ਮੈਕਾਲੇ ਚਾਹੁੰਦਾ ਸੀ ਕਿ ਸਰਕਾਰ ਸਿਰਫ ਪੱਛਮੀ ਸਿੱਖਿਆ ਦੇਣ ਲਈ ਹੀ ਪੈਸਾ ਖਰਚ ਕਰੇ ਨਾ ਕਿ ਪੂਰਬੀ ਸਿੱਖਿਆ ਦੇਣ ਲਈ।ਉਸ ਨੇ ਉਨ੍ਹਾਂ ਸਾਰੇ ਕਾਲਜਾਂ ਨੂੰ ਬੰਦ ਕਰਨ ਦੀ ਵਕਾਲਤ ਕੀਤੀ ਜਿੱਥੇ ਪੂਰਬੀ ਦਰਸ਼ਨ ਅਤੇ ਵਿਸ਼ੇ ਪੜਾਏ ਜਾ ਰਹੇ ਸਨ।ਅੱਜ ਦੇ ਭਾਰਤ ਵਿਚ ਸਿੱਖਿਆ ਦਾ ਜੋ ਵਪਾਰੀਕਰਨ ਹੋਇਆ ਹੈ, ਉਸ ਦੇ ਬੀਜ ਮੈਕਾਲੇ ਦੁਆਰਾ ਦਿੱਤੀ ਗਈ ਸਿੱਖਿਆ ਨੀਤੀ ਵਿਚ ਦੇਖੇ ਜਾ ਸਕਦੇ ਹਨ। ਭਾਰਤ ਸਿੱਖਿਆ ਵਿਵਸਥਾ ਵਿਚ ਮੈਕਾਲੇ ਪਹਿਲਾ ਅਜਿਹਾ ਵਿਅਕਤੀ ਸੀ ਜਿਸ ਨੇ ਆਰਥਿਕ ਵਸੀਲਿਆਂ ਨੂੰ ਸਿੱਖਿਅਕ ਗਤੀਵਿਧੀਆਂ ਦਾ ਕੇਂਦਰ ਬਣਾ ਦਿੱਤਾ ਸੀ।ਥਾਮਸ ਬੈਂਬਗਿੰਟਨ ਮੈਕਾਲੇ, ਕੌਂਸਲ ਆਫ ਇੰਡੀਆ ਦਾ ਕਾਨੂੰਨੀ ਮੈਂਬਰ ਅਤੇ ਬ੍ਰਿਟਿਸ ਸੰਸਦ ਮੈਂਬਰ, ਨੇ ਸਿੱਖਿਆ ਨੀਤੀ ਸੰਬੰਧੀ ਮਹੱਤਵਪੂਰਨ ਮਿਨਟ ਜਾਰੀ ਕੀਤੇ ਜਿਸ ਨੇ ਸਿੱਖਿਆ ਦੀ ਸਾਰੀ ਦਿਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ।ਸਿੱਖਿਆ ਨੂੰ ‘ਖੇਤਰ’ ਵਜੋਂ ਜਾਣਨ ਵਿਚ ਮੈਕਾਲੇ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ।ਇਸ ਕਰਕੇ ਇਕ ਵਿਅਕਤੀ ਦੇ ਵਿਕਾਸ ਵਿਚ ਸਭ ਤੋਂ ਅਹਿਮ ਪੱਖ ਸਿੱਖਿਆ ਨੂੰ ਇਕ ‘ਖੇਤਰ’ ਬਣਾ ਦਿੱਤਾ ਗਿਆ ਜੋ ਕਿ ਪੂੰਜੀ ਦੇ ਨਿਵੇਸ਼ ਅਤੇ ਲਾਭ ਉੱਪਰ ਨਿਰਭਰ ਕਰਦੀ ਸੀ।ਇਸ ਲਾਭ ਦਾ ਪ੍ਰਮੁੱਖ ਅਧਾਰ ਇਹ ਸੀ ਕਿ ਉਨ੍ਹਾਂ ਲੋਕਾਂ ਦੀ ਜਮਾਤ ਪੈਦਾ ਕਰਨਾ ਜੋ ਨੌਕਰੀ ਠੀਕ ਤਰਾਂ ਕਰ ਸਕਦੇ ਹੋਣ।ਇਸ ਉੱਪਰ ਜ਼ੋਰ ਨਵੀਂ ਸਿੱਖਿਆ ਨੀਤੀ (੨੦੨੦) ਵਿਚ ਵੀ ਦਿੱਤਾ ਗਿਆ ਹੈ।

ਮੈਕਾਲੇ ਦਾ ਚੀਜਾਂ ਨੂੰ ਉਨ੍ਹਾਂ ਦੇ ਲਾਭ ਅਨੁਸਾਰ ਵਰਤਣ ਵਿਚ ਪੂਰਾ ਯਕੀਨ ਸੀ।ਅੱਜ ਦੇ ਸਮੇਂ ਵਿਚ ਇਹ ਲਾਭ ਪ੍ਰਸਾਰ ਵਿਚ ਬਦਲ ਚੁੱਕਿਆ ਹੈ।ਲੋਕ ਇਸ ਸੰਦਰਭ ਵਿਚ ਸੋਚਦੇ ਹਨ ਕਿ ਕਿਸ ਤਰਾਂ ਦੀ ਸਿੱਖਿਆ ਉਨ੍ਹਾਂ ਨੂੰ ਚੰਗੀ ਨੌਕਰੀ ਦੁਆ ਸਕਦੀ ਹੈ।ਮੈਕਾਲੇ ਦਾ ਮੰਨਣਾ ਸੀ ਕਿ ਅਰਬੀ ਅਤੇ ਸੰਸਕ੍ਰਿਤ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੇਣਾ ਮੂਰਖਤਾ ਸੀ ਕਿਉਂ ਕਿ ਜਿਆਦਾਤਰ ਲੋਕ ਅੰਗਰੇਜ਼ੀ ਸਿੱਖਿਆ ਪ੍ਰਾਪਤ ਕਰਨ ਲਈ ਆਪ ਪੈਸਾ ਦੇਣ ਨੂੰ ਤਿਆਰ ਸਨ।ਇਸ ਤੋਂ ਬਾਅਦ ਮੈਕਾਲੇ ਨੇ ਜੋ ਸਤਰ ਵਰਤੀ, ਉਸ ਨੇ ੧੯੯੦ਵਿਆਂ ਤੋਂ ਕਿਤੇ ਪਹਿਲਾਂ ਸਿੱਖਿਆ ਦਾ ਉਦਾਰੀਕਰਨ ਕਰ ਦਿੱਤਾ। ਮੈਕਾਲੇ ਨੇ ਆਪਣੇ ਭਾਸ਼ਣ ਵਿਚ ਕਿਹਾ, “ਸਿੱਖਿਆ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀ ਮੰਡੀ ਹੀ ਸਹੀ ਕਸੌਟੀ ਹੈ।” ਉਸ ਨੇ ਸਿੱਖਿਆ ਦਾ ਵਸਤੂਕਰਨ ਕਰ ਦਿੱਤਾ ਅਤੇ ਅੱਜ ਦਾ ਦ੍ਰਿਸ਼ ਇਸ ਨੂੰ ਸਾਬਿਤ ਕਰਦਾ ਹੈ ਕਿ ਮੰਡੀ ਹੀ ਅਸਲ ਵਿਚ ਉਹ ਕਸੌਟੀ ਹੈ ਜੋ ਇਹ ਨਿਰਧਾਰਿਤ ਕਰਦੀ ਹੈ ਕਿ ਕਿਸ ਤਰਾਂ ਦੀ ਸਿੱਖਿਆ ਨੂੰ ਬੜਾਵਾ ਦਿੱਤਾ ਜਾਣਾ ਚਾਹੀਦਾ ਹੈ।

ਸੀਬੀਐਸਈ ਦੇ ਅੱਠਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਸਮਾਜਿਕ ਸਿੱਖਿਆ ਵਿਚ ਇਕ ਪਾਠ “ਮੂਲ ਨਿਵਾਸੀਆਂ ਨੂੰ ਸੱਭਿਅਕ ਕਰਨਾ” ਰਾਹੀ ਮੈਕਾਲੇ ਦੀ ਸਿੱਖਿਆ ਨੀਤੀ ਪੜਾਈ ਗਈ ਤਾਂ ਕਿ ਉਹ ਵਿਦਿਆਰਥੀ ਇਸ ਨੂੰ ਆਲੋਚਨਤਮਕ ਪੱਖ ਤੋਂ ਦੇਖ ਸਕੇ।“ਪੂਰਬ ਦੀਆਂ ਭਿਆਨਕ ਗਲਤੀਆਂ” ਸਿਰਲੇਖ ਹੇਠ ਵਿਦਿਆਰਥੀਆਂ ਨੂੰ ਮੈਕਾਲੇ ਦੀ ਜਾਣ ਪਛਾਣ ਕਰਵਾਈ ਗਈ।ਇਸ ਪਾਠ ਵਿਚ ਮੈਕਾਲੇ ਦੁਆਰਾ ਪੂਰਬੀ ਸਿੱਖਿਆ ਨੂੰ ਨਕਾਰਨਾ ਅਤੇ ੧੮੩੫ ਦੇ ਅੰਗਰੇਜ਼ੀ ਸਿੱਖਿਆ ਐਕਟ ਦੇ ਵੇਰਵੇ ਸ਼ਾਮਿਲ ਹਨ।ਇਸ ਜਾਣ ਪਛਾਣ ਤੋਂ ਬਾਅਦ ਮੈਕਾਲੇ ਦੀਆਂ ਹੋਣ ਪਛਾਣਾਂ (ਸੰਸਦ ਮੈਂਬਰ, ਪੱਛਮੀ ਵਿਚਾਰਕ ਆਦਿ) ਦਾ ਭਾਰਤੀ ਸਿੱਖਿਆ ਉੱਪਰ ਕੀ ਪ੍ਰਭਾਵ ਪਿਆ ’ਤੇ ਕੋਈ ਵਿਵੇਚਨਾ ਨਹੀਂ ਕੀਤੀ ਗਈ।ਮੈਕਾਲੇ ਦੇ ਵਿਚਾਰ ਜਨਤਕ ਹਿਦਾਇਤ ਕਮੇਟੀ ਦੇ ਵਿਰੋਧ ਵਿਚ ਸਨ, ਜਿਸਨੂੰ ਬਰਤਾਨਵੀ ਸੰਸਦ ਦੁਆਰਾ ਗਠਿਤ ਕੀਤਾ ਗਿਆ ਸੀ।ਇਸ ਕਮੇਟੀ ਨੇ ਸਿੱਖਿਆ ਦੇ ਖੇਤਰ ਵਿਚ ੧੮੩੫ ਤੋਂ ਪਹਿਲਾਂ ਕੁਝ ਵੱਡੇ ਫੈਸਲੇ ਲਏ ਸਨ।ਮੈਕਾਲੇ ਦਾ ਕਹਿਣਾ ਸੀ ਕਿ ਕਮੇਟੀ ਨੇ ਸੰਸਦ ਦੁਆਰਾ ਨਿਯਤ ਕੀਤੇ ਅਧਿਕਾਰ ਖੇਤਰ ਦਾ ਯੋਗ ਢੰਗ ਨਾਲ ਇਸਤੇਮਾਲ ਨਹੀਂ ਸੀ ਕੀਤਾ।ਇਸ ਨੇ ਪਹਿਲੀਆਂ ਨੀਤੀਆਂ ਦੀ ਪ੍ਰਤੀਕਿਰਿਆ ਵਿਚ ਸਿੱਖਿਆ ਨੀਤੀ ਵਿਚ ਸੁਧਾਰ ਕਰਨ ਦੀ ਪਿੜ ਬੰਨੀ।

੧੯੫੦ ਵਿਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਦਯੋਗਾਂ ਵਿਚ ਤਕਨੀਕ ਦੇ ਇਸਤੇਮਾਲ ਨੂੰ ਵਧਾ ਕੇ ਦੇਸ਼ ਵਿਚ ਤਕਨੀਕੀ ਕ੍ਰਾਂਤੀ ਲਿਆਉਣ ਦਾ ਅਧਾਰ ਬੰਨਿਆ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਵਾਲਿਆਂ ਨੂੰ ਹੁਲਾਰਾ ਦਿੱਤਾ ਗਿਆ।੧੯੯੦ਵਿਆਂ ਦੇ ਮੱਧ ਤੱਕ ਇਹ ਲੋਕ ਆਰਥਿਕ ਰੂਪ ਵਿਚ ਸਥਿਰ ਹੋ ਗਏ ਸਨ ਅਤੇ ਉਨ੍ਹਾਂ ਨੇ ਫੈਸ਼ਨ ਡਿਜ਼ਾਇੰਨਗ ਆਦਿ ਵਿਚ ਵੀ ਕੈਰੀਅਰ ਬਣਾਏ।ਇਹ ਦਾਅਵਾ ਕੀਤਾ ਜਾਂਦਾ ਹੈ ਕਿ ਦਲਿਤ ਅਤੇ ਹੋਰ ਪਛੜੀਆਂ ਜਾਤਾਂ ਦੇ ਲੋਕਾਂ ਨੂੰ ਸਿੱਖਿਆ ਦੇ ਮੌਕੇ ਮਿਲਦੇ ਰਹੇ ਹਨ, ਪਰ ੧੫੦ ਸਾਲਾਂ ਬਾਅਦ ਵੀ ਅਸੀ ਦੇਖਦੇ ਹਾਂ ਕਿ ਇਸ ਵਿਚ ਉੱਚ ਜਾਤੀਆਂ ਦਾ ਹੀ ਬੋਲਬਾਲਾ ਹੈ।ਨਵੇਂ ਉਦਾਰਵਾਦੀ ਸਿੱਖਿਆ ਸੰਸਥਾਨਾਂ ਜਿਵੇਂ ਅਸ਼ੋਕਾ ਯੂਨੀਵਰਸਿਟੀ, ਓਪੀ ਜਿੰਦਲ, ਆਈ ਆਈ ਟੀ, ਆਈ ਆਈ ਐਮ ਵਿਚ ਦਲਿਤਾਂ ਦੀ ਭਾਗੀਦਾਰੀ ਸੋਚਣ ਵਾਲਾ ਵਿਸ਼ਾ ਹੈ।ਉਨ੍ਹਾਂ ਕੋਲ ਇਸ ਤਰਾਂ ਦੀ ਭਾਗੀਦਾਰੀ ਲਈ ਸਮਾਜਿਕ ਅਤੇ ਆਰਥਿਕ ਪੂੰਜੀ ਦੀ ਘਾਟ ਹੈ।ਇਸ ਲਈ, ਇਹ ਕਹਿਣਾ ਕਿ ਅੰਗਰੇਜ਼ੀ ਸਿੱਖਿਆ ਨਾਲ ਇਕ ਖਾਸ ਅਬਾਦੀ ਦਾ ਉਦਾਰ ਹੋ ਰਿਹਾ ਹੈ, ਅਸਲ ਵਿਚ ਭੁਲੇਖਾ ਪੈਦਾ ਕਰਨਾ ਹੈ।

ਮੈਕਾਲੇ ਦਾ ਮੰਨਣਾ ਸੀ ਕਿ ਆਪਣੇ ਸੱਭਿਆਚਾਰ ਨੂੰ ਮਜਬੂਤ ਕਰਨ ਲਈ ਵਿਦੇਸ਼ੀ ਭਾਸ਼ਾ ਨੂੰ ਅਪਣਾਉਣਾ ਤਰਕਸੰਗਤ ਅਤੇ ਸਹੀ ਹੈ।ਇਸ ਲਈ ਉਸ ਨੇ ਬਰਤਾਨਵੀਆਂ ਦੁਆਰਾ ਥੁਸੀਡਾਈਡਜ਼, ਪਲੈਟੋ, ਸਿਸਰੋ ਅਤੇ ਟੇਸੀਟਸ ਦੀ ਭਾਸ਼ਾ ਅਪਣਾਉਣ ਦੀ ਉਦਾਹਰਣ ਦਿੱਤੀ ਕਿਉਂ ਕਿ ਉਨ੍ਹਾਂ ਦਾ ਮੰਂਨਣਾ ਸੀ ਕਿ ਪੜ੍ਹਨ ਯੋਗ ਸਭ ਕੁਝ ਯੂਨਾਨੀ ਅਤੇ ਰੋਮਨ ਭਾਸ਼ਾ ਵਿਚ ਲਿਖਿਆ ਗਿਆ ਹੈ।ਮੈਕਾਲੇ ਦਾ ਕਹਿਣਾ ਸੀ ਕਿ ਜਦੋਂ ਉੱਚ ਬੌਧਿਕ ਪ੍ਰਾਪਤੀਆਂ ਵਾਲਾ ਦੇਸ਼ (ਬ੍ਰਿਟੇਨ) ਪੂਰੀ ਤਰਾਂ ਅਣਜਾਣ (ਭਾਰਤੀ ਬਰੇ-ਸਗੀਰ) ਦੀ ਰਹਿਨੁਮਾਈ ਕਰਦਾ ਹੈ ਤਾਂ ਉਸ ਦੇ ਸਿੱਖਿਅਕ ਹੀ ਉਸ ਦੇ ਕੋਰਸ ਨੂੰ ਬਣਾਉਂਦੇ ਹਨ ਜਿਸ ਨੂੰ ਫਿਰ ਅਧਿਆਪਕ ਅਪਣਾਉਂਦੇ ਹਨ।ਉਸ ਦਾ ਭਾਵ ਸੀ ਕਿ ਇਸ ਧਰਤੀ ਦੇ ਵਿਦਿਆਰਥੀ ਸਹੀ ਪਾਠਕ੍ਰਮ ਚੁਣਨ ਵਿਚ ਅਯੋਗ ਹਨ ਕਿਉਂ ਕਿ ਉਹ ਪੂਰੀ ਤਰਾਂ ਸਿੱਖਿਅਤ ਅਤੇ ਗਿਆਨਵਾਨ ਨਹੀਂ ਹਨ।ਇਸ ਲਈ ਭਾਰਤੀ ਬਰੇ-ਸਗੀਰ ਦਾ ਕੋਈ ਵੀ ਵਿਦਿਆਰਥੀ ਨੂੰ ਕਿਸੇ ਵੀ ਤਰਾਂ ਦਾ ਯੋਗਦਾਨ ਪਾਉਣ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ।੨੦੨੦ ਦੀ ਨਵੀਂ ਸਿੱਖਿਆ ਨੀਤੀ ਵਿਚ ਇਹ ਕਿਹਾ ਗਿਆ ਹੈ ਕਿ ਸਾਡਾ ਸਿੱਖਿਆ ਪ੍ਰਬੰਧ ਅਜੇ ਤੱਕ ਵਿਦਿਆਰਥੀਆਂ ਦੀ ਸਿੱਖਿਆ ਪ੍ਰੀਕਿਰਿਆ ਵਿਚ ਭਾਗੀਦਾਰੀ ਸੁਨਿਸ਼ਚਿਤ ਨਹੀਂ ਕਰ ਪਾਇਆ ਹੈ।

ਭਾਰਤ ਦੀ ਪਹਿਲੀ ਸਰਕਾਰ ਨੇ ਸਿੱਖਿਆ ਨੀਤੀ ਬਣਾਉਣ ਲਈ ਇਕ ਕਮਿਸ਼ਨ ਦੀ ਸਥਾਪਨਾ ਕੀਤੀ।ਕੋਠਾਰੀ ਕਮਿਸ਼ਨ ਬਣਾਇਆ ਗਿਆ ਅਤੇ ਇਸ ਨੂੰ ੧੯੬੪ ਤੱਕ ਪਹਿਲੀ ਸਿੱਖਿਆ ਨੀਤੀ ਬਣਾਉਣ ਦਾ ਜਿੰੰਮਾ ਦਿੱਤਾ ਗਿਆ।ਇਸ ਕਮਿਸ਼ਨ ਨੇ ੧੯੬੬ ਵਿਚ ਆਪਣੀ ਰਿਪੋਰਟ ਜਮਾ ਕੀਤੀ ਅਤੇ ੧੯੬੮ ਵਿਚ ਅਜ਼ਾਦ ਭਾਰਤ ਦੀ ਪਹਿਲੀ ਸਿੱਖਿਆ ਨੀਤੀ ਸਾਹਮਣੇ ਆਈ।ਇਸ ਦਾ ਉਦੇਸ਼ ਸਾਡੇ ਸਿੱਖਿਆ ਪ੍ਰਬੰਧ ਵਿਚ ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਸ਼ਾਮਿਲ ਕਰਨਾ ਅਤੇ ਔਰਤਾਂ ਤੇ ਮਰਦਾਂ ਨੂੰ ਨੌਕਰੀ ਦੇ ਯੋਗ ਬਣਾਉਣਾ ਸੀ।ਸੰਵਿਧਾਨਿਕ ਚੌਖਟੇ ਅਨੁਸਾਰ ਪਾਠਕ੍ਰਮ ਵੀ ਇਸੇ ਹਿਸਾਬ ਨਾਲ ਨਿਸ਼ਚਿਤ ਕੀਤਾ ਗਿਆ।ਹਿੰਦੂ ਅਤੀਤ ਦੀ ਵਕਾਲਤ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਧਰਮ ਨਿਰਪੱਖ ਸਿੱਖਿਆ ਦੇਣਾ ਅਸਲ ਵਿਚ ਤੱਥਾਂ ਨਾਲ ਛੇੜਛਾੜ ਕਰਨਾ ਹੈ ਅਤੇ ਉਹ ਕਿਸੇ ਸੁਨਿਹਰੀ ਅਤੀਤ ਦੀ ਗੱਲ ਕਰਦੇ ਹਨ, ਪਰ ਇਸ ਦਾ ਠੀਕ-ਠੀਕ ਬਿਓਰਾ ਨਹੀਂ ਦਿੰਦੇ ਕਿ ਇਹ ਸੁਨਿਹਰੀ ਅਤੀਤ ਖਤਮ ਕਿਵੇਂ ਹੋਇਆ।ਮੈਕਾਲੇ ਸਿਰਫ ਚਾਰ ਸਾਲਾਂ ਲਈ ਭਾਰਤ ਵਿਚ ਰਿਹਾ ਪਰ ਉਸ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਉੱਪਰ ਗਹਿਰੀ ਛਾਪ ਛੱਡੀ।ਅੱਜ ਕੱਲ ਬਹੁਤ ਸਾਰੇ ਅੰਗਰੇਜ਼ੀ ਸਿੱਖਿਅਕ ਵਿਦਵਾਨ ਉਸ ਨੂੰ ਪਸੰਦ ਨਹੀਂ ਕਰਦੇ।ਪਰ ਕਈ ਉਸ ਦੀ ਪ੍ਰਸ਼ੰਸਾ ਵੀ ਕਰਦੇ ਹਨ।ਮੈਕਾਲੇ ਦੀ ਆਲੋਚਨਾ ਕਰਨ ਵਾਲੇ ਸੱਜੇਪੱਖੀ, ਖੱਬੇਪੱਖੀ ਅਤੇ ਉਦਾਰਵਾਦੀ ਸਾਰਿਆਂ ਵਿਚੋਂ ਹੀ ਆਉਂਦੇ ਹਨ।ਅੰਗਰੇਜ਼ੀ ਮਾਹੌਲ ਤੋਂ ਹਾਸ਼ੀਏ ’ਤੇ ਰਹਿਣ ਵਾਲੇ ਮੈਕਾਲੇ ਬਾਰੇ ਨਹੀਂ ਸੋਚਦੇ।ਉਨ੍ਹਾਂ ਲਈ ਦੇਸ਼ੀ ਭਾਸ਼ਾਵਾਂ – ਹਿੰਦੀ, ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ, ਮਰਾਠੀ, ਗੁਜਰਾਤੀ ਜਾਂ ਆਦਿਵਾਸੀ ਹੀ ਸਿੱਖਿਆ ਪ੍ਰਾਪਤ ਕਰਨ ਦਾ ਮਾਧਿਅਮ ਹਨ।ਉਨ੍ਹਾਂ ਕੋਲ ਅੰਗਰੇਜ਼ੀ ਭਾਸ਼ਾ ਦੀ ਪਹੁੰਚ ਨਹੀਂ ਹੈ। ਪਰ ਦਲਿਤਾਂ ਅਤੇ ਹੋਰ ਪਛੜੀਆਂ ਜਾਤੀਆਂ ਵਿਚ ਵੀ ਸਾਨੂੰ ਮੈਕਾਲੇ ਦੇ ਪ੍ਰਸ਼ੰਸਕ ਮਿਲ ਜਾਂਦੇ ਹਨ ਜੋ ਇਹ ਮੰਨਦੇ ਹਨ ਕਿ ਅੰਗਰੇਜ਼ੀ ਭਾਸ਼ਾ ਹੀ ਅਜ਼ਾਦੀ ਅਤੇ ਅਗਾਂਹਵਧੂ ਵਿਚਾਰਾਂ ਦਾ ਮਾਧਿਅਮ ਹੈ।ਨਵੀਂ ਸਿੱਖਿਆ ਨੀਤੀ ਵਿਚ ਅੰਗਰੇਜ਼ੀ ਦੇ ਇਸ ਸਟੇਟਸ ਨੂੰ ਥੌੜਾ ਘਟਾਇਆ ਗਿਆ ਹੈ ਕਿਉਂ ਕਿ ਸ਼ੁਰੂਆਤੀ ਵਰ੍ਹਿਆਂ ਵਿਚ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਾਪਤ ਕਰਨ ਉੱਪਰ ਜ਼ੋਰ ਦਿੱਤਾ ਗਿਆ ਹੈ।ਕੀ ਮੈਕਾਲੇ ਦੇ ਵਿਚਾਰ ਮੌਜੂਦਾ ਸਮੇਂ ਵਿਚ ਕੋਈ ਮਹੱਤਤਾ ਨਹੀਂ ਰੱਖਦੇ? ਕੀ ਉਸ ਦੀ ਹੌਂਦ ਨਿੱਜੀ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਜਾਇਜ਼ ਹੈ, ਪਰ ਸਰਕਾਰੀ ਸਕੂਲਾਂ ਵਿਚ ਨਹੀਂ? ਜਵਾਹਰ ਲਾਲ ਨਹਿਰੂ ਦੇ ਸਮੇਂ ਕਥਿਤ ਦੇਸ਼-ਵਿਰੋਧੀ ਮੈਕਾਲੇ ਨੂੰ ਨਿੱਜੀ ਸਕੂਲਾਂ ਤੱਕ ਸੀਮਿਤ ਕਰ ਦਿੱਤਾ ਗਿਆ ਜਿੱਥੇ ਸਿਰਫ ਦਿਵੱਜ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਸਨ।ਉਨ੍ਹਾਂ ਵਿਚੋ ਬਹੁਤਿਆਂ ਨੇ ਆਪਣੇ ਬੱਚਿਆਂ ਨੂੰ ਮਿਸ਼ਨਰੀ ਸਕੂਲਾਂ ਵਿਚ ਭੇਜਣ ਨੂੰ ਪਹਿਲ ਦਿੱਤੀ।ਮੈਕਾਲੇ ਦੇ ਪ੍ਰਸ਼ੰਸ਼ਕ ਅਤੇ ਆਲੋਚਕ ਅੰਗਰੇਜ਼ੀ ਭਾਸ਼ਾ ਵਿਚ ਲਿਖ ਅਤੇ ਬੋਲ ਸਕਦੇ ਹਨ ਕਿਉਂ ਕਿ ਉਹ ਅਜਿਹੀਆਂ ਸੰਸਥਾਵਾਂ ਤੋਂ ਪੜ੍ਹੇ ਹੋਏ ਹਨ।

੧੮੩੪ ਤੱਕ ਕੋਈ ਵੀ ਅਜਿਹਾ ਆਧਨਿਕ ਕਾਲਜ ਨਹੀਂ ਸੀ ਜੋ ਸੰਸਕ੍ਰਿਤ ਜਾਂ ਫਾਰਸੀ ਨੂੰ ਪੜ੍ਹਾਉਣ ਦੇ ਮਾਧਿਅਮ ਵਜੋਂ ਵਰਤਦਾ ਹੋਵੇ।ਸੰਸਕ੍ਰਿਤ ਅਤੇ ਫਾਰਸੀ ਵਿਚ ਸਿੱਖਿਆ ਹਿੰਦੂ ਦਵਿੱਜ (ਬ੍ਰਾਹਮਣ, ਬਾਣੀਆ, ਖਤਰੀ ਅਤੇ ਕਾਇਸਥ) ਲਈ ਅਤੇ ਮੁਸਲਿਮ ਜਾਗੀਦਾਰਾਂ ਲਈ ਹੀ ਸੀ।ਮੁਸਲਮਾਨਾਂ ਨੇ ਗੈਰ-ਮੁਸਲਮਾਨ ਸ਼ੂਦਰਾਂ ਅੳਤਟ ਦਲਿਤਾਂ ਨੂੰ ਆਪਣੇ ਸਕੂਲ਼ਾਂ ਵਿਚ ਦਾਖਲ ਨਹੀਂ ਹੋਣ ਦਿੱਤਾ।ਪਰ ਇਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਵਿਚ ਫਾਇਦਾ ਨਹੀਂ ਹੋਇਆ ਕਿਉਂ ਕਿ ਨੌਕਰਸ਼ਾਹੀ ਅਤੇ ਕਾਨੂੰਨ ਵਿਚ ਬ੍ਰਾਹਮਣਾਂ ਦਾ ਦਬਦਬਾ ਸੀ।

ਅਸਲ ਵਿਚ ਦਵਿੱਜ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਸਿੱਖਿਆ ੧੮੧੭ ਵਿਚ ਵਿਲੀਅਮ ਕੇਰੀ ਦੁਆਰਾ ਕਲਕੱਤਾ ਵਿਚ ਰਾਜਾ ਰਾਮ ਮੋਹਨ ਰਾਇ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ।ਉਹ ੧੭੯੩ ਵਿਚ ਭਾਰਤ ਆਇਆ ਸੀ ਅਤੇ ੧੮੩੪ ਵਿਚ ਉਸ ਦੀ ਮੌਤ ਹੋਈ।੧੮੧੮ ਵਿਚ ਉਸ ਨੇ ਸੀਰਮਪੁਰ ਕਾਲਜ ਦੀ ਸਥਾਪਨਾ ਕੀਤੀ।ਮੁਸਲਿਮ ਜਾਗੀਰਦਾਰਾਂ ਨੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਬੰਗਾਲ ਅਤੇ ਕੇਰਲ ਦੇ ਬ੍ਰਾਹਮਣਾਂ ਨੂੰ ਅਜਿਹੀ ਕੋਈ ਝਿਜਕ ਨਹੀਂ ਸੀ।ਉਨ੍ਹਾਂ ਨੇ ਸੰਸਕ੍ਰਿਤ ਨੂੰ ਪਾਸੇ ਕਰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਭੇਜਿਆ।ਮੈਕਾਲੇ ਉੱਪਰ ਵਿਚਾਰਧਾਰਕ ਹਮਲਾ ਵੀ ਅੰਗਰੇਜ਼ੀ ਭਾਸ਼ਾ ਤੋਂ ਪੂਰੀ ਤਰਾਂ ਟੱੁਟਣਾ ਨਹੀਂ ਸੀ।ਸੱਤਾਧਾਰੀ ਧਿਰ ਵਿਚੋਂ ਬਹੁਤਿਆਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਸਕੂਲ਼ਾਂ ਵਿਚ ਪੜ੍ਹਦੇ ਹਨ।ਵਾਈ ਐਸ ਜੇਗਨ ਰੈਡੀ ਨੇ ਇਹ ਮਿੱਥ ਤੋੜਨ ਦੀ ਕੋਸ਼ਿਸ਼ ਕੀਤੀ ਕਿ ਮੈਕਾਲੇ ਦੀ ਅੰਗਰੇਜ਼ੀ ਦੇਸ਼-ਵਿਰੋਧੀ ਹੈ।ਉਸ ਨੇ ਸਾਰੇ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਰਾਹੀ ਸਿੱਖਿਆ ਦੇਣਾ ਸ਼ੁਰੂ ਕੀਤਾ ਹੈ।ਜਦੋਂ ਇਸ ਦਾ ਵਿਰੋਧ ਹੋਇਆ ਤਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਬੱਚਿਆਂ ਨੂੰ ਸੰਸਕ੍ਰਿਤ ਸਕੂਲਾਂ ਵਿਚ ਭੇਜਣਾ ਚਾਹੀਦਾ ਹੈ।ਮੈਕਾਲੇ ਅਤੇ ਉਸ ਦੇ ਵਿਚਾਰਾਂ ਨੂੰ ਆਧੁਨਿਕ ਯੁੱਗ ਦੇ ਹਿਸਾਬ ਨਾਲ ਪੁਨਰ-ਵਿਵੇਚਿਤ ਕਰਨਾ ਚਾਹੀਦਾ ਹੈ।