ਅੱਜ ਭਾਰਤ ਵਿੱਚ ਇੱਕ ਨਵੀਂ ਪੰਜਾਬੀ ਫਿਲਮ ‘੪੭ ਤੋਂ ੮੪ – ਹੁਣ ਮੈਂ ਕਿਸਨੂੰ ਵਤਨ ਕਹੂੰਗਾ’ ਵੱਖ-ਵੱਖ ਸਿਨਮਾਂ ਘਰਾਂ ਵਿੱਚ ਸ਼ੁਰੂ ਹੋ ਰਹੀ ਹੈ। ਮੈਨੂੰ ਕੱਲ ਇਸਦਾ ਵਿਸ਼ੇਸ ਸ਼ੋਅ ਜੋ ਕਿ ਚੰਡੀਗੜ੍ਹ ਦੇ ਸਿਨਮਾਂ ਘਰ ਵਿੱਚ ਆਯੋਜਤ ਕੀਤਾ ਗਿਆ ਸੀ, ਵਿੱਚ ਇਸ ਫਿਲਮ ਨੂੰ ਦੇਖਣ ਦਾ ਮੌਕਾ ਮਿਲਿਆ। ਇਸ ਸਪੈਸ਼ਲ ਸ਼ੋਅ ਵਿੱਚ ਪੰਜਾਬ ਵਿਚੋਂ ਕੁਝ ਪਤਵੰਤੇ ਸਿੱਖ ਜਿਨਾਂ ਵਿਚੋਂ ਕਈ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਸਬੰਧਤ ਰਹੇ ਹਨ। ਕਈ ਨਾਮਵਾਰ ਸਮਾਜਿਕ ਸੇਵਾ ਨਾਲ ਸਬੰਧਤ ਲੋਕ ਵੀ ਸਨ। ਇਸ ਫਿਲਮ ਨੂੰ ਇਨਾਮ ਜੇਤੂ ਡਾਇਰੈਕਟਰ ਮਿਸਟਰ ਰਾਜੀਵ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਜਿਨਾਂ ਦੀ ਇਸ ਤੋਂ ਪਹਿਲੀ ਫਿਲਮ ‘ਨਾਬਰ’ ਨੇ ਕਈ ਫਿਲਮ ਇਨਾਮ ਜਿੱਤੇ ਹਨ ‘ਨਾਬਰ’ ਫਿਲਮ ਵੀ ਇਨਸਾਨ ਦੀ ਇਨਸਾਨ ਹੱਥੋਂ ਹੋ ਰਹੀ ਤ੍ਰਾਸਦੀ ਨਾਲ ਸਬੰਧਤ ਸੀ।

‘੪੭ ਤੋਂ ੮੪’ ਫਿਲਮ ਅਹਿਮ ਸਿੱਖ ਵਿਸ਼ਿਆਂ ਨਾਲ ਸਬੰਧਤ ਬਣਾਈ ਗਈ ਹੈ। ਇਸ ਵਿੱਚ ਪਹਿਲਾਂ ਭਾਰਤ-ਪਾਕਿਸਤਾਨ ਦੀ ੧੯੪੭ ਦੀ ਵੰਡ ਸਮੇਂ ਪੰਜਾਬ ਵਿੱਚ ਵੱਡੀ ਪੱਧਰ ਤੇ ਹੋਏ ਮਨੁੱਖੀ ਦੁਖਾਂਤ ਬਾਰੇ ਦੱਸਿਆ ਗਿਆ ਹੈ ਜਿਸ ਵਿੱਚ ਬਹੁਤਾ ਨੁਕਸਾਨ ਤੇ ਬੇਕਦਰੀ ਸਿੱਖ ਕੌਮ ਨਾਲ ਹੀ ਹੋਈ ਸੀ ਜਿਸਦੀ ਪੀੜ ਨੂੰ ਅੱਜ ਵੀ ਸਿੱਖ ਕੌਮ ਦੇ ਮਨਾਂ ਵਿੱਚ ਮਹਿਸੂਸ ਕੀਤਾ ਜਾਂਦਾ ਹੈ ਕਿਉਂਕਿ ਉਸ ਸਮੇਂ ਦੇ ਸਿੱਖ ਕੌਮ ਦੇ ਲੀਡਰਾਂ ਵੱਲੋਂ ਭਾਰਤ ਨਾਲ ਰਲਣ ਦੇ ਫੈਸਲੇ ਤੇ ਅੱਜ ਵੀ ਬੜਾ ਵੱਡਾ ਸਵਾਲ ਸਿੱਖ ਕੌਮ ਦੇ ਮਨਾਂ ਅੰਦਰ ਹੈ। ਇਸੇ ਤਰਾਂ ਇਸ ਫਿਲਮ ਵਿੱਚ ਭਾਰਤ ਦੇ ਅਨੇਕਾਂ ਸ਼ਹਿਰਾਂ ਅਤੇ ਸੂਬਿਆਂ ਵਿੱਚ ਮੁੱਖ ਰੂਪ ਵਿੱਚ ਦਿੱਲੀ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ, ਵੱਡੇ ਪੱਧਰ ਤੇ ਸਿੱਖਾਂ ਦਾ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਹੋਣ ਕਰਕੇ ਕਤਲੇਆਮ ਹੋਏ ਸਿੱਖ ਦੁਖਾਂਤ ਨਾਲ ਸਬੰਧ ਰੱਖਦੀ ਹੈ। ਇਹ ਦੋ ਅਹਿਮ ਵਿਸ਼ੇ ੧੯੪੭ ਅਤੇ ੧੯੮੪ ਰਾਹੀਂ ਇਸ ਫਿਲਮ ਨੇ ਇਹ ਦਰਸਾਉਣਾ ਚਾਹਿਆ ਹੈ ਕਿ ਪਿਛਲੇ ੬੭ ਸਾਲਾਂ ਵਿੱਚ ਸਿੱਖ ਕੌਮ ਘੱਟ ਗਿਣਤੀ ਹੋਣ ਦੇ ਕਾਰਨ ਉਜੜਦੀ ਆ ਰਹੀ ਹੈ। ਕਦੇ ਇਹ ਉਜਾੜਾ ਭਾਰਤ ਦੀ ਅਜ਼ਾਦੀ ਸਮੇਂ ਹੋਇਆ ਅਤੇ ਉਸ ਤੋਂ ਬਾਅਦ ਅਜ਼ਾਦ ਮੁਲਕ ਦੀ ਵੱਡੀ ਜ਼ਮਹੂਰੀਅਤ ਨੂੰ ਖਤਰਾ ਦਿਖਾ ਕਿ ਦੁਬਾਰਾ ਉਜਾੜਾ ਹੋਇਆ ਜਿਸਦਾ ਤੀਹ ਸਾਲ ਬਾਅਦ ਵੀ ਸਿੱਖ ਕੌਮ ਨੂੰ ਕੋਈ ਠੋਸ ਜਵਾਬ ਨਹੀਂ ਮਿਲਿਆ।

ਇਸ ਫਿਲਮ ਬਾਰੇ ਜੋ ਮੈਂ ਮਹਿਸੂਸ ਕੀਤਾ ਹੈ ਕਿ ਦੋਵੇਂ ਵਿਸ਼ੇ ਇਸ ਫਿਲਮ ਰਾਹੀਂ ਗੰਭੀਰਤਾ ਨਾਲ ਅਤੇ ਡੂੰਘਾਈ ਵਿੱਚ ਜਾ ਕੇ ਦਰਸਾਉਣ ਵਿੱਚ ਫਿਲਮ ਨਾਕਾਮਯਾਬ ਰਹੀ ਹੈ। ਇਸ ਤਰਾਂ ਦੇ ਹੀ ਖਿਆਲ ਕਾਫੀ ਸੱਜਣਾ ਨਾਲ ਫਿਲਮ ਦੀ ਸਮਾਪਤੀ ਤੋਂ ਬਾਅਦ ਗੱਲਬਾਤ ਦੌਰਾਨ ਸਾਹਮਣੇ ਆਏ ਹਨ ਅਤੇ ਉਹਨਾਂ ਦਾ ਵੀ ਇਹੀ ਖਿਆਲ ਸੀ ਕਿ ਫਿਲਮ ਵਿੱਚ ਵਿਸ਼ੇ ਤਾਂ ਜਰੂਰ ਗੰਭੀਰ ਲਏ ਹਨ ਪਰ ਉਹਨਾਂ ਦੀ ਡੂੰਘਾਈ ਤੇ ਪਰਪੱਕਤਾ ਨੂੰ ਅਦਾਕਾਰੀ ਰਾਹੀਂ ਸਪਸ਼ਟ ਅਤੇ ਪ੍ਰਭਾਵਤ ਕਰਨ ਵਿੱਚ ਨਾਕਾਮਯਾਬ ਰਹੇ ਹਨ। ਇਸ ਫਿਲਮ ਵਿੱਚ ਵੱਡਾ ਅੰਤਰ ਇਹ ਹੈ ਕਿ ਇਸ ਵਿੱਚ ਵੱਡੇ ਵਿਸ਼ਿਆਂ ਨੂੰ ਸਮੇਟ ਕਿ ਇੱਕ ਛੋਟੇ ਜਿਹੇ ਸਬੂਤ ਵੀਡੀਓ ਕੈਮਰੇ ਦੀ ਫੁੰਟਿੰਗ ਦੇ ਆਲੇ-ਦੁਆਲੇ ਹੀ ਘੇਰ ਕੇ ਸਿੱਖ ਕੌਮ ਦਾ ਦੁਖਾਂਤ ਦਰਸਾਉਣ ਦੀ ਕੋਸ਼ਿਸ ਕੀਤੀ ਹੈ। ਇਸ ਫਿਲਮ ਰਾਂਹੀ ਇਸ ਕੈਮਰੇ ਨੂੰ ਮੁੱਖ-ਮੁੱਦਾ ਬਣਾ ਕੇ ਸਿੱਖ ਸੰਘਰਸ਼ ਵਿੱਚ ਇੱਕ ਧਿਰ ਦਾ ਖਲਾਅ ਦਿਖਾਇਆ ਹੈ। ਉਹਨਾਂ ਕੋਲੇ ਕੋਈ ਦਿਸ਼ਾ ਹੀ ਨਹੀਂ ਸੀ। ਇੱਕ ਪਾਸੇ ਸੰਤਾਲੀ ਦਾ ਦੁਖਾਂਤ ਦਿਖਾਉਣ ਸਮੇਂ ਇਸ ਫਿਲਮ ਨੇ ਇੱਕ ਬੱਚੀ ਸੁਖਮਨੀ ਦੇ ਪਰਿਵਾਰ ਦੇ ਵਿੱਚ ਹੀ ਸਾਰਾ ਸੰਤਾਲੀ ਸਮਾਇਆ ਦਿਖਾਇਆ ਹੈ। ਅਤੇ ਇਸੇ ਤਰਾਂ ਹੀ ੧੯੮੪ ਦਾ ਕਤਲੇਆਮ ਇੱਕ ਵੀਡੀਓ ਕੈਮਰੇ ਦੀ ਭਾਲ ਵਿੱਚ ਅਤੇ ਉਸਦੇ ਆਲੇ-ਦੁਆਲੇ ਹੀ ੮੪ ਨੂੰ ਸਮੇਟਣਾ ਚਾਹਿਆ ਹੈ।

ਮੁੱਖ ਰੂਪ ਵਿੱਚ ਭਾਵੇਂ ਕਿ ਇਸ ਫਿਲਮ ਦੇ ਡਾਇਰੈਕਟਰ ਨੇ ਸਿੱਖ ਕੌਮ ਦੇ ਉਹਨਾਂ ਦੋ ਅਹਿਮ ਮੁੱਦਿਆਂ ਵਿੱਚ ਆਪਣੇ ਅਦਾਕਾਰਾਂ ਰਾਹੀਂ ਗੰਭੀਰਤਾ ਅਤੇ ਸਪੱਸ਼ਟ ਰੂਪ ਵਿੱਚ ਡੂੰਘਾਈ ਲਿਆਉਣ ਦੀ ਕੋਸ਼ਿਸ ਕੀਤੀ ਹੈ ਪਰ ਫਿਲਮ ਦੇ ਪ੍ਰੋਡਿਊਸਰ ਬਬਲੀ ਸਿੰਘ ਨੇ ਸਦਾ ਵਾਂਗ ਇਹਨਾਂ ਵੱਡੇ ਵਿਸ਼ਿਆ ਤੇ ਬਿੰਦੀ ਸੁਰਖੀ ਲਾ ਕੇ ਵਪਾਰਕ ਪੱਖ ਨੂੰ ਹੀ ਮੁੱਖ ਰੱਖ ਕੇ ਸਿੱਖਾਂ ਦੇ ਭਾਵਕ ਮਨਾਂ ਨੂੰ ਟੁੰਬਣਾ ਚਾਹਿਆ ਹੈ। ਜਿਵੇਂ ਕਿ ਪਿਛਲੇ ੬੭ ਸਾਲਾਂ ਤੋਂ ਅਤੇ ਇਸ ਤੋਂ ਪਹਿਲਾਂ ਅਜ਼ਾਦੀ ਦੇ ਸਮੇਂ ਵੀ ਸਿੱਖ ਕੌਮ ਦੇ ਭਵਿੱਖ ਨਾਲ ਜੁੜੇ ਵਿਸ਼ਿਆਂ ਨੂੰ ਵੱਖ-ਵੱਖ ਸਿੱਖ ਕੌਮ ਦੇ ਲੀਡਰ ਸਾਹਿਬਾਨਾਂ ਨੇ ਵੱਖ-ਵੱਖ ਸਮੇਂ ਭਾਵਨਾਤਮਕਾ ਨੂੰ ਉਠਾਅ ਕੇ ਸਿੱਖ ਕੌਮ ਦੇ ਭਵਿੱਖ ਨਾਲ ਸਦਾ ਬਿੰਦੀ ਸੁਰਖੀ ਲਾਉਣ ਦਾ ਹੀ ਕੰਮ ਕੀਤਾ ਹੈ। ਜਿਸਦੀ ਤਰਜ਼ੀਹ ‘੪੭ ਤੋਂ ੮੪ ਕਿਸਨੂੰ ਆਪਣਾ ਵਤਨ ਕਹਾਂ’ ਫਿਲਮ ਨੇ ਵੀ ਦਰਸਾਉਣਾ ਚਾਹਿਆ ਹੈ। ਭਾਵੇਂ ਕਿ ਇਸ ਫਿਲਮ ਵਿੱਚ ਫਿਲਮੀ ਅਦਾਕਾਰਾਂ ਦੀ ਥਾਂ ਨਵੇਂ ਚਿਹਰੇ ਡਰਾਮਾ ਵਿਭਾਗ ਵਿਚੋਂ ਲਿਆਂਦੇ ਗਏ ਪਰ ਉਹ ਨਾਮਵਰ ਡਾਇਰੈਕਟਰ ਦੀ ਡਾਇਰੈਕਸ਼ਨ ਸਦਾ ਵੀ ਆਪਣੇ ਵੱਲੋਂ ਨਿਭਾਏ ਰੋਲਾਂ ਰਾਹੀਂ ਕਿਰਦਾਰਾਂ ਵਿੱਚ ਅਸਰਦਾਇਕ ਰੂਹ ਨਹੀਂ ਪਾ ਸਦਕਾ।

ਇਸ ਫਿਲਮ ਦੀ ਇੱਕ ਹੋਰ ਕਮਜ਼ੋਰੀ ਹੈ ਕਿ ਇਸਨੇ ਸਿੱਖ ਸੰਘਰਸ਼ ਨੂੰ ਹਿੰਸਾ ਦੇ ਨਾਲ ਹੀ ਸਬੰਧਤ ਦਿਖਾਇਆ ਹੈ। ਪਰ ਹੋਈਆਂ ਰਾਜਨੀਤਿਕ ਭੁੱਲਾਂ ਜਿਨਾਂ ਕਰਕੇ ਇੰਨੇ ਵੱਡੇ ਵਾਕਿਆ ਹੋਏ ਬਾਰੇ ਕੁਝ ਵੀ ਚਾਨਣਾ ਪਾਉਣ ਤੋਂ ਗੁਰੇਜ ਕੀਤਾ ਹੈ। ਇਹ ਜਰੂਰ ਮੰਨਣ ਵਾਲੀ ਗੱਲ ਹੈ ਕਿ ਇੰਨਾਂ ਨੇ ਐਡੇ ਵੱਡੇ ਦੋ ਵਾਕਿਆਂ ਨੂੰ ਇੱਕ ਪਰਿਵਾਰ ਤੇ ਇੱਕ ਇਸਤਰੀ ਦੀ ਪੀੜ ਤੇ ਸੰਘਰਸ਼ ਵਿੱਚ ਹੀ ਸਮੇਟ ਦਿੱਤਾ ਹੈ। ਜਿਸ ਤਰਾਂ ਕਿ ਨਾਮੀਂ ਹਿੰਦੀ ਫਿਲਮ ਸਾਜਕਾਰ ਪ੍ਰਕਾਸ਼ ਝਾਅ ਨੇ ਆਪਣੀਆਂ ਫਿਲਮਾਂ- ਆਰਕਸ਼ਣ, ਅਪਹਰਣ, ਚੱਕਰਵਿਊ, ਗੰਗਾਜਲ ਰਾਹੀਂ ਭਾਰਤ ਵਿੱਚਲੇ ਗੰਭੀਰ ਵਿਸ਼ਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਸਾਹਮਣੇ ਲਿਆਂਦਾ ਹੈ। ਇਸ ਲਈ ‘੪੭ ਤੋਂ ੮੪’ ਫਿਲਮ ਨੂੰ ਦੇਖਕੇ ਬਹੁਤ ਸਾਰੀਆਂ ਘਾਟਾਂ ਨੂੰ ਮਹਿਸੂਸ ਕੀਤਾ ਗਿਆ।