ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਦੈਵੀ ਧਰਮ ਦਾ ਆਗਮਨ ਕੀਤਾ ਉਸ ਵਿੱਚ ਮਨੁੱਖੀ ਗੁਲਾਮੀ ਲਈ ਕੋਈ ਥਾਂ ਨਹੀ ਸੀ। ਪ੍ਰਚੱਲਿਤ ਭਾਰਤੀ ਸੰਸਕ੍ਰਿਤੀ ਅਤੇ ਪ੍ਰਚੱਲਿਤ ਭਾਰਤੀ ਧਰਮ ਵਿੱਚ ਮਨੁੱਖ ਨੂੰ ਮਾਨਸਕ ਅਤੇ ਸਰੀਰਕ ਤੌਰ ਤੇ ਗੁਲਾਮ ਬਣਾਉਣ ਦੀਆਂ ਜੋ ਰਵਾਇਤਾਂ ਅਤੇ ਧਾਰਮਕ ਮਾਨਤਾਵਾਂ ਮਜਬੂਤ ਹੋ ਚੁੱਕੀਆਂ ਸਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਪਸ਼ਟਤਾ ਅਤੇ ਧੜੱਲੇ ਨਾਲ ਉਸ ਦਾ ਵਿਰੋਧ ਕੀਤਾ। ਕੇਵਲ ਵਿਰੋਧ ਹੀ ਨਹੀ ਕੀਤਾ ਬਲਿਕ ਭਾਰਤੀ ਸੰਸਕ੍ਰਿਤੀ ਵਿੱਚ ਨੀਵੇਂ ਆਖੇ ਜਾਂਦੇ ਲੋਕਾਂ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਗੂੜ੍ਹਾ ਰਿਸ਼ਤਾ ਬਣਾਇਆ। ਵੱਡਿਆਂ ਦੀ ਨੀਵੀਂ ਰੀਸ ਨਾ ਕਰਨ ਦਾ ਸਪਸ਼ਟ ਸੰਕੇਤ ਅਤੇ ਸਿਖਿਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਦਿੱਤੀ।

ਅੱਜ ਜਦੋਂ ਸਾਰੀ ਸਿੱਖ ਕੌਮ ਉਸ ਗੁਰੂ ਬਾਬਾ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀ ਸੀ ਤਾਂ ਉਸ ਸਮੇਂ ਦੌਰਾਨ ਦੋ ਅਜਿਹੀਆਂ ਦਰਦਨਾਕ ਘਟਨਾਵਾਂ ਸੁਣਨ ਨੂੰ ਮਿਲੀਆਂ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਲੱਗਾ ਕਿ ਸਾਡੀ ਕੌਮ ਦਾ ਇੱਕ ਹਿੱਸਾ ਗੁਰੂ ਸਾਹਿਬ ਦੇ ਸੰਦੇਸ਼ ਨੂੰ ਹਾਲੇ ਵੀ ਸਮਝਣ ਦੇ ਸਮਰਥ ਨਹੀ ਹੋ ਸਕਿਆ। ਗੁਰੂ ਸਾਹਿਬ ਦੀ ਸਿਖਿਆ ਦੇ ਕਿਣਕੇ ਕੌਮ ਦੇ ਇੱਕ ਹਿੱਸੇ ਦੀ ਰੂਹ ਦੇ ਹਾਣੀ ਨਹੀ ਬਣ ਸਕੇ।

ਜਿਨ੍ਹਾਂ ਦੋ ਦੁਖਦਾਈ ਘਟਨਾਵਾਂ ਦੀ ਸਾਨੂੰ ਜਾਣਕਾਰੀ ਮਿਲੀ ਹੈ ਉਹ ਮਾਲਵੇ ਦੇ ਕਿਸੇ ਪਿੰਡ ਅਤੇ ਫਿਰੋਜ਼ਪੁਰ ਦੇ ਕਿਸੇ ਪਿੰਡ ਦੀਆਂ ਹਨ। ਮਾਲਵੇ ਦੇ ਕਿਸੇ ਪਿੰਡ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰੂਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹੋਏ ਸਨ। ਪਿੰਡ ਦੇ ਇੱਕ ਅੰਮ੍ਰਿਤਧਾਰੀ, ਗਰੀਬ ਅਖੌਤੀ ਦਲਿਤ ਪਰਿਵਾਰ ਨਾਲ ਸਬੰਧਿਤ ਬੱਚੇ ਗੁਰੂਘਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਪ੍ਰਸ਼ਾਦਾ ਛਕਣ ਲੱਗ ਪਏ। ਘਰ ਦੀ ਆਰਥਕ ਹਾਲਤ ਠੀਕ ਨਹੀ ਸੀ ਅਤੇ ਬੱਚਿਆਂ ਦੀ ਮਾਂ ਕਿਸ ਗੰਭੀਰ ਬਿਮਾਰੀ ਕਾਰਨ ਮੰਜੇ ਤੇ ਪਈ ਸੀ। ਪਿਤਾ ਦਿਹਾੜੀ ਕਰਨ ਗਿਆ ਹੋਇਆ ਸੀ। ਉਨ੍ਹਾਂ ਬੱਚਿਆਂ ਨੇ ਆਪਣੀ ਮਾਂ ਲਈ ਲੰਗਰ ਵਿੱਚੋਂ ਪ੍ਰਸ਼ਾਦਾ ਲੈ ਜਾਣਾਂ ਚਾਹਿਆ, ਅਤੇ ਪਲਾਸਟਿਕ ਦੇ ਦੋ ਲਿਫਾਫਿਆਂ ਵਿੱਚ ਦਾਲ ਪਾ ਲਈ। ਪਰ ਜਾਤ ਅਭਿਮਾਨੀ ਪ੍ਰਬੰਧਕਾਂ ਤੋਂ ਇਹ ਗੱਲ ਜਰ ਨਾ ਹੋਈ ਅਤੇ ਉਨ੍ਹਾਂ ਬੱਚਿਆਂ ਤੋਂ ਦਾਲ ਵਾਲੇ ਲਿਫਾਫੇ ਖੋਹ ਲਏ ਅਤੇ ਉਨ੍ਹਾਂ ਨੂੰ ਮੰਦਾ ਚੰਗਾ ਬੋਲ ਕੇ ਭਜਾ ਦਿੱਤਾ।

ਪਰਿਵਾਰ ਦੀ ਬੱਚੀ ਜੋ ਲੰਗਰ ਲੈਣ ਗਈ ਸੀ ਨੇ ਇਸ ਬੇਇਜ਼ਤੀ ਨੂੰ ਨਾ ਸਹਾਰਦਿਆਂ, ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਪਰ ਕਿਸੇ ਕਾਰਨ ਉਸਦੀ ਜਾਨ ਬਚ ਗਈ।

ਦੂਜੀ ਘਟਨਾ ਫਿਰੋਜ਼ਪੁਰ ਜਿਲ਼੍ਹੇ ਦੇ ਕਿਸੇ ਪਿੰਡ ਦੀ ਹੈ। ਇਹ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਹੀ ਸਬੰਧਿਤ ਹੈ। ਪਿੰਡ ਦੇ ‘ਵੱਡੇ ਗੁਰਦੁਆਰੇ’ ਵਿੱਚ ਪੁਰਬ ਦੇ ਸਬੰਧ ਵਿੱਚ ਅਖੰਡ ਪਾਠ ਸਾਹਿਬ ਚੱਲ ਰਹੇ ਸਨ। ਲੰਗਰ ਦੀ ਸੇਵਾ ਵੀ ਹੋ ਰਹੀ ਸੀ। ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ਼ਰਧਾ ਵਸ ਆਪਣੇ ਸਾਥੀਆਂ ਨਾਲ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ। ਵੱਡੇ ਗੁਰਦੁਆਰੇ ਦਾ ਮਤਲਬ, ਜੱਟ ਬਿਰਾਦਰੀ ਦੇ ਗੁਰਦੁਆਰੇ ਤੋਂ ਹੈ। ਗੁਰੂਘਰ ਦੇ ਗੈਰ-ਅੰਮ੍ਰਿਤਧਾਰੀ ’ਪ੍ਰਧਾਨ’ ਨੇ ਜਦੋਂ ਦੇਖਿਆ ਕਿ ਇੱਕ ਅੰਮ੍ਰਿਤਧਾਰੀ ਨੌਜਵਾਨ ਲੰਗਰ ਵਿੱਚ ਸੇਵਾ ਕਰ ਰਿਹਾ ਹੈ ਤਾਂ ਉਸ ਨੇ ਨੌਜਵਾਨ ਨੂੰ ਸੇਵਾ ਕਰਨ ਤੋਂ ਰੋਕ ਦਿੱਤਾ। ਉਸ ਪ੍ਰਧਾਨ ਨੇ ਸਪਸ਼ਟ ਆਖਿਆ ਕਿ ਇਸ ਗੁਰਦੁਆਰੇ ਵਿੱਚ, ਮਜ਼ਹਬੀ ਲੋਕ ਸੇਵਾ ਨਹੀ ਕਰ ਸਕਦੇ।

ਬੇਪਤੀ ਦੇ ਭੰਨੇ ਹੋਏ ਉਸ ਮਾਸੂਮ ਸਿੱਖ ਨੌਜਵਾਨ ਨੇ ਆਪਣੀ ਦਰਦਭਰੀ ਕਹਾਣੀ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਪਾਈ ਹੈ। ਉਸਦੇ ਰੋਮ ਰੋਮ ਵਿੱਚੋਂ ਬੇਪਤੀ ਅਤੇ ਬੇਇਜ਼ਤੀ ਦੇ ਝਲਕਾਰੇ ਪੈਂਦੇ ਹਨ। ੨੧ਵੀਂ ਸਦੀ ਦੇ ਪੰਜਾਬ ਵਿੱਚ, ਗੁਰੂ ਨਾਨਕ ਦੇਵ ਜੀ ਦੇ ਅਖੌਤੀ ਪੈਰੋਕਾਰਾਂ ਵੱਲ਼ੋਂ ਗੁਰੂ ਦੇ ਦੁਆਰਿਆਂ ਵਿੱਚ ਕੀ ਕੀਤਾ ਜਾ ਰਿਹਾ ਹੈ ਇਸਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।

ਗੁਰੂ ਸਾਹਿਬ ਨੇ ਸਦੀਆਂ ਦੀ ਗੁਲਾਮੀ ਅਤੇ ਜਿੱਲਤ ਸਹਿ ਰਹੇ ਜਿਨ੍ਹਾਂ ਲੋਕਾਂ ਨੂੰ ਗਲ ਨਾਲ ਲਾਇਆ ਸੀ ਅੱਜ ਸਿੱਖ ਕੌਮ ਦੇ ਚੌਧਰੀ ਉਨ੍ਹਾਂ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਹਨ। ਦੇਖ ਸੁਣਕੇ ਮਨ ਦਰਦ ਨਾਲ ਭਰ ਜਾਂਦਾ ਹੈ।ਅਸੀਂ ਚਾਹੁੰਦੇ ਹੋਏ ਵੀ ਕੁਝ ਨਹੀ ਕਰ ਸਕਦੇ। ਕਿੰਨੇ ਬੇਮੁਖੇ ਹੋ ਗਏ ਹਾਂ ਅਸੀਂ ਆਪਣੇ ਰਹਿਬਰਾਂ ਦੀ ਸਿਖਿਆ ਤੋਂ। ਵਾਹਿਗੁਰੂ ਸੁਮੱਤ ਬਖਸ਼ਣ ਅਤੇ ਕੌਮ ਨੂੰ ਉਜਲਾ ਰਾਹ ਦਿਖਾਉਣ। ਇਹੋ ਸਾਡੀ ਅਰਦਾਸ ਹੈ।