ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਮੋਰਚੇ ਦੀ ਖੁਸ਼ਬੋ ਬਹੁ-ਭਾਂਤੀ ਹੈੈ। ਇਸਨੇ ਭਾਰਤੀ ਸਮਾਜ ਦੇ ਇਤਿਹਾਸ ਵਿੱਚ ਆਮ ਕਰਕੇ ਅਤੇ ਪੰਜਾਬ ਦੇ ਇਤਿਹਾਸ ਵਿੱਚ ਖਾਸ ਕਰਕੇ ਬਹੁਤ ਸਾਰੇ ਨਵੇਂ ਕੀਰਤੀਮਾਨ ਸਿਰਜੇ ਹਨ। ਇਸ ਮੋਰਚੇ ਦੀ ਆਭਾ ਅਤੇ ਜਲੌਅ ਨੂੰ ਦੇਖਦਿਆਂ ਬਹੁਤ ਸਾਰੇ ਸਿੱਖ ਵਿਦਵਾਨ ਇਹ ਟਿੱਪਣੀਆਂ ਕਰ ਰਹੇ ਹਨ ਕਿ ਇਹ ਮੋਰਚਾ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਅਤੇ ਗੁਰੂ ਸਾਹਿਬਾਨ ਦੀ ਛਤਰ ਛਾਇਆ ਹੇਠ ਚੱਲ ਰਿਹਾ ਹੈੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਏਨੇ ਵੱਡੇ ਇਕੱਠ ਵਿੱਚ ਕਿਤੇ ਨਾ ਕਿਤੇ ਕੋਈ ਲੜਾਈ ਝਗੜਾ, ਮਾਰ ਕੁਟਾਈ ਜਾਂ ਹਿੰਸਾ ਦੀ ਘਟਨਾ ਹੋ ਜਾਣੀ ਸੀ। ਦੂਜਾ ਇਸ ਮੋਰਚੇ ਦੀ ਇਹ ਖੂਬੀ ਰਹੀ ਹੈ ਕਿ ਲੀਡਰਸ਼ਿੱਪ ਨੂੰ ਸੰਗਤ ਦੀ ਰਜ਼ਾ ਅਨੁਸਾਰ ਹੀ ਫੈਸਲੇ ਕਰਨੇ ਪਏ ਹਨ। ਸੰਗਤ ਇਸ ਮੋਰਚੇ ਦੀ ਪਹਿਰੇਦਾਰ ਬਣਕੇ ਉਭਰੀ ਹੈੈੈ। ਇਸ ਮੋਰਚੇ ਦੀ ਤੀਜੀ ਵਿਲੱਖਣਤਾ ਇਹ ਹੈ ਕਿ ਜਿਉਂ ਜਿਉਂ ਸਰਕਾਰ ਇਸ ਇਕੱਠ ਨੂੰ ਤੋੜ ਦੇਣ ਜਾਂ ਖਦੇੜ ਦੇਣ ਦੇ ਯਤਨ ਕਰਦੀ ਹੈ ਤਾਂ ਮੋਰਚਾ ਹੋਰ ਮਜਬੂਤ ਹੋਕੇ ਨਿਕਲਦਾ ਹੈੈ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿਵੇਂ ਸਰਕਾਰੀ ਗੁੰਡਿਆਂ ਨੇ ਸਿੱਖ ਸੰਗਤ ਉੱਤੇ ਹਮਲਾ ਕਰਨ ਦਾ ਯਤਨ ਕੀਤਾ ਸੀ ਉਸਨੇ ਸਰਕਾਰ ਲਈ ਹੀ ਸਿਰਦਰਦੀ ਪੇਸ਼ ਕੀਤੀ ਹੈ, ਸੰਗਤ ਦਾ ਕੁਝ ਨਹੀ ਵਿਗੜਿਆ।

26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਦੋਂ ਮੋਰਚੇ ਦੀ ਪੰਜਾਬ ਵਾਲੀ ਲੀਡਰਸ਼ਿੱਪ ਮਾਨਸਿਕ ਤੌਰ ਤੇ ਕਮਜ਼ੋਰੀਆਂ ਦਿਖਾਉਣ ਲੱਗੀ ਅਤੇ ਕਮਜ਼ੋਰ ਮਾਨਸਿਕਤਾ ਵਿੱਚੋਂ ਉਹ ਆਪਣੇ ਹੀ ਨੌਜਵਾਨਾਂ ਵਿਰੁੱਧ ਫਤਵੇ ਜਾਰੀ ਕਰਨ ਲੱਗੀ ਤਾਂ ਇਕ ਵਾਰ ਮਹੌਲ ਕਾਫੀ ਗਮਗੀਨ ਹੋ ਗਿਆ ਸੀ। ਪਰ ਵਾਹਿਗੁਰੂ ਨੇ ਕਲਾ ਵਰਤਾਈ ਕਿ ਗਾਜ਼ੀਪੁਰ ਵਾਲੀ ਧਿਰ ਦੇ ਹੱਕ ਵਿੱਚ ਵੱਡਾ ਇਕੱਠ ਕਰਕੇ ਮੋਰਚੇ ਵਿੱਚ ਨਵੀਂ ਰੂਹ ਫੂਕ ਦਿੱਤੀ।

ਹੁਣ ਪਿਛਲੇ ਦਿਨੀ ਕਿਸਾਨ ਮੋਰਚਾ ਉਸ ਵੇਲੇ ਆਪਣੀ ਚੜ੍ਹਤ ਦੀਆਂ ਬੁਲੰਦੀਆਂ ਛੁਹਣ ਲੱਗਾ ਜਦੋਂ ਦਰਜਨਾਂ ਹੀ ਕੌਮਾਂਤਰੀ ਸ਼ਖ਼ਸ਼ੀਅਤਾਂ ਨੇ ਕਿਸਾਨ ਮੋਰਚੇ ਦੇ ਹੱਕ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਬਿਆਨ ਦਿੱਤੇ। ਭਾਰਤ ਸਰਕਾਰ ਅਤੇ ਉਸਦੇ ਪਾਲਤੂ, ਪ੍ਰਾਪੇਗੰਡਾ ਮਾਹਰ ਜਿਸ ਕਿਸਮ ਦੀ ਘਟੀਆ ਰਾਜਨੀਤੀ ਨੂੰ ਆਪਣਾਂ ਹੱਕ ਸਮਝਦੇ ਸਨ, ਕੌਮਾਂਤਰੀ ਤੌਰ ਤੇ ਉਠੀਆਂ ਅਵਾਜ਼ਾਂ ਨੇ ਉਨ੍ਹਾਂ ਦੇ ਸਾਰੇ ਖੁਫੀਆ ਤੰਤਰ ਅਤੇ ਪ੍ਰਾਪੇਗੰਡਾ ਤੰਤਰ ਦੀ ਫੂਕ ਕੱਢਕੇ ਰੱਖ ਦਿੱਤੀ। ਘੱਟ-ਗਿਣਤੀਆਂ ਨੂੰ ਡਰਾਉਣ ਅਤੇ ਧਮਕਾਉਣ ਦੇ ਮਾਹਰ ਉਸ ਦਿਨ ਕਿਵੇਂ ਡਰੇ ਹੋਏ ਬਿਆਨਬਾਜੀ ਕਰ ਰਹੇ ਸਨ ਇਹ ਸਭ ਗੁਰੂ ਸਾਹਿਬ ਜੀ ਦੀ ਹੀ ਕਲਾ ਸੀ।

ਪ੍ਰਸਿੱਧ ਗਾਇਕਾ, ਰੇਆਨਾ, ਵਾਤਾਵਰਨ ਪ੍ਰੇਮੀ ਗਰੇਟਾ ਟਰਨਬਰਗ, ਕੈਮਿਲਾ ਹੈਰਿਸ ਦੀ ਭਤੀਜੀ ਅਤੇ ਦਰਜਨਾਂ ਕੌਮਾਂਤਰੀ ਖਿਡਾਰੀਆਂ ਨੇ ਕਿਸਾਨ ਮੋਰਚੇ ਹੱਕ ਵਿੱਚ ਜੋ ਬਿਆਨ ਦਿੱਤੇ ਉਸਨੇ ਜਿੱਥੇ ਕਿਸਾਨ ਮੋਰਚੇ ਦੇ ਸਚਾਈ ਨੂੰ ਮਜਬੂਤ ਕਰ ਦਿੱਤਾ ਹੈ ਇਸਦੇ ਨਾਲ ਹੀ ਉਸਨੇ ਭਾਰਤ ਸਰਕਾਰ ਦੀ ਪੇਸ਼ੇਵਾਰਾਨਾ ਪ੍ਰਾਪੇਗੰਡਾ ਮਸ਼ੀਨਰੀ ਦੀਆਂ ਵੀ ਸਾਰੀਆਂ ਚੂਲਾਂ ਹਿਲਾ ਦਿੱਤੀਆਂ ਹਨ।

ਸਰਕਾਰ ਨੇ ਉਸਦੇ ਵਿਰੁੱਧ ਝੁਲੀ ਹਨੇਰੀ ਨੂੰ ਠੱਲ੍ਹਣ ਲਈ ਭਾਰਤੀ ਫਿਲਮ ਇਡੰਸਟਰੀ ਦੇ ਕਲਾਕਾਰਾਂ ਅਤੇ ਭਾਰਤੀ ਖਿਡਾਰੀਆਂ ਨੂੰ ਮੈਦਾਨ ਵਿੱਚ ਲਿਆਂਦਾ ਪਰ ਦੁਨੀਆਂ ਭਰ ਵਿੱਚ ਭਾਰਤ ਸਰਕਾਰ ਦੇ ਵਿਰੁੱਧ ਝੁਲ ਰਹੀ ਹਨੇਰੀ ਨੂੰ ਉਹ ਠੱਲ ਨਹੀ ਸਕੇ। ਸਾਰੇ ਕਲਾਕਾਰਾਂ ਨੇ ਇਹ ਦੁਹਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਦੇਸ਼ ਨੂੰ ਟੁੱਟਣ ਤੋਂ ਬਚਾਉਣ ਲਈ ਸਰਕਾਰ ਦਾ ਸਾਥ ਦਿਉ।

ਪਰ ਇਸ ਮੋਰਚੇ ਤੇ ਵੀ ਭਾਰਤੀ ਕਲਾਕਾਰਾਂ ਨੂੰ ਵੱਡੀ ਚੁਣੌਤੀ ਮਿਲੀ। ਭਾਰਤੀ ਫਿਲਮ ਇੰਡਸਟਰੀ ਦੀ ਇੱਕ ਉੱਘੀ ਕਲਾਕਾਰ, ਤਾਪਸੀ ਪੰਨੂੰ ਨੇ ਟਵੀਟ ਕਰਕੇ ਸਾਰਿਆਂ ਦੇ ਪਰਖਚੇ ਉਡਾ ਦਿੱਤੇ- ਉਸਨੇ ਆਖਿਆ ਕਿ ਜੇ ਤੁਹਾਡਾ ਮੁਲਕ ਕਿਸੇ ਇੱਕ ਟਵੀਟ ਨਾਲ ਟੁੱਟ ਸਕਦਾ ਹੈ ਅਤੇ ਜੇ ਤੁਹਾਡੀਆਂ ਰਾਜਨੀਤਿਕ ਸੰਸਥਾਵਾਂ ਇੱਕ ਚੁਟਕਲੇ ਨਾਲ ਜਰਜਰਾ ਸਕਦੀਆਂ ਹਨ ਤਾਂ ਵਿਰੋਧੀਆਂ ਨੂੰ ਦੋਸ਼ ਨਾ ਦਿਉ, ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਸੀਂ ਦੇਸ਼ ਨੂੰ ਬਣਾ ਕੀ ਦਿੱਤਾ ਹੈੈ।

ਵਾਹਿਗੁਰੂ ਜੀ ਦੀ ਕਲਾ ਮੋਰਚੇ ਉੱਤੇ ਵਰਤ ਰਹੀ ਹੈੈ। ਪਿਛਲੇ ਹਫਤੇ ਜਿਹੜੇ ਲੋਕ ਆਪਸੀ ਦੁਸ਼ਮਣੀ ਵਾਲੇ ਨਾਅਰੇ ਮਾਰ ਰਹੇ ਸਨ ਹੁਣ ਉਹ ਅਸਲੀਅਤ ਸਾਹਮਣੇ ਆਉਣ ਤੇ ਮੁਆਫੀਆਂ ਮੰਗਣ ਲਈ ਕਤਾਰਾਂ ਲਾਉਣ ਲੱਗ ਪਏ ਹਨ।

ਅਸੀਂ ਮਹਿਸੂਸ ਕਰਦੇ ਹਾਂ ਕਿ ਕੌਮਾਂਤਰੀ ਪੱਧਰ ਤੇ ਮਿਲੀ ਵੱਡੀ ਸਫਲਤਾ ਭਾਰਤ ਸਰਕਾਰ ਦੀਆਂ ਅੱਖਾਂ ਖੋਲ੍ਹੇਗੀ ਅਤੇ ਉਹ ਆਪਣੀ ਗਲਤੀ ਨੂੰ ਮੰਨਦਿਆਂ ਕਿਸਾਨਾਂ ਦੀਆਂ ਮੰਗਾਂ ਮੰਨਕੇ ਵੱਡੇਪਣ ਦਾ ਸਬੂਤ ਦੇਵੇਗੀ।