ਕਿਸੇ ਵੀ ਜ਼ਮਹੂਰੀਅਤ ਦੀ ਮਜਬੂਰੀ ਉਸਦੇ ਚੌਥੇ ਥੰਮ ਪੱਤਰਕਾਰੀ ਅਤੇ ਸੰਚਾਰ ਮਾਧਿਅਮ ਦੀ ਅਜਾਦੀ ਤੇ ਨਿਰਭਰ ਕਰਦੀ ਹੈ। ਜਿਸ ਵਿੱਚ ਸੰਚਾਰ ਮਾਧਿਅਮ ਤੇ ਪੱਤਰਕਾਰੀ ਭਿੰਨਤਾ ਵਾਲੇ ਵਿਚਾਰਾਂ ਦੀ ਧਾਰਨੀ ਹੋਵੇ। ਉਹ ਕਿਸੇ ਡਰ ਭੈਅ ਤੋਂ ਰਹਿਤ ਹੋ ਕਿ ਨਿਰਪੱਖ ਆਪਣੇ ਵਿਚਾਰ ਰੱਖ ਸਕਦੀ ਹੋਵੇ। ਅੱਜ ਭਾਵੇਂ ਖਾਸ ਕਰਕੇ ਕਰੋਨਾ ਵਾਇਰਸ ਦੇ ਦੌਰ ਵਿੱਚ ਦੁਨੀਆਂ ਭਰ ਵਿੱਚ ਪੱਤਰਕਾਰੀ ਤੇ ਪੱਤਰਕਾਰ ਸਰਕਾਰਾਂ ਦੇ ਰਾਜਸੱਤਾ ਦੇ ਨਸ਼ੇ ਕਰਕੇ ਭਾਰੀ ਦਬਾਅ ਅੰਦਰ ਹਨ। ਉਹ ਸੌਆਂ ਬੱਧੀ ਝੂਠੇ ਮੁਕੱਦਮਿਆਂ ਅਤੇ ਜੇਲ੍ਹਬੰਦੀ ਦਾ ਸ਼ਿਕਾਰ ਹਨ। ਭਾਰਤ ਅੰਦਰ ਵੀ ਪਿਛਲੇ ਕੁਝ ਸਮੇਂ ਤੋਂ ਸਰਕਾਰੀ ਦਬਾਅ ਥੱਲੁ ਸੰਚਾਰ ਮਾਧਿਅਮ ਹੈ ਤੇ ਵਿਭਿੰਨਤਾ ਤੇ ਡਰ ਰਹਿਤ ਪੱਤਰਕਾਰੀ ਤੋਂ ਕਾਫੀ ਹੱਦ ਤੱਕ ਵਾਂਝੀ ਹੋ ਚੁੱਕੀ ਹੈ। ਕਰੋਨਾ ਵਾਇਰਸ ਦੇ ਦੌਰ ਅੰਦਰ ਹੀ 55 ਦੇ ਕਰੀਬ ਪੱਤਰਕਾਰ ਜੇਲਬੰਦੀ ਦਾ ਸ਼ਿਕਾਰ ਹੋ ਗਏ। ਜਿਨਾਂ ਤੇ ਦੋਸ਼ ਹੈ ਕਿ ਉਨਾਂ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਵਿੱਚ ਕੇਂਦਰੀ ਅਤੇ ਸੂਬਾ ਸਰਕਾਰਾਂ ਤੋਂ ਵੱਖਰੀ ਸੋਚ ਅਪਣਾਈ ਹੈ। ਇਸ ਸਾਲ ਦੀ ਕੌਮਾਂਤਰੀ ਪੱਤਰਕਾਰੀ ਦੀ ਅਜਾਦੀ ਵਾਲੀ ਨਿਰੀਖਣ ਰਿਪੋਰਟ ਅਨੁਸਾਰ ਭਾਰਤ ਲਗਾਤਾਰ ਪੱਤਰਕਾਰੀ ਦੇ ਮਿਆਰ ਵਿੱਚ ਹੇਠਾਂ ਡਿੱਗਦਾ ਜਾ ਰਿਹਾ ਹੈ। ਵਾਜਪਾਈ ਦੀ ਸਰਕਾਰ ਵੇਲੇ ਭਾਰਤ ਅੰਦਰ ਪੱਤਰਕਾਰੀ ਦੀ ਅਜਾਦੀ ਮੁਤਾਬਕ ਭਾਰਤ ਦਾ ਦੁਨੀਆਂ ਅੰਦਰ 80ਵਾਂ ਸਥਾਨ ਸੀ ਜੋ ਘੱਟ ਕੇ ਹੁਣ 142ਵੇਂ ਦਰਜੇ ਤੇ ਆ ਗਿਆ ਹੈ। ਇਹ ਨਿਰੀਖਣ 180 ਮੁਲਕਾਂ ਦੇ ਅੰਕੜੇ ਤੋਂ ਲਿਆ ਗਿਆ ਹੈ। ਜਿਸ ਵਿੱਚ ਇਹ ਮਿਆਰ ਹੁੰਦਾ ਹੈ ਕਿ ਸਰਕਾਰਾਂ ਨੂੰ ਸੁਚੇਤ ਕੀਤਾ ਜਾਵੇ ਕਿ ਉਹ ਆਪਣੇ ਸੰਚਾਰ ਮਾਧਿਅਮ ਤੇ ਪੱਤਰਕਾਰੀ ਨੂੰ ਪੂਰੀ ਅਜਾਦੀ ਦੇਵੇ। ਪੱਤਰਕਾਰੀ ਵੀ ਪੂਰੀ ਤਰਾਂ ਕਿਸੇ ਡਰ ਤੋਂ ਮਹਿਤ ਹੋਵੇ ਤੇ ਨਿਰਪੱਖ ਹੋ ਕੇ ਆਪਣੀ ਪੱਤਰਕਾਰੀ ਕਰੇ। ਇਸ ਨਿਰੀਖਣ ਰਾਹੀਂ ਇੱਕ ਤਰਾਂ ਨਾਲ ਪੱਤਰਕਾਰੀ ਦੀ ਬਹਾਦਰੀ ਨੂੰ ਸਝਾਹਿਆ ਜਾਂਦਾ ਹੈ। ਇਸਦੇ ਨਾਲ ਹੀ ਜਿੱਥੇ ਵੀ ਪੱਤਰਕਾਰੀ ਤੇ ਸੰਚਾਰ ਮਾਧਿਅਮ ਖਤਰੇ ਵਿੱਚ ਹੈ ਉਸਨੂੰ ਬਚਾਉਣ ਤੇ ਉਸਦੇ ਬਚਾਅ ਲਈ ਦੁਨੀਆਂ ਭਰ ਵਿੱਚ ਅਵਾਜ਼ ਉਠਾਈ ਜਾਂਦੀ ਹੈ। ਹਰ ਸਾਲ ਆਪਣੇ ਕੰਮ ਕਾਜ਼ ਦੌਰਾਨ ਜੋ ਪੱਤਰਕਾਰ ਮਾਰੇ ਜਾਂਦੇ ਹਨ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ। ਇਸ ਵਾਰੀ ਪੱਤਰਕਾਰੀ ਅਜਾਦੀ ਨਿਰੀਖਣ ਅੰਕ ਦਾ ਜੋ ਮੁੱਖ ਉਦੇਸ਼ ਹੈ ਉਹ ਇਹ ਹੈ ਕਿ ਕਿਸੇ ਡਰ ਭੈਅ ਤੋਂ ‘ਅਜ਼ਾਦ ਪੱਤਰਕਾਰੀ’। ਇਸ ਦਰਜ਼ਾਬੰਦੀ ਵਿੱਚ ਭਾਰਤ ਅਫਗਾਨਿਸਤਾਨ ਦੀ ਪ੍ਰੈਸ ਪੱਤਰਕਾਰੀ ਵਾਲੇ ਹਾਲਾਤ ਤੋਂ ਵੀ ਪਛੜ ਗਿਆ ਹੈ। ਜਿਸ ਭਾਰਤ ਵਿੱਚ ਸੰਵਿਧਾਨਕ ਤੌਰ ਤੇ ਇਹ ਹੱਕ ਪ੍ਰਾਪਤ ਹੈ ਕਿ ਹਰ ਕਿਸੇ ਨੂੰ ਵਿਚਾਰ ਪ੍ਰਗਟਾਉਣ ਦੀ ਖੁੱਲ ਹੈ ਅਤੇ ਪੂਰਨ ਅਜ਼ਾਦੀ ਹੈ। ਪੱਤਰਕਾਰੀ ਵੀ ਇਸ ਹੱਕ ਅਧੀਨ ਹੀ ਆਉਂਦੀ ਹੈ। ਭਾਰਤ ਵਿੱਚ ਪੱਤਰਕਾਰੀ ਅਤੇ ਸੰਚਾਰ ਮਾਧਿਅਮ ਦਾ ਪਿਛਲੇ ਕੁਝ ਸਾਲਾਂ ਵਿੱਚ ਇਸ ਮੌਜ਼ੂਦਾ ਸਰਕਾਰ ਦੇ ਦੌਰ ਅੰਦਰ ਪਛੜਨ ਦਾ ਕਾਰਨ ਮੁੱਖ ਰੂਪ ਵਿੱਚ –

(1) ਪੱਤਰਕਾਰੀ ਤੇ ਸੰਚਾਰ ਮਾਧਿਅਮ ਦੇ ਬੰਦਿਆਂ ਤੇ ਹਿੰਸਕ ਹਮਲੇ;
(2) ਦਬਾਅ ਕੇ ਅਤੇ ਸਵੈ-ਇੱਛਾ ਨਾਲ ਪੱਤਰਕਾਰੀ ਤੇ ਸੰਚਾਰ ਮਾਧਿਅਮ ਵਿੱਚ ਅਜਾਦੀ ਦੀ ਘਾਟ;
(3) ਸੰਚਾਰ ਮਾਧਿਅਮ ਤੇ ਪੱਤਰਕਾਰੀ ਦੇ ਵਿਚਾਰਾਂ ਨੂੰ ਦੁਬਾਉਣਾ;
(4) ਵਿਭਿੰਨਤਾਂ ਤੇ ਵੱਖਰੇ ਵਿਚਾਰਾਂ ਦਾ ਖਤਮ ਹੋਣਾ ਆਦਿ।

ਇਸ ਸਰਕਾਰ ਦੌਰਾਨ ਸੰਚਾਰ ਮਾਧਿਅਮ ਦੇ ਪੱਤਰਕਾਰਾਂ ਤੇ ਵਾਰ ਵਾਰ ਪੁਲੀਸ ਵੱਲੋਂ ਹਿੰਸਾ ਹੋਈ ਹੈ। ਰਾਜਨੀਤਿਕ ਕਾਰਜ-ਕਰਤਾਵਾਂ ਨੇ ਉਹਨਾਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਇਆ ਹੈ ਤੇ ਇਸੇ ਤਰਾਂ ਗੁੰਡੇ ਅਨਸਰਾਂ ਤੇ ਗੈਂਗ ਗੁੱਟਾਂ ਨੇ ਵੀ ਉਹਨਾਂ ਖਿਲਾਫ ਖਬਰਾਂ ਪ੍ਰਕਾਸ਼ਿਤ ਕਰਨ ਕਰਕੇ ਇੰਨਾਂ ਤੇ ਹਿੰਸਕ ਹਮਲੇ ਕੀਤੇ ਹਨ। ਪਿੱਛੇ ਦਿਨੀਂ ਵਾਪਰੀ ਯੂ.ਪੀ. ਵਿੱਚ ਹਾਥਰਥ ਵਿਖੇ ਦਲਿਤ ਕੁੜੀ ਦੇ ਹੋਏ ਬੇਰਹਿਮੀ ਨਾਲ ਕਤਲ ਤੇ ਬਲਾਤਕਾਰ ਦੀ ਘਟਨਾਂ ਬਾਰੇ ਖੋਜ ਕਰਨ ਗਏ ਪੱਤਰਕਾਰ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਤੇ ਉਹਨਾਂ ਤੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ਼ ਕਰਕੇ ਜੇਲਬੰਦ ਕੀਤਾ ਗਿਆ। ਇਸੇ ਤਰਾਂ ਕਸ਼ਮੀਰ ਵਿੱਚ ਵੀ ਉਹਨਾਂ ਲੋਕਾਂ ਦਾ ਸੰਵਿਧਾਨਕ ਦਰਜਾ ਖਤਮ ਕਰਨ ਤੋਂ ਬਾਅਦ ਉੱਥੋਂ ਦੀ ਪੱਤਰਕਾਰੀ ਨੂੰ ਅੰਧਕਾਲ ਵਿੱਚ ਧਕੇਲ ਦਿੱਤਾ ਹੈ। ਪੱਤਰਕਾਰੀ ਦੇ ਮਿਆਰ ਦਾ ਨੈਤਿਕ ਪਤਨ ਤੇ ਸਰਕਾਰ ਦੀ ਨੈਤਿਕ ਬੌਧਿਕਤਾ ਤਾਂ ਇੰਦਰਾ ਗਾਂਧੀ ਦੇ ਰਾਜ ਦੌਰਾਨ ਹੀ ਐਲਾਨੀ ਗਈ ਅਪਤਕਾਲ ਸਥਿਤੀ ਦੌਰਾਨ ਹੀ ਖੁਰ ਗਿਆ ਸੀ ਜਦੋਂ ਉਸਨੇ ਭਾਰਤੀ ਪੱਤਰਕਾਰੀ ਨੂੰ ਇੱਕ ਤਰਾਂ ਅਲੋਪ ਹੀ ਕਰ ਦਿੱਤਾ ਸੀ। ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਹੈ ਤਾਂ ਉਸਦੇ ਮੁੰਡੇ ਰਜੀਵ ਗਾਂਧੀ ਨੇ ਵੀ ਭਾਰਤੀ ਪੱਤਰਕਾਰੀ ਦਾ ਯਕੀਨ ਨਾ ਕਰਦਿਆਂ ਹੋਇਆਂ ਉਸਦੀ ਮੌਤ ਦੀ ਪੁਸ਼ਟੀ ਕਰਦਿਆਂ ਬੀ.ਬੀ.ਸੀ. ਦੀ ਖਬਰ ਦਾ ਸਹਾਰਾ ਲਿਆ ਸੀ। ਪੱਤਰਕਾਰੀ ਦੇ ਅਲੋਪ ਹੋਣ ਦਾ ਦ੍ਰਿਸ਼ ਸਿੱਖ ਕੌਮ ਨੇ ਵੀ ਹੰਢਾਇਆ ਹੈ ਜਦੋਂ ਦਰਬਾਰ ਸਾਹਿਬ ਦਾ ਸਾਕਾ ਹੋਇਆ ਸੀ ਤੇ ਉਸਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਮੋਦੀ ਨੇ 2014 ਵਿੱਚ ਰਾਜ ਭਾਗ ਸੰਭਾਲਣ ਤੋਂ ਬਾਅਦ ਪੱਤਰਕਾਰੀ ਨੂੰ ਇਹ ਸੰਦੇਸ਼ ਦਿੱਤਾ ਸੀ ਕਿ “ਪੱਤਰਕਾਰੀ ਵੱਲੋਂ ਮੇਰੀ ਸਰਕਾਰ ਦੀ ਅਲੋਚਨਾ ਕਰਨੀ ਚਾਹੀਦੀ ਹੈ, ਅਲੋਚਨਾ ਨਾਲ ਜ਼ਮਹੂਰੀਅਤ ਮਜਬੂਤ ਹੁੰਦੀ ਹੈ, ਤਿੱਖੀ ਅਲੋਚਨਾ ਕਿਸੇ ਵੀ ਜ਼ਮਹੂਰੀਅਤ ਅਤੇ ਸਰਕਾਰ ਦਾ ਅਟੁੱਟ ਹਿੱਸਾ ਹੈ।” ਪਰ ਇਹੀ ਮੋਦੀ ਸਰਕਾਰ ਨੇ ਆਪਣੇ ਪਿਛਲੇ ਕੁਝ ਸਾਲਾਂ ਦੇ ਰਾਜ ਕਾਲ ਦੌਰਾਨ ਭਾਰਤ ਦੀ ਨਿਰਪੱਖ ਤੇ ਧਰਮ ਨਿਰਪੱਖ ਸੋਚ ਨੂੰ ਆਪਣੇ ਹਿੰਦੂਤਵ ਤੇ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਅਧੀਨ ਪੂਰੀ ਤਰਾਂ ਨਾਲ ਸਰਕਾਰੀ ਰਾਸ਼ਟਰਵਾਦ ਵਿੱਚ ਤਬਦੀਲ ਕਰ ਦਿੱਤਾ ਹੈ। ਕਿਸੇ ਤਰਾਂ ਦੀ ਵੀ ਅਲੋਚਨਾ ਤੇ ਸਵਾਲ ਜੋ ਇਸ ਹਿੰਦੂਤਵ ਤੇ ਹਿੰਦੂ ਰਾਸ਼ਟਰ ਪ੍ਰਤੀ ਉੱਠਦਾ ਹੈ ਉਸ ਨੂੰ ਸੰਚਾਰ ਮਾਧਿਅਮ ਅਤੇ ਪੱਤਰਕਾਰੀ ਦੇ ਉੱਪਰ ਆਪਣੀ ਪਕੜ ਰਾਹੀਂ ਇਹ ਦਰਸਾ ਦਿੱਤਾ ਜਾਂਦਾ ਹੈ ਕਿ ਇਹ ਦੇਸ਼ ਵਿਰੋਧੀ ਸੋਚ ਹੈ। ਜਦਕਿ ਦੇਸ਼ ਭਗਤੀ ਰਾਸ਼ਟਰਵਾਦ ਤੋਂ ਬਿੱਲਕੁਲ ਵੱਖਰੀ ਹੈ। ਮਾਰਕ ਟਵੇਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਦੇਸ਼ ਭਗਤੀ ਕਿਸੇ ਵੀ ਨਾਗਰਿਕ ਦਾ ਅਟੁੱਟ ਲਗਾਅ ਹੈ ਜਦਕਿ ਰਾਸ਼ਟਰਵਾਦ ਕਿਸੇ ਸਰਕਾਰ ਦੀ ਨੀਤੀ ਤੇ ਨਿਰਭਰ ਕਰਦਾ ਹੈ ਤੇ ਉਸ ਵਿੱਚ ਵਖਰੇਵਾਂ ਤੇ ਵਿਭਿੰਨਤਾ ਹੋ ਸਕਦੀ ਹੈ। ਮੌਜੂਦਾ ਸਰਕਾਰ ਨੇ ਹਿੰਦੂ ਰਾਸ਼ਟਰ ਤੇ ਹਿੰਦੂਤਵ ਪ੍ਰਚਾਰ ਰਾਹੀਂ ਸੰਚਾਰ ਮਾਧਿਅਮਾਂ ਦੀ ਸੋਚ ਨੂੰ ਦਬਾਅ ਕੇ ਉਹਨਾਂ ਨੂੰ ਆਤਮ ਮੁਗਧ ਦੀ ਅਵਸਥਾ ਵਿੱਚ ਤਬਦੀਲ ਕਰ ਦਿੱਤਾ ਹੈ। ਜਿਸ ਨਾਲ ਅੱਜ ਦੇ ਭਾਰਤ ਦਾ ਦ੍ਰਿਸ਼ ਇੱਕ ਅਣਔਲਾਨੀ ਅਪਤਕਾਲ (ਐਂਮਰਜੈਂਸੀ) ਅਧੀਨ ਹੈ। ਜਿਸ ਨਾਲ ਜ਼ਮਹੂਰੀਅਤ ਦਾ ਚੌਥਾ ਥੰਮ ਪੱਤਰਕਾਰੀ ਵੀ ਅੰਧਕੂਪ ਕਾਰਗਾਰ ਵਿੱਚ ਕੈਦ ਹੋ ਚੁੱਕੀ ਹੈ। ਜਿਸ ਦੀ ਅਲੋਚਨਾਤਮਕ ਅਤੇ ਨਿਰਪੱਖ ਸੋਚ ਤੇ ਇੱਕ ਤਰਾਂ ਨਾਲ ਅਣ ਐਲਾਨੀ ਪਾਬੰਦੀ ਲੱਗ ਚੁੱਕੀ ਹੈ। ਜਿਸ ਨਾਲ ਕਾਫੀ ਹੱਦ ਤੱਕ ਸੰਚਾਰ ਮਾਧਿਅਮ ਤੇ ਪੱਤਰਕਾਰੀ ਸਹਿਮਤੀ ਵੀ ਪ੍ਰਗਟਾਅ ਰਿਹਾ ਹੈ। ਇਹ ਇੱਕ ਫਾਸੀਵਾਦੀ ਸੋਚ ਦਾ ਜ਼ਮਹੂਰੀਅਤ ਅੰਦਰ ਪ੍ਰਗਟਾਵਾ ਹੈ। ਸੰਚਾਰ ਮਾਧਿਅਮ ਦੀ ਅੱਜ ਦੀ ਸਥਿਤੀ ਬਾਰੇ ਇੱਕ ਟਿੱਪਣੀ ਕਰਦਿਆਂ ਕਿਸੇ ਨੇ ਕਿਹਾ ਹੈ ਕਿ ਅੱਜ ਭਾਰਤ ਦੀਆਂ ਗਿਰਝਾਂ ਕਹਿੰਦੀਆਂ ਹਨ ਕਿ ਅਸੀਂ ਮਾਨਹਾਨੀ ਦਾ ਮੁਕੱਦਮਾ ਕਰਾਂਗੇ ਜੇ ਸਾਨੂੰ ਭਾਰਤੀ ਪੱਤਰਕਾਰੀ ਨਾਲ ਤੁਲਨਾ ਦਿੱਤੀ।