ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਚਲਦੀ ਕੈਂਸਰ ਟਰੇਨ ਬੜੀਆਂ ਹੀ ਦੁਖਦਾਈ ਘਟਨਾਵਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਹਰ ਰੋਜ ਰਾਤ ਨੂੰ 9 ਵਜੇ ਬਠਿੰਡਾ ਤੋਂ ਬੀਕਾਨੇਰ ਲਈ ਚਲਦੀ ਹੈ। ਜਿਸ ਵਿੱਚ ਮਾਲਵਾ ਖਿੱਤੇ ਦੇ ਬਹੁਤੇ ਗਰੀਬ ਲੋਕ ਕੈਂਸਰ ਦਾ ਇਲਾਜ ਕਰਵਾਉਣ ਲਈ ਉਥੇ ਜਾਂਦੇ ਹਨ। ਇਸ ਟਰੇਨ ਦੀ ਕਹਾਣੀ ਕਈ ਸਾਲਾਂ ਤੋਂ ਚੱਲ ਰਹੀ ਹੈ। ਇਸ ਟਰੇਨ ਦੀਆਂ ਸਵਾਰੀਆਂ ਵਿੱਚ ਹਰ ਸਾਲ ਹੋਰ ਵਾਧਾ ਹੋ ਜਾਂਦਾ ਹੈ। ਬੀਕਾਨੇਰ ਹਸਪਤਾਲ ਵਿੱਚ ਇੰਨਾ ਮਰੀਜਾਂ ਨੂੰ ਆਪਣੇ ਇਲਾਜ ਲਈ ਘੱਟ ਪੈਸੇ ਵਿੱਚ ਇਲਾਜ ਮਿਲਦਾ ਹੈ। ਪਰ ਇਥੇ ਇੰਨਾ ਮਰੀਜਾਂ ਤੇ ਇੰਨਾ ਦੇ ਵਾਰਿਸਾਂ ਦੀ ਰੋਟੀ ਪਾਣੀ ਵਿੱਚ ਕਾਫੀ ਔਕੜਾ ਆਉਂਦੀਆਂ ਸਨ। ਕੁਝ ਵਰੇ ਪਹਿਲਾਂ ਬੀਕਾਨੇਰ ਤੋਂ 335 ਕਿਲੋਮੀਟਰ ਦੀ ਵਿੱਥ ਤੇ ਪੈਂਦੇ ਪਿੰਡ ਕੋਰੇਆਨਾ ਦਾ ਇੱਕ ਅਪਾਹਜ ਨੌਜਵਾਨ ਗੁਰਜੰਟ ਸਿੰਘ ਕਿਸੇ ਆਪਣੇ ਮਰੀਜ ਰਿਸ਼ਤੇਦਾਰ ਨਾਲ ਬੀਕਾਨੇਰ ਦੇ ਇਸ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਗਿਆ ਸੀ। ਇਹ 2014 ਦੀ ਗੱਲ ਹੈ। ਉਸਨੇ ਉਥੇ ਜਾ ਕੇ ਕੈਂਸਰ ਦੇ ਮਰੀਜਾਂ ਅਤੇ ਉਨਾਂ ਦੇ ਵਾਰਿਸਾਂ ਦੀ ਰੋਟੀ ਪਾਣੀ ਲਈ ਭਟਕਣਾ ਦੇਖੀ ਤਾਂ ਉਸਦਾ ਮਨ ਦਹਿਲ ਗਿਆ। ਉਸਨੇ ਉਸ ਦਿਨ ਹੀ ਠਾਣ ਲਈ ਕਿ ਮੈਂ ਇਸ ਮੁਸ਼ਕਲ ਦੇ ਹੱਲ ਲਈ ਆਪਣੀ ਵਿੱਤ ਮੁਤਾਬਕ ਉਪਰਾਲਾ ਕਰਾਂਗਾ। ਉਸਨੇ ਆਪਣੇ ਪਿੰਡ ਵਾਪਸ ਜਾਂ 20 ਨੌਜਵਾਨਾਂ ਨਾਲ ਮਿਲ ਕੇ ਗੁਰੂ ਹਰਕ੍ਰਿਸ਼ਨ ਜੀ ਵੈਲਫੇਅਰ ਸੁਸਾਇਟੀ ਬਣਾ। ਜਿਸਦੇ ਸਹਿਯੋਗ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਮੋਹਰੀ ਬਣਾ ਲਿਆ। ਉਹਨਾਂ ਨੇ ਇਸ ਸਹਿਯੋਗ ਨਾਲ ਪਿੰਡ ਵਿਚੋਂ ਬਣਦਾ ਰਾਸ਼ਨ ਇੱਕਠਾ ਕੀਤਾ ਤੇ ਦੋ ਟਰੈਕਟਰ ਟਰਾਲੀਆਂ ਸਮਾਨ ਦੀਆਂ ਭਰ ਕੇ ਪਿੰਡ ਕੋਰੀਆਨਾ ਤੋਂ 335 ਕਿਲੋਮੀਟਰ ਦੂਰ ਕੈਂਸਰ ਹਸਪਤਾਲ ਦੇ ਸਾਹਮਣੇ ਸੜਕ ਤੇ ਲੰਗਰ ਲਗਾ ਲਿਆ। ਥੋੜੇ ਦਿਨਾਂ ਬਾਅਦ ਹੀ ਉਥੋਂ ਦੇ ਇੱਕ ਕਾਰੋਬਾਰੀ ਨੇ ਉਹਨਾਂ ਦੀ ਸੇਵਾ-ਭਾਵਨਾ ਦੇਖ ਕੇ ਲੰਗਰ ਲਈ ਇੱਕ ਧਰਮਸ਼ਾਲਾ ਖੋਲ ਦਿੱਤੀ ਜੋ ਹਸਪਤਾਲ ਦੇ ਨੇੜੇ ਹੀ ਸੀ। ਪਹਿਲੇ ਵਰੇ 2014 ਨੂੰ ਉਦਮੀ ਨੌਜਵਾਨਾਂ ਨੇ 57 ਦਿਨ ਲੰਗਰ ਲਗਾਇਆ। ਦੂਜੇ ਵਰੇ 67 ਦਿਨ ਲੰਗਰ ਲਗਾਇਆ। ਤੀਜੇ ਵਰੇ 100 ਦਿਨ ਲੰਗਰ ਲਗਾਇਆ। 2018 ਵਿੱਚ ਲੰਗਰ 125 ਦਿਨ ਚੱਲਿਆ। ਹੁਣ ਇੰਨਾ ਦੀ ਯੋਗਤਾ ਇੰਨੀ ਕੁ ਬਣ ਗਈ ਹੈ ਕਿ 2019 ਵਿੱਚ ਇੰਨਾ ਨੇ ਪੂਰਾ ਵਰਾ ਲੰਗਰ ਲਗਾਉਣ ਦੀ ਠਾਣ ਲਈ ਹੈ। ਸਮੇਂ ਨਾਲ ਇੰਨਾ ਨੌਜਵਾਨਾਂ ਨੇ ਆਪਣੇ ਪੱਲਿਉਂ 25 ਹਜ਼ਾਰ ਹਰ ਨੌਜਵਾਨ ਵੱਲੋਂ ਪਾ ਕੇ ਸਾਦੇ ਤਿੰਨ ਲੱਖ ਦੀ ਰੋਟੀ ਬਣਾਉਣ ਵਾਲੀ ਮਸ਼ੀਨ ਖਰੀਦੀ ਹੈ। ਕੈਂਸਰ ਦੇ ਡਾਕਟਰਾਂ ਦੀ ਸਲਾਹ ਨਾਲ ਇੰਨਾ ਨੌਜਵਾਨਾਂ ਨੇ ਮਰੀਜਾਂ ਲਈ ਸਪੈਸਲ ਖਾਣਾ ਵੀ ਟਿਫਨ ਦੁਆਰਾ ਦੇਣਾ ਸ਼ੁਰੂ ਕੀਤਾ ਤੇ ਨਾਲ ਹੀ ਥਰਮਸ ਵਿੱਚ ਪਾ ਕੇ ਚਾਹ ਦੀ ਸੇਵਾ ਵੀ ਕੀਤੀ ਜਾਂਦੀ ਹੈ। ਇੰਨਾ ਨੌਜਵਾਨਾਂ ਦੇ ਉਦਮ ਨੂੰ ਦੇਖ ਕੇ ਪਿੰਡ ਦੀਆਂ ਔਰਤਾਂ ਨੇ ਵੀ ਇੰਨਾ ਦਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਅਤੇ ਆ ਕੇ ਲੰਗਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨਾ ਨੌਜਵਾਨਾਂ ਨੇ ਇਸ ਮਿਸ਼ਨ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਹੈ। ਇੰਨਾ ਦੀ ਲਗਨ ਨੂੰ ਦੇਖ ਕੇ ਆਲੇ-ਦੁਆਲੇ ਦੇ ਪਿੰਡਾਂ ਨੇ ਵੀ ਇਸ ਲੰਗਰ ਲਈ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਉਦਮ ਸਦਕਾ ਹੁਣ ਇੰਨਾ ਨੇ ਖੂਨ-ਦਾਨ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਹ 600 ਤੋਂ ਵੱਧ ਖੂਨ ਦੀਆਂ ਬੋਤਲਾਂ ਦਾਨ ਵਜੋਂ ਦੇ ਚੁੱਕੇ ਹਨ। ਜਿਸ ਤਰਾਂ ਖਾਲਸਾ ਏਡ ਦੁਨੀਆਂ ਭਰ ਵਿੱਚ ਸ਼ਰਨਾਰਥੀਆਂ ਤੇ ਲੋੜਬੰਦਾਂ ਲਈ ਲੜਾਈ ਵਾਲੇ ਇਲਾਕਿਆਂ ਵਿਚ ਲੰਗਰ ਦੀ ਸੇਵਾ ਕਰਦੀ ਹੈ ਉਸ ਤਰਾਂ ਹੀ ਇਹ ਇੱਕ ਮਿਸ਼ਨ ਬੀਕਾਨੇਰ ਦੇ ਨੇੜੇ ਪੈਂਦੇ ਇੰਨਾ ਪਿੰਡਾਂ ਦੇ ਨੌਜਵਾਨਾਂ ਨੇ ਵੀ ਆਪਣੇ ਪੱਧਰ ਤੇ ਸ਼ੁਰੂ ਕੀਤਾ ਹੋਇਆ ਹੈ। ਇਹ ਮਾਨਵਤਾ ਪ੍ਰਤੀ ਵੱਡਾ ਉਪਰਾਲਾ ਹੈ ਜਿਸ ਨੂੰ ਸਿੱਖ ਕੌਮ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ।