ਭਾਰਤ ਦਾ ਅਨਾਜ ਲਈ ਢਿੱਡ ਭਰਨ ਵਾਲਾ ਅਤੇ ਅਨਾਜ ਦੇ ਖੇਤਰ ਵਿੱਚ ਜੂਝਣ ਦੀ ਥਾਂ ਦਰਖਤਾਂ ਤੇ ਲਟਕ ਕੇ ਖੁਦਕਸ਼ੀਆਂ ਕਰ ਰਿਹਾ ਹੈ। ਮੌਜੂਦਾ ਮੁੱਖ ਮੰਤਰੀ ਜੋ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸਾਨੀ ਕਰਜ਼ੇ ਤੋਂ ਮੁਕਤ ਕਰਨ ਦੇ ਚੋਣਾਵੀ ਨਾਹਰੇ ਰਾਹੀਂ ਰਾਜ ਭਾਗ ਤੇ ਬੈਠਾ, ਦੇ ਕਾਰਜਕਾਲ ਦੌਰਾਨ ਹੁਣ ਤੱਕ ੧੩੩੧ ਪੰਜਾਬ ਦੇ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨਾਲ ਕਰਜੇ ਮਾਫ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਨਾ-ਮਾਤਰ ਕਿਸਾਨਾਂ ਨੂੰ ਛੱਡ ਕੇ ਅੱਜ ਤੱਕ ਵਫਾ ਨਹੀਂ ਹੋਇਆ ਕਿਉਂਕਿ ਪੰਜਾਬ ਵਿੱਚ ਕਿਸਾਨੀ ਖੁਦਕਸ਼ੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਅਤੇ ਬੈਕਾਂ, ਸਹਿਕਾਰੀ ਬੈਕਾਂ ਤੇ ਕੋਪਰੇਟਿਵ ਸੁਸਾਇਟੀਆਂ ਵੱਲੋਂ ਕਰਜਾ ਵਸੂਲੀ ਦੇ ਨੋਟਿਸ ਲਗਾਤਾਰ ਆ ਰਹੇ ਹਨ ਤੇ ਬੈਕਾਂ ਵਾਲੇ ਆ ਕੇ ਕਿਸਾਨਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ। ਬਹੁਤੇ ਤਾਂ ਕਰਜ਼ੇ ਤੋਂ ਮਜਬੂਰ ਹੋ ਕਿ ਜ਼ਮੀਨਾਂ ਵੇਚ ਕੇ ਗੁਰਬਤ ਦੀ ਜਿੰਦਗੀ ਬਿਤਾਉਣ ਲਈ ਲਾਚਾਰ ਹਨ। ਅੱਜ ਖੇਤਾਂ ਦੇ ਰਾਜਿਆਂ ਦੇ ਵਿਹੜਿਆਂ ਵਿੱਚ ਉਦਾਸੀ ਹੀ ਉਦਾਸੀ ਹੈ। ਘਰਾਂ ਦੀ ਰੋਣਕਾਂ ਖੁਦਕਸ਼ੀਆਂ ਦੀ ਮਾਰ ਹੇਠ ਆ ਗਈਆਂ ਹਨ। ਖੇਤਾਂ ਦੀ ਹਰਿਆਵਲ ਕਰਜ਼ਿਆਂ ਨੇ ਖਾ ਲਈ ਹੈ। ਇਹ ਪੰਜਾਬ ਦੀ ਦਰਦਵਿੰਨੀ ਗਾਥਾ ਨੂੰ ਸੁਲਝਾਉਣ ਲਈ ਕੋਈ ਦੂਰ ਦੂਰ ਤੱਕ ਮਸੀਹਾ ਨਹੀਂ ਦਿਖਦਾ। ਇਥੋਂ ਤੱਕ ਕੇ ਅੱਜ ਪੰਜਾਬ ਦੇ ਰਾਜੇ ਵੀ ਖਾਮੋਸ਼ ਹਨ। ਕਿਧਰੇ ਕਿਧਰੇ ਕਿਸਾਨ ਜੱਥੇਬੰਦੀਆਂ, ਆਪਣੇ ਕਿਸਾਨ ਵੀਰਾਂ ਦਾ ਹੱਥ ਫੜਨ ਲਈ ਅੱਗੇ ਆਉਂਦੀਆਂ ਹਨ ਪਰ ਉਹ ਵੀ ਅਖੀਰ ਭੀੜ ਦਾ ਹੀ ਹਿੱਸਾ ਬਣ ਜਾਂਦੇ ਹਨ। ਇਸ ਦੁਖਾਂਤ ਵਿੱਚ ਸਭ ਤੋਂ ਵੱਡਾ ਡਰ ਜੋ ਕਿਸਾਨ ਪਰਿਵਾਰਾਂ ਨੂੰ ਸਤਾ ਰਿਹਾ ਹੈ ਉਹ ਹੈ ਬੈਂਕਾਂ ਦੇ ਕਰਜ਼ਿਆਂ, ਬੈਂਕਾਂ ਵੱਲੋਂ ਦਬਕਾਉਣਾ ਅਤੇ ਵਸੂਲੀ ਦੇ ਨੋਟਿਸ ਉਹਨਾਂ ਦੇ ਘਰਾਂ ਦੀਆਂ ਕੰਧਾ ਤੇ ਚਿਪਕਾ ਦੇਣਾ। ਮੌਜੂਦਾ ਮੁੱਖ ਮੰਤਰੀ ਨੇ ਸਰਕਾਰ ਬਣਾਉਣ ਵੇਲੇ ਜੋ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਨੇ ਇੱਕ ਵਾਰਤਾਂ ਪੰਜਾਬ ਦੀ ਕਿਸਾਨੀ ਦੇ ਚਿਹਰੇ ਤੇ ਰੋਣਕ ਲਿਆ ਦਿੱਤੀ ਸੀ ਤੇ ਕਿਸਾਨੀ ਸੋਚਣ ਲੱਗ ਪਈ ਸੀ ਕਿ ਕੋਈ ਮਸੀਹਾ ਬਣ ਕੇ ਸਾਡਾ ਮੁੱਲ ਤਾਰਨ ਆਇਆ ਹੈ। ਸਰਕਾਰ ਬਣਨ ਤੋਂ ਬਾਅਦ ਮੌਜੂਦਾ ਮੁੱਖ ਮੰਤਰੀ ਨੇ ਆਪਣੇ ਵਾਅਦੇ ਤੋਂ ਮੁਕਰਦਿਆਂ ਇਹ ਐਲਾਨ ਕੀਤਾ ਕਿ ਸਾਡੀ ਸਰਕਾਰ ਦੋ ਢਾਈ ਏਕੜ ਤੱਕ ਦੇ ਜ਼ਮੀਨ ਵਾਲੇ ਕਿਸਾਨਾਂ ਦਾ ਦੋ ਦੋ ਲੱਖ ਦਾ ਕਰਜ਼ਾ ਅਦਾ ਕਰੇਗੀ ਤੇ ਇਸੇ ਤਰ੍ਹਾਂ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਵੀ ਕਰਜ਼ਾ ਮਾਫੀ ਵਿੱਚ ਭਰਮਾਉਣ ਦਾ ਯਤਨ ਕੀਤਾ। ਹੁਣ ਤੱਕ ਭਾਵੇਂ ਪੰਜਾਬ ਸਰਕਾਰ ਨੇ ਜੁਝ ਕਿਸਾਨਾਂ ਦੇ ਕਰਜ਼ਿਆਂ ਦੀ ਭਰਮਾਈ ਕੀਤੀ ਹੈ ਪਰ ਜੋ ਹਜ਼ਾਰਾਂ ਪੰਜਾਬ ਦੇ ਕਿਸਾਨ ਇਸ ਕਰਜ਼ਾ ਮਾਫੀ ਤੋਂ ਵਾਂਝੇ ਰਹਿ ਗਏ ਉਹ ਗੁਰਬਤ ਤੇ ਲਾਚਾਰੀ ਭਰੀ ਜਿੰਦਗੀ ਕੱਟਣ ਲਈ ਮਜ਼ਬੂਰ ਹਨ। ਪਿੰਡ ਕੋਹਰੀਆਂ ਦਾ ਕਿਸਾਨ ਮਨਜੀਤ ਸਿੰਘ ਜਿਸਦੀ ਉਮਰ ੩੫ ਸਾਲ ਸੀ, ਬੈਂਕਾਂ ਦੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਸਪਰੇਅ ਪੀ ਕੇ ਸਦਾ ਲਈ ਵਿਛੋੜਾ ਦੇ ਗਿਆ। ਪਰ ਅੱਜ ਵੀ ਉਸਦੀ ਮੌਤ ਤੋਂ ਬਾਅਦ ਕਰਜ਼ੇ ਦਾ ਦੈਂਤ ਉਸਦੀ ਪਤਨੀ ਤੇ ਬੱਚਿਆਂ ਲਈ ਜਿਉਂਦਾ ਤਿਉਂ ਖੜਾ ਹੈ। ਕਦੇ ਛੇ ਏਕੜ ਜ਼ਮੀਨ ਦਾ ਮਾਲਕ ਸੀ ਮਨਜੀਤ ਸਿੰਘ ਪਰ ਅੱਜ ਉਸ ਕੋਲ ਅੱਧਾ ਏਕੜ ਜ਼ਮੀਨ ਹੈ ਤੇ ਬੈਕਾਂ ਦਾ ਅੱਠ ਲੱਖ ਦਾ ਕਰਜ਼ਾ ਸਿਰ ਤੇ ਖੜ੍ਹਾ ਹੈ। ਇਸ ਤਰ੍ਹਾਂ ਦੀਆਂ ਗਾਥਾਵਾਂ ਅੱਜ ਪੰਜਾਬ ਦੀ ਰੋਜ਼ ਕਹਾਈ ਹੈ ਜਿਸ ਵਿੱਚ ਪੰਜਾਬ ਦੀ ਕਿਸਾਨੀ ਦੀ ਤਸਵੀਰ ਝਲਕਾਂ ਮਾਰ ਰਹੀ ਹੈ ਤੇ ਪੇਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਭਾਰਤ ਦਾ ਅਨਾਜ ਨਾਲ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਆਪਣੇ ਢਿੱਡ ਨੂੰ ਟਾਕੀਆਂ ਬੰਨੀ ਬੈਠਾ ਹੈ।