ਨਵੇਂ ਵਰ੍ਹੇ ਦੀ ਆਮਦ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਨਵੀਂ ਸ਼ੁਰੂਆਤ ਨੂੰ ਪ੍ਰਗਟਾਉਂਦਾ ਹੈ।ਨਵਾਂ ਵਰ੍ਹਾ ਮਹਿਜ਼ ਜਸ਼ਨ ਜਾਂ ਸੰਕਲਪਾਂ ਨਾਲ ਹੀ ਸੰਬੰਧਿਤ ਨਹੀਂ ਹੈ ਸਗੋਂ ਇਸ ਦੀ ਮਹੱਤਤਾ ਇਸ ਤੋਂ ਕਿਤੇ ਵੱਧ ਹੈ।ਇਹ ਨਵੇਂ ਆਗਾਜ਼ ਲਈ ਪ੍ਰੇਰਣਾਦਾਇਕ ਬਣਦਾ ਹੈ।੩੬੫ ਦਿਨਾਂ ਦੀ ਇਕ ਹੋਰ ਯਾਤਰਾ ਨਵੇਂ ਵਰ੍ਹੇ ਦੀ ਆਮਦ ਨਾਲ ਸ਼ੁਰੂ ਹੋ ਗਈ ਹੈ।

ਰੋਮਨ ਬਾਦਸ਼ਾਹ ਜੂਲੀਅਸ ਸੀਜ਼ਰ ਨੇ ਆਗਾਜ਼ ਦੇ ਦੇਵਤੇ ਜੇਨਸ, ਜੋ ਆਪਣੇ ਦੋ ਚਿਹਰਿਆਂ ਕਰਕੇ ਇਕੋ ਸਮੇਂ ਭੂਤਕਾਲ ਅਤੇ ਭਵਿੱਖ ਵੱਲ ਦੇਖ ਸਕਦਾ ਸੀ, ਦੇ ਸਨਮਾਨ ਵਿਚ ਇਕ ਜਨਵਰੀ ਨੂੰ ਸਾਲ ਦਾ ਪਹਿਲਾ ਦਿਨ ਮੰਨਿਆ ਸੀ।ਨਵੇਂ ਵਰ੍ਹੇ ਨੂੰ ਹਰ ਇਕ ਦੁਆਰਾ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸ਼ਬਦ ‘ਨਵਾਂ’ ਜੁੜਿਆ ਹੁੰਦਾ ਹੈ।ਲੋਕ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿਚ ਨਵੀਆਂ ਚੀਜ਼ਾਂ ਨੂੰ ਖਾਸ ਤਵੱਜੋ ਦਿੰਦੇ ਹਨ।

ਨਵੇਂ ਵਰ੍ਹੇ ਦਾ ਸਮਾਂ ਉਹ ਸਮਾਂ ਹੁੰਦਾ ਹੈ ਜਦੋਂ ਪੂਰੀ ਦੁਨੀਆ ਇਕ ਵਰ੍ਹੇ ਦਾ ਅੰਤ ਅਤੇ ਦੂਜੇ ਦਾ ਆਗਾਜ਼ ਦਾ ਜਸ਼ਨ ਮਨਾਉਂਦੀ ਹੈ।ਗਰੀਗੋਰੀਅਨ ਕੈਲੰਡਰ, ਜੋ ਕਿ ਸੰਸਾਰ ਵਿਚ ਸਭ ਤੋਂ ਜਿਆਦਾ ਵਰਤਿਆ ਜਾਣ ਵਾਲਾ ਕੈਲੰਡਰ ਹੈ, ਵਿਚ ਪਹਿਲੀ ਜਨਵਰੀ ਨੂੰ ਦੁਨੀਆ ਦੇ ਜਿਆਦਤਰ ਹਿੱਸੇ ਵਿਚ ਰਾਸ਼ਟਰੀ ਛੁੱਟੀ ਮੰਨਿਆ ਜਾਂਦਾ ਹੈ।ਗਰੀਗੋਰੀਅਨ ਕੈਲੰਡਰ ਦੇ ਅਨੁਸਾਰ ਹੀ ਇਸ ਨੂੰ ਪੂਰੀ ਦੁਨੀਆਂ ਵਿਚ ਸਮਾਰੋਹ ਵਜੋਂ ਮਨਾਇਆ ਜਾਂਦਾ ਹੈ।ਜੂਲੀਅਨ ਕੈਲੰਡਰ ਦੇ ਹਿਸਾਬ ਨਾਲ ਵੀ ਪਹਿਲੀ ਜਨਵਰੀ ਹੀ ਨਵੇ ਵਰ੍ਹੇ ਦਾ ਦਿਨ ਹੁੰਦਾ ਹੈ, ਪਰ ਇਹ ਗਰੀਗੋਰੀਅਨ ਕੈਲੰਡਰ ਤੋਂ ਭਿੰਨ ਹੈ।ਜਿਆਦਾਤਰ ਸੂਰਜੀ ਕੈਲੰਡਰ (ਜਿਵੇਂ ਕਿ ਜੂਲ਼ੀਅਨ ਅਤੇ ਗਰੀਗੋਰੀਅਨ) ਸਰਦ ਰੱੁੱਤ ਸੰਕ੍ਰਾਂਤੀ ਨਾਲ ਹੀ ਸ਼ੁਰੂ ਹੁੰਦੇ ਹਨ।ਜਿਨ੍ਹਾਂ ਸੰਸਕ੍ਰਿਤੀਆਂ ਵਿਚ ਚੰਦਰ ਕੈਲੰਡਰ ਮੰਨਿਆ ਜਾਂਦਾ ਹੈ, ਉਹ (ਜਿਵੇਂ ਕਿ ਚੀਨੀ ਅਤੇ ਇਸਲਾਮਿਕ ਨਵਾਂ ਵਰ੍ਹਾ) ਸੂਰਜੀ ਕੈਲੰਡਰ ਦੇ ਮੁਕਾਬਲੇ ਨਿਸ਼ਚਿਤ ਮਿਤੀ ਨੂੰ ਨਵਾਂ ਵਰ੍ਹਾ ਨਹੀਂ ਮਨਾਉਂਦੇ।

ਉੱਤਰ-ਈਸਾਈ ਰੋਮ ਵਿਚ ਜੂਲੀਅਨ ਕੈਲੰਡਰ ਦੇ ਅਨੁਸਾਰ ਸਾਲ ਦਾ ਪਹਿਲਾ ਦਿਨ ਜੇਨਸ ਦੇਵਤੇ, ਜਿਸ ਨੂੰ ਪ੍ਰਵੇਸ਼ ਅਤੇ ਆਗਾਜ਼ ਦਾ ਦੇਵਤਾ ਕਿਹਾ ਜਾਂਦਾ ਹੈ, ਨੂੰ ਸਮਰਪਿਤ ਕੀਤਾ ਜਾਂਦਾ ਸੀ ਜਿਸ ਦੇ ਨਾਂ ਨਾਲ ਹੀ ਜਨਵਰੀ ਮਹੀਨਾ ਜਾਣਿਆ ਜਾਂਦਾ ਹੈ।ਰੋਮਨ ਸਮੇਂ ਤੋਂ ਲੈ ਕੇ ਅਠਾਰਵੀ ਸਦੀ ਦੇ ਮੱਧ ਤੱਕ ਯੂਰੋਪ ਦੇ ਵੱਖ-ਵੱਖ ਹਿੱਸਿਆ ਵਿਚ ਨਵਾਂ ਵਰ੍ਹਾ ਵੱਖ-ਵੱਖ ਪੜ੍ਹਾਵਾਂ ਵਿਚ, ੨੫ ਦਿਸੰਬਰ, ੧ ਮਾਰਚ ਜਾਂ ੨੫ ਮਾਰਚ ਨੂੰ, ਮਨਾਇਆ ਜਾਂਦਾ ਸੀ।੧੫੮੨ ਵਿਚ ਪੋਪ ਗਰੇਗਰੀ ਤੇਰਵੇਂ ਨੇ ਇਕ ਜਨਵਰੀ ਨੂੰ ਨਵੇਂ ਵਰ੍ਹੇ ਦੀ ਸ਼ੁਰੂਆਤ ਵਜੋਂ ਸਥਾਪਿਤ ਕੀਤਾ।ਮੋਜੂਦਾ ਸਮੇਂ ਵਿਚ ਜਿਆਦਾਤਰ ਦੇਸ਼ ਹੁਣ ਗਰੀਗੋਰੀਅਨ ਕੈਲੰਡਰ ਦੀ ਵਰਤੋਂ ਕਰਦੇ ਹਨ।ਇਸ ਕੈਲੰਡਰ ਦੇ ਅਨੁਸਾਰ ਇਕ ਜਨਵਰੀ ਸਭ ਤੋਂ ਵੱਧ ਮਨਾਈ ਜਾਣ ਵਾਲੀ ਰਾਸ਼ਟਰੀ ਛੱੁਟੀ ਵਿਚ ਸ਼ੁਮਾਰ ਹੈ।

ਨਵੇਂ ਵਰ੍ਹੇ ਨੂੰ ਮਨਾਉਣ ਦੀ ਸ਼ੁਰੂਆਤ ਬੇਬੀਲੋਨ ਵਿਚ ਚਾਰ ਹਜਾਰ ਵਰ੍ਹੇ ਪਹਿਲਾਂ ਹੋਈ ਮੰਨੀ ਜਾਂਦੀ ਹੈ।ਕੁਝ ੪੦੦੦ ਵਰ੍ਹੇ ਪਹਿਲਾਂ ਨਵੇਂ ਵਰ੍ਹੇ ਦਾ ਜਸ਼ਨ ਮਨਾਉਣ ਦੇ ਨਿਸ਼ਾਨ ਛੱਡਣ ਵਾਲੀ ਬੇਬੀਲੋਨ ਸਭ ਤੋਂ ਪਹਿਲੀ ਸੱਭਿਅਤਾ ਸੀ।ਉਨ੍ਹਾਂ ਦੇ ਵਰ੍ਹੇ ਖੇਤੀ-ਬਾੜੀ ਮੌਸਮਾਂ ਨਾਲ ਜੁੜੇ ਹੋਏ ਸਨ।ਬੇਬੀਲੋਨ ਦੇ ਵਾਸੀ ਨਵੇਂ ਵਰ੍ਹੇ ਦਾ ਜਸ਼ਨ ਗਿਆਰਾਂ ਦਿਨ ਦੇ ਸਮਾਰੋਹ ਨਾਲ ਮਨਾਉਂਦੇ ਸਨ ਜਿਸ ਨੂੰ ‘ਅਕੀਤੂ’ ਕਿਹਾ ਜਾਂਦਾ ਸੀ।ਇਸ ਵਿਚ ਹਰ ਦਿਨ ਨਵੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ।ਅਕੀਤੂ ਦੇ ਦੌਰਾਨ ਲੋਕ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਪਣੇ ਕਰਜ਼ੇ ਚੁਕਾਉਣ ਅਤੇ ਉਧਾਰੀਆਂ ਲਈ ਗਈਆਂ ਵਸਤੂਆਂ ਨੂੰ ਵਾਪਿਸ ਕਰਨ ਦਾ ਅਹਿਦ ਕਰਦੇ ਸਨ।ਇਹ ਜਸ਼ਨ ਆਸਮਾਨ ਦੇ ਦੇਵਤੇ ਮਾਰਦੁਕ ਦੀ ਸਮੁੰਦਰ ਦੀ ਦੇਵੀ ਤਿਆਮਤ ਉੱਪਰ ਜਿੱਤ ਦੀ ਯਾਦ ਵਜੋਂ ਮਨਾਇਆ ਜਾਂਦਾ ਸੀ।ਇਸ ਦੇ ਨਾਲ ਹੀ ਨਵੇਂ ਰਾਜੇ ਨੂੰ ਸਥਾਪਿਤ ਕਰਨ ਜਾਂ ਪੁਰਾਣੇ ਨੂੰ ਸ਼ਾਸਨ ਕਰਨ ਦੀ ਇਜ਼ਾਜਤ ਦੇਣ ਵਜੋਂ ਵੀ ਇਸ ਨੂੰ ਮਨਾਇਆ ਜਾਂਦਾ ਸੀ।ਇਸੇ ਤਰਾਂ ਹੀ ਮਿਸਰ ਦੇ ਲੋਕ ਵੀ ਜੁਲਾਈ ਵਿਚ ਨਵੇਂ ਵਰ੍ਹੇ ਦੀ ਸ਼ੁਰੂਆਤ ਸਮੇਂ ਨੀਲ ਦੇ ਦੇਵਤੇ ਹਾਪੀ ਲਈ ਕੁਰਬਾਨੀ ਦਿੰਦੇ ਸਨ। ਇਹ ਉਹ ਸਮਾਂ ਹੁੰਦਾ ਸੀ ਜਦੋਂ ਨੀਲ ਨਦੀ ਦਾ ਵਹਾਅ ਉਪਜਾਊ ਸਮਾਂ ਲੈ ਕੇ ਆਉਂਦਾ ਸੀ।ਇਸ ਕੁਰਬਾਨੀ ਅਤੇ ਇਬਾਦਤ ਦੇ ਬਦਲੇ ਉਹ ਦੇਵਤੇ ਤੋਂ ਆਪਣੇ ਲਈ ਚੰਗੇ ਨਸੀਬ, ਫਸਲ ਅਤੇ ਫੌਜੀ ਸਫਲਤਾ ਮੰਗਦੇ ਸਨ।

ਹੌਲੀ-ਹੌਲੀ ਪੁਰਾਣਾ ਰੋਮਨ ਕੈਲੰਡਰ ਸੂਰਜ ਦਾ ਸਮਕਾਲੀ ਨਹੀਂ ਰਿਹਾ ਅਤੇ ੪੬ ਬੀ.ਸੀ. ਵਿਚ ਜੂਲੀਅਸ ਸੀਜ਼ਰ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਆਪਣੇ ਸਮੇਂ ਦੇ ਜੋਤਸ਼ੀਆਂ ਅਤੇ ਗਣਿਤ ਮਾਹਿਰਾਂ ਦੀ ਰਾਇ ਲੈਣ ਦਾ ਨਿਸ਼ਚਾ ਕੀਤਾ।ਲਾਈਨ ਟਾਪੂ ਅਤੇ ਟੌਂਗਾ ਵਿਚ ਨਵਾਂ ਵਰ੍ਹਾ ਪਹਿਲਾਂ ਮਨਾਇਆ ਗਿਆ ਜਦੋਂ ਕਿ ਅਮਰੀਕਨ ਸਮੋਆ, ਬੇਕਰ ਟਾਪੂ ਅਤੇ ਹੌਲੈਂਡ ਟਾਪੂ ਵਿਚ ਇਹ ਪ੍ਰਥਾ ਸਭ ਤੋਂ ਬਾਅਦ ਸ਼ੁਰੂ ਹੋਈ।

ਰੋਮਨਾਂ ਨੇ ਨਵੇਂ ਵਰ੍ਹੇ ਨੂੰ ਮਨਾਉਣਾ ਜਾਰੀ ਰੱਖਿਆ, ਪਰ ਉਨ੍ਹਾਂ ਨੇ ਇਸ ਨੂੰ ਮਨਾਉਣ ਦੀ ਮਿਤੀ ਵਿਚ ਤਬਦੀਲੀ ਕੀਤੀ।ਰੋਮਨ ਵਰ੍ਹੇ ਵਿਚ ਪਹਿਲਾਂ ਦਸ ਮਹੀਨੇ ਹੁੰਦੇ ਸਨ ਜੋ ਕਿ ਮਾਰਚ ਤੋਂ ਸ਼ੁਰੂ ਹੁੰਦੇ ਸਨ ਜਿਸ ਵਿਚ ਸੱਠ ਦਿਨਾਂ ਦੀ ਸ਼ੀਤ ਰੁੱਤ ਵਾਲਾ ਸਮਾਂ ਸ਼ਾਮਿਲ ਨਹੀ ਸੀ ਹੁੰਦਾ।੭੦੦ ਬੀ.ਸੀ. ਦੇ ਆਸ-ਪਾਸ, ਦੋ ਮਹੀਨੇ ਇਸ ਵਿਚ ਹੋਰ ਸ਼ਾਮਿਲ ਕਰ ਦਿੱਤੇ ਗਏ।ਪਰ ਇਹ ੪੬ ਬੀ.ਸੀ. ਵਿਚ ਵਾਪਰਿਆ ਕਿ ਜੂਲ਼ੀਅਸ ਸੀਜ਼ਰ ਨੇ ਅਜਿਹਾ ਕੈਲ਼ੰਡਰ ਸ਼ੁਰੂ ਕੀਤਾ ਜਿਸ ਵਿਚ ਜਨਵਰੀ ਨੂੰ ਵਰ੍ਹੇ ਦੀ ਸ਼ੁਰੂਆਤ ਵਜੋਂ ਮੰਨ ਲਿਆ ਗਿਆ।ਇਹ ਉਹ ਦਿਨ ਹੁੰਦਾ ਸੀ ਜਦੋਂ ਸ਼ਹਿਰ ਦੀ ਨਵੀਂ ਚੁਣੀ ਹੋਈ ਕੌਂਸਲ ਆਪਣਾ ਕੰਮ ਸ਼ੁਰੂ ਕਰਦੀ ਸੀ।ਇਸ ਨਾਲ ਕੈਲੰਡਰ ਵਿਚ ਖੇਤੀ-ਬਾੜੀ ਚੱਕਰ ਤੋਂ ਨਾਗਰਿਕ ਜ਼ਿੰਮੇਵਾਰੀਆਂ ਵੱਲ ਬਦਲਾਅ ਆਇਆ।ਇਸ ਵਿਚ ਜੇਨਸ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ।ਪਰ ਉਨ੍ਹਾਂ ਦੇ ਗੈਰ-ਈਸਾਈ ਪ੍ਰੰਪਰਾ ਨੇ ਈਸਾਈਆਂ ਨੂੰ ਨਰਾਜ਼ ਕਰ ਦਿੱਤਾ। ਇਸ ਲਈ ਮੱਧ-ਯੁੱਗੀ ਯੂਰੋਪ ਵਿਚ ਨਵੇ ਵਰ੍ਹੇ ਨੂੰ ਧਾਰਮਿਕ ਮਹੱਤਤਾ ਵਾਲੇ ਦਿਨਾਂ ਜਿਵੇਂ ਕ੍ਰਿਸਮਸ ਦੇ ਆਸ-ਪਾਸ ਮਨਾਉਣ ਦੀ ਕੋਸ਼ਿਸ਼ਾਂ ਵੀ ਹੋਈਆਂ।ਇਸ ਨਾਲ ਨਵੇਂ ਵਰ੍ਹੇ ਨਾਲ ਸੰਬੰਧਿਤ ਸੰਕਲਪ ਵੀ ਬਦਲ ਗਏ।ਧਾਰਮਿਕ ਕਦਰਾਂ-ਕੀਮਤਾਂ ਪ੍ਰਤੀ ਸ਼ਰਧਾ ਦਿਖਾਉਣ ਲਈ ਪ੍ਰਾਰਥਨਾ ਅਤੇ ਇਕਬਾਲੀਏ ਆਯੋਜਿਤ ਕੀਤੇ ਗਏ।ਕ੍ਰਿਸਮਸ ਦੇ ਸਮਾਰੋਹਾਂ ਦੇ ਅੰਤ ਵਿਚ ਕਈ ਸਾਰੇ ਯੋਧੇ ਸਹੁੰ ਚੁੱਕਦੇ ਸਨ ਜਿਸ ਨੂੰ “ਮੋਰ ਦੀ ਸਹੁੰ” ਵਜੋਂ ਜਾਣਿਆ ਜਾਂਦਾ ਸੀ ਜਿਸ ਵਿਚ ਉਹ ਬਹਾਦਰੀ ਪ੍ਰਤੀ ਆਪਣੀ ਦ੍ਰਿੜਤਾ ਦਰਸਾਉਣ ਲਈ ਆਪਣਾ ਹੱਥ ਮੋਰ ਉੱਪਰ ਰੱਖਦੇ ਸਨ (ਜਿਸ ਨੂੰ ਸ਼ੁੱਭ ਮੰਨਿਆ ਜਾਂਦਾ ਸੀ)।ਸਤਾਰਵੀਂ ਸਦੀ ਵਿਚ ਇਕ ਸਕਾਟ ਇਸਤਰੀ ਨੇ ਆਪਣੀ ਡਾਇਰੀ ਵਿਚ ਬਾਈਬਲ ਦੀਆਂ ਸਤਰਾਂ ਨੂੰ ਸੰਕਲਪਾਂ ਦੀ ਸ਼ੁਰੂਆਤ ਮੰਨਿਆ ਸੀ।(“ਇਸ ਤੋਂ ਬਾਅਦ ਮੈਂ ਕਿਸੇ ਨੂੰ ਕਸ਼ਟ ਨਹੀਂ ਪਹੁੰਚਾਵਾਂਗੀ”)

“ਨਵੇਂ ਵਰ੍ਹੇ ਦੇ ਸੰਕਲਪ” ਜਿਹੀ ਸਤਰ ਪਹਿਲੀ ਵਾਰ ੧੮੧੩ ਵਿਚ ਬੌਸਟਨ ਦੇ ਅਖਬਾਰ ਵਿਚ ਉਦੋਂ ਛਪੀ ਸੀ ਜਦੋਂ ਸੰਕਲਪ ਆਪਣਾ ਧਾਰਮਿਕ ਅਕੀਦਾ ਗੁਆਉਂਦੇ ਜਾ ਰਹੇ ਸਨ।ਅਵਾਸਤਵਿਕ ਸੰਕਲਪ ਕਰਨ ਦੀ ਰਵਾਇਤ ਜਾਰੀ ਰਹੀ।ਕੁਝ ਮਤਾਂ ਅਨੁਸਾਰ, ਬ੍ਰਿਟੇਨ ਅਤੇ ਅਮਰੀਕਾ ਦੀ ਲਗਭਗ ਅੱਧੀ ਅਬਾਦੀ ਸੰਕਲਪ ਲੈਂਦੀ ਹੈ, ਪਰ ਉਸ ਵਿਚ ਦਸ ਪ੍ਰਤੀਸ਼ਤ ਤੋਂ ਵੀ ਘੱਟ ਇਸ ਨੂੰ ਪੂਰਾ ਕਰਦੇ ਹਨ।ਇਸ ਵਿਚ ਦੈਵੀ ਦੰਡ ਵੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਨਵੇਂ ਵਰ੍ਹੇ ਦਾ ਦਿਨ ਸਭ ਤੋਂ ਸਰਗਰਮ ਛੱੁਟੀ ਵੀ ਹੁੰਦਾ ਹੈ ਕਿਉਂਕਿ ਇਹ ਉਹ ਦਿਨ ਹੈ ਜਦੋਂ ਲੋਕ ਆਪਣੀਆਂ ਜਿੰਦਗੀਆਂ ਅਤੇ ਆਉਣ ਵਾਲੇ ਸਮੇਂ ਦਾ ਲੇਖਾ-ਜੋਖਾ ਕਰਦੇ ਹਨ।ਇਸ ਸਮੇਂ ਕੀਤੇ ਸੰਕਲਪਾਂ ਦੀ ਗੰਭੀਰਤਾ ਨੂੰ ਸਮਝਣ ਲਈ ਪੁਰਾਣੇ ਯੂਰਪੀ ਰਿਵਾਜ ਦੀ ਉਦਾਹਰਣ ਲਈ ਜਾ ਸਕਦੀ ਹੈ, “ਜੋ ਕੁਝ ਵੀ ਇਕ ਵਿਅਕਤੀ ਇਸ ਦਿਨ ਕਰਦਾ ਹੈ, ਉਹੀ ਉਹ ਪੂਰਾ ਵਰ੍ਹਾ ਕਰਦਾ ਹੈ।” ਇਸ ਤਰਾਂ ਦੇ ਰਿਵਾਜ ਅਤੇ ਸੰਕਲਪਾਂ ਦੀ ਮਹੱਤਤਾ ਇਸ ਕਰਕੇ ਹੈ ਕਿ ਇਸ ਦਿਨ ਕੀਤੇ ਸੰਕਲਪਾਂ ਨੂੰ ਲੋਕ ਜਿਆਦਾ ਗੰਭੀਰਤਾ ਨਾਲ ਮੰਨਦੇ ਹਨ।ਕਦਰਾਂ-ਕੀਮਤਾਂ ਮਹਿਜ਼ ਭੌਤਿਕ ਹੀ ਨਹੀਂ, ਬਲਕਿ ਮਨੋਵਿਗਿਆਨਕ ਵੀ ਹੁੰਦੀਆਂ ਹਨ।ਇਸ ਦਿਨ ਕੀਤੇ ਸੰਕਲਪ ਦਾ ਅਰਥ ਇਹ ਹੁੰਦਾ ਹੈ ਕਿ ਇਕ ਵਿਅਕਤੀ ਦਾ ਆਪਣੇ ਸਵੈ ਉੱਪਰ ਨਿਯੰਤ੍ਰਣ ਹੈ ਅਤੇ ਉਹ ਵਿਅਕਤੀ ਪ੍ਰਸਥਿਤੀਆਂ, ਸਿਤਾਰਿਆਂ, ਕਿਸਮਤ ਦਾ ਗੁਲਾਮ ਨਹੀਂ ਹੈ ਬਲਕਿ ਉਹ ਆਪਣੀ ਜ਼ਿੰਦਗੀ ਨੂੰ ਬਦਲਣ ਲਈ ਆਪਣੀ ਚੋਣ ਕਰ ਸਕਦਾ ਹੈ।

ਨਵੇਂ ਵਰ੍ਹੇ ’ਤੇ ਬਹੁਤ ਸਾਰੇ ਲੋਕ ਇਹ ਸਵੀਕਾਰ ਕਰਦੇ ਹਨ ਕਿ ਖੁਸ਼ੀ ਆਪਣੀ ਕਦਰਾਂ-ਕੀਮਤਾਂ ਪ੍ਰਾਪਤ ਕਰਕੇ ਹਾਸਿਲ ਹੁੰਦੀ ਹੈ।ਇਹਨਾਂ ਕਦਰਾਂ-ਕੀਮਤਾਂ ਨਾਲ ਪ੍ਰਾਪਤ ਹੋਏ ਉਦੇਸ਼, ਪ੍ਰਾਪਤੀ ਅਤੇ ਖੁਸ਼ੀ ਦਾ ਵਿਅਕਤੀ ਆਨੰਦ ਮਾਣਦਾ ਹੈ।ਖੁਸ਼ੀ ਹੀ ਇਕ ਇਨਸਾਨ ਦੀ ਜ਼ਿੰਦਗੀ ਦਾ ਉਦੇਸ਼ ਹੈ।ਨਵੇਂ ਵਰ੍ਹੇ ਦਾ ਦਿਨ ਇਸ ਖੁਸ਼ੀ ਨੂੰ ਮਹਿਸੂਸ ਕਰਨ ਅਤੇ ਸੰਭਵ ਸਮਝਣ ਵਿਚ ਮਹੱਤਵਪੂਰਨ ਹੈ।ਇਸ ਲਈ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ ਅਤੇ ਮਨੋਵਿਗਿਆਨਕ ਰੂਪ ਵਿਚ ਵੀ ਲੋਕਾਂ ਦੀ ਜ਼ਿੰਦਗੀ ਵਿਚ ਖਾਸ ਥਾਂ ਰੱਖਦਾ ਹੈ।