ਜਮਹੂਰੀ ਢਾਂਚੇ ਅਧੀਨ ਦੁਨੀਆਂ ਭਰ ਵਿੱਚ ਬਣੀਆਂ ਸਰਕਾਰਾਂ ਨੇ ਕੌਮਾਂਤਰੀ ਸੰਧੀਆਂ ਤੇ ਦਸਤਖਤ ਕਰਕੇ ਇਹ ਅਹਿਦ ਲਿਆ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੇ ਸ਼ਹਿਰੀਆਂ ਅਤੇ ਹੋਰਨਾਂ ਮੁਲਕਾਂ ਦੇ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦਾ ਸਤਿਕਾਰ ਕਰਨਗੀਆਂ।ਤਸ਼ੱਦਦ ਵਿਰੋਧੀ ਸੰਧੀਆਂ, ਧਾਰਮਕ ਅਜ਼ਾਦੀ, ਗੈਰਕਨੂੰਨੀ ਗ੍ਰਿਫਤਾਰੀ ਵਿਰੋਧੀ ਸੰਧੀ ਅਤੇ ਹਰ ਕਿਸੇ ਨੂੰ ਬੋਲਣ ਦੀ ਅਜ਼ਾਦੀ ਵਰਗੇ ਜਮਹੂਰੀ ਹੱਕ ਕੌਮਾਂਤਰੀ ਕਨੂੰਨਾਂ ਤਹਿਤ ਮਿਲੇ ਹੋਏ ਹਨ। ਪਰ ਅਕਸਰ ਦੇਖਿਆ ਗਿਆ ਹੈ ਕਿ ਸਾਰੀਆਂ ਸਰਕਾਰਾਂ ਲਿਖਤੀ ਜਾਮਨੀਆਂ ਦੇ ਬਾਵਜੂਦ ਆਪਣੀਆਂ ਜਿੰਮੇਵਾਰੀਆਂ ਤੋਂ ਪਿੱਛੇ ਭੱਜ ਜਾਂਦੀਆਂ ਹਨ। ਜਦੋਂ ਵੀ ਉਨ੍ਹਾਂ ਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੀ ਜਿੰਮੇਵਾਰੀ ਆਉਂਦੀ ਹੈ ਤਾਂ ਉਹ ਆਪਣੇ ਵਪਾਰਕ ਹਿੱਤਾਂ ਨੂੰ ਸਾਹਮਣੇ ਰੱਖਕੇ ਮਨੁੱਖੀ ਹੱਕਾਂ ਦੀ ਲਹਿਰ ਦਾ ਗਲਾ ਘੁੱਟਣ ਦਾ ਯਤਨ ਕਰਦੀਆਂ ਹਨ।

ਵਪਾਰਕ ਹਿੱਤਾਂ ਨੂੰ ਹਰ ਕਿਸਮ ਦੀ ਮਨੁੱਖੀ ਹਿੱਤਾਂ ਦਾ ਘਾਣ ਕਰਨ ਲਈ ਵਰਤਿਆ ਜਾਂਦਾ ਹੈ। ਪਿਛਲੇ ਦਿਨੀ ਕਨੇਡਾ ਅਤੇ ਸਾਉਦੀ ਅਰਬ ਦੇ ਰਿਸ਼ਤਿਆਂ ਦਰਮਿਆਨ ਆਈ ਤਰੇੜ ਦਾ ਵੀ ਇਹੋ ਕਾਰਨ ਸੀ। ਸਾਉਦੀ ਅਰਬ ਵਿੱਚ ਇੱਕ ਅਜਿਹੇ ਨੌਜਵਾਨ ਨੂੰ ੧੦ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ ਜੋ ਸਰਕਾਰ ਦੀ ਤਾਨਾਸ਼ਾਹੀ ਦੇ ਖਿਲਾਫ ਲਿਖਦਾ ਸੀ।

ਕਨੇਡਾ ਵਿੱਚ ਉਸ ਨੌਜਵਾਨ ਦੀ ਰਿਹਾਈ ਲਈ ਇੱਕ ਵੱਡੀ ਮੁਹਿੰਮ ਜਥੇਬੰਦ ਕੀਤੀ ਅਤੇ ਉਸ ਨੌਜਵਾਨ ਦੀ ਰਿਹਾਈ ਦੀ ਮੰਗ ਕੀਤੀ ਗਈ। ਕਨੇਡਾ ਵਿੱਚ ਉਸ ਨੌਜਵਾਨ ਲਿਖਾਰੀ ਦੀ ਰਿਹਾਈ ਦੀ ਮੰਗ ੁੱਠਣ ਦੀ ਦੇਰ ਸੀ ਕਿ ਸਾਉਦੀ ਅਰਬ ਨੇ ਕਨੇਡਾ ਨਾਲੋਂ ਆਪਣੇ ਸਾਰੇ ਰਿਸ਼ਤੇ ਤੋੜ ਲਏ। ਸਾਰੀਆਂ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਅਤੇ ਸਾਰੇ ਵਪਾਰਕ ਸਮਝੌਤੇ ਰੱਦ ਕਰ ਦਿੱਤੇ। ਆਪਣੇ ਇਸ ਕਦਮ ਨਾਲ ਸਾਉਦੀ ਅਰਬ ਨੇ ਕਨੇਡਾ ਨੂੰ ਇਹ ਸਪਸ਼ਟ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਉਹ ਮਨੁੱਖੀ ਹੱਕਾਂ ਦੀ ਗੱਲ ਕਰਨ ਦੀ ਜੁਅਰਤ ਨਾ ਕਰੇ।

ਦੁਨੀਆਂ ਭਰ ਵਿੱਚ ਜੇ ਕੋਈ ਜਮਹੂਰੀ ਮੁਲਕ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸਨੂੰ ਵਪਾਰਕ ਤੌਰ ਤੇ ਅਲੱਗ-ਥਲੱਗ ਕਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਮੁੜ ਤੋਂ ਮਨੁੱਖੀ ਹੱਕਾਂ ਦੀ ਗੱਲ ਨਾ ਕਰ ਸਕੇ। ਤਸ਼ੱਦਦ ਅਤੇ ਗੈਰ-ਕਨੂੰਨੀ ਗ੍ਰਿਫਤਾਰੀ ਵਿਰੋਧੀ ਸੰਧੀਆਂ ਸਿਰਫ ਕਾਗਜ਼ੀ ਬਣਕੇ ਰਹਿ ਜਾਂਦੀਆਂ ਹਨ।

ਦੂਜੀ ਖਬਰ ਇਜ਼ਰਾਈਲ ਨਾਲ ਸਬੰਧਿਤ ਹੈ।

ਇਸ ਵਿੱਚ ਕੋਈ ਸ਼ੱਕ ਨਹੀ ਕਿ ਯਹੂਦੀ ਕੌਮ ਨੇ ਇਤਿਹਾਸ ਵਿੱਚ ਬਹੁਤ ਤਸ਼ੱਦਦ ਝੱਲਿਆ ਹੈ। ਉਸ ਕੌਮ ਨੇ ਆਪਣੀ ਹੋਂਦ ਬਚਾਉਣ ਲਈ ਜੋ ਘਾਲਣਾਵਾਂ ਘਾਲੀਆਂ ਅਤੇ ਜਿਸ ਕਿਸਮ ਦੀ ਨਸਲਕੁਸ਼ੀ ਨੂੰ ਸਹਿਆ ਉਹ ਆਪਣੇ ਆਪ ਵਿੱਚ ਇਤਿਹਾਸਕ ਕਾਰਨਾਮਾਂ ਹੈ। ਪਰ ਹੁਣ ਇਜ਼ਰਾਈਲ ਦੀ ਸਰਕਾਰ ਆਪ ਜੋ ਕੁਝ ਕਰ ਰਹੀ ਹੈ ਉਹ ਵੀ ਕਿਸੇ ਨਸਲਕੁਸ਼ੀ ਤੋਂ ਘੱਟ ਨਹੀ ਹੈ। ਹਰ ਰੋਜ਼ ਮਾਸੂਮ ਬੱਚਿਆਂ, ਬੀਬੀਆਂ ਅਤੇ ਬੰਦਿਆਂ ਦਾ ਕਤਲੇਆਮ ਜਿਸ ਬੇਕਿਰਕੀ ਨਾਲ ਕੀਤਾ ਜਾਂਦਾ ਹੈ ਉਸਨੂੰ ਕਿਸੇ ਵੀ ਤਰ੍ਹਾਂ ਜਾਇਜ ਨਹੀ ਠਹਿਰਾਇਆ ਜਾ ਸਕਦਾ।

ਪਿਛਲੇ ਦਿਨੀ ਇੰਗਲੈਂਡ ਦੇ ਇੱਕ ਸੱਜੇਪੱਖੀ ਅਖਬਾਰ ਨੇ ਲੇਬਰ ਲੀਡਰ ਜੈਰਮੀ ਕੌਰਬਿਨ ਦੀ ਇੱਕ ਪੁਰਾਣੀ ਫੋਟੋ ਛਾਪ ਕੇ ਇਹ ਅੱਗ ਲਾuuਣ ਦੀ ਕੋਸ਼ਿਸ਼ ਕੀਤੀ ਕਿ ਉਹ ਅੱਤਵਾਦ ਨੂੰ ਹਵਾ ਦੇ ਰਹੇ ਹਨ। ਦੋਸ਼ ਲਾਇਆ ਗਿਆ ਕਿ ਕੌਰਬਿਨ ਇੱਕ ਅਜਿਹੇ ਸਮਾਗਮ ਵਿੱਚ ਸ਼ਾਮਲ ਹੋਏ ਜਿੱਥੇ ੧੯੭੨ ਵਿੱਚ ਇਜ਼ਰਾਈਲ ਦੇ ਖਿਡਾਰੀਆਂ ਨੂੰ ਕਤਲ ਕਰਨ ਵਾਲੇ ਅੱਤਵਾਦੀ ਦੀ ਕਬਰ ਹੈ।

ਕੌਰਬਿਨ ਦਾ ਆਖਣਾਂ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਸਨ ਜੋ ਇਜ਼ਰਾਈਲ ਦੀ ਫੌਜ ਨੇ ਬੇਕਿਰਕੀ ਨਾਲ ਮਾਰ ਦਿੱਤੇ। ਪਰ ਇਜ਼ਰਾਈਲ ਆਪਣੀ ਕਾਤਲੀ ਮੁਹਿੰਮ ਬਾਰੇ ਕੁਝ ਨਹੀ ਸੁਣਨਾ ਚਾਹੁੰਦਾ ਬਲਕਿ ਸਾਰਾ ਦੋਸ਼ ਫਲਸਤੀਨੀਆਂ ਸਿਰ ਮੜ੍ਹਕੇ ਆਪਣੀ ਕਤਲੋਗਾਰਤ ਨੂੰ ਜਾਇਜ ਠਹਿਰਾਉਣਾਂ ਚਾਹੁੰਦਾ ਹੈ। ਆਪਣੀ ਫੌਜੀ ਧੌਸ ਅਤੇ ਡਿਪਲੋਮੈਟਿਕ ਪਹੁੰਚ ਕਾਰਨ ਉਹ ਮਨੁੱਖੀ ਹੱਕਾਂ ਦਾ ਘਾਣ ਬੇਕਿਰਕੀ ਨਾਲ ਕਰ ਰਿਹਾ ਹੈ।

ਹਰ ਤਾਕਤਵਰ ਸਰਕਾਰ ਮਨੁੱਖੀ ਹੱਕਾਂ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ।