ਨਸ਼ਾ ਅੱਜ ਦੇ ਦਿਨ ਵਿੱਚ ਪੰਜਾਬ ਦੀ ਜਵਾਨੀ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਰੋਗ ਸਿੱਖ ਸੰਘਰਸ਼ ਦੇ ਮੱਧਮ ਪੈਣ ਤੋਂ ਬਾਅਦ ਪੰਜਾਬ ਵਿੱਚ ਪਸਰਿਆ ਤੇ ਹੁਣ ਪੂਰੇ ਪੰਜਾਬ ਵਿੱਚ ਫੈਲ ਚੁੱਕਾ ਹੈ। ਹੁਣ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਇਸ ਨਸ਼ੇ ਦੇ ਕ੍ਰੋਪ ਤੋਂ ਬਚਾਉਣ ਲਈ ਵਿਦੇਸ਼ਾ ਵੱਲ ਭੇਜ ਰਹੇ ਹਨ। ਮੌਜੂਦਾ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਚਾਰ ਹਫਤਿਆਂ ਵਿੱਚ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਇਸ ਸੰਕਟ ਵਿਚੋਂ ਕੱਢਣ ਲਈ ਪੰਜਾਬ ਪੁਲੀਸ ਦੀ ਇੱਕ ਵੱਖਰੀ ਟਾਸਕ ਫੋਰਸ ਬਣਾਈ ਗਈ। ਪਰ ਉਸ ਨੂੰ ਵੀ ਪੂਰਨ ਸਫਲਤਾ ਨਹੀਂ ਮਿਲ ਸਕੀ। ਭਾਵੇਂ ਪੰਜਾਬ ਸਰਕਾਰ ਦੀ ਪੰਜਾਬ ਪੁਲੀਸ ਨੇ ਹਜ਼ਾਰਾਂ ਨਸ਼ੇ ਨਾਲ ਸਬੰਧਤ ਵਿਅਕਤੀਆਂ ਨੂੰ ਜੇਲਾਂ ਵਿੱਚ ਡੱਕਿਆ ਹੈ ਪਰ ਨਸ਼ੇ ਦੀ ਸਪਲਾਈ ਮੱਧਮ ਨਹੀਂ ਪੈ ਰਹੀ ਹੈ। ਨਸ਼ੇ ਦਾ ਵੱਧ ਰਿਹਾ ਰੁਝਾਨ ਪੰਜਾਬ ਦੇ ਸਮਾਜਕ ਤੇ ਆਰਥਿਕ ਤਾਣੇ ਬਾਣੇ ਨੂੰ ਵੀ ਖਿਲਾਰ ਰਿਹਾ ਹੈ। ਪੰਜਾਬ ਦਾ ਭੂਗੋਲਿਕ ਖੇਤਰ ਬਾਰਡਰ ਤੇ ਹੋਣ ਕਰਕੇ ਇਥੇ ਨਸ਼ੇ ਦੀ ਸਮਗਲੰਗ ਹੁੰਦੀ ਹੈ। ਨਸ਼ਾ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਹੁੰਦਾ ਹੋਇਆ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਫੈਲ ਚੁੱਕਿਆ ਹੈ। ਪੁਲੀਸ ਨੇ ਪਿਛਲੇ ਸਮੇਂ ਵਿੱਚ ਚਿੱਟੇ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਹਨ ਅਤੇ ਰੋਜ਼ ਦਿਹਾੜੀ ਕਿਤੋਂ ਨਾ ਕਿਤੋਂ ਨਸ਼ਾ ਫੜਿਆ ਜਾਂਦਾ ਹੈ। ਪਰ ਇਸਦੇ ਬਾਵਜੂਦ ਨਸ਼ੇ ਦੀ ਮਾਰ ਘੱਟ ਨਹੀਂ ਰਹੀ। ਇਸਦੀ ਮਾਰ ਵਧੇਰੇ ਕਰਕੇ ਪੇਂਡੂ ਖੇਤਰ ਅਤੇ ਗਰੀਬ ਪਰਿਵਾਰਾਂ ਨੂੰ ਪੈ ਰਹੀ ਹੈ। ਸ਼ਹਿਰਾਂ ਵਿੱਚ ਵੀ ਨਸ਼ਾ ਹੈ ਪਰ ਜਿਸ ਤਰਾਂ ਪੇਂਡੂ ਖੇਤਰ ਵਿੱਚ ਇਸਦੀ ਚਰਚਾ ਹੈ, ਉਸ ਤਰਾਂ ਸ਼ਹਿਰਾਂ ਵਿੱਚ ਨਸ਼ਿਆਂ ਦਾ ਪਤਾ ਨਹੀਂ ਲੱਗਦਾ। ਹੁਣ ਤੱਕ ਸੌਆਂ ਬੱਧੀ, ਇਸ ਸਾਲ ਦੇ ਢਾਈ ਸਾਲ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਪਹਿਲਾਂ ਨਸ਼ਾ ਕਾਲਜਾਂ ਤੇ ਯੂਨੀਵਰਟੀਆਂ ਵਿੱਚ ਪ੍ਰਚਲਿਤ ਸੀ, ਹੁਣ ਇਸਦੀ ਮਾਰ ਸਕੂਲਾਂ ਤੱਕ ਵੀ ਅੱਪੜ ਗਈ ਹੈ। ਅਨੇਕਾਂ ਛੋਟੀ ਉਮਰ ਦੇ ਬੱਚੇ ਇਸ ਨਸ਼ੇ ਦੀ ਮਾਰ ਨੂੰ ਝੱਲਦਿਆਂ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਥੋਂ ਤੱਕ ਕਿ ਪੰਜਾਬ ਦੀਆਂ ਕੁੜੀਆਂ ਵੀ ਚਿੱਟੇ ਨਸ਼ੇ ਦੇ ਪ੍ਰਭਾਵ ਹੇਠਾਂ ਆ ਚੁੱਕੀਆਂ ਹਨ। ਘਰਾਂ ਦੇ ਘਰ ਇਸ ਚਿੱਟੇ ਨਸ਼ੇ ਦੀ ਮਾਰ ਨੇ ਆਪਣੇ ਕਹਿਰ ਵਿੱਚ ਸਮੇਟ ਲਏ ਹਨ। ਅੰਕੜਿਆਂ ਮੁਤਾਬਕ ਪਿੰਡਾਂ ਵਿੱਚ ਹਰ ਤੀਸਰਾ ਨੌਜਵਾਨ ਕਿਸੇ ਨਾ ਕਿਸੇ ਰੂਪ ਵਿੱਚ ਨਸ਼ੇ ਦਾ ਆਦੀ ਹੈ। ਇਸਦਾ ਮੁੱਖ ਕਾਰਨ ਭਾਵੇਂ ਪੰਜਾਬ ਵਿੱਚ ਫੈਲੀ ਬੇਰੁਜ਼ਗਾਰੀ ਹੈ ਪਰ ਇਹ ਵੀ ਵੱਡਾ ਕਾਰਨ ਹੈ ਕਿ ਸਦੀਆਂ ਤੋਂ ਪ੍ਰਚਲਤ ਭੁੱਕੀ, ਅਫੀਮ ਦੇ ਨਸ਼ੇ ਜੋ ਪਹਿਲਾਂ ਪੇਂਡੂ ਖੇਤਰਾਂ ਵਿੱਚ ਪ੍ਰਚਲਿਤ ਸਨ, ਉਨਾਂ ਦੀ ਸਪਲਾਈ ਲਾਈਨ ਨੂੰ ਕੱਟ ਲਿਆ ਗਿਆ ਹੈ ਤੇ ਉਸਦੀ ਜਗਾ ਚਿੱਟੇ ਵਰਗੇ ਮਹਿੰਗੇ ਨਸ਼ੇ ਨੇ ਮੱਲ ਲਈ ਹੈ ਜਿਸ ਕਾਰਨ ਉਸਦੀ ਓਵਰਡੋਜ਼ ਕਾਰਨ ਘਰਾਂ ਦੇ ਦੀਵੇ ਬੁਝ ਰਹੇ ਹਨ। ਭਾਵੇਂ ਨਸ਼ੇ ਦੀ ਮਾਰ ਰੋਕੀ ਤਾਂ ਨਹੀਂ ਜਾ ਸਕਦੀ ਪਰ ਇਸਦੇ ਹੱਲ ਲਈ ਸਰਕਾਰ ਨੂੰ ਸਾਰਥਕ ਨੀਤੀ ਅਪਣਾਉਣੀ ਪਵੇਗੀ ਤੇ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਪ੍ਰਤੀ ਚੇਤਨਤਾ ਦਾ ਪ੍ਰਚਾਰ ਵੱਡੇ ਪੱਧਰ ਤੇ ਫੈਲਾਉਣਾ ਪਵੇਗਾ। ਇਸਦੇ ਨਾਲ ਹੀ ਆਪਣੇ ਨਸ਼ਾ ਛੁਡਾਊ ਕੇਂਦਰਾਂ ਨੂੰ ਵੀ ਸਮਰੱਥ ਕਰਨਾ ਪਵੇਗਾ।