇ ਵੀ ਵਿਸ਼ੇ ਖੜੇ ਹੋ ਗਏ ਹਨ। ਇੱਕ ਤਾਰਾਂ ਨਾਲ ਇਸ ਟੈਕਨੋਲੋਜੀ ਰਾਹੀਂ ਆਪਣੇ ਲੋਕਾਂ ਦੀ ਜਾਣਕਾਰੀ ਦਾ ਤਰੀਕਾ ਸਰਕਾਰਾਂ ਵੱਲੋਂ ਅਪਣਾਇਆ ਗਿਆ ਹੈ। ਜੋ ਕਿ ਸਰਕਾਰ ਵੱਲੋਂ ਆਪਣੇ ਹੀ ਲੋਕਾਂ ਤੇ ਹਰ ਪੱਖੋਂ ਨਿਗ੍ਹਾ ਰੱਖਣ ਦਾ ਜ਼ਰੀਆ ਹੈ ਜਿਸ ਨਾਲ ਨਿੱਜੀ ਅਜਾਦੀ ਤੇ ਸਿੱਧਾ ਵਾਰ ਹੈ। ਇਸ ਨਿੱਜੀ ਜਾਣਕਾਰੀ ਨੂੰ ਸਮੇਂ ਸਮੇਂ ਸਿਰ ਸਰਕਾਰਾਂ ਅਤੇ ਵੱਡੀ ਵਿੱਤੀ ਘਰਾਣੇ ਆਪਣੇ ਨਿੱਜੀ ਹਿੱਤਾਂ ਲਈ ਵਰਤ ਸਕਦੇ ਹਨ। ਪਹਿਲਾਂ ਵੀ ਜੇ ਅਮਰੀਕਾ ਦੀ ਹੀ ਗੱਲ ਕੀਤੀ ਜਾਵੇ ਤਾਂ ਪੰਜ ਸੌ ਮਿਲੀਅਨ ਤੋਂ ਉੱਤੇ ਲੋਕਾਂ ਦਾ ਅਤੇ ਹੋਰ ਕਾਰੋਬਾਰਾਂ ਦਾ ਨਿੱਜੀ ਤੇ ਕੰਮਕਾਰ ਸਬੰਧੀ ਡਾਟਾਂ ਇੰਨਾ ਤਕਨੀਕਾਂ ਰਾਹੀ ਚੋਰੀ ਕੀਤਾ ਗਿਆ ਹੈ। ਜਿਸਦਾ ਅੱਜ ਤੱਕ ਕੋਈ ਥਜੁ ਪਤਾ ਨਹੀਂ ਲੱਗਿਆ ਹੈ। ਕਰੋਨਾ ਵਾਇਰਸ ਨੂੰ ਲੈ ਕੇ ਇਸ ਨਵੀਂ ਫੋਨਾਂ ਰਾਹੀਂ ਬਣੀ ਤਕਨੀਕ ਬਾਰੇ ਬੜੇ ਗੰਬੀਰ ਸਵਾਲ ਨਿੱਜੀ ਅਜਾਦੀ ਨੂੰ ਲੈ ਕੇ ਖੜੇ ਜੋ ਰਹੇ ਹਨ ਜਿੰਨਾਂ ਬਾਰੇ ਅਜੇ ਤੱਕ ਸਰਕਾਰਾਂ ਕੋਲ ਕੋਈ ਜਵਾਬ ਨਹੀਂ ਹੈ। ਸਗੋਂ ਸਰਕਾਰਾਂ ਇਸ ਤਰਾਂ ਦੀ ਕਿਸੇ ਵੀ ਨਿੱਜੀ ਉਲੰਘਣਾ ਕਰਨ ਤੋ ਇਨਕਾਰੀ ਹਨ ਤੇ ਇਹ ਦਾਅਵਾ ਕਾ ਰਹੀਆਂ ਹਨ ਕਿ ਇਸ ਟੈਕਨੋਲੋਜੀ ਰਾਹੀਂ ਅਸੀਂ ਸਿਰਫ ਕਰੋਨਾ ਵਾਇਰਸ ਬਾਰੇ ਹੀ ਆਪਣੀ ਜਨਤਾ ਤੇ ਨਿਗ੍ਹਾ ਰੱਖ ਰਹੇ ਹਾਂ। ਪਹਿਲਾਂ ਪਹਿਲ ਚਾਈਨਾ ਤੇ ਸਾਊਥ ਕੋਰੀਆਂ ਨੇ ਇਸ ਟੈਕਨੋਲੋਜੀ ਰਾਹੀਂ ਕਰੋਨਾ ਵਾਇਰਸ ਦੀ ਸਮਰੱਥਾ ਨੂੰ ਕਾਬੂ ਕਰਨ ਦਾ ਯਤਨ ਕੀਤਾ ਸੀ ਅਤੇ ਉਨੱ ਦੋਨਾਂ ਸਰਕਾਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਅਸੀਂ ਇਸ ਤਕਨੀਕ ਰਾਹੀਂ ਆਪਣੀ ਜਨਤਾ ਵਿੱਚੋਂ ਕਰੋਨਾ ਵਾਇਰਸ ਦਾ ਅਸਰ ਘਟਾਇਆ ਤੇ ਕਾਬੂ ਕੀਤਾ ਹੈ। ਕਿਉਂਕਿ ਚੀਨ ਇੱਕ ਪਾਰਟੀ ਤਹਿੱਤ ਸਰਕਾਰ ਚਲਾ ਰਿਹਾ ਹੈ ਤੇ ਉਸ ਵੱਲੋਂ ਕੀਤਾ ਕੋਈ ਵੀ ਆਦੇਸ਼ ਉਥੋਂ ਦੇ ਲੋਕ ਮੋੜ ਨਹੀਂ ਸਕਦੇ ਹਨ ਅਤੇ ਚੀਨ ਵਿੱਚ ਪਹਿਲਾਂ ਹੀ ਨਿੱਜੀ ਅਜਾਦੀ ਬਾਰੇ ਵੱਡੇ ਸਵਾਲ ਬਣੇ ਹੋਏ ਹਨ। ਇਸ ਤਰਾਂ ਦੀ ਕਾਮਯਾਬੀ ਉਨਾਂ ਨੂੰ ਤਹਿ ਕਰਨੀ ਸੌਖੀ ਹੈ। ਦੂਜੇ ਪਾਸੇ ਜੇ ਭਾਰਤ ਦੀ ਗੱਲ ਕਰ ਲਈਏ ਜੋ ਬਹੋ-ਪਾਰਟੀ ਲੋਕਤੰਤਰ ਹੈ ਇਥੋਂ ਦੀ ਸਰਕਾਰ ਨੇ ਇਸ ਫੋਨ ਟੈਕਨੋਲੋਜੀ ਰਾਹੀਂ ਕਰੋਨਾ ਵਾਇਰਸ ਬੀਮਾਰੀ ਨੂੰ ਨਜਿੱਠਣ ਲਈ ਇੱਕ ਨਵੀਂ ਤਕਨੀਕ ਲਿਆਂਦੀ ਹੈ ਜਿਸਦਾ ਨਾਮ ਅਰੋਗਿਆ ਸੇਤੂ ਹੈ। ਇਸਦਾ ਮਤਲਬ ਹੈ ਕਿ ਇਹ ਸਿਹਤ ਨੂੰ ਠੀਕ ਰੱਖਣ ਵਾਲਾ ਪੁਲ ਹੈ ਜਿਸਨੂੰ ਪਾਰ ਕਰਕੇ ਤੁਸੀਂ ਸਿਹਤਵਾਨ ਤੇ ਕਰੋਨਾ ਵਾਇਰਸ ਤੋਂ ਮੁਕਤ ਰਹਿ ਸਕਦੇ ਹੋ। ਦੋ ਮਹੀਨੇ ਪਹਲਿਾਂ ਇਸ ਤਰਾਂ ਦੀ ਕੋਈ ਤਕਨੀਕ ਭਾਰਤ ਅੰਦਰ ਮੌਜ਼ੂਦ ਨਹੀਂ ਸੀ ਪਰ ਹੁਣ ਦਿਨਾਂ ਵਿੱਚ ਹੀ ਭਾਰਤ ਸਰਕਾਰ ਨੇ ਆਪਣੇ ਪ੍ਰਧਾਨ ਮੰਤਰੀ ਰਾਹੀਂ ਇਹ ਫੋਨ ਟੈਕਨੋਲੋਜੀ ਵਾਲੀ ਤਕਨੀਕ ਸ਼ੁਰੂ ਕੀਤੀ ਹੈ ਅਤੇ ਦਿਨਾਂ ਵਿੱਚ ਹੀ ਇਹ ਪੰਜਾਹ ਮਿਲੀਅਨ ਲੋਕਾਂ ਤੋਂ ਚੱਲਕੇ ਸੌ ਮਿਲੀਅਨ ਲੋਕਾਂ ਤੱਕ ਅਪਣਾਈ ਜਾ ਚੁੱਕੀ ਹੈ। ਭਾਰਤ ਇੱਕ ਅਜਿਹਾ ਦੇਸ਼ ਤੇ ਲੋਕਤੰਤਰ ਹੈ ਜਿੱਥੇ ਸਭ ਤੋਂ ਵੱਖਰੀ ਤੇ ਸਖ਼ਤੀ ਨਾਲ ਲਾਗੂ ਹੋਣ ਵਾਲੀ ਇਹ ਤਕਨੀਕ ਲੋਕਾਂ ਲਈ ਜਾਰੀ ਕੀਤੀ ਗਈ ਹੈ। ਪਹਿਲਾਂ ਇਸ ਤਕਨੀਕ ਨੂੰ ਇਹ ਪ੍ਰਚਾਰਿਆ ਗਿਆ ਸੀ ਕਿ ਇਸ ਐਪ ਨੂੰ ਲੋਕ ਆਪਣੇ ਅਨੁਸਾਰ ਆਪਣੇ ਫੋਨ ਵਿੱਚ ਲੋਡ ਕਰ ਸਕਦੇ ਹਨ ਜਿਸ ਰਾਹੀਂ ਲੋਕਾਂ ਦੀ ਨਿੱਜੀ ਜਿੰਦਗੀ ਬਾਰੇ ਤੇ ਸੰਪਰਕ ਬਾਰੇ ਸਰਕਾਰ ਨੂੰ ਪਤਾ ਲੱਗ ਸਕੇ। ਪਰ ਹੁਣ ਇਸਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਸਰਕਾਰੀ ਤੇ ਗੈਰ ਸਰਕਾਰੀ ਮੁਲਾਜਮਾਂ ਨੂੰ ਇਹ ਤਕਨੀਕ ਅਪਣਾਉਣੀ ਲਾਜ਼ਮੀ ਹੈ। ਇਸ ਕਰਕੇ ਇਹ ਤਕਨੀਕ ਬੜੀ ਤੇਜੀ ਨਾਲ ਪ੍ਰਚਲਤ ਹੋ ਰਹੀ ਹੈ। ਹੁਣ ਤਾਂ ਇਸ ਨੂੰ ਇੱਕਲਿਆਂ ਕਰੋਨਾ ਵਾਇਰਸ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ ਸਗੋਂ ਇਸਨੂੰ ਲੋਕਾਂ ਲਈ ਕਿਧਰੇ ਵੀ ਸਫਰ ਕਰਦੇ ਸਮੇਂ ਇਹ ਤਕਨੀਕ ਲਾਜਮੀ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪਹਿਲਾਂ ਹੀ ਸੁਰੱਖਿਆ ਪੱਖੋਂ ਤੰਤਰ ਪੂਰਾ ਮਜਬੂਤ ਨਹੀ ਹੈ ਇਸ ਕਰਕੇ ਇਸ ਫੋਨ ਤਕਨੀਕ ਰਾਹੀਂ ਹਾਸਲ ਕੀਤੀ ਲੋਕਾਂ ਦੀ ਨਿੱਜੀ ਜਾਣਕਾਰੀ ਸੌਖਿਆਂ ਹੀ ਸਰਕਾਰ ਵੱਲੋਂ ਆਪਣੇ ਲੋਕਾਂ ਤੇ ਨਿਗਾ ਰੱਖਣ ਲਈ ਕਾਫੀ ਕਾਰਗਾਰ ਸਿੱਧ ਹੋਵੇਗੀ। ਜਿਸ ਕਰਕੇ ਭਾਰਤ ਦੀਆਂ ਰਾਜਨੀਤਿਕ ਵਿਰੋਧੀ ਧਿਰਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਇਸ ਤਕਨੀਕ ਬਾਰੇ ਗੰਭੀਰ ਸਵਾਲ ਉਠਾ ਰਹੀਆਂ ਹਨ।