ਕਸ਼ਮੀਰ ਦਾ ਮਸਲਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਇੱਕ ਗੰਭਰਿ ਅਤੇ ਲੰਬੇ ਮਸਲੇ ਦੇ ਤੌਰ ਤੇ ਉਭਰ ਰਿਹਾ ਹੈ। 1947 ਦੀ ਭਾਰਤ-ਪਾਕਿਸਤਾਨ ਵੰਡ ਦੇ ਵੇਲੇ ਤੋਂ ਹੀ ਇਹ ਮਸਲਾ ਦੋਹਾਂ ਮੁਲਕਾਂ ਦੇ ਰਾਜਨੀਤੀਵਾਨਾਂ ਅਤੇ ਕੂਟਨੀਤਿਕਾਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈੈ। ਇਸ ਮਸਲੇ ਦੇ ਹੱਲ ਲਈ ਜਿੱਥੇ ਦੋਵਾਂ ਮੁਲਕਾਂ ਦਰਮਿਆਨ ਦੋ ਜੰਗਾਂ ਹੋ ਚੁੱਕੀਆਂ ਹਨ ਉੱਥੇ ਬਹੁਤ ਲੰਬੇ ਸਮੇਂ ਤੋਂ ਦੋਵੇਂ ਮੁਲਕ ਆਪਣੇ ਏਜੰਟਾਂ ਰਾਹੀਂ ਇੱਕ ਦੂਜੇ ਦੇ ਸ਼ਹਿਰੀਆਂ ਨੂੰ ਨਿਸ਼ਾਨੇ ਬਣਾ ਰਹੇ ਹਨ। ਇਸਦੇ ਨਾਲ ਹੀ ਸਰਹੱਦ ਦੇ ਦੋਵੇਂ ਪਾਸੇ ਚਲਦੀਆਂ ਗੋਲੀਆਂ ਵਿੱਚ ਵੀ ਆਮ ਘਰਾਂ ਦੇ ਨੌਜਵਾਨ ਜੋ ਫੌਜੀਆਂ ਵੱਜੋਂ ਜਾਣੇ ਜਾਂਦੇ ਹਨ ਮਰ ਰਹੇ ਹਨ। ਸਿਆਸੀ ਲੀਡਰਾਂ ਦੀ ਹੱਠਧਰਮੀ ਕਾਰਨ ਹੁਣ ਤੱਕ ਅਨੇਕਾਂ ਪਰਿਵਾਰਾਂ ਦੇ ਚਿਰਾਗ ਬੁਝ ਚੁੱਕੇ ਹਨ। ਪਰ ਇਸਦੇ ਬਾਵਜੂਦ ਵੀ ਇਹ ਮਸਲਾ ਹੱਲ ਨਹੀ ਹੋ ਰਿਹਾ।
ਅਸਲ ਵਿੱਚ ਪਹਿਲੇ ਦਿਨ ਤੋਂ ਹੀ ਨਾ ਕਸ਼ਮੀਰੀਆਂ ਨੇ ਭਾਰਤ ਨੂੰ ਇੱਕ ਦੇਸ਼ ਵੱਜੋਂ ਅਪਨਾਇਆ ਹੈ ਅਤੇ ਨਾ ਭਾਰਤ ਨੇ ਕਸ਼ਮੀਰੀਆਂ ਨੂੰ ਆਪਣੇ ਸ਼ਹਿਰੀਆਂ ਵੱਜੋਂ ਅਪਨਾਇਆ ਹੈੈ। ਕਸ਼ਮੀਰੀਆਂ ਦੀਆਂ ਸਿਆਸੀ ਰੀਝਾਂ ਜੇ ਕਿਤੇ ਹੋਰ ਟਿਕੀਆਂ ਹੋਈਆਂ ਹਨ ਤਾਂ ਭਾਰਤੀ ਸਟੇਟ ਦੀ ਸਿਆਸੀ ਰੀਝ ਵੀ ਕਿਤੇ ਹੋਰ ਟਿਕੀ ਹੋਈ ਹੈੈ। ਜੇ ਭਾਰਤੀ ਲੀਡਰਸ਼ਿੱਪ ਸੋਝੀਵਾਨ ਅਤੇ ਸਿਆਣੀ ਹੁੰਦੀ ਤਾਂ ਉਹ ਵਕਤ ਪੈਣ ਨਾਲ ਕਸ਼ਮੀਰੀਆਂ ਦੇ ਮਨ ਵਿੱਚ ਪਏ ਬੇਗਾਨਗੀ ਦੇ ਲੱਛਣਾਂ ਨੂੰ ਖਤਮ ਕਰ ਸਕਦੀ ਸੀ। ਉਨ੍ਹਾਂ ਨੂੰ ਅਪਣੱਤ ਦੀ ਭਾਵਨਾ ਨਾਲ ਆਪਣੇ ਕਲਾਵੇ ਵਿੱਚ ਲੈ ਸਕਦੀ ਸੀ। ਪਰ ਬਦਕਿਸਮਤੀ ਵਸ ਅਜਿਹਾ ਨਹੀ ਹੋਇਆ। ਪਹਿਲੇ ਦਿਨ ਤੋਂ ਹੀ ਭਾਰਤੀ ਲੀਡਰਸ਼ਿੱਪ ਨੇ ਕਸ਼ਮੀਰੀਆਂ ਨਾਲ ਨਜਿੱਠਣ ਲਈ ਫੌਜ ਦੇ ਜਬਰ ਦਾ ਸਹਾਰਾ ਲੈਣਾਂ ਸ਼ੁਰੂ ਕਰ ਦਿੱਤਾ ਸੀ। ਪਿਛਲੇ 70 ਸਾਲਾਂ ਤੋਂ ਭਾਰਤੀ ਫੌਜ ਹੀ ਕਸ਼ਮੀਰ ਬਾਰੇ ਫੈਸਲੇ ਕਰਦੀ ਹੈੈ। ਸਿਆਸੀ ਲੀਡਰਸ਼ਿੱਪ ਤਾਂ ਫੌਜ ਦੇ ਕੰਮਾਂ ਤੇ ਮੋਹਰ ਲਾਉਣ, ਫੌਜ ਦੀ ਵਡਿਆਈ ਕਰਨ ਅਤੇ ਫੌਜ ਦੇ ਗਲਤ ਕੰਮਾਂ ਤੇ ਕਨੂੰਨੀ ਪਰਦਾ ਪਾਉਣ ਦਾ ਕਾਰਜ ਹੀ ਕਰ ਰਹੇ ਹਨ। ਪਿਛਲੇ 70 ਸਾਲਾਂ ਤੋਂ ਭਾਰਤ ਲੀਡਰਸ਼ਿੱਪ ਕਸ਼ਮੀਰ ਤੋਂ ਬਾਹਰ ਹੈੈ। ਭਾਰਤ ਦੀ ਜੇ ਕੋਈ ਹਾਜਰੀ ਕਸ਼ਮੀਰ ਵਿੱਚ ਹੈ ਤਾਂ ਉਹ ਫੌਜ ਦੇ ਰੂਪ ਵਿੱਚ ਹੈੈ। ਕਸ਼ਮੀਰ ਨੂੰ ਅਬਦੁਲਿਆਂ ਅਤੇ ਮਹਿਬੂਬਾ ਮੁਫਤੀਆਂ ਦੇ ਸਹਾਰੇ ਛੱਡ ਕੇ ਭਾਰਤੀ ਲੀਡਰਸ਼ਿੱਪ ਸੁਰਖਰੂ ਹੋਈ ਬੈਠੀ ਹੈੈ। ਇਨ੍ਹਾਂ ਲੋਕਾਂ ਦੇ ਆਪਣੇ ਹਿੱਤ ਹਨ ਅਤੇ ਆਪਣੇ ਸਿਆਸੀ ਵਪਾਰ ਹਨ। ਇਹ ਲੋਕ ਸਿਆਸੀ ਵਪਾਰੀ ਹਨ। ਟਕੇ ਦੀ ਧਾਰ ਦੇਖਕੇ ਉਧਰ ਟਪਕ ਪੈਂਦੇ ਹਨ।
ਕਿਸੇ ਘੱਟ-ਗਿਣਤੀ ਵਿੱਚ ਜੇ ਸਰਕਾਰ ਅਤੇ ਸਟੇਟ ਪ੍ਰਤੀ ਬੇਗਾਨਗੀ ਦਾ ਅਹਿਸਾਸ ਪੈਦਾ ਹੋ ਜਾਵੇ ਤਾਂ ਸੂਝਵਾਨ ਸਟੇਟ ਆਪਣੇ ਸਾਰੇ ਅੰਗਾਂ ਨੂੰ ਹਰਕਤ ਵਿੱਚ ਲਿਆਕੇ ਉਸ ਕੌਮ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਹੈੈ, ਤਾਂ ਕਿ ਉਹ ਸਟੇਟ ਦਾ ਅਨਿੱਖੜਵਾਂ ਅੰਗ ਬਣਕੇ ਰਹਿਣ। ਘੱਟ-ਗਿਣਤੀ ਨੂੰ ਸਨਮਾਨਯੋਗ ਜੀਵਨ ਅਤੇ ਸਮਾਜਕ ਮਹੌਲ ਚਾਹੀਦਾ ਹੁੰਦਾ ਹੈ ਤਾਂ ਕਿ ਉਸਦੇ ਆਪਣੇ ਨਿਆਰੇ ਸਮਾਜਕ, ਸੱਭਿਆਚਾਰਕ ਅਤੇ ਧਾਰਮਕ ਲੱਛਣ ਉਸ ਮਹੌਲ ਵਿੱਚ ਪਲ ਸਕਣ ਅਤੇ ਜਵਾਨ ਹੋ ਸਕਣ। ਜੇ ਉਸਨੂੰ ਉਹ ਵਾਤਾਵਰਨ ਮਿਲੇ ਜੋ ਉਸਦੇ ਸੁਪਨਿਆਂ ਦੇ ਅਨੁਕੂਲ ਹੋਵੇ ਤਾਂ ਕੋਈ ਵੀ ਘੱਟ ਗਿਣਤੀ ਹਥਿਆਰਾਂ ਦੇ ਰਾਹ ਨਹੀ ਪੈਂਦੀ। ਪਰ ਬਦਕਿਸਮਤੀ ਵਸ ਦਿੱਲੀ ਦੇ ਤਖਤ ਤੇ ਬਿਰਾਜਮਾਨ ਹੋਏ ਹਰ ਹਾਕਮ ਨੇ ਕਸ਼ਮੀਰੀਆਂ ਨੂੰ ਬੰਦੂਕ ਨਾਲ ਸਮਝਾਉਣ ਦਾ ਯਤਨ ਕੀਤਾ। ਉਨ੍ਹਾਂ ਨੂੰ ਗਲ ਨਾਲ ਲਾਉਣ ਦੀ ਥਾਂ ਦਹਿਸ਼ਤਜ਼ਦਾ ਕਰਨ ਦਾ ਯਤਨ ਕੀਤਾ। ਫੌਜ ਤੇ ਰੱਖੀ ਲੰਬੀ ਟੇਕ ਨੇ ਕਸ਼ਮੀਰ ਸਮੱਸਿਆ ਨੂੰ ਵਿਗਾੜ ਦਿੱਤਾ ਹੈੈ।
ਹੁਣ ਅਮਰੀਕਾ ਦੇ ਪ੍ਰਧਾਨ ਡਾਨਲਡ ਟਰੰਪ ਨੇ ਇਹ ਆਖ ਕੇ ਮਸਲਾ ਹੱਲ ਕਰਨ ਦੀ ਪੇਸ਼ਕਸ਼ ਕੀਤੀ ਹੈ ਕਿ ਨਰਿੰਦਰ ਮੋਦੀ ਨੇ ਉਸਨੂੰ ਅਜਿਹਾ ਕਰਨ ਲਈ ਆਖਿਆ ਸੀ।
ਅਸੀਂ ਸਮਝਦੇ ਹਾਂ ਕਿ ਜੇ ਲੱਬੇ ਸਮੇਂ ਤੋਂ ਦੋਵੇਂ ਮੁਲਕ ਕਸ਼ਮੀਰ ਸਮੱਸਿਆ ਦਾ ਕੋਈ ਸਨਮਾਨਜਨਕ ਹੱਲ ਨਹੀ ਕੱਢ ਸਕੇ ਤਾਂ ਅਮਰੀਕਾ ਜਾਂ ਸੰਯੁਕਤ ਰਾਸ਼ਟਰ ਨੂੰ ਵਿਚੋਲੇ ਦੇ ਤੌਰ ਤੇ ਪਾਕੇ ਇਸਦਾ ਸਦੀਵੀ ਹੱਲ ਕੱਢ ਲੈਣਾਂ ਚਾਹੀਦਾ ਹੈੈ। ਇਸ ਛੋਟੇ ਜਿਹੇ ਮਸਲੇ ਕਾਰਨ ਹੀ ਦੋਵਾਂ ਮੁਲਕਾਂ ਦਾ ਬੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈੈ। ਇਹ ਖਿੱਤਾ ਜੋ ਏਸ਼ੀਆ ਦੀ ਵਪਾਰਕ ਰਾਜਧਾਨੀ ਬਣ ਸਕਦਾ ਸੀ ਬੰਜਰ ਬਣਨ ਵੱਲ ਵਧ ਰਿਹਾ ਹੈੈ। ਪੰਜਾਬ ਦੀ ਕਿਸਾਨੀ ਦਾ ਜੋ ਬੁਰਾ ਹਾਲ ਹੋਇਆ ਹੈ ਉਹ ਇਸੇ ਕਰਕੇ ਹੈ ਕਿ ਇਸ ਖਿੱਤੇ ਵਿੱਚੋਂ ਉਸਨੂੰ ਕੌਮਾਂਤਰੀ ਵਪਾਰ ਦਾ ਕੋਈ ਕੇਂਦਰ ਨਹੀ ਮਿਲਿਆ। ਇਹ ਗੱਲ ਦੋਵਾਂ ਮੁਲਕਾਂ ਦੇ ਹੱਕ ਵਿੱਚ ਜਾਂਦੀ ਹੈ ਕਿ ਉਹ ਕੌਮਾਂਤਰੀ ਵਿਚੋਲਗੀ ਰਾਹੀਂ ਇਸ ਮਸਲੇ ਨੂੰ ਹੱਲ ਕਰ ਲੈਣ।