ਗੰਭੀਰ ਪੱਤਰਕਾਰੀ ਦੇ ਹਲਕਿਆਂ ਵਿੱਚ ਇਹ ਗੱਲ ਵਾਰ ਵਾਰ ਆਖੀ ਜਾਂਦੀ ਹੈ ਕਿ ਭਾਰਤ ਵਿੱਚ ਅਫਸਰਸ਼ਾਹੀ ਦਾ ਤਾਣਾਬਾਣਾਂ ਕਾਫੀ ਮਜਬੂਤ ਹੈੈ। ਜਿਸ ਵੇਲੇ ਭਾਰਤ ਵਿੱਚ ਸਿਆਸੀ ਤੌਰ ਤੇ ਕਾਫੀ ਕਮਜ਼ੋਰ ਸਰਕਾਰਾਂ ਬਣਦੀਆਂ ਸਨ ਉਸ ਵੇਲੇ ਦੇਸ਼ ਦੀ ਵਾਗਡੋਰ ਇਸਦੀ ਅਫਸਰਸ਼ਾਹੀ ਨੇ ਕਾਫੀ ਦ੍ਰਿੜਤਾ ਨਾਲ ਆਪਣੇ ਹੱਥ ਲਈ ਰੱਖੀ ਅਤੇ ਸਿਆਸਤਦਾਨਾਂ ਨੂੰ ਅਜਿਹਾ ਕੁਝ ਵੀ ਨਹੀ ਕਰਨ ਦਿੱਤਾ ਜੋ ਅਫਸਰਸ਼ਾਹੀ ਦੇ ਨਿਸ਼ਾਨਿਆਂ ਅਤੇ ਇਰਾਦਿਆਂ ਦੇ ਵਿਰੁੱਧ ਜਾਂਦਾ ਸੀ। ਭਾਰਤ ਦੀ ਅਫਸਰਸ਼ਾਹੀ ਨੇ ਜਿੱਥੇ ਸਿਆਸੀ ਸਿਸਟਮ ਨੂੰ ਆਪਣੇ ਹੱਥਾਂ ਵਿੱਚ ਮਜਬੂਤ ਰੱਖਿਆ ਹੋਇਆ ਹੈ ਉੱਥੇ ਹੀ ਉਸਨੇ ਸਿਆਸਤਦਾਨਾਂ,ਅਦਾਲਤਾਂ ਅਤੇ ਮੀਡੀਆ ਨੂੰ ਵੀ ਵੀ ਆਪਣੇ ਹੱਥਾਂ ਵਿੱਚ ਕੈਦ ਕੀਤਾ ਹੋਇਆ ਹੈੈ। ਜਦੋਂ ਵੀ ਕਿਤੇ ਅਦਾਲਤਾਂ, ਸਿਆਸਤਦਾਨ ਜਾਂ ਮੀਡੀਆ ਮਨੁੱਖਤਾ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਦੇਸ਼ ਦੀ ਅਫਸਰਸ਼ਾਹੀ ਉਸਦੀ ਉਸ ਹੱਦ ਤੱਕ ਹੀ ਇਜਾਜਤ ਦੇਂਦੀ ਹੈ ਜਿਸ ਹੱਦ ਤੱਕ ਉਹ ਅਫਸਰਸ਼ਾਹੀ ਦੇ ਆਪੂੰ ਚਿਤਵੇ ਨਿਸ਼ਾਨਿਆਂ ਦੀ ਪੂਰਤੀ ਕਰਦਾ ਹੈੈ। ਜੇ ਅਫਸਰਸ਼ਾਹੀ ਨੂੰ ਮਹਿਸੂਸ ਹੁੰਦਾ ਹੈ ਕਿ ਦੇਸ਼ ਦੇ ਸਿਆਸਤਦਾਨ, ਮੀਡੀਆ ਜਾਂ ਅਦਾਲਤਾਂ ਉਸ ਵੱਲੋਂ ਚਿਤਵੇ ਜਾਂ ਸਿਰਜੇ ਗਏ ਸੰਸਾਰ ਤੋਂ ਬਾਹਰ ਜਾ ਰਹੇ ਹਨ ਤਾਂ ਦੇਸ਼ ਦੀ ਅਫਸਰਸ਼ਾਹੀ ਇੱਕਮੁੱਠ ਹੋਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦੇਂਦੀ ਹੈੈੈ।

ਹਾਲ ਵਿੱਚ ਹੀ ਇਹ ਖਬਰਾਂ ਬਾਹਰ ਆਉਣੀਆਂ ਸ਼ੁਰੂ ਹੋਈਆਂ ਕਿ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਆਪਣਾਂ ਕਾਫੀ ਧਿਆਨ ਪੰਜਾਬ ਵੱਲ ਕੇਂਦਰਿਤ ਕਰ ਰਹੇ ਹਨ। ਇੱਕ ਸਾਲ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀਆਂ ਸਾਰੀਆਂ ਮੰਗਾਂ ਉਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਪੁਰਬ ਉੱਤੇ ਸਹਿਜਤਾ ਨਾਲ ਹੀ ਮੰਨ ਲਈਆਂ। ਨਰਿੰਦਰ ਮੋਦੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਜਿਹੜਾ ਫੈਸਲਾ ਲੈ ਲੈਂਦੇ ਹਨ ਉਸ ਤੋਂ ਪਿੱਛੇ ਨਹੀ ਹਟਦੇ। ਚਾਹੇ ਉਹ ਨੋਟਬੰਦੀ ਦਾ ਫੈਸਲਾ ਹੋਵੇ, ਜਾਂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਦਾ ਜਾਂ ਫਿਰ ਅਜਿਹੇ ਹੀ ਹੋਰ ਫੈਸਲੇ। ਉਨ੍ਹਾਂ ਨੂੰ ਇੱਕ ਮਜਬੂਤ ਅਤੇ ਸਮਰੱਥ ਆਗੂ ਵੱਜੋਂ ਦੇਖਿਆ ਜਾਂਦਾ ਹੈੈੈ।

ਪਰ ਕਿਸਾਨੀ ਨਾਲ ਸਬੰਧਤ ਤਿੰਨੇ ਕਨੂੰਨ ਗੁਰੂ ਸਾਹਿਬ ਦੇ ਪਰਕਾਸ਼ ਪੁਰਬ ਤੇ ਵਾਪਸ ਲੈ ਕੇ ਉਨ੍ਹਾਂ ਨੇ ਸਿੱਖ ਪੰਥ ਨੂੰ ਇੱਕ ਸਾਰਥਕ ਸੰਦੇਸ਼ ਦਿੱਤਾ ਹੈੈੈ। ਇਸਦੇ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੋਲ੍ਹਕੇ ਵੀ ਪਰਧਾਨ ਮੰਤਰੀ ਨੇ ਸਿੱਖਾਂ ਲਈ ਫਰਾਖਦਿਲੀ ਦਾ ਸਬੂਤ ਦਿੱਤਾ ਸੀ। ਹੁਣ ਪਿਛਲੇ ਦਿਨੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਨਰਿੰਦਰ ਮੋਦੀ ਨੇ ਜੋ ਵਿਚਾਰ ਪਰਗਟ ਕੀਤੇ ਉਹ ਵੀ ਕਿਸੇ ਨਵੀਂ ਸਫਬੰਦੀ ਦਾ ਸੰਦੇਸ਼ ਦੇ ਰਹੇ ਸਨ। ਪਹਿਲੀ ਵਾਰ ਕਿਸੇ ਪਰਧਾਨ ਮੰਤਰੀ ਨੇ ਸਿੱਖਾਂ ਬਾਰੇ ਅਜਿਹੇ ਚੰਗੇ ਸ਼ਬਦ ਬੋਲੇ ਹੋਣਗੇ। ਇਸਦੇ ਨਾਲ ਹੀ ਉੱਤਰ ਪਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਨੇ ਆਪਣੀ ਸਰਕਾਰੀ ਰਿਹਾਇਸ਼ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੋ ਸਮਾਗਮ ਕਰਵਾਇਆ ਉਸ ਵਿੱਚ ਉਨ੍ਹਾਂ ਬਹੁਤ ਭਾਵਪੂਰਤ ਗੱਲਾਂ ਆਖੀਆਂ ਹਨ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਕੁਰਬਾਨੀ ਕਰਕੇ ਹੀ ਭਾਰਤ ਅੱਜ ਜਿੰਦਾ ਹੈੈ।

ਪਰਧਾਨ ਮੰਤਰੀ ਨਰਿੰਦਰ ਮੋਦੀ, ਅਦਿੱਤਿਆਨਾਥ ਅਤੇ ਸੰਘ ਪਰਵਾਰ ਦੀ ਹੋਰ ਸੀਨੀਅਰ ਲੀਡਰਸ਼ਿੱਪ ਦੇ ਸਿੱਖਾਂ ਨਾਲ ਇੱਕ ਚੰਗਾ ਰਿਸ਼ਤਾ ਕਾਇਮ ਕਰਨ ਦੇ ਯਤਨਾਂ ਨੂੰ ਕਾਫੀ ਗੰਭਰਿਤਾ ਨਾਲ ਲਿਆ ਜਾ ਰਿਹਾ ਹੈੈ। ਬੇਸ਼ੱਕ ਇਸ ਵਿੱਚ ਵੋਟ ਰਾਜਨੀਤੀ ਵੀ ਸ਼ਾਮਲ ਹੋਵੇ ਪਰ ਬਹੁਤ ਲੰਬੇ ਸਮੇਂ ਤੋਂ ਬਾਅਦ ਅਜਿਹਾ ਮਹੌਲ ਦੇਖਣ ਨੂੰ ਮਿਲ ਰਿਹਾ ਹੈੈ।

ਦੇਸ਼ ਦੀ ਅਫਸਰਸ਼ਾਹੀ ਲਈ ਇਹ ਸੁਖਾਵੇਂ ਸੰਦੇਸ਼ ਓਨੇ ਸੁਖਾਵੇਂ ਨਹੀ ਹਨ। ਅਫਸਰਸ਼ਾਹੀ ਨੇ ਸਿੱਖਾਂ ਨੂੰ ਖਲਨਾਇਕ ਵੱਜੋਂ ਪੇਸ਼ ਕਰਕੇ ਇੱਕ ਅਡੰਬਰ ਸਿਰਜ ਰੱਖਿਆ ਹੈੈੈ। ਉਨ੍ਹਾਂ ਲਈ ਸਿੱਖ ਇੱਕ ਟਾਰਗੇਟ ਹਨ ਨਾ ਕਿ ਸ਼ਹਿਰੀ ਜਾਂ ਇਨਸਾਨ। ਜਦੋਂ ਕਿਸੇ ਸਿਆਸਤਦਾਨ ਦੀ ਰਾਜਨੀਤੀ ਸਿੱਖਾਂ ਨਾਲ ਸੁਖਾਵੇਂ ਸਬੰਧ ਬਣਾਉਣ ਦੀ ਬਣਦੀ ਹੈ ਤਾਂ ਅਫਸਰਸ਼ਾਹੀ ਵੱਲੋਂ ਸਿਰਜੇ ਅਡੰਬਰ ਵਿੱਚ ਤਰੇੜਾਂ ਪੈਣ ਲਗਦੀਆਂ ਹਨ। ਉਹ ਫਿਰ ਅਜਿਹੇ ਕਿੱਸੇ ਕਹਾਣੀਆਂ ਅਤੇ ਰਿਪੋਰਟਾਂ ਪੇਸ਼ ਕਰਦੀ ਹੈ ਜੋ ਮੁੜ ਸਿੱਖਾਂ ਨੂੰ ਖਲਨਾਇਕਾਂ ਅਤੇ ਖੁੰਖਾਰੂਆਂ ਦੀ ਕਤਾਰ ਵਿੱਚ ਖੜ੍ਹਾ ਕਰ ਦੇਵੇ।

ਲੁਧਿਆਣੇ ਵਾਲੇ ਬੰਬ ਧਮਾਕੇ ਦੀਆਂ ਖਬਰਾਂ ਹਾਲੇ ਹਰੀਆਂ ਹੀ ਸਨ ਕਿ ਹੁਣ ਨਵੇਂ ਸਾਲ ਤੇ ਬੰਬਈ ਵਿੱਚ ਸਿੱਖਾਂ ਵੱਲੋਂ ਵੱਡਾ ਹਮਲਾ ਅਤੇ ਕਤਲੇਆਮ ਕਰਨ ਦੀਆਂ ਖਬਰਾਂ ਪਲਾਂਟ ਕਰ ਦਿੱਤੀਆਂ ਗਈਆਂ ਹਨ। ਸਿੱਖਾਂ ਨੂੰ ਇੱਕ ਵਾਰ ਫਿਰ ਕਾਤਲ ਅਤੇ ਖੁੰਖਾਰੂ ਬਣਾਉਣ ਦੇ ਯਤਨ ਸ਼ੁਰੂ ਹੋ ਗਏ ਹਨ। ਕਿਸੇ ਪਾਸੇ ਖਬਰਾਂ ਸਨ ਕਿ ਸ਼ਾਇਦ ਪਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਆਪਣੇ ਪੰਜਾਬ ਦੌਰੇ ਮੌਕੇ ਕੁਝ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰ ਸਕਦੇ ਹਨ। ਇਹ ਖਬਰਾਂ ਅਫਸਰਸ਼ਾਹੀ ਵੱਲੋਂ ਸਿਰਜੇ ਹੋਏ ਅਡੰਬਰ ਨੂੰ ਤੋੜਦੀਆਂ ਹਨ। ਉਨ੍ਹਾਂ ਦਾ ਸਾਰਾ ਦਾਰੋਮਦਾਰ ਹੀ ਇਸ ਅਡੰਬਰ ਤੇ ਖੜ੍ਹਾ ਹੈੈੈ।

ਸਿਆਸਤਦਾਨਾਂ ਦੀ ਇਮਾਨਦਾਰੀ ਤੇ ਅਫਸਰਸ਼ਾਹੀ ਦਾ ਅਡੰਬਰ ਫਿਰ ਭਾਰੂ ਪੈ ਰਿਹਾ ਹੈੈੈ। ਇਸਦਾ ਅਸਰ ਕਿੰਨਾ ਕੁ ਹੁੰਦਾ ਹੈ ਇਹ 5 ਜਨਵਰੀ ਤੋਂ ਬਾਅਦ ਪਤਾ ਲੱਗੇਗਾ।