ਪਿਛਲੇ ਦਿਨੀ ਪੁਲਵਾਮਾ ਕਸ਼ਮੀਰ ਵਿੱਚ ਜੋ ਭਾਰਤੀ ਫੌਜ ਤੇ ਦਿਲ ਕੰਬਾਊ ਹਮਲਾ ਹੋਇਆ ਹੈ ਉਹ ਹਰ ਕਿਸੇ ਲਈ ਦੁਖਦਾਈ ਘਟਨਾ ਹੈ। ਇਸ ਹਮਲੇ ਵਿੱਚ 40 ਤੋਂ ਉਪਰ ਭਾਰਤੀ ਫੌਜੀ ਮਾਰੇ ਗਏ। ਇਹ ਆਤਮਘਾਤੀ ਕਸ਼ਮੀਰੀ ਨੌਜਵਾਨ ਵੱਲੋਂ ਕੀਤਾ ਹਮਲਾ ਸੀ। ਜਿਸ ਨੌਜਵਾਨ ਦਾ ਪਿਛੋਕੜ ਇਹ ਦੱਸਦਾ ਹੈ ਕਿ ਜਦੋਂ ਉਹ ਛੋਟੀ ਉਮਰ ਵਿੱਚ ਸਕੂਲ ਜਾਂਦਾ ਸੀ ਉਸ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਬਿਨਾਂ ਕਿਸੇ ਕਸੂਰ ਤੋਂ ਮਿੱਟੀ ਵਿੱਚ ਨੱਕ ਨਾਲ ਲੀਕਾਂ ਕਢਵਾਈਆਂ ਸੀ। ਉਸਦੇ ਮਾਂ ਪਿਉ ਦੇ ਦੱਸਣ ਮੁਤਾਬਕ ਉਸ ਦੇ ਦਿਲ ਦਿਮਾਗ ਤੇ ਇਹ ਸਭ ਹਾਵੀ ਸੀ ਅਤੇ ਉਸਦੇ ਮਨ ਵਿੱਚ ਹਮੇਸ਼ਾਂ ਇਸਦੀ ਚੀਜ਼ ਰੜਕਦੀ ਰਹੀ ਸੀ। ਇਸੇ ਤਰਾਂ ਜਦੋਂ ਪੱਥਰਬਾਜੀ ਦੀ ਘਟਨਾ ਭਾਰਤੀ ਫੌਜ ਤੇ ਉਥੋਂ ਦੇ ਨੌਜਵਾਨਾਂ ਵਿਚਕਾਰ ਹੋਈ ਤਾਂ ਜਦੋਂ ਇੱਕ ਨੌਜਵਾਨ ਉਥੋਂ ਦੇ ਨੌਜਵਾਨਾਂ ਨੂੰ ਬਚਾਉਣ ਲਈ ਉਥੇ ਗਿਆ ਤਾਂ ਫੌਜ ਨੇ ਉਸ ਨੌਜਵਾਨ ਦੀਆਂ ਲੱਤਾਂ ਵਿੱਚ ਗੋਲੀ ਮਾਰ ਦਿੱਤੀ। ਇਹ ਉਹ ਹੀ ਨੌਜਵਾਨ ਸੀ। ਇਸ ਤਰਾਂ ਦੀਆਂ ਘਟਨਾਵਾਂ ਅਕਸਰ ਕਸ਼ਮੀਰ ਨੌਜਵਾਨਾਂ ਨਾਲ ਵਾਪਰਦੀਆਂ ਹਨ। ਮਰਨ ਵਾਲੇ ਫੌਜੀ ਵੀ ਭਾਰਤੀ ਹਨ। ਬਹੁਤੇ ਫੌਜੀ ਜਵਾਨ ਸਧਾਰਨ ਘਰਾਂ ਨਾਲ ਸਬੰਧਤ ਹਨ। ਕਿਉਂਕਿ ਗਰੀਬੀ ਦੀ ਮਾਰ ਝੱਲ ਰਹੇ ਪਰਿਵਾਰਾਂ ਵਿਚੋਂ ਰੋਜੀ ਰੋਟੀ ਲਈ ਬਹੁਤੇ ਨੌਜਵਾਨ ਫੌਜ ਵਿੱਚ ਭਰਤੀ ਹੋ ਜਾਂਦੇ ਹਨ। ਪੁਲਵਾਮਾ ਹਮਲਾ ਪਿਛਲੇ 70 ਸਾਲਾਂ ਤੋਂ ਭਾਰਤੀ ਹੁਕਮਰਾਨਾਂ ਦੀਆਂ ਜਿਆਦਤੀਆਂ ਦੀ ਪੀੜ ਦਰਸਾਉਂਦਾ ਹੈ ਦੂਸਰੇ ਪਾਸੇ ਭਾਰਤ ਵਾਸੀਆਂ ਲਈ ਇੱਕ ਦਿਲ ਕੰਬਾਊ ਹਮਲਾ ਹੈ। ਜੋ ਕਸ਼ਮੀਰੀਆਂ ਵੱਲੋਂ ਕੀਤਾ ਗਿਆ ਸੀ। ਇਹ ਭਾਰਤੀ ਨਿਜ਼ਾਮ ਦੀ ਅੱਜ ਤੱਕ ਦੀ ਰਾਜਨੀਤਿਕ ਸੋਚ ਦਾ ਪ੍ਰਗਟਾਵਾ ਹੈ ਜੋ 70 ਸਾਲਾਂ ਦੇ ਕਸ਼ਮੀਰ ਵਿੱਚ ਚੱਲ ਰਹੇ ਸੰਘਰਸ਼ ਤੇ ਉਹਨਾਂ ਦੀ ਅਵਾਜ਼ ਨੂੰ ਸਮਝਣ ਤੋਂ ਅਸਮਰਥ ਹੈ।

ਇਸ ਤਰ੍ਹਾਂ ਇਹ ਕਸ਼ਮੀਰੀ ਸ਼ੰਘਰਸ਼ ਨੂੰ ਆਪਣੀ ਫੌਜੀ ਤਾਕਤ ਨਾਲ ਲਗਾਤਾਰ ਦੁਬਾਉਣ ਵਿੱਚ ਰੁਝੀ ਹੋਈ ਹੈ ਜਿਸਦਾ ਪ੍ਰਗਟਾਵਾ ਪੁਲਵਾਮਾ ਹਮਲਾ ਇੱਕ ਪ੍ਰਤੀਕ ਹੈ। ਦੂਸਰੇ ਪਾਸੇ ਇਸ ਹਮਲੇ ਨੂੰ ਭਾਰਤ ਦੀ ਰਾਜਨੀਤੀ ਅਤੇ ਇਸਦੇ ਟੀ.ਵੀ. ਐਂਕਰ ਆਪਣੇ ਜਾਤੀ ਮੁਫਾਦਾਂ ਤੇ ਰਾਸ਼ਟਰਵਾਰ ਨੂੰ ਉਛਾਲਾ ਦੇਣ ਲਈ ਇੱਕ ਦੂਜੇ ਤੋਂ ਵੱਧ ਚੜ ਕੇ ਦਰਸਾ ਰਹੇ ਹਨ। ਜਿਸ ਕਾਰਨ ਅੱਜ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਸ਼ਮੀਰ ਤੋਂ ਪੜ੍ਹਨ ਲਈ ਆਏ ਹੋਏ ਕਸ਼ਮੀਰੀ ਨੌਜਵਾਨ ਇਸ ਰਾਸ਼ਟਰੀ ਮਹੌਲ ਦਾ ਸ਼ਿਕਾਰ ਬਣ ਰਹੇ ਹਨ। ਉਹ ਇੱਕ ਦੂਜੇ ਦਾ ਸਹਾਰਾ ਲੱਭਦੇ ਹੋਏ ਵਾਪਸ ਕਸ਼ਮੀਰ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਇਥੋਂ ਤੱਕ ਕੇ ਅਨੇਕਾਂ ਕਸ਼ਮੀਰੀ ਕੁੜੀਆਂ ਤੇ ਮੁੰਡਿਆਂ ਤੇ ਭਾਰਤ ਦੇ ਅੱਡ-ਅੱਡ ਸ਼ਹਿਰਾਂ ਵਿਚ ਉਹਨਾਂ ਦੇ ਕਸ਼ਮੀਰੀ ਹੋਣ ਕਾਰਨ ਦੇਸ਼ ਧ੍ਰੋਹ ਦੇ ਕੇਸ ਬਣਾਏ ਜਾ ਰਹੇ ਹਨ ਇਥੋਂ ਤੱਕ ਕੇ ਇਸ ਉਭਰੇ ਰਾਸ਼ਟਰਵਾਦ ਦਾ ਪ੍ਰਛਾਵਾਂ ਚਿਰਾਂ ਤੋਂ ਸਿੱਖਾਂ ਦੀ ਮੰਗ ਕਰਤਾਰਪੁਰ ਲਾਂਘੇ ਤੇ ਵੀ ਪੈ ਰਿਹਾ ਹੈ ਤੇ ਨਵਜੋਤ ਸਿੰਘ ਸਿੱਧੂ ਵਾਂਗ ਜੋ ਕੋਈ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਿਹਾ ਹੈ ਉਸਨੂੰ ਰਾਸ਼ਟਰੀ ਗਦਾਰ ਤੱਕ ਕਿਹਾ ਜਾ ਰਿਹਾ ਹੈ। ਜਿਸਦਾ ਸਭ ਤੋਂ ਅਫਸੋਸਨਾਕ ਪਹਿਲੂ ਅਕਾਲੀ ਦਲ ਦੀ ਮੋਹਰੀ ਲੀਡਰਸ਼ਿਪ ਹੈ।

ਇਹ ਜਰੂਰ ਹੈ ਕਿ ਇਸ ਹਮਲੇ ਵਿੱਚ ਅਨੇਕਾਂ ਗਰੀਬ ਘਰਾਂ ਦੇ ਚਿਰਾਗ ਬੁਝੇ ਹਨ ਪਰ ਇਸਤੇ ਫੋਕਾ ਰਾਸ਼ਟਰਵਾਦ ਪ੍ਰਗਟਾਉਣਾ ਕਿਸੇ ਤਰ੍ਹਾਂ ਵੀ ਇਹ ਨਹੀਂ ਦਰਸਾ ਰਿਹਾ ਕਿ ਭਾਰਤੀ ਨਿਜ਼ਾਮ ਅੱਜ ਵੀ ਕਸ਼ਮੀਰੀ ਅਵਾਮ ਦੀ ਚਿਰਾਂ ਤੋਂ ਉੱਠ ਰਹੀ ਉਨਾਂ ਦੀ ਅਜ਼ਾਦੀ ਤੇ ਸਵੈ ਨਿਰਣੈ ਦੀ ਮੰਗ ਨੂੰ ਸੁਣਨਾ ਚਾਹੁੰਦਾ ਹੈ ਤੇ ਫੌਜੀ ਸ਼ਕਤੀ ਰਾਹੀਂ ਕਸ਼ਮੀਰੀ ਅਵਾਮ ਨੂੰ ਭਾਰਤ ਦਾ ਅੰਗ ਬਣਾ ਕੇ ਰੱਖਣਾ ਚਾਹੁੰਦਾ ਹੈ। ਪੁਲਵਾਮਾ ਹਮਲਾ ਇਹ ਵਿਚਾਰ ਜਰੂਰ ਪੈਦਾ ਕਰਦਾ ਹੈ ਕਿ ਆਤਮਘਾਤੀ ਹਮਲੇ ਵੀ ਕਸ਼ਮੀਰ ਸਮੱਸਿਆ ਦਾ ਹੱਲ ਨਹੀਂ ਤੇ ਨਾ ਹੀ ਇਸਦੀ ਕੀਤੀ ਜਾ ਰਹੀ ਰਾਸ਼ਟਰਵਾਦੀ ਨੀਤੀ ਹੈ ਸਗੋਂ ਸਮਾਂ ਮੰਗ ਕਰ ਰਿਹਾ ਹੈ ਕਿ ਚਿਰਾਂ ਤੋਂ ਲਟਕਦੇ ਆ ਰਹੇ ਕਸ਼ਮੀਰੀ ਮਸਲੇ ਦਾ ਨਿਰਣਾਇਕ ਹੱਲ ਕੀਤਾ ਜਾਵੇ।