ਪੱਛਮੀ ਮੁਲਕਾਂ ਵਿੱਚ ਵਸਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਇਸਾਈ ਹਨ। ਯੂਰਪ ਦੇ ਬਹੁਤੇ ਮੁਲਕ ਅਤੇ ਦੁਨੀਆਂ ਦੀ ਵੱਡੀਆਂ ਸ਼ਕਤੀਆਂ ਅਮਰੀਕਾ ਅਤੇ ਰੂਸ ਵਿੱਚ ਵਸਣ ਵਾਲੀ ਵੱਡੀ ਗਿਣਤੀ ਇਸਾਈਆਂ ਦੀ ਹੈੈ। ਵੈਟੀਕਨ ਨੂੰ ਸੰਸਾਰ ਭਰ ਦੇ ਇਸਾਈਆਂ ਦਾ ਮੁੱਖ ਕੇਂਦਰ ਮੰਨਿਆਂ ਜਾਂਦਾ ਹੈ। ਜਿਵੇਂ ਸਿੱਖਾਂ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਮੁਸਲਮਾਨਾਂ ਲਈ ਮੱਕਾ ਪਵਿੱਤਰ ਹੈ ਇਸੇ ਤਰ੍ਹਾਂ ਇਸਾਈ ਧਰਮ ਨੂੰ ਮੰਨਣ ਵਾਲਿਆਂ ਲਈ ਵੈਟੀਕਨ ਇੱਕ ਪਵਿੱਤਰ ਅਸਥਾਨ ਹੈ, ਜਿੱਥੇ ਇਸਾਈ ਧਰਮ ਗੁਰੂ ਜਿਸਨੂੰ ਪੋਪ ਆਖਿਆ ਜਾਂਦਾ ਹੈ ਦਾ ਮੁੱਖ ਕੇਂਦਰ ਹੈੈ। ਸਮੁੱਚੇ ਇਸਾਈ ਜਗਤ ਨੂੰ ਪੋਪ ਵੈਟੀਕਨ ਤੋਂ ਧਾਰਮ ਸੰਦੇਸ਼ ਦਿੰਦੇ ਹਨ।

ਹਰ ਸਾਲ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ਤੇ ਪੋਪ ਸਮੁੱਚੇ ਇਸਾਈ ਭਾਈਚਾਰੇ ਲਈ ਸੰਦੇਸ਼ ਜਾਰੀ ਕਰਦੇ ਹਨ। 25 ਦਸੰਬਰ ਦਾ ਪੋਪ ਦਾ ਸੰਦੇਸ਼ ਸੁਣਨ ਲਈ ਦੁਨੀਆਂ ਭਰ ਤੋਂ ਧਾਰਮਕ ਸ਼ਰਧਾ ਵਾਲੇ ਇਸਾਈ ਵੈਟੀਕਨ ਇਕੱਠੇ ਹੁੰਦੇ ਹਨ। ਆਪਣੇ ਧਾਰਮ ਕੇਂਦਰ ਅਤੇ ਧਰਮ ਗੁਰੂ ਦੇ ਦਰਸ਼ਨ ਕਰਨ ਦੀ ਸਦੀਆਂ ਪੁਰਾਣੀ ਰੀਝ ਹਾਲੇ ਵੀ ਸਧਾਰਨ ਲੋਕਾਂ ਵਿੱਚ ਜਿਉਂ ਦੀ ਤਿਉਂ ਪਈ ਹੈੈੈ। ਉਹ ਪੂਰੀ ਦੁਨੀਆਂ ਤੋਂ ਵਿਸ਼ੇਸ਼ ਸ਼ਰਧਾ ਨਾਲ ਵੈਟੀਕਨ ਆਉਂਦੇ ਹਨ। ਸ਼ਰਧਾ ਨਾਲ ਪੋਪ ਦੇ ਦਰਸ਼ਨ ਕਰਦੇ ਹਨ ਅਤੇ ਉਨ੍ਹ੍ਹਾਂ ਦਾ ਸੰਦੇਸ਼ ਸੁਣਦੇ ਹਨ।

25 ਦਸੰਬਰ ਵਾਲੇ ਇਕੱਠ ਅਤੇ ਸੰਦੇਸ਼ ਦੀ ਇੱਕ ਬਹੁਤ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਇਸ ਦਿਨ ਦੁਨੀਆਂ ਭਰ ਦੀ ਸਿਆਸਤ ਨੂੰ ਚਲਾਉਣ ਵਾਲੇ ਲੋਕਾਂ ਵਿੱਚੋਂ ਕੋਈ ਵੀ ਵੈਟੀਕਨ ਨਹੀ ਪਹੁੰਚਦਾ। ਦੁਨੀਆਂ ਭਰ ਦੇ ਸਮੁੱਚੇ ਇਸਾਈ ਸਿਆਸਤਦਾਨ 25 ਦਸੰਬਰ ਵਾਲੇ ਵੈਟੀਕਨ ਦੇ ਇਕੱਠ ਤੋਂ ਦੂਰ ਹੀ ਰਹਿੰਦੇ ਹਨ। ਆਪਣੇ ਵੋਟਰਾਂ ਨੂੰ ਦਿਖਾਉਣ ਲਈ ਉਹ ਆਪਣੇ ਨੇੜਲੇ ਗਿਰਜਾ ਘਰਾਂ ਵਿੱਚ ਜਾਂਦੇ ਹਨ ਪਰ ਵੈਟੀਕਨ ਨਹੀ ਜਾਂਦੇ। ਸ਼ਾਇਦ ਦੁਨੀਆਂ ਦੀ ਸਿਆਸਤ ਨੂੰ ਚਲਾੳਣ ਵਾਲੇ ਅਤੇ ਇਸਾਈਆਂ ਸਮੇਤ ਗੈਰ-ਇਸਾਈਆਂ ਦੀ ਜਿੰਦਗੀ ਅਤੇ ਮੌਤ ਬਾਰੇ ਫੈਸਲੇ ਕਰਨ ਵਾਲੇ ਲੋਕ ਆਪਣੇ ਆਪ ਨੂੰ ਕਿਸੇ ਅਜਿਹੇ ਬੰਧਨ ਵਿੱਚ ਨਹੀ ਬੰਨ੍ਹਣਾਂ ਚਾਹੁੰਦੇ ਜੋ 25 ਦਸੰਬਰ ਨੂੰ ਵੈਟੀਕਨ ਤੋਂ ਉਪਜਦੇ ਹਨ। 25 ਦਸੰਬਰ ਨੂੰ ਵੈਟੀਕਨ ਤੋਂ ਉਪਜਦੀ ਮਨੁੱਖਤਾ ਅਤੇ ਧਰਮ ਦੀ ਅਵਾਜ਼ ਨੂੰ ਦੁਨੀਆਂ ਦਾ ਕੋਈ ਵੀ ਇਸਾਈ ਲੀਡਰ ਨਹੀ ਸੁਣਨਾਂ ਚਾਹੁੰਦਾ। ਵੈਸੇ ਉਹ ਚਰਚ ਲਈ ਜਾਂ ਵੈਟੀਕਨ ਲਈ ਸਰਕਾਰੀ ਫੰਡ ਵਗੈਰਾ ਭੇਜ ਦਿੰਦੇ ਹਨ ਅਤੇ ਫੰਡ ਦੇ ਕੇ ਹੀ ਆਪਣੇ ਆਪ ਨੂੰ ਸੱਚੇ ਇਸਾਈ ਸਿੱਧ ਕਰੀ ਜਾਂਦੇ ਹਨ ਪਰ ਪੋਪ ਦੇ ਸੰਦੇਸ਼ ਦੇ ਸਾਂਝੀ ਨਹੀ ਬਣਦੇ।

ਹਰ ਸਾਲ ਕ੍ਰਿਸਮਸ ਤੇ ਪੋਪ ਦੁਨੀਆਂ ਭਰ ਦੇ ਸਿਆਸੀ ਲੀਡਰਾਂ ਨੂੰ ਸੰਦੇਸ਼ ਦਿੰਦੇ ਹਨ ਕਿ ਉਨ੍ਹਾਂ ਦੇ ਫੈਸਲਿਆਂ ਨਾਲ ਆਮ ਮਨੁੱਖਤਾ ਦਾ ਜੋ ਘਾਣ ਹੋ ਰਿਹਾ ਹੈ ਉਸ ਨੂੰ ਰੋਕਣ ਦੇ ਯਤਨ ਕੀਤੇ ਜਾਣ। ਪਰ ਕੋਈ ਪੋਪ ਦੇ ਉਸ ਰੁਹਾਨੀ ਸੰਦੇਸ਼ ਤੇ ਕੰਨ ਨਹੀ ਧਰਦਾ।

ਪਿਛਲੇ ਸਾਲ ਕ੍ਰਿਸਮਸ ਦੇ ਮੌਕੇ ਤੇ ਪੋਪ ਨੇ ਆਖਿਆ ਸੀ ਕਿ ਦੁਨੀਆਂ ਭਰ ਦੇ ਅਮੀਰ ਲੋਕਾਂ ਅਤੇ ਅਮੀਰ ਕੰਪਨੀਆਂ ਵਿੱਚ ਪੈਸੇ ਇਕੱਠੇ ਕਰਨ ਦੀ ਜੋ ਦੌੜ ਲੱਗੀ ਹੋਈ ਹੈ ਉਸਨੂੰ ਖਤਮ ਕੀਤਾ ਜਾਵੇ। ਗਰੀਬ ਅਤੇ ਅਮੀਰ ਦੇ ਵਧ ਰਹੇ ਪਾੜੇ ਨੂੰ ਪੂਰਿਆ ਜਾਵੇ। ਜਿਨ੍ਹਾਂ ਗਰੀਬਾਂ ਕੋਲ ਖਾਣ, ਪੀਣ ਅਤੇ ਰਹਿਣ ਲਈ ਕੁਝ ਨਹੀ ਹੈ ਉਨ੍ਹਾਂ ਨੂੰ ਮੁੱਖ ਰੱਖਕੇ ਆਰਥਕ ਅਤੇ ਵਪਾਰਕ ਨੀਤੀ ਬਣਾਈ ਜਾਵੇ ਤਾਂ ਕਿ ਗਰੀਬ ਲੋਕ ਵੀ ਇਸ ਧਰਤੀ ਤੇ ਆ ਕੇ ਮਾਣ ਮਹਿਸੂਸ ਕਰ ਸਕਣ। ਪਰ ਕਿਸੇ ਵੀ ਕਾਰਪੋਰੇਸ਼ਨ ਜਾਂ ਸਰਕਾਰ ਨੇ ਪੋਪ ਦੇ ਉਸ ਰੁਹਾਨੀ ਸੰਦੇਸ਼ ਦਾ ਕਿਤੇ ਜਿਕਰ ਤੱਕ ਨਹੀ ਕੀਤਾ। ਆਰਥਕ ਨੀਤੀਆਂ ਹਾਲੇ ਵੀ ਅਮੀਰਾਂ ਦੇ ਹੱਕ ਵਿੱਚ ਹੀ ਬਣ ਰਹੀਆਂ ਹਨ।

ਇਸ ਸਾਲ ਦੇ ਸੰਦੇਸ਼ ਵਿੱਚ ਪੋਪ ਨੇ ਦੁਨੀਆਂ ਭਰ ਦੇ ਤਿੰਨ ਸੰਕਟਾਂ ਨੂੰ ਖਤਮ ਕਰਕੇ ਮਨੁੱਖਤਾ ਨੂੰ ਨਵੀਂ ਜਿੰਦਗੀ ਦੇਣ ਦਾ ਸੰਦੇਸ਼ ਦਿੱਤਾ ਹੈੈ। ਪਹਿਲਾ ਸੰਕਟ ਯਮਨ ਦਾ ਹੈ ਜਿੱਥੇ ਅਮਰੀਕਾ ਦੇ ਸਹਿਯੋਗੀ ਸਾਉਦੀ ਅਰਬ ਵਾਲੇ ਬੇਕਿਰਕ ਬੰਬਾਰੀ ਕਰਕੇ ਬੱਚਿਆਂ ਤੱਕ ਦਾ ਵੀ ਕਤਲ ਕਰੀ ਜਾ ਰਹੇ ਹਨ। ਦੂਜਾ ਸੰਕਟ ਜਿਸਦਾ ਜਿਕਰ ਪੋਪ ਨੇ ਕੀਤਾ ਹੈ ਉਹ ਫਲਸਤੀਨ ਦਾ ਸੰਕਟ ਹੈੈ, ਜੋ ਦਹਕਿਆਂ ਤੋਂ ਉਬਲ ਰਿਹਾ ਹੈੈੈ। ਪਰ ਅਮਰੀਕਾ ਅਤੇ ਇਜ਼ਰਾਈਲ ਸਮੇਤ ਸਾਰਾ ਇਸਾਈ ਜਗਤ ਸਿਰਫ ਜਿੱਦ ਕਰ ਰਿਹਾ ਹੈੈ। ਹੁਣ ਤਾਂ ਅਮਰੀਕਾ ਨੇ ਆਪਣਾ ਸਰਕਾਰੀ ਸਫਾਰਤਖਾਨਾ ਵੀ ਜੇਰੂਸ਼ਲਮ ਵਿੱਚ ਤਬਦੀਲ ਕਰ ਲਿਆ ਹੈ ਜੋ ਫਲਸਤੀਨੀਆਂ ਲਈ ਹੋਰ ਦੁਖਦਾਈ ਬਣ ਰਿਹਾ ਹੈੈ। ਅਸਟਰੇਲੀਆ ਅਤੇ ਬਰਾਜ਼ੀਲ ਨੇ ਵੀ ਆਪਣੇ ਸਫਾਰਤਖਾਨੇ ਜੇਰੂਸ਼ਲਮ ਵਿੱਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈੈ।

ਤੀਜਾ ਸੰਕਟ ਜਿਸਦਾ ਪੋਪ ਨੇ ਆਪਣੇ ਸੰਦੇਸ਼ ਵਿੱਚ ਜਿਕਰ ਕੀਤਾ ਹੈ ਉਹ ਸੀਰੀਆ ਦਾ ਸੰਕਟ ਹੈ ਜਿੱਥੇ ਲਗਾਤਾਰ ਮਨੁੱਖਤਾ ਦਾ ਕਤਲੇਆਮ ਹੋ ਰਿਹਾ ਹੈੈ। ਸੀਰੀਆ ਵਿੱਚ ਵੀ ਇਜ਼ਰਾਈਲ ਅਤੇ ਅਮਰੀਕਾ ਨੇ ਨਵੇਂ ਸਿਰੇ ਤੋਂ ਹਮਲੇ ਅਰੰਭ ਕਰ ਦਿਤੇ ਹਨ, ਰੂਸ ਪਹਿਲਾਂ ਹੀ ਉੱਥੇ ਟੰਗ ਅੜਾਈ ਬੈਠਾ ਹੈੈ।

ਇਸਾਈ ਜਗਤ ਦੇ ਸਿਆਸੀ ਲੀਡਰ ਮਹਿਜ਼ ਇੱਕ ਰਸਮ ਵੱਜੋਂ ਹੀ ਪੋਪ ਦਾ ਸਤਿਕਾਰ ਕਰਦੇ ਹਨ ਪਰ ਜਦੋਂ ਉਸਦੇ ਹੁਕਮਾਂ ਤੇ ਚੱਲਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਮੂੰਹ ਫੇਰ ਲੈਂਦੇ ਹਨ।