2018 ਦਾ ਸਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੁਕੰਮਲ ਹੋ ਰਿਹਾ ਹੈ। ਇਸ ਸਾਲ ਅੰਦਰ ਕਈ ਪੜਾਅ ਆਏ ਜੋ ਸਿੱਖ ਕੌਮ ਨਾਲ ਡੂੰਘਾ ਸਬੰਧ ਰੱਖਦੇ ਹਨ। ਸਭ ਤੋਂ ਵੱਡਾ ਪੜਾਅ ਸੀ ਇੱਕ ਜੂਨ ਤੋਂ ਅਰੰਭ ਹੋਇਆ ਬਰਗਾੜੀ ਦਾ ਇਨਸਾਫ ਮੋਰਚਾ। ਇਹ ਮੋਰਚਾ ਛੇ ਮਹੀਨੇ ਦੇ ਕਰੀਬ ਚੱਲਿਆ ਅਤੇ ਇਸਨੇ ਆਪਣਾ ਪ੍ਰਭਾਵ ਲਗਾਤਾਰ ਸਮਾਪਤੀ ਤੱਕ ਬਣਾਈ ਰੱਖਿਆ। ਭਾਵੇਂ ਇਸਦੀ ਕੋਈ ਅਹਿਮ ਪ੍ਰਾਪਤੀ ਤਾਂ ਨਹੀਂ ਕਹੀ ਜਾ ਸਕਦੀ ਕਿਉਂਕਿ ਇਸਦੀ ਸਮਾਪਤੀ ਤੋਂ ਬਾਅਦ ਇਸਦੇ ਸੰਚਾਲਕ ਗਰੁਪਾਂ ਵਿੱਚ ਜਨਤਕ ਤੌਰ ਤੇ ਮੱਤਭੇਦ ਉੱਭਰ ਕੇ ਸਾਹਮਣੇ ਆਏ ਹਨ ਜੋ ਇਹ ਪ੍ਰਭਾਵ ਦੇ ਰਹੇ ਹਨ ਕਿ ਮੋਰਚਾ ਆਪਣੀ ਮੁਕੰਮਲਤਾ ਤੋਂ ਅਧੂਰਾ ਹੀ ਰਹਿ ਗਿਆ। ਇਸ ਮੋਰਚੇ ਦਾ ਸਭ ਤੋਂ ਵੱਡਾ ਅਸਰ ਸਦੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਤੇ ਸਾਫ ਦਿਖਾਈ ਦਿੱਤਾ। ਕਿਉਂਕਿ ਇਸ ਮੋਰਚੇ ਦੇ ਲੱਗਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਤਕ ਅਕਸ਼ ਨੂੰ ਕਾਫੀ ਢਾਹ ਲੱਗੀ ਹੈ। ਜਿਸਨੂੰ ਮੁੜ ਸੰਭਾਲਣ ਲਈ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਈ ਉਪਰਾਲੇ ਕੀਤੇ ਪਰ ਅੱਜ ਵੀ ਉਹ ਇਸ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਸਕਿਆ। ਸਗੋਂ ਇਸ ਵਿਚੋਂ ਮਾਝੇ ਦਾ ਧੜਾ ਜੋ ਮਾਝੇ ਇਲਾਕੇ ਵਿੱਚ ਸਿੱਖਾਂ ਵਿੱਚ ਕਾਫੀ ਅਸਰ ਰੱਖਦਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਅੱਲਗ ਹੋ ਗਿਆ ਹੈ ਅਤੇ ਉਸਨੇ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਹੈ।

ਇਸੇ ਤਰਾਂ ਸਾਰਾ ਸਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਸੀ ਉਹ ਵੀ ਇਸ ਸਾਲ ਵਿੱਚ ਕਾਫੀ ਸਮਾਂ ਚਰਚਾ ਵਿੱਚ ਰਿਹਾ। ਇਸਨੇ ਵੀ ਜੋ ਕਾਰਨ ਦਿੱਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਅਕਸ਼ ਨੂੰ ਕਾਫੀ ਢਾਹ ਲਾਈ ਹੈ। ਪਰ ਇਸ ਕਮਿਸ਼ਨ ਤੋਂ ਬਾਅਦ ਵੀ ਕੋਈ, ਜਿਸ ਆਸ਼ੇ ਲਈ ਇਹ ਕਮਿਸ਼ਨ ਤਹਿ ਕੀਤਾ ਗਿਆ ਸੀ, ਉਸ ਬਾਰੇ ਕੋਈ ਮੁਕੰਮਲਤਾ ਸਾਹਮਣੇ ਨਹੀਂ ਆਈ ਹੈ। ਇਸੇ ਤਰ੍ਹਾਂ ਲੋਕਾਂ ਦੇ ਪ੍ਰਭਾਵ ਤੇ ਹੁੰਗਾਰੇ ਨਾਲ ਬਣੀ ਆਮ ਆਦਮੀ ਪਾਰਟੀ ਵੀ ਥੋੜੇ ਸਮੇਂ ਵਿੱਚ ਹੀ ਪੰਜਾਬ ਅੰਦਰੋਂ ਬਿਖਰ ਗਈ ਹੈ। ਇਸ ਵਿਚੋਂ ਹੀ ਇੱਕ ਧੜੇ ਨੇ ਹੋਰ ਹਮਖਿਆਲੀ ਬੰਦਿਆ ਨਾਲ ਰਲ ਕੇ ਪੰਜਾਬ ਦੇ ਸਿਆਸੀ ਮੰਚ ਤੇ ਪਛਾਣ ਬਣਾਉਣ ਲਈ ਇੱਕ ਨਵਾਂ ਸਿਆਸੀ ਗਠਜੋੜ ਖੜਾ ਕੀਤਾ ਹੈ। ਆਉਣ ਵਾਲੇ ਨਵੇਂ ਸਾਲ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਤਰਾਂ ਭਾਰਤ ਦੇ ਰੰਗਮੰਚ ਦੇ ਬੀਤੇ ਵਰੇ ਤੇ ਜੇ ਝਾਤ ਮਾਰੀਏ ਤਾਂ ਮੁੱਖ ਰੂਪ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਰਾਜਨੀਤੀ 2019 ਦੀਆਂ ਆਉਣ ਵਾਲੀਆਂ ਚੋਣਾਂ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੀ ਹੈ। ਮੁੱਖ ਮੁੱਦਿਆ ਨੂੰ ਪਰੇ ਰੱਖ ਕੇ ਜਾਂ ਮੁੱਖ ਧੁਰਾ ਬਣਾ ਕਿ ਇਸ ਨੂੰ ਲੜਿਆ ਜਾਵੇਗਾ ਇਹ ਅਜੇ ਤਹਿ ਨਹੀਂ ਹੈ ਪਰ ਇਹ ਜਰੂਰ ਹੈ ਕਿ ਰਾਮ ਮੰਦਰ ਦੀ ਉਸਾਰੀ ਦਾ ਵਿਸ਼ਾ ਜਰੂਰ ਅਹਿਮ ਬਣੇਗਾ। ਅੱਜ ਵੀ ਭਾਰਤ ਅੰਦਰ ਭੀੜ-ਤੰਤਰ ਤੇ ਗਊ ਰਕਸ਼ਕਾਂ ਦਾ ਪ੍ਰਭਾਵ ਜਨਤਾ ਤੇ ਭਾਰੂ ਹੈ। ਇਸ ਬਾਰੇ ਕੋਈ ਵੀ ਟਿੱਪਣੀ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ।

ਇਸੇ ਤਰਾਂ ਰਾਸ਼ਟਰੀ ਪੱਧਰ ਤੇ ਮੁੱਖ ਘਟਨਾ ਜੋ ਸਿੱਖ ਕੌਮ ਨਾਲ ਸਿੱਧੇ ਤੌਰ ਤੇ ਸਬੰਧਤ ਹੈ ਉਹ ਇਹ ਕਿ ਸਿੱਖ ਨਸਲਕੁਸ਼ੀ ਦੇ ਇੱਕ ਮੁੱਖ ਦੋਸ਼ੀ ਨੂੰ 34 ਸਾਲ ਬਆਦ ਅਦਾਲਤ ਵੱਲੋਂ ਸਜਾ ਸੁਣਾਈ ਗਈ। ਜਿਸ ਨਾਲ ਇਹ ਆਸ ਬੱਝੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਦਾਲਤਾਂ ਸ਼ਾਇਦ ਨਸਲਕੁਸ਼ੀ ਦੇ ਹੋਰ ਦੋਸ਼ੀਆਂ ਨੂੰ ਵੀ ਸਜ਼ਾ ਦੇ ਕਟਹਿਰੇ ਵਿੱਚ ਲਿਆਉਣਗੀਆਂ। ਕਿਉਂਕਿ ਅਜੇ 200 ਤੋਂ ਉੱਪਰ ਕੇਸ ਇਸ ਨਸਲਕੁਸ਼ੀ ਨਾਲ ਸਬੰਧਿਤ ਬਾਕੀ ਹਨ। ਕੁਲ ਮਿਲਾ ਕੇ ਇਸ ਸਾਲ ਦੇ ਵਿੱਚ ਮੁੱਖ ਅੰਸ਼ ਜੋ ਸਾਹਮਣੇ ਆਇਆ ਹੈ ਉਹ ਇਹ ਕਿ ਡੇਰਾ ਬਾਬਾ ਨਾਨਕ ਦਾ ਭਾਰਤ-ਪਾਕਿਸਤਾਨ ਦਾ ਰਸਤਾ ਖੁੱਲਣ ਦਾ ਸਬੱਬ ਬਣਿਆ ਹੈ, ਜਿਸ ਰਾਹੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਤੇ ਸੰਗਤਾਂ ਖੁੱਲੇ ਰੂਪ ਵਿੱਚ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰ ਸਕਣਗੀਆਂ। ਇਸ ਤਰਾਂ ਇਹ ਵਰਾ ਕਈ ਅਹਿਮ ਘੜੀਆਂ ਇਤਿਹਾਸ ਦੇ ਪੰਨਿਆਂ ਤੇ ਛੱਡਦਾ ਹੋਇਆ ਸਮਾਪਤੀ ਵੱਲ ਵੱਧ ਰਿਹਾ ਹੈ।