ਪੰਜਾਬ ਅੰਦਰ ਪਿਛਲੇ ੫੩ ਦਿਨਾਂ ਤੋਂ ਬਰਗਾੜੀ ਵਿਖੇ ਲੱਗਿਆ ਪੰਥਕ ਮੋਰਚਾ ਪੰਥਕ ਹਲਕਿਆਂ ਵਿੱਚ ਮੁੱਖ ਚਰਚਾ ਵਿਸ਼ਾ ਹੈ। ਇਹ ਮੋਰਚਾ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਅਰੰਭਿਆ ਗਿਆ ਹੈ। ਇਸ ਮੋਰਚੇ ਦੇ ਸਬੰਧ ਵਿੱਚ ਜੋ ਸਵਾਲ ਪੰਜਾਬ ਸਰਕਾਰ ਅੱਗੇ ਰੱਖੇ ਗਏ ਹਨ ਉਨਾਂ ਵਿੱਚ ਤਿੰਨ ਅਹਿਮ ਸਥਾਨ ਰੱਖਦੇ ਹਨ। ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਹੋਣ ਕਰਕੇ ਇਸ ਬਰਗਾੜੀ ਮੋਰਚੇ ਪ੍ਰਤੀ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਆਪ-ਮੁਹਾਰੇ ਸਿੱਖ ਸੰਗਤਾਂ ਦਾ ਇਸ ਪ੍ਰਤੀ ਲਗਾਅ ਲਗਾਤਾਰ ਜਾਰੀ ਹੈ। ਇਸ ਵਿੱਚ ਮੁੱਖ ਮੰਗ ਜੋ ਪੰਜਾਬ ਸਰਕਾਰ ਅੱਗੇ ਉਠਾਈ ਗਈ ਹੈ ਉਹ ਸਿੱਖ ਕੋਮ ਦੀ ਰੂਹ ਨਾਲ ਜੁੜੇ ਹੋਣ ਕਰਕੇ ਸਿੱਖਾਂ ਦੇ ਮਨਾਂ ਦੀ ਅਵਾਜ ਵੀ ਹੈ। ਇਸ ਮੋਰਚੇ ਦੇ ਇੰਨੇ ਦਿਨ ਬਾਅਦ ਵੀ ਕੋਈ ਸਾਰਥਕ ਹੱਲ ਲੱਭਣ ਵਿੱਚ ਕਾਮਯਾਬੀ ਦਿਖਾਈ ਨਹੀਂ ਦੇ ਰਹੀ ਹੈ। ਇਹ ਜਰੂਰ ਹੈ ਕਿ ਅੱਜ ਦੀ ਪੰਜਾਬ ਸਰਕਾਰ ਨੇ (ਪਿਛਲੀ ਅਕਾਲੀ ਸਰਕਾਰ ਤੋਂ ਹਟ ਕੇ) ਮੋਰਚੇ ਵੱਲ ਜਾ ਰਹੀਆਂ ਸੰਗਤਾਂ ਨੂੰ ਖਿਦੇੜਨ ਦਾ ਕੋਝਾ ਯਤਨ ਨਹੀਂ ਕੀਤਾ। ਜਦਕਿ ਪਿਛਲੀ ਅਕਾਲੀ ਸਰਕਾਰ ਭਾਵੇਂ ਸਿੱਖ ਪ੍ਰਤੀਨਿਧਤਾ ਵਜੋਂ ਤੇ ਸਿੱਖਾਂ ਦੀ ਮੁੱਖ ਜਮਾਤ ਵਜੋਂ ਜਾਣੀ ਜਾਂਦੀ ਹੈ। ਉਹ ਆਪਣੇ ਕਾਰਜ਼ਕਾਲ ਦੌਰਾਨ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਨੂੰ ਹੱਲ ਕਰਨ ਵਿੱਚ ਤਾਂ ਅਸਫਲ ਰਹੀ ਹੀ ਸੀ ਸਗੋਂ ਉਸਦੇ ਰੋਹ ਵਿੱਚ ਉਠੀ ਸਿੱਖ ਸੰਗਤ ਨੂੰ ਆਪਣੀ ਤਾਕਤ ਦੀ ਵਰਤੋਂ ਕਰੇ ਜਲੀਲ ਵੀ ਕੀਤਾ ਤੇ ਮੋਰਚੇ ਦੀ ਸੰਗਤ ਉਪਰ ਪੰਜਾਬ ਪੁਲੀਸ ਵੱਲੋਂ ਗੋਲੀ ਵੀ ਚਲਾਈ ਗਈ। ਜਿਸ ਬਾਰੇ ਅੱਜ ਤੱਕ ਅਕਾਲੀ ਸਰਕਾਰ ਤਾਂ ਚੁੱਪ ਵੱਟ ਹੀ ਰਹੀ ਹੈ ਅਤੇ ਅਜੇ ਤੱਕ ਕੈਪਟਨ ਸਰਕਾਰ ਵੀ ਇਸ ਬਾਰੇ ਕੋਈ ਠੋਸ ਕਦਮ ਚੁੱਕਣ ਵਿੱਚ ਅਸਮਰਥ ਦਿਖਾਈ ਦੇ ਰਹੀ ਹੈ। ਭਾਵੇਂ ਕਿ ਮੌਜੁਦਾ ਮੁੱਖ ਮੰਤਰੀ ਨੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆਉਣ ਦੇ ਸਿੱਖ ਕੌਮ ਅੱਗੇ ਜਨਤਕ ਵਾਅਦੇ ਕੀਤੇ ਸਨ। ਇਸ ਬਰਗਾੜੀ ਮੋਰਚੇ ਪ੍ਰਤੀ ਵਾਰ-ਵਾਰ ਵਿਸ਼ਾ ਛੇੜਨਾ ਬਣਦਾ ਹੈ ਕਿਉਂਕਿ ਇਸ ਮੋਰਚੇ ਨਾਲ ਜੁੜੇ ਤਿੰਨ ਮੁੱਦੇ ਲੰਮੇ ਅਰਸੇ ਤੋਂ ਸਿਖਾਂ ਦੇ ਮਨਾਂ ਵਿੱਚ ਰੜਕ ਰਹੇ ਹਨ ਤੇ ਭਾਵਨਾਤਮਕ ਅਪੀਲ ਵੀ ਕਰਦੇ ਹਨ। ਇਹ ਮੋਰਚਾ ਤੇ ਇਸ ਨਾਲ ਜੁੜੇ ਤਿੰਨ ਮੁੱਦਿਆ ਨੂੰ ਸੰਗਤਾ ਵੱਲੋਂ ਮਿਲੇ ਭਾਰੀ ਹੁੰਗਾਰੇ ਕਾਰਨ ਅਕਾਲ ਤਖਤ ਸਾਹਿਬ ਦੇ ਮੌਜੂਦਾ ਮਤਵਾਜੀ ਕਾਰਜਕਾਰੀ ਜਥੇਦਾਰ ਨੂੰ ਆਰਜੀ ਤੌਰ ਤੇ ਸਵੀਕਾਰ ਕਰਨ ਦੀ ਝਲਕ ਉਭਰਦੀ ਨਜ਼ਰ ਆ ਰਹੀ ਹੈ। ਇਥੇ ਇਹ ਵੀ ਨਾ ਭੁਲਿਆ ਜਾਵੇ ਕਿ ਬਰਗਾਂੜੀ ਮੋਰਚੇ ਨੂੰ ਮਿਲਿਆ ਸਿੱਖ ਸੰਗਤਾਂ ਦਾ ਭਰਪੂਰ ਹੁੰਗਾਰਾ ਤੇ ਸਹਿਯੋਗ ਸਿੱਖ ਮਨਾਂ ਅੰਦਰ ਲਟਕ ਰਹੇ ਇੰਨਾ ਮੁੱਦਿਆ ਦੀ ਪੈਰਵਾਈ ਕਰਦਾ ਹੈ ਨਾ ਕਿ ਇਸਨੂੰ ਸਦਾ ਵਾਂਗ ਨਿੱਜੀ ਸਖਸ਼ੀਅਤਾਂ ਨੂੰ ਉਭਾਰਨ ਦਾ ਹੁੰਗਾਰਾ ਸਮਝਿਆ ਜਾਣਾ ਚਾਹੀਦਾ। ਭਾਵੇਂ ਕਿ ਆਰਜੀ ਤੌਰ ਤੇ ਜੋ ਸਥਿਤੀ ਬਰਗਾੜੀ ਵਿਖੇ ਉੱਭਰ ਰਹੀ ਹੈ ਉਹ ਇਹ ਜਰੂਰ ਹੈ ਕਿ ਇਹ ਨਿੱਜੀ ਸ਼ਖਸ਼ੀਅਤਾ ਦੇ ਉਭਾਰ ਦਾ ਮੁੜ ਤੋਂ ਕਾਰਨ ਬਣਦਾ ਦਿਖਾਈ ਦੇ ਰਿਹਾ ਹੈ। ਇਸਦਾ ਪ੍ਰਗਟਾਵਾਂ ੨੩ ਜੂਨ ਦੀਆਂ ਅਕਬਾਰਾਂ ਰਾਹੀਂ ਹੁੰਦਾ ਨਜ਼ਰ ਆਇਆ ਕਿ ਇੱਕ ਛੋਟੇ ਜਿਹੇ ਰਵਾਇਤੀ ਧੰਨਵਾਦੀ ਸਪੀਚ ਨੂੰ ਲੈ ਦੇ ਨਵੀਆਂ ਉਭਰੀਆਂ ਪੰਥਕ ਧਿਰਾਂ ਦੇ ਮੋਢੀਆਂ ਵਿੱਚ ਜਨਤਕ ਤਕਰਾਰ ਹੋਇਆ ਦੱਸਿਆ ਗਿਆ ਹੈ।

ਅੰਦਰੂਨੀ ਸਥਿਤੀ ਕੀ ਹੈ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਸਾਹਮਣੇ ਆ ਹੀ ਜਾਵੇਗਾ । ਸਾਰਥਕਤਾ ਇਸੇ ਵਿੱਚ ਹੈ ਕਿ ਇਸ ਮੋਰਚੇ ਨੂੰ ਸਫਲਤਾ ਤੱਕ ਲੈ ਜਾਣ ਲਈ ਨਿੱਜੀ ਸਖਸ਼ੀਅਤਵਾਦ ਤੋਂ ਉਪਰ ਉਠ ਕੇ ਪੰਥ ਪ੍ਰਤੀ ਦੂਰ ਅੰਦੇਸ਼ੀ ਵਾਲੀ ਸੋਚ ਰੱਖਣੀ ਚਾਹੀਦੀ ਹੈ। ਇਸ ਮੋਰਚੇ ਰਾਹੀਂ ਇੱਕ ਸਾਰਥਕ ਕਦਮ ਇਹ ਹੋਣਾ ਚਾਹੀਦਾ ਹੈ ਕਿ ਇਸ ਮੋਰਚੇ ਨੂੰ ਪੰਥਕ ਤੇ ਸਿੱਖ ਕੌਮ ਪ੍ਰਤੀ ਸੁਹਿਰਦਤਾ ਨੂੰ ਮੁੱਖ ਰੱਖ ਕੇ ਪੰਥ ਲਈ ਕੋਈ ਯੋਗ ਅਗਵਾਈ ਕਾਇਮ ਕਰਨ ਪ੍ਰਤੀ ਕੋਈ ਵਿਧੀ – ਵਿਧਾਨ ਸਾਹਮਣੇ ਲਿਆਦਾ ਜਾਵੇ। ਜਿਸਦੀ ਸਿੱਖ ਕੌਮ ਨੂੰ ਸ਼ਿਦਤ ਨਾਲ ਮੁੱਦਤਾਂ ਤੋਂ ਉਡੀਕ ਹੈ ਕਿਉਂਕਿ ਹੁਣ ਤੱਕ ਦੀਆਂ ਉਭਰੀਆਂ ਸਿੱਖ ਕੌਮ ਦੀਆਂ ਰਾਜਨੀਤਿਕ ਤੇ ਗੈਰ ਰਾਜਨੀਤਿਕ ਧਿਰਾਂ ਆਪਣੇ ਸਿਆਸੀ ਨਿਜੀ ਉਭਾਰ ਵਿੱਚ ਉਲਝ ਕੇ ਸਿੱਖ ਮਨਾਂ ਅੰਦਰ ਆਪਣੀ ਸ਼ਾਖ ਨੂੰ ਕਾਫੀ ਕਮਜ਼ੋਰ ਕਰ ਚੁੱਕੇ ਹਨ। ਖਾਸ ਕਰਕੇ ਇਸਦਾ ਅਹਿਮ ਪਹਿਲੂ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ। ਇਹ ਉਸ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਬਾਗਡੋਰ ਸੰਭਾਲੀ ਬੈਠੇ ਹਨ ਜਿਸਦਾ ਮੁੱਢ ਹਮੇਸ਼ਾਂ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਮੁੱਦਿਆਂ ਤੇ ਆਲੇ-ਦੁਆਲੇ ਨੂੰ ਲੈ ਕੇ ਮੋਰਚਿਆਂ ਵਿਚੋਂ ਹੀ ਨਿਕਲਿਆ ਸੀ ਪਰ ਅੱਜ ਉਹ ਸੁੰਗੜ ਕਿ ਨਿੱਜਵਾਦ ਦੇ ਘੇਰੇ ਵਿੱਚ ਬੁਰੀ ਤਰਾਂ ਸਿਮਟ ਗਿਆ ਹੈ। ਇਹ ਵੀ ਇੱਕ ਕਾਰਨ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਬਰਗਾੜੀ ਮੋਰਚੇ ਨੂੰ ਮਿਲੇ ਸੰਗਤਾਂ ਦੇ ਹੁੰਗਾਰੇ ਨੂੰ ਲੈ ਕੇ ਆਪਣੇ ਨਿੱਜੀ ਸਾਧਨਾ ਨੂੰ ਲੈ ਕੇ ਇਸ ਨੂੰ ਸਿੱਖ ਸੰਗਤਾਂ ਦੇ ਮਨਾਂ ਅੰਦਰੋਂ ਮਿਟਾਉਣ ਦੀ ਕੋਝੀ ਹਰਕਤ ਅਰੰਭ ਕਰ ਚੁੱਕੇ ਹਨ। ਅੱਜ ਦੀ ਸਥਿਤੀ ਵਿੱਚ ਇਹ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖ ਕੌਮ ਅੰਦਰ ਆਪਣੀ ਗਵਾਚੀ ਦਿੱਖ ਨੂੰ ਇਸ ਤੋਹਮਤਬਾਜੀ ਕਾਰਨ ਹੋਰ ਖੋਰਾ ਲਾ ਰਿਹਾ ਹੈ। ਕਿਉਂਕਿ ਇਸ ਮੋਰਚੇ ਦੀ ਅਗਵਾਈ ਕਰਨ ਵਾਲੇ ਜਥੇਦਾਰਾਂ ਤੇ ਹੋਰ ਪੰਥਕ ਲੀਡਰਸ਼ਿਪ ਬਾਰੇ ਕਿੰਤੂ-ਪ੍ਰੰਤੂ ਹੈ ਸਕਦਾ ਹੈ ਪਰ ਇਸ ਬਰਗਾੜੀ ਮੋਰਚੇ ਨਾਲ ਜੁੜੇ ਗੁਰੁ ਗ੍ਰੰਥ ਸਾਹਿਬ ਦੀ ਹੋਈ ਜਨਤਕ ਬੇਅਦਬੀ ਦਾ ਮਾਮਲਾ ਤੇ ਇਸ ਦੇ ਰੋਸ ਵਿੱਚ ਬੈਠੀ ਸੰਗਤ ਤੇ ਚਲਾਈ ਗੋਲੀ ਤੇ ਦੁਖਾਂਤ ਦੇ ਇਨਸਾਫ ਪ੍ਰਤੀ ਸਿੱਖ ਹਲਕਿਆਂ ਵਿੱਚ ਰੋਸ ਦਾ ਮੁੱਖ ਕਾਰਨ ਹੈ ਤੇ ਇਸ ਮੋਰਚੇ ਨੂੰ ਹੁੰਗਾਰਾ ਦੇਣ ਦਾ ਮੁੱਖ ਕਾਰਨ ਵੀ ਹੈ ਤੇ ਇਸ ਤਰਾਂ ਭਾਰਤੀ ਜੇਲਾਂ ਵਿੱਚ ਲੰਮੇ ਸਮੇਂ ਤੋਂ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਵੀ ਪੰਥਕ ਮੁੱਦਾ ਬਣਿਆ ਹੋਇਆ ਹੈ ਜਿਸਨੂੰ ਵੀ ਸ਼੍ਰੋਮਣੀ ਅਕਾਲੀ ਦਲ ਨੇ ਨਿਜੀ ਰੰਗਤ ਦੇ ਕੇ ਭਾਈ ਰਾਜੋਆਣਾ ਦੇ ਕੇਸ ਨੂੰ ਵੱਖ ਕਰਨ ਦਾ ਯਤਨ ਕੀਤਾ ਹੈ। ਇਸ ਸਭ ਕੁਝ ਦੇ ਬਾਵਜੂਦ ਵੀ ਬਰਗਾੜੀ ਮੋਰਚੇ ਨੂੰ ਕਿਸੇ ਤਣ ਪੱਤਣ ਲਾਉਣ ਲਈ ਯੋਗ ਅਗਵਾਈ ਦੀ ਜਰੂਰਤ ਹੈ।
ਭਾਰਤ ਦੀ ਅਜ਼ਾਦੀ ਤੋਂ ਬਾਅਦ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਹਿਨੁਮਾਈ ਵਿੱਚ ਦੋ ਪ੍ਰਮੁੱਖ ਮੋਰਚੇ ਹੁਣ ਤੱਕ ਲਾਏ ਹਨ ਪਹਿਲਾ ਪੰਜਾਬੀ ਸੂਬੇ ਦਾ ਅਤੇ ਦੂਸਰਾ ਧਰਮ ਯੁੱਧ ਮੋਰਚਾ। ਪੰਜਾਬੀ ਸੂਬੇ ਦਾ ਮੋਰਚਾ ਵੀ ਸੰਪੂਰਨਤਾ ਹਾਸਲ ਨਹੀਂ ਕਰ ਸਕਿਆ ਤੇ ਇਸੇ ਤਰਾਂ ਧਰਮ ਯੁੱਧ ਮੋਰਚਾ ਜਿਸਨੇ ਬਾਅਦ ਵਿੱਚ ਸਿੱਖ ਸੰਘਰਸ਼ ਦਾ ਰੂਪ ਧਾਰਨ ਕੀਤਾ ਉਹ ਵੀ ਅੱਧਵਾਟੇ ਹੀ ਰਹਿ ਗਿਆ। ਇੰਨਾ ਮੋਰਚਿਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਹਾਸਲ ਕਰਨ ਦੀ ਕਾਮਯਾਬੀ ਜਰੂਰ ਲੈ ਲਈ। ਹੁਣ ਬਰਗਾੜੀ ਦਾ ਮੋਰਚਾ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਪਰੇ ਹਟ ਕੇ ਦੂਸਰੀਆਂ ਪੰਥਕ ਧਿਰਾਂ ਜਥੇਦਾਰ ਧਰਮ ਸਿੰਘ ਮੰਡ ਦੀ ਅਗਵਾਈ ਹੇਠ ਅਰੰਭਿਆ ਹੈ ਇਸਦੀ ਮੁਕੰਮਲਤਾ ਦੀ ਸਿੱਖ ਕੌਮ ਨੂੰ ਬੇਸਬਰੀ ਨਾਲ ਉਡੀਕ ਹੈ ਤੇ ਜਾਂ ਇਸ ਵਿਚੋਂ ਕੌਮ ਨੂੰ ਨਰੋਈ ਸੇਧ ਦੇਣ ਵਾਲੇ ਪੰਥਕ ਲੀਡਰ ਦਾ ਉਭਾਰ ਸਾਹਮਣੇ ਜਰੂਰ ਆਉਣਾ ਚਾਹੀਦਾ ਹੈ।