ਬਾਣੀ ਦਾ ਜਾਪ ਅਤੇ ਅਰਦਾਸ ਸਿੱਖ ਦੇ ਜੀਵਨ ਦਾ ਅਹਿਮ ਹਿੱਸਾ ਹੈੈੈ। ਬਾਣੀ ਦੇ ਜਾਪ ਨਾਲ ਜਿੱਥੇ ਸਿੱਖ ਦੀ ਸ਼ਖਸ਼ੀ ਰਹਿਣੀ ਦਾ ਪੱਧਰ ਉੱਚਾ ਹੁੰਦਾ ਹੈ, ਉੱਥੇ ਹੀ ਹਰ ਰੋਜ਼ ਅਰਦਾਸ ਕਰਨ ਨਾਲ ਖਾਲਸਾ ਪੰਥ ਆਪਣੇ ਇਤਿਹਾਸ ਦੇ ਅਹਿਮ ਪੰਨਿਆਂ ਨਾਲ ਸਵੇਰੇ ਸ਼ਾਮ ਰੂਬਰੂ ਹੰਦਾ ਹੈੈ। ਜਿੱਥੇ ਗੁਰਬਾਣੀ ਦਾ ਜਾਪ ਸਿੱਖ ਨੂੰ ਉਚੀਆਂ ਇਖਲਾਕੀ ਕੀਮਤਾਂ ਵੱਲ ਲੈਕੇ ਜਾਂਦਾ ਹੈ ਉੱਥੇ ਸਿੱਖ ਦੀ ਅਰਦਾਸ ਇਤਿਹਾਸ ਦੇ ਉਨ੍ਹਾਂ ਸੂਰਬੀਰਾਂ ਅਤੇ ਸੰਤ ਮਹਾਤਮਾਂ ਰੂਹਾਂ ਦੀ ਯਾਦ ਦਿਵਾਉਂਦੀ ਹੈੈ ਜਿਨ੍ਹਾਂ ਖਾਲਸਾ ਪੰਥ ਦੀ ਇਖਲਾਕੀ ਉੱਚਤਾ ਅਤੇ ਬੁਲੰਦ ਕਿਰਦਾਰਾਂ ਤੇ ਪਹਿਰਾ ਦੇਂਦਿਆਂ ਅੱਤ ਦੀਆਂ ਮੁਸ਼ਕਲ ਹਾਲਤਾਂ ਵਿੱਚ ਵੀ ਗੁਰੂ ਸਾਹਿਬ ਨਾਲ ਆਪਣੀ ਪ੍ਰੀਤ ਨਿਭਾਈ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ
ਖੋਪਰੀਆਂ ਲੁਹਾਈਆਂ ਬੰਦ ਬੰਦ ਕਟਵਾਏ
ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ
ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ
ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਰਵਾਇਤ ਖਾਲਸਾ ਜੀ ਦੇ ਇਤਿਹਾਸ ਦਾ ਅੰਗ ਰਹੀ ਹੈੈ। ਖਾਲਸਾ ਜੀ ਨੇ ਆਪਣੇ ਗੁਰੂ ਦੇ ਆਦੇਸ਼ਾਂ ਦੀ ਪਾਲਣਾਂ ਕਰਦਿਆਂ ਹਮੇਸ਼ਾਂ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਕੇ ਦਿਖਾਇਆ ਹੈੈ। ਸੱਚੇ ਸੁੱਚੇ ਖਾਲਸਾ ਜੀ ਨੇ ਕਦੇ ਵੀ ਗੁਰੂ ਦੇ ਬਚਨਾਂ ਤੋਂ ਪਿੱਠ ਨਹੀ ਮੋੜੀ। ਖਾਲਸਾ ਜੀ ਦੇ ਇਸ ਉੱਚੇ ਇਖਲਾਕ ਕਾਰਨ ਹੀ ਸਵੇਰੇ ਸ਼ਾਮ ਸਿੱਖ ਸੰਗਤਾਂ ਉਨ੍ਹਾਂ ਸੂਰਬੀਰਾਂ ਨੂੰ ਯਾਦ ਕਰਦੀਆਂ ਹਨ ਜਿਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ।

ਇਹ ਦੋਹਰਾ ਕੇਵਲ ਪੁਰਾਤਨ ਸਿੰਘ-ਸਿੰਘਣੀਆਂ ਲਈ ਹੀ ਨਹੀ ਪੜਿ੍ਹਆ ਜਾਂਦਾ ਬਲਕਿ ਹਰ ਸਮੇਂ ਦੇ ਸਿੰਘਾਂ-ਸਿੰਘਣੀਆਂ ਦੀ ਮਹਾਨ ਘਾਲਣਾਂ ਲਈ ਪੜਿ੍ਹਆ ਜਾਂਦਾ ਹੈੈੈ।

ਜਿਨ੍ਹਾਂ ਸਮਿਆਂ ਵਿੱਚ ਅਸੀਂ ਵਿਚਰ ਰਹੇ ਹਾਂ ਬੇਸ਼ੱਕ ਇਸ ਸਮੇਂ ਨੂੰ ਕਲਯੁਗ ਦਾ ਘੋਰ ਸਮਾਂ ਆਖਿਆਂ ਜਾਂਦਾ ਹੈੈ ਪਰ ਇਸ ਘੋਰ ਅਤੇ ਅੱਤ ਦੇ ਬਿਖੜੇ ਸਮੇਂ ਵਿੱਚ ਵੀ ਕੁਛ ਰੂਹਾਂ ਸਾਡੇ ਆਲੇ ਦੁਆਲੇ ਸੁਭਾਇਮਾਨ ਹਨ ਜਿਨ੍ਹਾਂ ਨੇ ਖਾਲਸਾ ਜੀ ਦੇ ਉੱਚੇ ਇਖਲਾਕ ਤੇ ਪਹਿਰਾ ਦੇਂਦਿਆਂ ਗੁਰੂ ਖਾਲਸਾ ਜੀ ਦੀ ਮਾਣ ਮਰਯਾਦਾ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਰੱਖਿਆ।

ਜਿਨ੍ਹਾਂ ਇਸ ਭਿਆਨਕ ਦੌਰ ਵਿੱਚ ਵੀ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ। ਉਨ੍ਹਾਂ ਰੂਹਾਂ ਨੇ 20ਵੀਂ ਸਦੀ ਵਿੱਚ ਵੀ ਆਪਣੇ ਗੁਰੂ ਨਾਲ ਪ੍ਰੀਤ ਪੁਗਾਕੇ ਇਹ ਸਿੱਧ ਕੀਤਾ ਕਿ ਪੁਰਾਤਨ ਸਿੰਘਾਂ ਦੀ ਰੂਹ ਅੱਜ ਵੀ ਖਾਲਸਾ ਜੀ ਦੇ ਹਿਰਦੇ ਅਤੇ ਮਨ-ਮਸਤਕ ਵਿੱਚ ਵਾਸ ਕਰਦੀ ਹੈੈ।

ਬੇਸ਼ੱਕ ਇਸ ਦੌਰ ਦੀ ਬਾਤ ਪਾਉਂਦਿਆਂ ਸੈਂਕੜੇ ਅਜਿਹੇ ਸਿੰਘ ਸਿੰਘਣੀਆਂ ਦੇ ਨਾਅ ਗਿਣਾਏ ਜਾ ਸਕਦੇ ਹਨ ਜਿਨ੍ਹਾਂ 20ਵੀਂ ਸਦੀ ਵਿੱਚ ਵੀ ਸਮੇਂ ਦੀਆਂ ਸਰਕਾਰਾਂ ਦੇ ਅਸਹਿ ਅਤੇ ਅਕਹਿ ਕਸ਼ਟ ਸਹਾਰਦਿਆਂ, ਸੀਅ ਨਹੀ ਕੀਤੀ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਪਰ ਅੱਜ ਅਸੀਂ ਸਾਡੇ ਸਾਹਮਣੇ ਸਾਡੇ ਪੁਰਾਤਨ ਇਤਿਹਾਸ ਦੀ ਕੇਸਰੀ ਧਾਰਾ ਨੂੰ ਪ੍ਰਜਵੱਲਿਤ ਕਰਨ ਵਾਲੇ ਸੰਤ-ਸਿਪਾਹੀ ਭਾਈ ਲਾਲ ਸਿੰਘ ਜੀ ਦਾ ਹੀ ਜਿਕਰ ਕਰਾਂਗੇ। ਭਾਈ ਲਾਲ ਸਿੰਘ ਸਾਡੇ ਸਮੇਂ ਦਾ ਉਹ ਹਸਤਾਖਰ ਹੈ ਜਿਸ ਨੇ ਆਪਣੇ ਸਿਦਕ ਦੀ ਉਚਾਈ ਨਾਲ ਮੌਤ ਨੂੰ ਵੀ ਹਰਾ ਦਿੱਤਾ ਹੈੈ। ਜਿਸਨੇ ਦੁਨੀਆਂ ਦੇ ਸਾਰੇ ਹੌਸਲਿਆਂ ਅਤੇ ਦਿ੍ਰੜਤਾਵਾਂ ਉੱਤੇ ਫਤਿਹ ਪਾ ਲਈ ਹੈੈ। ਭਾਈ ਲਾਲ ਸਿੰਘ ਜੀ ਨੇ ਆਪਣੀ ਕੁਰਬਾਨੀ, ਜੀਵਨ ਦੀ ਇਖਲਾਕੀ ਉੱਚਤਾ ਅਤੇ ਸਹਿਜ ਦੇ ਦਰਿਆ ਵਗਾ ਕੇ ਸਿੱਖਾਂ ਦੀ ਅਰਦਾਸ ਵਿੱਚ ਆਪਣਾਂ ਨਾਅ ਸ਼ਾਮਲ ਕਰਵਾ ਲਿਆ ਹੈੈ। ਬੇਸ਼ੱਕ ਬਹੁਤ ਸਾਰੇ ਸਿੰਘ ਸਿੰਘਣੀਆਂ ਨੇ ਖਾਲਸਾ ਪੰਥ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਭਾਈ ਲਾਲ ਸਿੰਘ ਉਹ ਰੂਹ ਹਨ ਜਿਸਨੇ ਖਾਲਸਾ ਜੀ ਦੇ ਸਤਿਕਾਰ ਲਈ ਅਤੇ ਸਿੱਖ ਅਰਦਾਸ ਦੀ ਬਿਬੇਕਤਾ ਨੂੰ ਕਾਇਮ ਰੱਖਣ ਲਈ ਸ਼ਹਾਦਤ ਨੂੰ ਪਲ ਪਲ ਜੀਵਿਆ। ਦੁਸ਼ਮਣ ਵੀ 28 ਸਾਲਾਂ ਤੱਕ ਉਸ ਘੜੀ ਦੀ ਉਡੀਕ ਕਰਦਾ ਰਿਹਾ ਜਦੋਂ ਹਥਕੜੀਆਂ ਅਤੇ ਬੇੜੀਆਂ ਵਿੱਚ ਜਕੜਿਆ ਹੋਇਆ ਲਾਲ ਸਿੰਘ ਸਮੇਂ ਦੇ ਫਰਖਸੀਅਰ ਦੇ ਦਰਬਾਰ ਵਿੱਚ ਫਰਿਆਦ ਕਰਕੇ ਆਪਣੀ ਜਾਨ ਬਖ਼ਸ਼ੀ ਲਈ ਹਾਜਰ ਹੋਵੇਗਾ। ਪਰ ਭਾਈ ਲਾਲ ਸਿੰਘ ਨੇ ਦੁਸ਼ਮਣ ਦੀ 28 ਸਾਲਾਂ ਦੀ ਉਡੀਕ ਨੂੰ ਹਰਾ ਦਿੱਤਾ। ਕਿਹੜੀ ਚਾਲ ਸੀ ਜਾਂ ਕਿਹੜਾ ਹੱਥਕੰਡਾ ਸੀ ਜੋ ਸਮੇਂ ਦੇ ਫਰਖਸੀਅਰ ਨੇ ਨਹੀ ਚੱਲਿਆ, ਸਿੱਖ ਅਰਦਾਸ ਦੀ ਆਭਾ ਨੂੰ ਫਿੱਕਾ ਪਾਉਣ ਲਈ। ਪਰ ਸਾਹਿਬੇ ਕਮਾਲ ਗੁਰੂ ਜੀ ਨੇ ਆਪਣੇ ਬੱਚੇ ਨੂੰ ਆਪਣੀ ਰਹਿਮਤ ਨਾਲ, ਸਿੱਖ ਅਰਦਾਸ ਦੀ ਸਦੀਵਤਾ ਵਿੱਚ ਥਾਂ ਦੇ ਦਿੱਤੀ। ਆਖਦੇ ਹਨ ਕਿ ਵਾਹਿਗੁਰੂ ਵੀ ਵੱਡੀਆਂ ਜਿੰਮੇਵਾਰੀਆਂ ਪੂਰੀਆਂ ਕਰਵਾਉਣ ਲਈ ਆਪਣੇ ਸਭ ਤੋਂ ਕਾਬਲ ਬੱਚਿਆਂ ਨੂੰ ਹੀ ਚੁਣਦਾ ਹੈੈ। ਗੁਰੂ ਸਾਹਿਬ ਨੇ 20ਵੀਂ ਸਦੀ ਵਿੱਚ ਸਿੱਖੀ ਦੇ ਸਿਦਕ ਦੀ ਪਰੀਖਿਆ ਨੂੰ ਸਰ ਕਰਨ ਲਈ ਭਾਈ ਲਾਲ ਸਿੰਘ ਨੂੰ ਯੋਗ ਸਮਝਿਆ। ਅਤੇ ਭਾਈ ਸਾਹਿਬ ਨੇ ਵੀ ਗੁਰੂ ਦੇ ਬਚਨਾਂ ਨੂੰ ਉਸੇ ਭਾਵਨਾ ਅਤੇ ਸਪਿਰਟ ਨਾਲ ਨੇਪਰੇ ਚਾੜਿ੍ਹਆ।

20ਵੀਂ ਸਦੀ ਵਿੱਚ ਜਿਨ੍ਹਾਂ ਸਿੰਘ-ਸਿੰਘਣੀਆਂ ਨੇ ਸਿੱਖੀ ਸਿਦਕ ਨੂੰ ਕੇਸਾਂ ਸੁਆਸਾਂ ਸੰਗ ਨਿਭਾਕੇ ਵਕਤ ਦੇ ਔਰੰਗਿਆਂ ਨੂੰ ਮਾਨਸਕ ਤੌਰ ਤੇ ਹਰਾਉਣ ਵਿੱਚ ਸਫਲਤਾ ਹਾਸਲ ਕੀਤੀ ਉਨ੍ਹਾਂ ਵਿੱਚ ਭਾਈ ਲਾਲ ਸਿੰਘ ਦਾ ਨਾਅ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਅੱਜ ਜੇ ਸਿੱਖ ਕੌਮ ਮਾਣ ਨਾਲ ਆਪਣੇ ਗੁਰਧਾਮਾਂ ਵਿੱਚ ਅਰਦਾਸ ਕਰਨ ਦੀ ਜਿੰਮੇਵਾਰੀ ਨਿਭਾਅ ਰਹੀ ਹੈ ਤਾਂ ਉਸ ਵਿੱਚ ਵੱਡਾ ਯੋਗਦਾਨ ਭਾਈ ਲਾਲ ਸਿੰਘ ਵਰਗੀਆਂ ਰੂਹਾਂ ਦਾ ਹੈ ਜਿਨ੍ਹਾਂ ਅਰਦਾਸ ਦੀ ਸੱੁਚੀ ਭਾਵਨਾ ਨੂੰ ਉਸਦੇ ਅਸਲ ਅਰਥਾਂ ਵਿੱਚ ਜੀਅ ਕੇ ਇਤਿਹਾਸਕ ਕੀਰਤੀਮਾਨ ਸਥਾਪਤ ਕੀਤੇ। ਅਜਿਹੀਆਂ ਰੂਹਾਂ ਕਾਰਨ ਹੀ ਖਾਲਸਾ ਪੰਥ ਦੇ ਪਰਚਮ ਦੁਨੀਆਂ ਭਰ ਵਿੱਚ ਲਹਿਰਾ ਰਹੇ ਹਨ।

ਵਾਹਿਗੁਰੂ ਸੁਮੱਤ ਬਖਸ਼ਣ।