ਭਾਈ ਹਰਨੇਕ ਸਿੰਘ ਭੱਪ ਸਿੱਖ ਲਹਿਰ ਦੇ ਉਨ੍ਹਾਂ ਕੌਮੀ ਨਾਇਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਆਪਣੇ ਨਿੱਜੀ ਸੁਖ ਸਹੂਲਤਾਂ ਨੂੰ ਵਿਸਾਰ ਕੇ ਆਪਣਾਂ ਜੀਵਨ ਕੌਮ ਦੇ ਲੇਖੇ ਅਰਪਣ ਕਰ ਦਿੱਤਾ ਸੀ। ਖਾਲਸਾਈ ਜਜਬੇ ਨੂੰ ਪਰਣਾਏ ਹੋਏ ਸਿਰਲੱਥ ਸੂਰਬੀਰਾਂ ਦੀ ਇੱਕ ਟੀਮ ਦਾ ਉਘਾ ਮੈਂਬਰ ਰਿਹਾ ਹੈ ਭਾਈ ਹਰਨੇਕ ਸਿੰਘ। ਆਪ ਨੇ ਖਾਲਸਾਈ ਰੰਗ ਵਿੱਚ ਰੰਗੇ ਹੋਏ ਜਾਂਬਾਂਜ ਸੂਰਬੀਰਾਂ ਸੰਗ ਵਿਚਰਦਿਆਂ ਮੈਦਾਨੇ ਜੰਗ ਵਿੱਚ ਕੌਮੀ ਬਹਾਦਰੀ ਦੇ ਅਨੇਕਾਂ ਕਾਰਜ ਕੀਤੇ ਅਤੇ ਬਹੁਤ ਸਾਰੇ ਕੌਮ ਦੋਖੀਆਂ ਨਾਲ ਖਾਲਸਾਈ ਰਵਾਇਤਾਂ ਅਨੁਸਾਰ ਇਨਸਾਫ ਕੀਤਾ।

ਭਾਈ ਹਰਨੇਕ ਸਿੰਘ ਭੱਪ ਸਿੱਖ ਲਹਿਰ ਦੀ ਉਸ ਟੀਮ ਦਾ ਮੈਬਰ ਰਿਹਾ ਹੈ ਜਿਸਨੂੰ ਖਾਲਸਾਈ ਲਹਿਰ ਦੀ ਸਿਰਮੌਰ ਟੀਮ ਦੇ ਨਾਅ ਨਾਲ ਜਾਣਿਆਂ ਜਾਂਦਾ ਹੈ। ਸਿੱਖ ਲਹਿਰ ਦੀ ਇਹ ਇੱਕ ਅਜਿਹੀ ਟੀਮ ਸੀ ਜਿਸਦੀ ਰਣਨੀਤੀ, ਬਹਾਦਰੀ,ਗੁਰੀਲਾ ਦਾਅਪੇਚਾਂ ਦਾ ਲੋਹਾ ਦੁਸ਼ਮਣ ਵੀ ਮੰਨਦਾ ਸੀ। ਸਿੱਖ ਲਹਿਰ ਦੀ ਇਹ ਇੱਕ ਅਜਿਹੀ ਟੀਮ ਸੀ ਜੋ ਕੌਮ ਦੋਖੀਆਂ ਨੂੰ ਸਿੱਧੇ ਮੱਥੇ ਟੱਕਰਦੀ ਸੀ। ਇਸ ਟੀਮ ਨੂੰ ਟੀਸੀ ਦੇ ਬੇਰ ਤੋੜਨ ਦੀ ਬਖਸ਼ਿਸ਼ ਗੁਰੂਸਾਹਿਬ ਵੱਲ਼ੋਂ ਹੀ ਪ੍ਰਾਪਤ ਹੋਈ-ਹੋਈ ਸੀ। ਇਸ ਬਖਸ਼ਿਸ਼ ਸਦਕਾ ਹੀ ਇਸ ਟੀਮ ਦੇ ਸਾਰੇ ਮੈਂਬਰਾਂ ਵਿੱਚ ਨਿਮਰਤਾ, ਇਖਲਾਕੀ ਉਚਤਾ ਅਤੇ ਸੰਜਮ, ਸਹਿਜ ਦੇ ਗੁਣ ਭਰੇ ਹੋਏ ਸਨ।

ਸ਼ਾਇਦ ਗੁਰੂ ਸਾਹਿਬ ਦੀ ਬਹੁਮੁਲੀ ਬਖਸ਼ਿਸ਼ ਅਤੇ ਕੌਮੀ ਇਖਲਾਕ ਦੀ ਉਚਤਾ ਕਾਰਨ ਹੀ ਇਹ ਸੰਭਵ ਹੋ ਸਕਿਆ ਕਿ ਜਦੋਂ ਸਿੱਖ ਲਹਿਰ ਆਪਣੀ ਉਮਰ ਪੁਗਾ ਕੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਈ ਤਾਂ ਵੀ ਲਹਿਰ ਦੇ ਪਾਣੀ ਲਹਿ ਜਾਣ ਦੇ ਬਾਵਜੂਦ ਇਸ ਟੀਮ ਦੇ ਕਿਸੇ ਵੀ ਮੈਂਬਰ ਵਿੱਚ ਨਾ ਤਾਂ ਦੂਸ਼ਣਬਾਜ਼ੀ ਦੀ ਗਿਰਾਵਟ ਦੇਖੀ ਗਈ ਅਤੇ ਨਾ ਹੀ ਘੋਰ ਸਰਕਾਰੀ ਜਬਰ ਦੇ ਬਾਵਜੂਦ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੀ ਪਾਤਰ ਇਸ ਟੀਮ ਦੇ ਕਿਸੇ ਮੈਂਬਰ ਨੇ ਸਰਕਾਰ ਅੱਗੇ ਝੁਕ ਕੇ ਮੁਆਫੀ ਮੰਗਣ ਦੀ ਗਿੜਗਿੜਾਹਟ ਹੀ ਦਿਖਾਈ।

ਟੀਮ ਦੇ ਮੈਂਬਰ ਜਿੰਨੇ ਸਹਿਜ ਨਾਲ ਮੈਦਾਨਿ ਜੰਗ ਵਿੱਚ ਵਿਚਰਦੇ ਰਹੇ ਉਸ ਤੋਂ ਵੀ ਵੱਡੇ ਸਹਿਜ ਨਾਲ ਲੰਬੀਆਂ ਸਜ਼ਾਵਾਂ ਕੱਟ ਰਹੇ ਹਨ, ਪਰ ਇਸਦੇ ਬਾਵਜੂਦ ਵੀ ਕਿਸੇ ਇੱਕ ਵੀ ਗੁਰਸਿੱਖ ਨੇ ਕਿਸੇ ਵੀ ਦੂਸਰੇ ਸਿੱਖ ਖਿਲਾਫ ਦੂਸ਼ਣਬਾਜ਼ੀ ਦੀ ਗਿਰਾਵਟ ਨਹੀ ਦਿਖਾਈ।

ਪਿਛਲੇ ਦਿਨੀ ਭਾਈ ਹਰਨੇਕ ਸਿੰਘ ਭੱਪ ਨੂੰ ਇੱਕ ਅਗਵਾ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੋ ਉਨ੍ਹਾਂ ਨੇ ਪੂਰੇ ਸਿੱਖੀ ਸਿਦਕ ਨਾਲ ਪਰਵਾਨ ਕੀਤੀ ਅਤੇ ਸਿੱਖ ਲਹਿਰ ਵਿੱਚ ਪਾਏ ਯੋਗਦਾਨ ਤੇ ਬਹੁਤ ਹੀ ਮਾਣ ਨਾਲ ਸੰਜੀਦਗੀ ਦੀ ਮੋਹਰ ਲਾਈ।ਭਾਈ ਹਰਨੇਕ ਸਿੰਘ ਭੱਪ ਨੇ ਉਮਰ ਕੈਦ ਦੀ ਸਜ਼ਾ ਸੁਣਨ ਤੋਂ ਬਾਅਦ ਆਖਿਆ ਕਿ ਅਸੀਂ ਜੋ ਕੁਝ ਵੀ ਕੀਤਾ ਆਪਣੀ ਕੌਮ ਅਤੇ ਆਪਣੇ ਧਰਮ ਨੂੰ ਬਚਾਉਣ ਲਈ ਕੀਤਾ। ਭਾਰਤੀ ਸਟੇਟ ਨੇ ਸਿੱਖਾਂ ਤੇ ਜੋ ਹਮਲਾ ਕੀਤਾ ਸੀ, ਉਸਦਾ ਕੌਮ ਨੇ ਇਸੇ ਤਰ੍ਹਾਂ ਹੀ ਜੁਆਬ ਦੇਣਾਂ ਸੀ। ਆਪ ਨੇ ਆਖਿਆ ਕਿ, ਅਸੀਂ ਕੋਈ ਅੱਤਵਾਦੀ ਨਹੀ ਹਾਂ ਬਲਕਿ ਬਾਗੀ ਹਾਂ।

ਆਪਣੀ ਉਮਰ ਕੈਦ ਦੀ ਸਜ਼ਾ ਨੂੰ ਵਾਹਿਗੁਰੂ ਵੱਲ਼ੋਂ ਬਖਸ਼ਿਸ਼ ਕੀਤੇ ਇੱਕ ਤੋਹਫੇ ਵੱਜੋਂ ਪਰਵਾਨ ਕਰਦਿਆਂ ਭਾਈ ਹਰਨੇਕ ਸਿੰਘ ਨੇ ਆਖਿਆ ਕਿ ਅਸੀਂ ਜੋ ਅਗਵਾ ਕਾਂਡ ਕੀਤਾ ਸੀ ਉਹ ਆਪਣੇ ਬਹੁਤ ਹੀ ਅਜ਼ੀਜ਼ ਦੋਸਤ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਾਨ ਬਚਾਉਣ ਲਈ ਕੀਤਾ ਸੀ, ਕਿਉਂਕਿ ਸਾਲਾਂ ਬੱਧੀ ਇਕੱਠਾ ਜੀਵਨ ਜਿਊਣ ਕਾਰਨ ਅਸੀਂ ਆਪਣੀ ਨਿੱਜੀ ਜਿੰਦਗੀ ਨੂੰ ਆਪਣੇ ਦੋਸਤਾਂ ਅਤੇ ਸੰਗੀਆਂ ਦੀ ਜਿੰਦਗੀ ਤੋਂ ਉਤਮ ਨਹੀ ਮੰਨਦੇ। ਇਸ ਲਈ ਸਿੱਖ ਕੌਮ ਦੇ ਰੂਹੇ-ਰਵਾਂ ਭਾਈ ਦਵਿੰਦਰਪਾਲ ਸਿੰਘ ਦੀ ਜਿੰਦਗੀ ਨੂੰ ਹਰ ਹਾਲ ਵਿੱਚ ਬਚਾਉਣਾਂ ਸਾਡੀ ਜਿੰਮੇਵਾਰੀ ਸੀ। ਉਨ੍ਹਾਂ ਆਖਿਆ ਕਿ ਭਾਵੇਂ ਅੱਜ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ ਪਰ ਉਸਦਾ ਰੋਮ ਰੋਮ ਸ਼ੁਕਰਗੁਜ਼ਾਰ ਹੈ ਕਿ ਭਾਈ ਦਵਿੰਦਰਪਾਲ ਸਿੰਘ ਜਿਉਂਦਾ ਜਾਗਦਾ ਆਪਣੇ ਘਰ ਵਾਪਸ ਆਉਣ ਲੱਗ ਪਿਆ ਹੈ।

ਕਿੰਨਾ ਅਣਭੋਲ ਜਜਬਾ ਹੈ ਇਹ ਸਿੱਖੀ ਦਾ ਕਿ ਹਰ ਸਿੰਘ ਦੂਜੇ ਸਿੰਘ ਦੀ ਜਿੰਦਗੀ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਨੂੰ ਅੱਜ ਵੀ ਤਿਆਰ ਹੈ। ਭਾਈ ਦਵਿੰਦਰਪਾਲ ਸਿੰਘ ਦੇ ਹੀ ਇੱਕ ਹੋਰ ਅਜ਼ੀਜ਼ ਦੋਸਤ ਭਾਈ ਨਵਨੀਤ ਸਿੰਘ ਨੇ ੧੯੯੫ ਵਿੱਚ ਇਸ ਐਕਸ਼ਨ ਦੌਰਾਨ ਹੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਲਿਆ ਸੀ, ਜਿਸ ਵਿੱਚ ਭਾਈ ਹਰਨੇਕ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਨਿਰਸੰਦੇਹ ਜਿਸ ਦਲੇਰੀ ਅਤੇ ਕੌਮੀ ਜਜਬੇ ਨਾਲ ਭਾਈ ਹਰਨੇਕ ਸਿੰਘ ਭੱਪ ਨੇ ਸਜ਼ਾ ਨੂੰ ਪਰਵਾਨ ਕੀਤਾ ਹੈ ਅਜਿਹਾ ਜਜਬਾ ਰਣਤੱਤੇ ਵਿੱਚ ਗੁਰੂ ਦੀ ਲਿਵ ਅਧੀਨ ਰਹਿੰਦਿਆਂ ਜੂਝਣ ਵਾਲੇ ਗੁਰਸਿੱਖ ਹੀ ਪ੍ਰਗਟ ਕਰ ਸਕਦੇ ਹਨ।ਭਾਈ ਹਰਨੇਕ ਸਿੰਘ ਦੇ ਇਸ ਕੌਮੀ ਜਜਬੇ ਨੂੰ ਸਤਿਕਾਰ ਦੇਣਾਂ ਬਣਦਾ ਹੈ।