ਕਾਲਜ ਦੀ ਸਿੱਖਿਆ ਇਕ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਮੋਕਲਾ ਕਰਦੀ ਹੈ ਅਤੇ ਉਹ ਆਪਣੇ ਲਈ ਟੀਚੇ ਅਤੇ ਮੁਕਾਮ ਨਿਸ਼ਚਿਤ ਕਰਦੇ ਹਨ।ਬਿਨਾਂ ਸ਼ੱਕ ਕਾਲਜ ਦੀ ਜ਼ਿੰਦਗੀ ਔਖੀ ਹੁੰਦੀ ਹੈ, ਪਰ ਇਹ ਤੁਹਾਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਦੀ ਹੈ।ਕਾਲਜ ਗ੍ਰੇਜੂਏਟ ਦੇ ਤੌਰ ਤੇ ਚੰਗਾ ਕੈਰੀਅਰ, ਤਨਖਾਹ ਅਤੇ ਚੰਗੇ ਕੌਸ਼ਲ ਵਾਲੀਆਂ ਨੌਕਰੀਆਂ ਲਈ ਰਸਤਾ ਖੁੱਲਦਾ ਹੈ।ਇਹ ਸਾਰੇ ਪੱਖ ਜ਼ਿੰਦਗੀ ਵਿਚ ਸਥਿਰਤਾ, ਸਫਲਤਾ ਅਤੇ ਖੁਸ਼ੀ ਲੈ ਕੇ ਆਉਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ।ਸਕੂਲ਼ ਖਤਮ ਕਰਕੇ ਕਾਲਜ ਦੀ ਜ਼ਿੰਦਗੀ ਵਿਚ ਦਾਖ਼ਲ ਹੋਣਾ ਆਪਣੇ ਆਪ ਵਿਚ ਇਕ ਪ੍ਰਾਪਤੀ ਹੈ ਜੋ ਤੁਹਾਨੂੰ ਭਵਿੱਖ ਵੱਲ ਤੋਰਦੀ ਹੈ।ਇਸ ਤਰਾਂ ਦੀ ਪ੍ਰਾਪਤੀ ਲਈ ਵਿਅਕਤੀ ਆਪਣੇ ਕਈ ਵਰ੍ਹੇ ਇਸ ਨੂੰ ਦਿੰਦਾ ਹੈ ਸੋ ਉਸ ਨੂੰ ਇਸ ਪ੍ਰਤੀ ਮਾਣ ਮਹਿਸੂਸ ਕਰਨਾ ਚਾਹੀਦਾ ਹੈ।ਪਰ ਇਸ ਦੇ ਨਾਲ ਹੀ ਨਵੇਂ ਸੁਆਲਾਂ, ਚੁਣੌਤੀਆਂ ਅਤੇ ਫੈਸਲਿਆਂ ਦੀ ਸ਼ੁਰੂਆਤ ਵੀ ਹੁੰਦੀ ਹੈ।

ਸਕੂਲ ਤੋਂ ਕਾਲਜ ਵਿਚ ਦਾਖ਼ਲਾ ਲੈਣਾ ਇਕ ਕੁਦਰਤੀ ਵਰਤਾਰਾ ਲੱਗਦਾ ਹੈ।ਹਾਲਾਂਕਿ, ਸਿਰਫ ਕਾਲਜ ਹੀ ਕਿਸੇ ਦੇ ਕੈਰੀਅਰ ਨੂੰ ਨਿਰਧਾਰਿਤ ਨਹੀਂ ਕਰਦਾ, ਪਰ ਕਿਸੇ ਮੰਨੇ ਪ੍ਰਮੰਨੇ ਕਾਲਜ ਤੋਂ ਡਿਗਰੀ ਪ੍ਰਾਪਤ ਕਰਨਾ ਤੁਹਾਡੇ ਲਈ ਬਹੁਤ ਸਾਰੇ ਦਰਵਾਜੇ ਖੋਲਦਾ ਹੈ ਅਤੇ ਜ਼ਿੰਦਗੀ ਪ੍ਰਤੀ ਹਾਂਪੱਖੀ ਨਜ਼ਰੀਏ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।ਬਹੁਤ ਸਾਰੇ ਕਾਰਣ ਹਨ ਕਿ ਇਕ ਵਿਅਕਤੀ ਨੂੰ ਕਾਲਜ ਜਾਣਾ ਚਾਹੀਦਾ ਹੈ।ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਲਜ ਤੋਂ ਗ੍ਰੇਜੂਏਟ ਵਿਅਕਤੀਆਂ ਨੂੰ ਸੁਰੱਖਿਅਤ ਨੌਕਰੀ ਮਿਲਣ ਅਤੇ ਚੰਗੀ ਤਨਖਾਹ ਮਿਲਣ ਦੀ ਸੰਭਾਵਨਾ ਮਹਿਜ਼ ਸਕੂਲੀ ਸਿੱਖਿਆ ਪ੍ਰਾਪਤ ਵਾਲਿਆਂ ਤੋਂ ਜਿਆਦਾ ਹੁੰਦੀ ਹੈ।ਆਪਣੇ ਟੀਚਿਆਂ ਨੂੰ ਪਛਾਣਨ ਵਿਚ ਕਾਲਜ ਜਿਆਦਾ ਨਿਰਣਾਇਕ ਭੂਮਿਕਾ ਅਦਾ ਕਰਦਾ ਹੈ, ਕੈਰੀਅਰ ਬਣਾਉਣ ਦੇ ਵੱਖ ਵੱਖ ਰਸਤੇ ਖੋਲਦਾ ਹੈ ਅਤੇ ਨਿੱਜੀ ਸੰਤੁਸ਼ਟੀ ਦਿੰਦਾ ਹੈ।ਕਈ ਸਾਰੇ ਕਾਲਜਾਂ ਵਿਚ ਕਈ ਸਾਰੇ ਕੋਰਸ ਆਫਰ ਕੀਤੇ ਜਾਂਦੇ ਹਨ ਕਿਉਂ ਕਿ ਉਹ ਜਾਣਦੇ ਹਨ ਕਿ ਇਕ ਵਿਅਕਤੀ ਦਾ ਸਾਰੇ ਪੱਖਾਂ ਤੋਂ ਵਿਕਾਸ ਹੋਣਾ ਜਰੂਰੀ ਹੈ।ਕਾਲਜ ਤੁਹਾਨੂੰ ਆਪਣਾ ਨਿੱਜੀ ਮੁਕਾਮ ਚੁਣਨ ਦੀ ਅਜ਼ਾਦੀ ਵੀ ਪ੍ਰਦਾਨ ਕਰਦੇ ਹਨ; ਹਾਲਾਂਕਿ, ਉਸ ਤੋਂ ਪਹਿਲਾਂ ਵਿਅਕਤੀ ਬਹੁਤ ਸਾਰੀਆਂ ਕੋਸ਼ਿਸ਼ਾਂ ਆਪਣੇ ਪੱਧਰ ਉੱਪਰ ਵੀ ਕਰਦਾ ਹੈ।

ਕਾਲਜ ਦਾ ਸਮਾਂ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਉੱਪਰ ਵੀ ਅਸਰ ਪਾਉਂਦਾ ਹੈ ਅਤੇ ਕਾਲਜ ਵਿਚ ਵੱਖ-ਵੱਖ ਲੋਕਾਂ ਨੂੰ ਮਿਲਣਾ ਹੋਰ ਵੀ ਅਸਾਨ ਹੁੰਦਾ ਹੈ।ਇਹ ਗਿਆਨ ਦਾ ਇਕ ਵੱਡਾ ਸੋਮਾ ਹੈ ਜਿਸ ਵਿਚ ਸਿੱਖਣ ਦੇ ਚਾਹਵਾਨ ਵਿਦਿਆਰਥੀ ਗੋਤਾ ਲਗਾਉਂਦੇ ਹਨ।ਜਿਸ ਤਰਾਂ ਵਿਦਿਆਰਥੀ ਗਿਆਨ ਦੇ ਸੋਮੇ ਵਿਚ ਡੂੰਘਾ ਉੱਤਰਦੇ ਹਨ ਤਾਂ ਉਹ ਆਪਣੇ ਵਿਸ਼ਵਾਸਾਂ ਨੂੰ ਸੁਆਲ ਕਰਨਾ ਵੀ ਸਿੱਖਦੇ ਹਨ ਅਤੇ ਉਹ ਇਹ ਵੀ ਸਿੱਖਦੇ ਹਨ ਕਿ ਉਹ ਆਪਣੇ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਕਿਸ ਤਰਾਂ ਬਿਹਤਰ ਬਣਾ ਸਕਦੇ ਹਨ।ਕਾਲਜ ਦੇ ਇਹ ਅਨੁਭਵ ਤਾਂ ਹੀ ਹੋ ਸਕਦੇ ਹਨ ਅਗਰ ਕੋਈ ਅਜ਼ਾਦ ਹੈ ਅਤੇ ਉਸ ਨੂੰ ਲੀਕ ਤੋਂ ਹਟ ਕੇ ਸੋਚਣਾ ਸਿਖਾਇਆ ਜਾਂਦਾ ਹੈ।ਘਰ ਤੋਂ ਬਾਹਰ ਵਿਅਕਤੀ ਦਾ ਪਹਿਲਾਂ ਸਮਾਂ ਕਾਲਜ ਵਿਚ ਹੀ ਬੀਤਦਾ ਹੈ।ਆਪਣੇ ਫੈਸਲੇ ਲੈਣਾ, ਭਵਿੱਖ ਦੇ ਫੈਸਲੇ, ਨਵੇਂ ਦੋਸਤ ਬਣਾਉਣਾ, ਬਜਟ ਵਿਚ ਰਹਿ ਕੇ ਜ਼ਿੰਦਗੀ ਬਿਤਾਉਣਾ ਅਤੇ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਨਾ ਕੋਈ ਵਿਅਕਤੀ ਕਾਲਜ ਵਿਚੋਂ ਹੀ ਸਿੱਖਦਾ ਹੈ।ਇਹਨਾਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਨ ਲਈ ਕਾਲਜ ਤੁਹਾਨੂੰ ਚੁਣੌਤੀਆਂ ਭਰਿਆ ਪਰ ਸੁਰੱਖਿਅਤ ਮਾਹੌਲ ਪ੍ਰਦਾਨ ਕਰਦਾ ਹੈ।ਕਾਲਜ ਵਿਚ ਹੀ ਇਕ ਵਿਅਕਤੀ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਦਾ ਹੈ।ਵਿਦਿਆਰਥੀ ਇਸ ਸਮੇਂ ਵੱਖ-ਵੱਖ ਕੋਰਸ ਪੂਰੇ ਕਰਦੇ ਹਨ ਅਤੇ ਡੈਡਲਾਈਨ ਵਿਚ ਕੰਮ ਕਰਦੇ ਹਨ।ਜਿਸ ਤਰਾਂ ਦਾ ਕੌਸ਼ਲ ਇਕ ਵਿਅਕਤੀ ਕਾਲਜ ਵਿਚ ਸਿੱਖਦਾ ਹੈ, ਉਹ ਨਾ ਸਿਰਫ ਕੈਰੀਅਰ ਬਣਾਉਣ ਵਿਚ ਬਲਕਿ ਇਹ ਉਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਵੀ ਸਿਖਾਉਂਦਾ ਹੈ।

ਮੌਜੂਦਾ ਦੌਰ ਵਿਚ ਸੰਸਾਰ ਦੀ ਆਰਥਿਕਤਾ ਗਿਆਨ ਅਧਾਰਿਤ ਆਰਥਿਕਤਾ ਵੱਲ ਮੁੜ ਗਈ ਹੈ ਅਤੇ ਬਹੁਤ ਸਾਰੇ ੋਿਬਜਨਸ ਵਾਲੇ ਕਾਲਜ ਗ੍ਰੇਜੂਏਟ ਦੀ ਭਾਲ ਵਿਚ ਹਨ।ਭਾਵੇਂ ਜੋ ਕੈਰੀਅਰ ਤੁਸੀ ਨਿਰਧਾਰਿਤ ਕੀਤਾ ਹੋਵੇ ਉਸ ਵਿਚ ਡਿਗਰੀ ਦੀ ਲੋੜ ਨਾ ਵੀ ਹੋਵੇ ਤਾਂ ਵੀ ਇਹ ਡਿਗਰੀ ਤੁਹਾਨੂੰ ਦੂਜਿਆਂ ਤੋਂ ਉੱਪਰ ਰੱਖਦੀ ਹੈ ਅਤੇ ਬਿਹਤਰ ਕੈਰੀਅਰ ਸੰਭਾਵਨਾ ਦਿੰਦੀ ਹੈ।ਕਾਲਜ ਬੌਧਿਕ ਅਤੇ ਸਮਾਜਿਕ ਦੋਹਾਂ ਹੀ ਪੱਧਰਾਂ ਉੱਪਰ ਮੌਕੇ ਪ੍ਰਦਾਨ ਕਰਦਾ ਹੈ।ਇਸ ਵਿਚ ਵਿਦਿਆਰਥੀ ਹੋਰ ਵਿਦਿਆਰਥੀਆਂ ਅਤੇ ਕਿੱਤਾਮੁੱਖੀਆਂ ਦੇ ਨੈਟਵਰਕ ਵਿਚ ਘਿਰੇ ਹੁੰਦੇ ਹਨ।ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਕਾਲਜ ਦੀ ਡਿਗਰੀ ਹੋਣਾ ਬਹੁਤ ਹੀ ਜਰੂਰੀ ਹੈ।ਸਭ ਤੋਂ ਜਰੂਰੀ ਚੀਜ ਜੋ ਕਾਲਜ ਤੁਹਾਨੂੰ ਸਿਖਾਉਂਦਾ ਹੈ, ਉਹ ਹੈ ਆਪਣੇ ਆਪ ਲਈ ਖੜਨਾ ਅਤੇ ਆਪਣੀ ਜ਼ਿੰਦਗੀ ਦੀ ਕਮਾਂਡ ਆਪਣੇ ਹੱਥ ਵਿਚ ਲੈਣਾ।ਸਕੂਲੀ ਜ਼ਿੰਦਗੀ ਵਿਚ ਅਸੀ ਜਿਆਦਾਤਰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੁਆਰਾ ਹੀ ਚਲਾਏ ਜਾਂਦੇ ਹਾਂ ਜਿਸ ਵਿਚ ਨਿੱਜੀ ਅਜ਼ਾਦੀ ਘੱਟ ਹੁੰਦੀ ਹੈ। ਕਾਲਜ ਦੀ ਜ਼ਿੰਦਗੀ ਸਾਨੂੰ ਇਹ ਨਿਯੰਤ੍ਰਣ ਵਾਪਸ ਦਿੰਦੀ ਹੈ।

ਮੰਡੀ ਦੇ ਮੁਕਾਬਲੇ ਦੇ ਯੁੱਗ, ਵਧਦੀ ਯੂਨੀਵਰਸਿਟੀ ਟਿਊਸ਼ਨ ਫੀਸ, ਆਨ ਕਲਾਸਾਂ ਦਾ ਵਿਕਲਪ ਅਤੇ ਨੌਕਰੀ ਦੇ ਖੇਤਰ ਨਿੱਤ ਬਦਲਦਾਵਾਂ ਨੇ ਕਾਲਜ ਡਿਗਰੀ ਫੈਸਲਾ ਲੈਣ ਦੀ ਮਹੱਤਤਾ ਹੋਰ ਵੀ ਵਧਾ ਦਿੱਤੀ ਹੈ।ਅੱਜ ਦੇ ਤੇਜੀ ਨਾਲ ਬਦਲਦੇ ਯੱੁਗ ਵਿਚ ਯੂਨੀਵਰਸਿਟੀ ਦੀ ਡਿਗਰੀ ਹੀ ਸਫਲਤਾ ਵੱਲ ਜਾਂਦਾ ਰਾਹ ਨਹੀਂ ਹੈ।ਅੰਕੜੇ ਇਹ ਦਿਖਾਉਂਦੇ ਹਨ ਕਿ ੨੫ ਪ੍ਰਤੀਸ਼ਤ ਕਾਲਜ ਗ੍ਰੇਜੂਏਟਾਂ ਨੂੰ ਅਗਰ ਫਿਰ ਤੋਂ ਫੈਸਲਾ ਲੈਣ ਦਾ ਮੌਕਾ ਮਿਲੇ ਤਾਂ ਉਹ ਉਹੀ ਵਿੱਦਿਅਕ ਰਾਹ ਅਪਣਾਉਣਗੇ ਜੋ ਉਨ੍ਹਾਂ ਨੇ ਪਹਿਲਾਂ ਅਪਣਾਇਆ।ਜਦੋਂ ਕਿ ੪੧ ਪ੍ਰਤੀਸ਼ਤ ਦਾ ਕਹਿਣਾ ਸੀ ਕਿ ਉਹ ਕਾਲਜ ਡਿਗਰੀ ਦੀ ਬਜਾਇ ਕੋਈ ਸਰਟੀਫਿਕੇਟ ਕੋਰਸ ਕਰਨਾ ਚਾਹੁਣਗੇ ਜੋ ਉਨ੍ਹਾਂ ਨੂੰ ਨੌਕਰੀ ਦੁਆ ਸਕੇ।ਐਪਲ, ਟੇਸਲਾ, ਆਈਬੀਐਮ, ਡੈਲਟਾ ਏਅਰਲਾਈਨਜ਼ ਅਤੇ ਹਿਲਟਨ ਵਰਗੀਆਂ ਕੰਪਨੀਆਂ ਇੰਟਰਵਿਊ ਸਮੇਂ ਕਾਲਜ ਡਿਗਰੀ ਦੀ ਮੰਗ ਨਹੀਂ ਕਰਦੀਆਂ।ਉਨ੍ਹਾਂ ਨੇ ਇਹ ਅਹਿਸਾਸ ਕੀਤਾ ਹੈ ਕਿ ਜ਼ਿੰਦਗੀ ਦੇ ਅਨੁਭਵਾਂ ਵਿਚੋਂ ਸਿੱਖੀ ਕਾਬਲੀਅਤ ਅਤੇ ਕੌਸ਼ਲ ਵੀ ਅੱਜ ਦੇ ਯੁੱਗ ਵਿਚ ਉਨ੍ਹਾਂ ਲਈ ਕਾਲਜ ਦੀ ਡਿਗਰੀ ਜਿੰਨੇ ਹੀ ਮਹੱਤਵਪੂਰਨ ਹਨ।ਇਸ ਸੰਬੰਧੀ ਵੀ ਵਿਰੋਧੀ ਅੰਕੜੇ ਮੌਜੂਦ ਹਨ ਕਿ ਤੁਸੀ ਕਾਲਜ ਦੀ ਡਿਗਰੀ ਅਤੇ ਉਸ ਤੋਂ ਬਿਨਾਂ ਕਿੰਨਾ ਕਮਾ ਸਕਦੇ ਹੋ? ਜਾਰਜਟਾਊਨ ਯੂਨੀਵਰਸਿਟੀ ਵਿਚ ਹੋਈ ਇਕ ਖੋਜ ਮੁਤਾਬਕ ਬੈਚਲਰ ਡਿਗਰੀ ਵਾਲੇ ਕਾਮੇ ਦੀ ਸਾਲਾਨਾ ਆਮਦਨ ੨.੮ ਮਿਲੀਅਨ ਡਾਲਰ ਹੈ।ਡਿਗਰੀ ਤੋਂ ਬਿਨਾਂ ਇਹ ਆਮਦਨ ੧.੬ ਮਿਲੀਅਨ ਡਾਲਰ ਹੈ।ਕਾਲਜ ਦੀ ਜ਼ਿੰਦਗੀ ਅਤੇ ਅਨੁਭਵ ਅਸਲ ਵਿਚ ਸੋਚਣ ਦੇ ਨਵੇਂ ਢੰਗਾਂ ਅਤੇ ਕਾਬਲੀਅਤ ਨੂੰ ਹੋਰ ਜਿਆਦਾ ਨਿਖਾਰਦਾ ਹੈ।ਜੋ ਵਿਅਕਤੀ ਕਾਲਜ ਵਿਚੋਂ ਜੋ ਕੁਝ ਵੀ ਸਿੱਖਦਾ ਹੈ, ਉਹ ਉਸ ਨੂੰ ਅੱਗੇ ਭਵਿੱਖ ਵਿਚ ਚੰਗੇ ਫੈਸਲਿਆਂ ਲਈ ਵਰਤ ਸਕਦਾ ਹੈ।

ਅੱਜ ਦੀ ਦੁਨੀਆ ਕਾਲਜ ਵਿਚ ਪੜ੍ਹਾਏ ਜਾਣ ਵਾਲੇ ਸਿਲ਼ੈਬਸ ਤੋਂ ਤੇਜੀ ਨਾਲ ਬਦਲਦੀ ਹੈ।ਅਗਾਂਹਵਧੂ ਕੰਪਨੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਕਾਲਜ ਦੇ ਅਨੁਭਵਾਂ ਨੂੰ ਜਿਆਦਾ ਕੰਮ ਵਿਚ ਆਉਣ ਵਾਲੇ ਕੌਸ਼ਲ ਅਤੇ ਨਜ਼ਰੀਏ ਵਿਚ ਬਦਲਣਾ ਜਰੂਰੀ ਹੈ।ਕਾਲਜ ਦੀ ਸਮਾਂ ਕਿਸੇ ਦੀ ਵੀ ਜ਼ਿੰਦਗੀ ਵਿਚ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਅਜ਼ਾਦ ਤਾਰਾਨਾ-ਏ-ਜ਼ਿੰਦਗੀ ਸਿੱਖਦਾ ਹੈ। ਅਜ਼ਾਦੀ ਤੋਂ ਇਲਾਵਾ ਕਾਲਜ ਦੀ ਜ਼ਿੰਦਗੀ ਇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਨੂੰ ਪਰਿਭਾਸ਼ਿਤ ਕਰਨ ਦਾ ਮੌਕਾ ਵੀ ਦਿੰਦੀ ਹੈ ਜੋ ਕਿ ਆਉਣ ਵਾਲੀ ਜ਼ਿੰਦਗੀ ਲਈ ਰਾਹ ਦਸੇਰਾ ਬਣਦਾ ਹੈ।ਕਾਲਜ ਦੇ ਬਹੁਤ ਸਾਰੇ ਕੋਰਸ ਉਸ ਤਰਾਂ ਸਿੱਖਿਆ ਉੱਪਰ ਅਧਾਰਿਤ ਵੀ ਹੁੰਦੇ ਹਨ ਜਿਸ ਨੂੰ ਯਾਦ ਜਾਂ ਵਰਤੋਂ ਵਿਚ ਨਹੀ ਲਿਆਂਦਾ ਜਾ ਸਕਦਾ ਅਤੇ ਇਹ ਵਿਦਿਆਰਥੀਆਂ ਨੂੰ ਤਰਕਪੂਰਨ ਢੰਗ ਨਾਲ ਸੋਚਣਾ ਸਿਖਾਉਣ ਵਿਚ ਸਹਾਈ ਨਹੀਂ ਹੁੰਦੀ।

ਫਿਰ ਵੀ ਕਾਲਜ ਦੀ ਜ਼ਿੰਦਗੀ ਹਰ ਇਕ ਵਿਦਿਆਰਥੀ ਲਈ ਮਹੱਤਵਪੂਰਨ ਪੜਾਅ ਹੈ ਜਿਸ ਦੀਆਂ ਆਪਣੀਆਂ ਚੁਣੌਤੀਆਂ ਹਨ।ਘਰ ਤੋਂ ਦੂਰ ਰਹਿਣਾ ਆਪਣੇ ਆਪ ਵਿਚ ਮਜ਼ੇਦਾਰ ਹੈ, ਪਰ ਇਹ ਸਮਾਂ ਵੀ ਸੀਮਿਤ ਹੁੰਦਾ ਹੈ।ਕਾਲਜ ਦੀ ਜ਼ਿੰਦਗੀ ਵਿਚ ਆਏ ਉਤਰਾਅ-ਚੜਾਅ ਇਕ ਵਿਅਕਤੀ ਦੀ ਜ਼ਿੰਦਗੀ ਨੂੰ ਬਣਾਉਣ ਜਾਂ ਢਾਹੁਣ ਵਿਚ ਵੀ ਰੋਲ ਅਦਾ ਕਰਦੇ ਹਨ।ਇਹ ਸਕੂਲ ਦੀ ਜ਼ਿੰਦਗੀ ਅਤੇ ਕੈਰੀਅਰ ਵਿਚ ਇਕ ਪੁੱਲ ਦੇ ਤੌਰ ਤੇ ਕੰਮ ਕਰਦਾ ਹੈ।ਇਹ ਪੁੱਲ ਬਹੁਤ ਵੱਡਾ ਹੁੰਦਾ ਹੈ ਜਦੋਂ ਅਸੀ ਬਚਪਨ ਅਤੇ ਜਵਾਨੀ ਵਿਚਲੇ ਅੰਤਰ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ।ਕਾਲਜ ਦੇ ਅਧਿਆਪਕ ਸਾਡੇ ਮਿੱਤਰ ਅਤੇ ਰਾਹ ਦਸੇਰੇ ਹੁੰਦੇ ਹਨ।ਇਹ ਜ਼ਿੰਦਗੀ ਦਾ ਯਾਦਗਾਰ ਸਮਾਂ ਹੁੰਦਾ ਹੈ।ਇਹ ਵਿਅਕਤੀ ਦੀ ਸ਼ਖਸੀਅਤ ਦੇ ਵਿਕਾਸ ਵਿਚ ਰੋਲ ਅਦਾ ਕਰਦਾ ਹੈ।ਇਹ ਅਜ਼ਾਦੀ, ਸਮੇਂ ਦੀ ਮਹੱਤਤਾ ਅਤੇ ਤਰਕਪੂਰਨ ਫੈਸਲੇ ਕਰਨਾ ਸਿਖਾਉਂਦਾ ਹੈ।