ਬੀਤੇ ਦਿਨ ੧੨ ਅਗਸਤ ੨੦੧੮ ਨੂੰ ਲੰਡਨ ਵਿੱਚ ਉਲੀਕਿਆ ਗਿਆ ਸਮਾਗਮ ਸਿੱਖ ਰਾਇਸ਼ੁਮਾਰੀ ਕਰਵਾਇਆਂ ਗਿਆ। ਇਸਨੂੰ ਕਰਵਾਉਣ ਪਿਛੇ ਨਵਾਂ ਉਭਰਿਆ ਗਰੁੱਪ ‘ਸਿੱਖਸ ਫਾਰ ਜਸਟਿਸ’ ਹੋਂਦ ਵਿੱਚ ਆਇਆ ਸੀ ਇਸ ਸਿੱਖ ਰਾਇਸ਼ੁਮਾਰੀ ਦੇ ਪ੍ਰੋਗਰਾਮ ਨੂੰ ਲੈ ਕੇ ਪੱਛਮ ਵਿੱਚ ਰਹਿੰਦੇ ਸਿੱਖਾਂ ਵਿੱਚ ‘ਸਿੱਖਸ ਫਾਰ ਜਸਟਿਸ’ ਦੇ ਪ੍ਰਚਾਰ ਸਦਕਾ ਪਿਛਲੇ ਤਿੰਨ ਸਾਲ ਤੋਂ ਚਰਚਾ ਚੱਲ ਰਹੀ ਹੈ। ਪਰ ਇਸ ਬਾਰਾਂ ਅਗਸਤ ਦੇ ਸਿੱਖ ਰਾਇਸ਼ੁਮਾਰੀ ਪ੍ਰੋਗਰਾਮ ਨੂੰ ਲੈ ਕੇ ਭਾਰਤੀ ਹੁਕਮਰਾਨਾਂ ਨੇ ਸਦਾ ਵਾਂਗ ਆਪਣੀ ਬੇਲੋੜੀ ਸੁਰੱਖਿਆ ਬਾਰੇ ਚਿੰਤਾ ਜਿਤਾਈ। ਇਥੋਂ ਤੱਕ ਕੇ ਭਾਰਤੀ ਸਰਕਾਰ ਨੇ ਇੰਗਲੈਂਡ ਦੀ ਸਰਕਾਰ ਤੇ ਦਬਾਅ ਵੀ ਪਾਉਣਾ ਚਾਹਿਆ ਕਿ ਉਹ ਆਪਣੀ ਧਰਤੀ ਤੇ ਅਜਿਹਾ ਕੋਈ ਪ੍ਰੋਗਰਾਮ ਨਾ ਹੋਣ ਦੇਣ। ਪਰ ਇੰਗਲੈਂਡ ਸਰਕਾਰ ਨੇ ਆਪਣੇ ਵਿਚਾਰਾਂ ਪ੍ਰਤੀ ਸੰਵਿਧਾਨਕ ਵਚਨਬੱਧਤਾ ਨੂੰ ਬਰਕਰਾਰ ਰੱਖਦਿਆਂ ਭਾਰਤ ਸਰਕਾਰ ਦੀ ਇਹ ਅਪੀਲ ਧੁਰੋਂ ਹੀ ਖਾਰਜ ਕਰ ਦਿੱਤੀ। ਕਿਉਂਕਿ ਉਹ ਲੋਕਾਂ ਨੂੰ ਆਪਣੇ ਵਿਚਾਰ ਖੁੱਲ ਕੇ ਪ੍ਰਗਟਾਉਣ ਦੀ ਅਜ਼ਾਦੀ ਨੂੰ ਪੂਰੀ ਤਰਾਂ ਸਵੀਕਾਰ ਕਰਦੇ ਹਨ। ਭਾਵੇਂ ਇਹ ਸੰਵਿਧਾਨਕ ਅਜ਼ਾਦੀ ਭਾਰਤ ਵਿੱਚ ਮੌਜੂਦ ਹੈ ਪਰ ਭਾਰਤੀ ਸਰਕਾਰ ਦੇ ਦਬਦਬੇ ਅਤੇ ਸਹਿਮ ਕਰਕੇ ਇਹ ਪ੍ਰਗਟਾਵਾ ਅੱਜ ਵੀ ਪੂਰੀ ਤਰਾਂ ਸੀਮਿਤ ਹੈ। ਇਸ ਰਾਇਸ਼ੁਮਾਰੀ ੨੦੨੦ ਨੂੰ ਲੈ ਕੇ ਭਾਰਤੀ ਮੀਡੀਆ ਅੰਦਰ ਬਹੁਤ ਚਰਚਾ ਹੋਈ। ਇਸਨੂੰ ਨਕਾਰਨ ਲਈ ਮੀਡੀਆਂ ਨੇ ਪੂਰੀ ਵਾਹ ਲਾਈ ਅਤੇ ਆਪਣੀਆਂ ਵਿਚਾਰ ਚਰਚਾ ਦੇ ਪ੍ਰੋਗਰਾਮਾਂ ਰਾਹੀ ਇਸ ਮੁੱਦੇ ਨੂੰ ਭਾਰਤੀ ਸੁਰੱਖਿਆਂ ਲਈ ਇੱਕ ਵੱਡਾ ਖਤਰਾ ਐਲਾਨਿਆ। ਇਸ ਛੋਟੇ ਜਿਹੇ ਸਮਾਗਮ ਜਿਸ ਵਿੱਚ ਕੁਝ ਹਜ਼ਾਰ ਸਿੱਖਾਂ ਦੀ ਸ਼ਾਮੂਲੀਅਤ ਸੀ ਉਸਦੇ ਹੋਣ ਬਾਰੇ ਇਹ ਦਰਸਾਇਆ ਕਿ ਇਸ ਸਮਾਗਮ ਦੇ ਕਾਰਨ ਸਿੱਖ ਕੌਮ ਆਪਣੀ ਅਜ਼ਾਦੀ ਹਾਸਲ ਕਰਨ ਦੇ ਮੁਕਾਮ ਤੇ ਪਹੁੰਚ ਜਾਵੇਗੀ। ਇਸ ਕਾਰਨ ਭਾਰਤ ਵਿੱਚ ਵੰਡ ਹੋ ਜਾਵੇਗੀ। ਇਸ ਸਮਾਗਮ ਦੀ ਸਮਾਪਤੀ ਦੇ ਨਾਲ ਹੀ ਇਹ ਸਿੱਖ ਰਾਇਸ਼ੁਮਾਰੀ ਦਾ ਵਿਸ਼ਾ ਵੀ ਕਈ ਵਾਰ ਉਠੇ ਸਿੱਖ ਮੰਗਾਂ ਦੇ ਵਿਸ਼ਿਆਂ ਵਾਂਗ ਜਲਦੀ ਹੀ ਅਲੋਪ ਹੋ ਗਿਆ। ਇਸ ‘ਸਿੱਖਸ ਫਾਰ ਜਸਟਿਸ’ ਗਰੁੱਪ ਵੱਲੋਂ ਰਾਇਸ਼ੁਮਾਰੀ ੨੦੨੦ ਦੇ ਵਿਚਾਰ ਅਤੇ ਮੰਗ ਪਿੱਛੇ ਕੋਈ ਵਿਉਂਤਬੰਦੀ ਜਾਂ ਸਿੱਖ ਕੌਮ ਦਾ ਮਕਸਦ ਸਾਹਮਣੇ ਨਹੀਂ ਆਉਂਦਾ। ਇਹ ਇੱਕ ਤਰਾਂ ਨਾਲ ਸਿੱਖਾਂ ਦੀ ਰਾਇ ਜਾਣਨ ਦਾ ਸਰਵੇਖਣ ਕਿਹਾ ਜਾ ਸਕਦਾ ਹੈ। ਇਸਨੂੰ ਅਮਲ ਵਿੱਚ ਲਿਆਉਣ ਲਈ ਕੋਈ ਰੂਪ ਰੇਖਾ ਜਾਂ ਵਸੀਲਾ ਅਪਣਾਇਆ ਜਾਵੇਗਾ ਇਸ ਬਾਰੇ ਅਜੇ ਕੁਝ ਸਪਸ਼ਟ ਨਹੀਂ ਹੈ। ਇਥੋਂ ਤੱਕ ਕੇ ਪੰਜਾਬ ਅੰਦਰ ਵਿਚਰ ਰਹੀਆਂ ਪਾਰਟੀਆਂ ਜੋ ਸਿੱਖ ਕੌਮ ਦੀ ਅਜਾਦੀ ਪ੍ਰਤੀ ਸਮਰਪਤ ਹਨ, ਨੇ ਵੀ ਇਸ ਰਾਇਸ਼ੁਮਾਰੀ ਨੂੰ ਕਿਸੇ ਤਰਾਂ ਦੀ ਕੋਈ ਹਮਾਇਤ ਨਹੀਂ ਦਿੱਤੀ ਹੈ। ੨੦੦੭ ਤੋਂ ‘ਸਿੱਖਸ ਫਾਰ ਜਸਟਿਸ’ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਨਾਅਰੇ ਨਾਲ ਅਮਰੀਕਾ ਵਿੱਚ ਹੋਂਦ ਵਿੱਚ ਆਈ ਜੱਥੇਬੰਦੀ ਹੈ। ਇੰਨੇ ਸਾਲਾਂ ਦੌਰਾਨ ਇਸ ਸਿੱਖ ਗਰੁੱਪ ਨੇ ਸਿਖਾਂ ਅੱਗੇ ਅਨੇਕਾਂ ਟੀਚੇ ਦਰਸਾਏ ਜੋ ਹਵਾ ਦੇ ਮਹਿਲ ਵਾਂਗ ਖਿੰਡਦੇ ਰਹੇ ਹਨ। ਇਸੇ ਲੀਹ ਤੇ ਤੁਰਦਿਆਂ ਹੋਇਆਂ ਸਿੱਖਾਂ ਦੀ ਭਾਵਨਾਵਾਂ ਨੂੰ ਲੈ ਕੇ ਇਸ ‘ਸਿੱਖਸ ਫਾਰ ਜਸਟਿਸ’ ਨੇ ਹੁਣ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਜਿਹਾ ਖੁਸਿਆ ਰਾਜ ਇਸ ਰਾਇਸ਼ੁਮਾਰੀ ਰਾਹੀਂ ਪੂਰਾ ਕਰਨ ਦਾ ਇਰਾਦਾ ਧਾਰਿਆ ਜੋ ਇੱਕ ਰੇਤ ਦੀ ਢੇਰੀ ਜਿਹਾ ਜਾਪਦਾ ਹੈ। ੧੯੮੪ ਦੇ ਸਿੱਖ ਦੁਖਾਂਤ ਤੋਂ ਬਾਅਦ ਸਿੱਖ ਕੌਮ ਸਾਹਮਣੇ ਅਨੇਕਾਂ ਮੁਕਾਮ ਆਏ ਤੇ ਇੰਨਾ ਨੂੰ ਤਹਿ ਕਰਨ ਵਾਲੇ ਅਨੇਕਾਂ ਚਿਹਰੇ ਵੀ ਸਾਹਮਣੇ ਆਏ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮੁੰਦਰੀ ਲਹਿਰਾਂ ਵਾਂਗ ਉਛਾਲਦੇ ਰਹੇ ਤੇ ਸਮੇਂ ਨਾਲ ਜਾਂ ਤਾਂ ਨਿੱਜ ਦੀ ਖੁਦਮੁਖਤਿਆਰੀ ਵਿੱਚ ਉਲਝ ਗਏ ਜਾਂ ਨਿੱਜੀ ਮਕਸਦਾਂ ਨੂੰ ਪੂਰਾ ਕਰਨ ਵਿੱਚ ਉਲਝ ਗਏ ਤੇ ਸਿੱਖਾਂ ਦੀਆਂ ਮੁੱਖ ਮੰਗਾਂ ਜਿਉਂ ਦੀਆਂ ਤਿਉਂ ਅਧੂਰੀਆਂ ਹਨ ਤੇ ਸਿੱਖ ਕੌਮ ਅੱਜ ਵੀ ਕਿਸੇ ਅਜਿਹੇ ਰਾਹ ਦੀ ਤਲਾਸ਼ ਵਿੱਚ ਹੈ ਜੋ ਇਸਨੂੰ ਮੰਜ਼ਿਲ ਤੇ ਲੈ ਜਾ ਸਕੇ। ਮੁੱਖ ਰੂਪ ਵਿੱਚ ੧੯੮੪ ਦੇ ਸਾਕੇ ਤੋਂ ਬਾਅਦ ਸਿੱਖ ਕੌਮ ਅੱਗੇ ਐਲਾਨਾਮੇ ਤਾਂ ਬਹੁਤ ਰੱਖੇ ਗਏ ਪਰ ਜੋ ਰਾਹ ਮਕਸਦ ਦੀ ਪੂਰਤੀ ਵੱਲ ਜਾਂਦਾ ਸੀ ਉਸ ਵਿਚਾਰ ਤੋਂ ਹਮੇਸ਼ਾਂ ਸਿੱਖ ਕੌਮ ਖੁੰਝਦੀ ਹੀ ਰਹੀ ਹੈ। ਅੱਜ ੧੯੮੪ ਦੇ ਸਾਕੇ ਤੋਂ ਬਾਅਦ ਬਾਹਰਲੇ ਸਿੱਖਾਂ ਨੂੰ ਜੋ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਅਣਗੌਲੀ ਹੀ ਰਹੀ ਹੈ। ਸਿੱਖ ਕੌਮ ਇੱਕ ਨਰੋਈ ਤੇ ਸੱਜਰੀ ਲੀਡਰਸ਼ਿਪ ਦੀ ਘਾਟ ਨੂੰ ਮਹਿਸੂਸ ਕਰ ਰਹੀ ਹੈ ਜੋ ਕਿਸੇ ਤਰਾਂ ਦੇ ਵੀ ਨਿਜੀ ਸਵਾਰਥ ਤੋਂ ਉੱਪਰ ਉੱਠ ਕੇ ਸਿੱਖ ਕੌਮ ਨੂੰ ਲਾਮਬੰਦ ਕਰਕੇ ਉਨਾਂ ਦੇ ਨਿਸ਼ਾਨਿਆਂ ਦੀ ਪੂਰਤੀ ਲਈ ਕੋਈ ਰਾਹ ਅਖਤਿਆਰ ਕਰ ਸਕੇ। ਇਸ ਪੂਰਤੀ ਲਈ ਪੱਛਮ ਵਿੱਚ ਰਹਿੰਦੇ ਸਿੱਖਾਂ ਨੂੰ ਉਪਰਾਲੇ ਕਰਨੇ ਬਣਦੇ ਹਨ ਨਾ ਕਿ ਰਾਇਸ਼ੁਮਾਰੀ ਜਿਹੇ ਸੁਪਨੇ ਦਿਖਾਉਣੇ ਚਾਹੀਦੇ ਹਨ।