ਹੈਲੋ! ਮੈਂ ਹਸਨ ਰਉਹਾਨੀ ਬੋਲ ਰਿਹਾ ਹਾਂ! ਕੀ ਹਾਲ ਹੈ? ਨਿਊਯਾਰਕ ਦਾ ਟਰੈਫਿਕ ਹਾਲੇ ਵੀ ਕਾਫੀ ਜਿਆਦਾ ਹੀ ਰਹਿੰਦਾ ਹੈ।” ਇਨ੍ਹਾਂ ਤਿੰਨ ਵਾਕਾਂ ਨੇ ਇਰਾਨ ਅਤੇ ਅਮਰੀਕਾ ਦੀ ੩੪ ਸਾਲ ਪੁਰਾਣੀ ਸਿਆਸੀ ਰੰਜਿਸ਼ ਨੂੰ ਖਤਮ ਕਰਨ ਦਾ ਪਹਿਲਾ ਯਤਨ ਕੀਤਾ। ੩੪ ਸਾਲ ਪਹਿਲਾਂ ਦੋਹਾਂ ਮੁਲਕਾਂ ਦੀ ਬੰਦ ਹੋਈ ਗੱਲਬਾਤ ਪਿਛਲੇ ਦਿਨੀ ਯੂ.ਐਨ. ਅਸੰਬਲੀ ਨੂੰ ਸੰਬੋਧਿਤ ਕਰਨ ਗਏ ਇਰਾਨ ਦੇ ਰਾਸ਼ਟਰਪਤੀ ਹਸਨ ਰਉਹਾਨੀ ਨੇ ਮੁੜ ਸ਼ੁਰੂ ਕਰਨ ਦਾ ਯਤਨ ਕੀਤਾ। ਵੈਸੇ ਤਾਂ ਅਮਰੀਕੀ ਪ੍ਰਧਾਨ ਬਾਰਕ ਓਬਾਮਾ ਨੇ ਇਹ ਐਲਾਨ ਕਰ ਰੱਖਿਆ ਸੀ ਕਿ ਉਹ ਇਰਾਨ ਦੇ ਨਵੇਂ ਮੁਖੀ ਨਾਲ ਹੱਥ ਮਿਲਾਉਣ ਤੋਂ ਵੀ ਗੁਰੇਜ਼ ਨਹੀ ਕਰਨਗੇ ਪਰ ਇਰਾਨੀ ਲੀਡਰ ਦੀਆਂ ਘਰੇਲ਼ੂ ਮਜਬੂਰੀਆਂ ਨੇ ਉਹ ਇਤਿਹਾਸਕ ਪਲ ਸਾਕਾਰ ਨਹੀ ਹੋਣ ਦਿੱਤੇ। ਪਰ ਉਨ੍ਹਾਂ ਅਮਰੀਕੀ ਪ੍ਰਧਾਨ ਦੇ ਮਾਣ ਅਤੇ ਸਤਿਕਾਰ ਨੂੰ ਕਿਸੇ ਹੱਦ ਤੱਕ ਰੱਖ ਲਿਆ ਅਤੇ ਆਪਣੇ ਮੁਲਕ ਨੂੰ ਵਾਪਸ ਜਾਂਦੇ ਸਮੇਂ ਟੈਲੀਫੋਨ ਕਾਲ ਰਾਹੀਂ ਸਿਆਸੀ ਠੰਢਕ ਨੂੰ ਤੋੜਨ ਦਾ ਯਤਨ ਕੀਤਾ।

ਅਮਰੀਕਾ ਅਤੇ ਇਰਾਨ ਦੇ ਸਬੰਧ ੧੯੭੯ ਤੋਂ ਹੀ ਨਾਖੁਸ਼ਗਵਾਰ ਚਲੇ ਆ ਰਹੇ ਹਨ। ੧੯੭੯ ਵਿੱਚ ਜਦੋਂ ਧਾਰਮਿਕ ਇਨਕਲਾਬ ਨੇ ਉਥੋਂ ਦੇ ਮੁਖੀ ਸ਼ਾਹ ਮੁਹੰਮਦ ਰੇਜ਼ਾ ਪਹਿਲਵੀ ਦਾ ਤਖਤਾ ਪਲਟ ਦਿੱਤਾ ਸੀ। ਉਸ ਵੇਲੇ ਦੇ ਅਮਰੀਕੀ ਪ੍ਰਧਾਨ ਜਿੰਮੀ ਕਾਰਟਰ ਨਾਲ ਸ਼ਾਹ ਦੀ ਹੋਈ ਗੱਲਬਾਤ ਦੋਹਾਂ ਮੁਲਕਾਂ ਦਾ ਆਖਰੀ ਸੰਪਰਕ ਸੀ। ਅਮਰੀਕਾ ਅਤੇ ਇਜ਼ਰਾਈਲ ਉਸ ਵੇਲੇ ਤੋਂ ਹੀ ਦੋਸ਼ ਲਗਾ ਰਹੇ ਹਨ ਕਿ ਇਰਾਨ ਆਪਣੇ ਆਪ ਨੂੰ ਐਟਮੀ ਤਾਕਤ ਵੱਜੋਂ ਤਿਆਰ ਕਰ ਰਿਹਾ ਹੈ ਜੋ ਅਮਰੀਕਾ ਅਤੇ ਖਾਸ ਕਰਕੇ ਇਜ਼ਰਾਈਲ ਦੇ ਹਿੱਤ ਵਿੱਚ ਨਹੀ ਹੈ।

ਹੁਣ ਵੀ ਜਦੋਂ ਇਰਾਨ ਦੇ ਨਵੇਂ ਰਾਸ਼ਟਰਪਤੀ ਹਸਨ ਰਉਹਾਨੀ ਯੂ.ਐਨ. ਅਸੰਬਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ ਅਤੇ ਜਿਨ੍ਹਾਂ ਨੇ ਐਟਮੀ ਹਥਿਆਰ ਬਣਾਉਣ ਤੋਂ ਸਾਫ ਕਿਨਾਰਾ ਕਰਨ ਦਾ ਐਲਾਨ ਰਸਮੀ ਤੌਰ ਤੇ ਕਰ ਦਿੱਤਾ ਸੀ ਉਸੇ ਵੇਲੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਆਪਣੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਦੇ ਅਧਾਰ ਤੇ ਤਿਆਰ ਕੀਤਾ ਇੱਕ ਵੱਡਾ ਦਸਤਾਵੇਜ਼ ਬਾਰਕ ਓਬਾਮਾ ਦੇ ਹਵਾਲੇ ਕਰ ਰਹੇ ਸਨ ਜਿਸ ਵਿੱਚ ਉਨ੍ਹਾਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੀ ਤਾਜ਼ਾ ਤਫਸੀਲ ਬਿਆਨ ਕੀਤੀ ਸੀ। ਨੇਤਨਯਾਹੂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਵਿੱਚ ਸਾਫ ਤੌਰ ਤੇ ਦੱਸਿਆ ਗਿਆ ਹੈ ਕਿ ਇਸ ਵੇਲੇ ਇਰਾਨ ਕੋਲ ੨੧੯ ਕਿਲੋਗਰਾਮ ਅਜਿਹਾ ਯੂਰੇਨਿਯਮ ਹੈ ਜਿਸ ਨੂੰ ਪ੍ਰਮਾਣੂੰ ਬੰਬ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਸੇ ਦੌਰਾਨ ਪੈਂਟਾਗਨ ਦੇ ਅਧਿਕਾਰੀਆਂ ਨੇ ਵੀ ਦੋਸ਼ ਲਾਏ ਹਨ ਕਿ ਹਾਲ ਵਿੱਚ ਹੀ ਇਰਾਨ ਨੇ ਉਸ ਦੇ ਕੰਪਿਊਟਰ ਨੈਟਵਰਕ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਹਸਨ ਰਉਹਾਨੀ ਦੇ ਬਿਆਨਾਂ ਨੂੰ ਸਿਰਫ ਇੱਕ ਪੀ.ਆਰ. ਮੈਨੇਜਮੈਟ ਦੀ ਕਾਰਵਾਈ ਦੱਸਿਆ ਹੈ ਅਤੇ ਪ੍ਰਧਾਨ ਓਬਾਮਾ ਨੂੰ ਅਪੀਲ ਕੀਤੀ ਹੈ ਕਿ ਜੇ ਇਰਾਨ ਸੱਚਮੁੱਚ ਹੀ ਆਪਣੇ ਐਟਮੀ ਪ੍ਰੋਗਰਾਮ ਨੂੰ ਤਿਆਗਣ ਲਈ ਸੰਜੀਦਾ ਹੈ ਤਾਂ ਉਹ ਸਾਰਾ ਤਿਆਰ ਕੀਤਅ ਯੂਰੇਨਿਯਮ ਦੇਸ਼ ਤੋਂ ਬਾਹਰ ਕੱਢਣ ਲਈ ਤਿਆਰ ਹੋਵੇ, ਅੱਗੇ ਤੋਂ ਯੂਰੇਨਿਯਮ ਤਿਆਰ ਕਰਨ ਤੇ ਪਾਬੰਦੀ ਲਾਵੇ ਅਤੇ ਆਪਣੀਆਂ ਤਿੰਨ ਪ੍ਰਮਾਣੂੰ ਬੰਬ ਬਣਾਉਣ ਵਾਲੀਆਂ ਪ੍ਰਯੋਗਸ਼ਾਲਾਵਾਂ, ਨਨਤਾਜ਼, ਫਰੋਦੋ ਅਤੇ ਅਰਕ ਨੂੰ ਫੌਰੀ ਬੰਦ ਕਰੇ।

ਸੀਰੀਆ ਤੇ ਕੇਂਦਰਿਤ ਹੋ ਰਹੀ ਸੰਸਾਰ ਰਾਜਨੀਤੀ ਹੁਣ ਇਰਾਨ ਵੱਲ ਨੂੰ ਅਹੁਲਦੀ ਪ੍ਰਤੀਤ ਹੋ ਰਹੀ ਹੈ। ਸੀਰੀਆ ਦਾ ਸੰਕਟ ਲੰਬਾ ਪੈ ਰਿਹਾ ਹੈ। ਕੋਈ ਮਜਬੂਤ, ਪਾਏਦਾਰ ਅਤੇ ਇਮਾਨਦਾਰ ਵਿਰੋਧੀ ਧਿਰ ਸਾਹਮਣੇ ਨਾ ਹੋਣ ਦੇ ਕਾਰਨ ਪ੍ਰਧਾਨ ਓਬਾਮਾ ਸੀ.ਆਈ.ਏ. ਦੇ ਕਹਿਣ ਦੇ ਬਾਵਜੂਦ ਹਮਲੇ ਕਰਨ ਲਈ ਤਿਆਰ ਨਹੀ ਹਨ। ਉਹ ਡਿਪਲੋਮੇਸੀ ਨੂੰ ਵੱਡਾ ਮੌਕਾ ਦੇਣਾਂ ਚਾਹੁੰਦੇ ਹਨ। ਪ੍ਰਧਾਨ ਓਬਾਮਾ ਅਮਰੀਕਾ ਦੀ ਜੰਗਬਾਜ਼ ਹੋਣ ਦੀ ਦਿੱਖ ਨੂੰ ਬਦਲਣਾਂ ਚਾਹੁੰਦੇ ਹਨ। ਉਹ ਅਮਰੀਕਾ ਨੂੰ ਇੱਕ ਡਿਪਲੋਮੈਟਿਕ ਸਿਆਸੀ ਧਿਰ ਵੱਜੋਂ ਉਸਾਰਨਾ ਚਾਹੁੰਦੇ ਹਨ ਜੋ ਜਿੰਮੇਵਾਰੀ ਨਾਲ ਭਰਪੂਰ ਹੋਵੇ। ਇਸੇ ਲਈ ਉਹ ੩੪ ਸਾਲਾਂ ਤੋਂ ਚਲ ਰਹੀ ਇਰਾਨੀ ਦੁਸ਼ਮਣੀ ਅਤੇ ਖੁੰਦਕ ਨੂੰ ਖਤਮ ਕਰਨ ਦੀ ਸੋਚ ਰੱਖਦੇ ਹਨ ਤਾਂ ਕਿ ਇਜ਼ਰਾਈਲ਼ ਅਤੇ ਮਿਡਲ ਈਸਟ ਲਈ ਸ਼ਾਂਤੀ ਬਣ ਸਕੇ।

ਅਸਲ ਵਿੱਚ ਇਰਾਨ ਨੂੰ ੧੯੭੯ ਵੇਲੇ ਅਮਰੀਕਾ ਨੇ ਹੀ ਪ੍ਰਮਾਣੂੰ ਸ਼ਕਤੀ ਅਤੇ ਤਕਨੀਕ ਮੁਹੱਈਆ ਕਰਵਾਈ ਸੀ ਉਸ ਵੇਲੇ ਦੋਵਾਂ ਮੁਲਕਾਂ ਦੇ ਸਬੰਧ ਕਾਫੀ ਚੰਗੇ ਸਨ। ਫਿਰ ਰਾਜਪਲਟੇ ਅਤੇ ਇਰਾਕ ਨਾਲ ਜੰਗ ਲੱਗਣ ਕਾਰਨ ਇਰਾਨ ਨੂੰ ਆਪਣੀ ਸੁਰੱਖਿਆ ਦਾ ਫਿਕਰ ਪੈ ਗਿਆ ਅਤੇ ਉਸ ਨੇ ਚੋਰੀ ਛੁਪੇ ਪ੍ਰਮਾਣੂੰ ਬੰਬ ਬਣਾਉਣ ਦਾ ਰਾਹ ਅਖਤਿਆਰ ਕਰ ਲਿਆ। ਕਾਫੀ ਸਾਲ ਇਹ ਕਾਰਵਾਈ ਗੁਪਤ ਰੂਪ ਵਿੱਚ ਚਲਦੀ ਰਹੀ ਪਰ ੨੦੦੨ ਵਿੱਚ ਇੱਕ ਵਿਰੋਧੀ ਗਰੁੱਪ ਨੇ ਇਸਦੀ ਪੋਲ ਖੋਲ੍ਹ ਦਿੱਤੀ। ਇੱਕ ਦਮ ਅਮਰੀਕਾ ਅਤੇ ਇਜ਼ਰਾਈਲ ਹਰਕਤ ਵਿੱਚ ਆ ਗਏ। ਇਜ਼ਰਾਈਲ ਤੇ ਤਾਂ ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਉਸਨੇ ਇਰਾਨ ਦੇ ਕਈ ਪ੍ਰਮਾਣੂੰ ਵਿਗਿਆਨੀ ਬੰਬ ਧਮਾਕਿਆਂ ਵਿੱਚ ਮਾਰ ਮੁਕਾਏ। ਪਿਛਲੇ ਸਾਲ ਦਿੱਲੀ ਅਤੇ ਜਾਰਜੀਆ ਦੀ ਰਾਜਧਾਨੀ ਤਿਬਲਿਸੀ ਵਿੱਚ ਦੋ ਇਜ਼ਰਾਈਲੀ ਡਿਪਲੋਮੈਟਸ ਨੂੰ ਉਨ੍ਹਾਂ ਦੀ ਕਾਰ ਨਾਲ ਉਹੋ ਜਿਹਾ ਬੰਬ ਲਗਾਕੇ ਮਾਰਨ ਦਾ ਯਤਨ ਕੀਤਾ ਗਿਆ ਜਿਸ ਤਰ੍ਹਾਂ ਇਰਾਨ ਦੇ ਪ੍ਰਮਾਣੂੰ ਵਿਗਿਆਨੀ ਮਾਰੇ ਗਏ ਸਨ।

ਅੱਜ ਭਾਵੇਂ ਇਰਾਨ ਦੇ ਨਵੇਂ ਰਾਸ਼ਟਰਪਤੀ ਇਹ ਆਖ ਰਹੇ ਹਨ ਕਿ ਅਸੀਂ ਪ੍ਰਮਾਣੂੰ ਬੰਬ ਨਹੀ ਬਣਾਵਾਂਗੇ ਪਰ ਪਿਛਲੇ ਦਿਨੀ ਇਰਾਨ ਵਿੱਚ ਜੋ ਹਥਿਆਰਾਂ ਦੀ ਪਰੇਡ ਕੀਤੀ ਗਈ ਉਸ ਵਿੱਚ ਵੱਡੀਆਂ ਮਿਜ਼ਾਈਲਾਂ ਤੇ ਲਿਖਿਆ ਹੋਇਆ ਸੀ- ਅਮਰੀਕਾ ਦੀ ਮੌਤ- ਇਜ਼ਰਾਈਲ ਦੀ ਮੌਤ। ਇਸੇ ਲਈ ਇਜ਼ਰਾਈਲੀ ਪ੍ਰਧਾਨ ਮੰਤਰੀ ਇਰਾਨ ਦੇ ਸ਼ਬਦਾਂ ਤੇ ਇਤਬਾਰ ਨਹੀ ਕਰ ਰਹੇ। ਉਹ ਆਖ ਰਹੇ ਹਨ ਕਿ ਇਰਾਨ ਦੀ ਕਹਿਣੀ ਅਤੇ ਕਰਨੀ ਵਿੱਚ ਕਾਫੀ ਅੰਤਰ ਹੈ।

ਇਸ ਸਭ ਕੁਝ ਦੇ ਬਾਵਜੂਦ ਬਾਰਕ ਓਬਾਮਾਂ ਇੱਕ ਵੱਡੇ ਅਤੇ ਜਿੰਮੇਵਾਰ ਆਗੂ ਵੱਜੋਂ ਉਭਰ ਰਹੇ ਹਨ ਅਤੇ ਉਹ ਗੱਲਬਾਤ ਨੂੰ ਇੱਕ ਹੋਰ ਮੌਕਾ ਦੇਣਾਂ ਚਾਹੁੰਦੇ ਹਨ। ਇਰਾਨ ਤੇ ਲੱਗੀਆਂ ਆਰਥਿਕ ਪਾਬੰਦੀਆਂ ਕਾਰਨ ਉਸਦੀ ਹਾਲਤ ਕਾਫੀ ਖਰਾਬ ਹੋ ਗਈ ਹੈ ਅਤੇ ਉਸ ਨੂੰ ਤੇਲ ਤੋਂ ਹੀ ੭੦ ਬਿਲੀਅਨ ਡਾਲਰ ਦਾ ਘਾਟਾ ਪੈ ਗਿਆ ਹੈ। ਬਾਰਕ ਓਬਾਮਾਂ ਜਾਣਦੇ ਹਨ ਕਿ ਜਿਆਦਾ ਖਰਾਬ ਹਾਲਤ ਕਾਰਨ ਇਸ ਖਿੱਤੇ ਵਿੱਚ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।