ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਸੀ ਅਤੇ ਰਾਜਸੀ ਰਿਸ਼ਤੇ ਫਿਰ ਖਰਾਬ ਹੋ ਗਏ ਹਨ। ਕੁਝ ਸਮਾਂ ਪਹਿਲਾਂ ਦੋਵਾਂ ਮੁਲਕਾਂ ਦੇ ਸਬੰਧ ਸੁਧਰਨ ਦਾ ਵਿਖਾਵਾ ਕੀਤਾ ਗਿਆ ਸੀ। ਭਾਰਤ ਦੀ ਵਾਗਡੋਰ ਨਰਿੰਦਰ ਮੋਦੀ ਦੇ ਹੱਥ ਆ ਜਾਣ ਕਾਰਨ ਅੱਤਵਾਦੀ ਹਿੰਦੂ ਜਥੇਬੰਦੀਆਂ ਨੂੰ ਖੁੱਲ਼੍ਹ ਖੇਡਣ ਦੀ ਅਜ਼ਾਦੀ ਮਿਲ ਗਈ ਹੈ ਇਸੇ ਲਈ ਹੁਣ ਉਹ ਅੱਤਵਾਦੀ ਤੱਤ ਸਰਕਾਰ ਦੀ ਵਿਦੇਸ਼ ਨੀਤੀ ਨੂੰ ਚਲਾਉਣ ਦਾ ਅਸਿੱਧਾ ਯਤਨ ਕਰ ਰਹੇ ਹਨ।

ਕਸ਼ਮੀਰ ਵਾਦੀ ਵਿੱਚ ਖਾੜਕੂ ਲਹਿਰ ਦੇ ਆਗੂ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਜਿਵੇਂ ਵਾਦੀ ਵਿੱਚ ਲੋਕਾਂ ਨੇ ਬੁਰਹਾਨ ਵਾਨੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਜਿਸ ਤਰ੍ਹਾਂ ਉਹ ਪਹਾੜੀ ਰਸਤਿਆਂ ਰਾਹੀਂ ਲੰਬਾ ਸਫਰ ਕਰਕੇ ਬੁਰਹਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ ਉਸ ਨੇ ਭਾਰਤ ਸਰਕਾਰ ਦੇ ਇਸ ਦਾਅਵੇ ਨੂੰ ਝੁਠਲਾ ਦਿੱਤਾ ਕਿ ਕਸ਼ਮੀਰ ਵਾਦੀ ਵਿੱਚ ਸਿਰਫ ਭਾੜੇ ਦੇ ਫੌਜੀ ਹੀ ਸਰਗਰਮ ਹਨ ਅਤੇ ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਹਮਾਇਤ ਪ੍ਰਾਪਤ ਨਹੀ ਹੈ। ਭਾਰਤ ਸਰਕਾਰ ਦੀਆਂ ਇਨ੍ਹਾਂ ਗਿਣਤੀਆਂ ਮਿਣਤੀਆਂ ਦੇ ਫੇਲ਼੍ਹ ਹੋਣ ਕਾਰਨ ਹੀ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਖਰਾਬ ਹੋ ਗਏ ਹਨ।

ਕੁਝ ਸਮਾਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਨਮ ਦਿਨ ਤੇ ਬਿਨਾ ਬੁਲਾਏ ਹੀ ਪਾਕਿਸਤਾਨ ਪਹੁੰਚ ਗਏ ਸਨ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਲਈ। ਉਸ ਵੇਲੇ ਲਗਦਾ ਸੀ ਕਿ ਦੋਵਾਂ ਮੁਲਕਾਂ ਦੇ ਸਬੰਧ ਹੁਣ ਸੁਧਰ ਸਕਦੇ ਹਨ ਪਰ ਅਜਿਹਾ ਨਹੀ ਹੋਇਆ ਜਾਂ ਹੋਣ ਨਹੀ ਦਿੱਤਾ ਗਿਆ। ਦੋਵਾਂ ਮੁਲਕਾਂ ਵਿੱਚ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਨਹੀ ਚਾਹੁੰਦੀਆਂ ਕਿ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਸੁਧਾਰ ਹੋਵੇ। ਦੋਵਾਂ ਮੁਲਕਾਂ ਦੀ ਸਿਆਸੀ ਅਤੇ ਡਿਪਲੋਮੈਟਿਕ ਸਰਗਰਮੀ ਤੇ ਨਿਗਾਹ ਰੱਖਣ ਵਾਲੇ ਵਿਦਵਾਨਾ ਦਾ ਮੰਨਣਾਂ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਕੋਈ ਵਿਦੇਸ਼ ਨੀਤੀ ਨਹੀ ਹੈ। ਭਾਰਤ ਦੀ ਪਾਕਿਸਤਾਨ ਨੀਤੀ ਹੈ ਅਤੇ ਪਾਕਿਸਤਾਨ ਦੀ ਭਾਰਤ ਨੀਤੀ ਹੈ। ਇਸ ਨੀਤੀ ਨੂੰ ਹੀ ਦੋਵੇਂ ਦੇਸ਼ ਵਿਦੇਸ਼ ਨੀਤੀ ਦੇ ਤੌਰ ਤੇ ਪੇਸ਼ ਕਰਦੇ ਆ ਰਹੇ ਹਨ। ਇਸੇ ਲਈ ਜਦੋਂ ਵੀ ਦੋਵਾਂ ਮੁਲਕਾਂ ਦੇ ਰਾਜਸੀ ਲੀਡਰਾਂ ਨੂੰ ਆਪਣੀਆਂ ਗਲਤੀਆਂ ਕਾਰਨ ਅੰਦਰੂਨੀ ਝਟਕੇ ਮਿਲਣ ਦੀ ਸੰਭਾਵਨਾ ਪੈਦਾ ਹੁੰਦੀ ਹੈ ਤਾਂ ਉਹ ਜੰਗ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ। ਇਸ ਵੇਲੇ ਦੋਵਾਂ ਮੁਲਕਾਂ ਵਿੱਚ ਅੰਦਰੂਨੀ ਸਿਆਸੀ ਭੁਚਾਲ ਵਰਗੀ ਹਾਲਤ ਹੈ।

ਅਗਲੇ ਸਾਲ ਦੇ ਸ਼ੁਰੂ ਵਿੱਚ ਭਾਰਤ ਦੇ ਚਾਰ ਮਹੱਤਵਪੂਰਨ ਰਾਜਾਂ, ਉਤਰ ਪ੍ਰਦੇਸ਼, ਪੰਜਾਬ, ਗੁਜਰਾਤ ਅਤੇ ਗੋਆ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਹਾਲੇ ਉਤਰ ਪ੍ਰਦੇਸ਼ ਦੇ ਸਿਆਸੀ ਰੁਖ ਦਾ ਤਾਂ ਬਹੁਤਾ ਪਤਾ ਨਹੀ ਲੱਗ ਰਿਹਾ ਪਰ ਦੁਨੀਆਂ ਜਿੱਤਣ ਚੱਲੇ ਨਰਿੰਦਰ ਮੋਦੀ ਲਈ ਪੰਜਾਬ, ਗੋਆ ਅਤੇ ਉਸਦੇ ਪਿਤਰੀ ਰਾਜ ਗੁਜਰਾਤ ਵਿੱਚ ਹਾਲਾਤ ਸੁਖਾਵੇਂ ਨਹੀ ਹਨ। ਦਲਿਤਾਂ ਤੇ ਹੁੰਦੇ ਅੱਤਿਆਚਾਰਾਂ ਨੇ ਗੁਜਰਾਤ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਗੋਆ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਚੁਣੌਤੀ ਵੱਜੋਂ ਉਭਰ ਰਹੀ ਹੈ। ਚੰਗੇ ਦਿਨਾ ਦੀ ਆਸ ਵਿੱਚ ਬੈਠੇ ਲੋਕ ਸੌ ਗੁਣਾਂ ਮਹਿੰਗਾਈ ਦੀ ਮਾਰ ਹੇਠ ਹਨ।

ਇਸ ਲਈ ਚੋਣਾਂ ਜਿੱਤਣ ਲਈ ਪਾਕਿਸਤਾਨ ਨਾਲ ਜੰਗ ਵਰਗਾ ਮਹੌਲ ਸਿਰਜਣਾਂ ਮੋਦੀ ਟੀਮ ਦੀ ਸਿਆਸੀ ਮਜਬੂਰੀ ਬਣ ਗਈ ਹੈ। ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਚੋਣਾਂ ਦੇ ਨੇੜੇ ਜਾ ਕੇ ਕਿਤੇ ਬਹੁਤੀ ਦੇਰ ਨਾ ਹੋ ਜਾਵੇ।

ਇਸੇ ਤਰ੍ਹਾਂ ਪਾਕਿਸਤਾਨ ਦੇ ਅੰਦਰੂਨੀ ਸਿਆਸੀ ਹਾਲਾਤ ਵੀ ਸਹੀ ਨਹੀ ਹਨ। ਪਨਾਮਾ ਪੇਪਰਜ਼ ਨੇ ਨਵਾਜ਼ ਸ਼ਰੀਫ ਦੇ ਪਰਿਵਾਰ ਦੀ ਬੇਥਾਹ ਜਾਇਦਾਦ ਦੇ ਖੁਲਾਸੇ ਕਰ ਦਿੱਤੇ ਹਨ। ਲੋਕਾਂ ਵਿੱਚ ਸ਼ਰੀਫ ਪਰਿਵਾਰ ਖਿਲਾਫ ਗੁੱਸਾ ਭਰਿਆ ਹੋਇਆ ਹੈ। ਪਾਕਿਸਤਾਨ ਦੀ ਫੌਜ ਦਾ ਮੁਖੀ ਨਵਾਜ਼ ਸ਼ਰੀਫ ਤੇ ਝਪਟਣ ਲਈ ਤਿਆਰ ਬੈਠਾ ਹੈ। ਇਸੇ ਲਈ ਨਵਾਜ਼ ਸ਼ਰੀਫ ਫੌਜੀ ਪਕੜ ਤੋਂ ਬਚਣ ਲਈ ਬੀਮਾਰੀ ਦਾ ਬਹਾਨਾ ਬਣਾ ਕੇ ਲੰਡਨ ਬੈਠੇ ਹਨ ਤਾਂ ਕਿ ਫੌਜੀ ਮੁਖੀ ਅਗਲੇ ਦਿਨਾਂ ਵਿੱਚ ਰਿਟਾਇਰ ਹੋ ਜਾਵੇ। ਪਾਕਿਸਤਾਨੀ ਪੰਜਾਬ ਵਿੱਚ ਹੋਏ ਲਗਭਗ ੨੦ ਕਤਲਾਂ ਵਿੱਚ ਵੀ ਵੱਡੇ ਸਿਆਸੀ ਘਰਾਣਿਆਂ ਦਾ ਨਾਅ ਬੋਲਦਾ ਹੈ ਜਿਸ ਕਾਰਨ ਨਵਾਜ਼ ਸ਼ਰੀਫ ਕੋਲ ਵੀ ਭਾਰਤ ਨਾਲ ਜੰਗ ਵਰਗੇ ਹਾਲਾਤ ਪੈਦਾ ਕਰਨ ਤੋਂ ਬਿਨਾ ਕੋਈ ਚਾਰਾ ਨਹੀ ਰਹਿ ਗਿਆ।

ਕਸ਼ਮੀਰ ਦੇ ਮਾਮਲੇ ਵਿਚ ਵੀ ਕੌਮਾਂਤਰੀ ਸਿਆਸਤ ਗਰਮਾ ਗਈ ਹੈ। ਇਸਲਾਮਿਕ ਦੇਸ਼ਾਂ ਦੇ ਸੰਗਠਨ ਨੇ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਦੀ ਪਿੱਠ ਠੋਕੀ ਹੈ ਅਤੇ ਭਾਰਤ ਦੇ ਸਟੈਂਡ ਦੀ ਵਿਰੋਧਤਾ ਕੀਤੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਚਾਰ ਟੁਕੜੇ ਕਰਨ ਦੀ ਭਾਰਤੀ ਨੀਤੀਘਾੜਿਆਂ ਦੀ ੫੦ ਸਾਲ ਪੁਰਾਣੀ ਰੀਝ ਨੂੰ ਫਲ ਲਾਉਣ ਲਈ ਨਰਿੰਦਰ ਮੋਦੀ ਤੋਂ ਵਧੀਆ ਕੋਈ ਪ੍ਰਧਾਨ ਮੰਤਰੀ ਨਹੀ ਮਿਲ ਸਕਦਾ ਇਸੇ ਲਈ ਜੰਗ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਜੋ ਸੀਰੀਆ ਵਾਂਗ ਦੋਵੇਂ ਪਾਸੇ ਆਮ ਲੋਕਾਂ ਦੇ ਕਤਲੇਆਮ ਦਾ ਕਾਰਨ ਬਣ ਸਕਦੇ ਹਨ।

ਕੌਮਾਂਤਰੀ ਭਾਈਚਾਰੇ ਨੂੰ ਇਸ ਸੰਕਟ ਦੇ ਵੱਡਾ ਹੋਣ ਤੋਂ ਪਹਿਲਾਂ ਹੀ ਇਸ ਨੂੰ ਰੋਕਣਾਂ ਚਾਹੀਦਾ ਹੈ।