ਇਨਸਾਨ ਦੇ ਜਨਮ ਦੇ ਨਾਲ ਹੀ ਬਹੁਤ ਸਾਰੇ ਰਿਸ਼ਤੇ ਵੀ ਜਨਮ ਲੈ ਲੈਂਦੇ ਹਨ। ਕੁਝ ਰਿਸ਼ਤੇ ਜਨਮ ਦੇ ਨਾਲ ਹੀ ਆਪਣੇ-ਆਪ ਸਿਰਜੇ ਜਾਂਦੇ ਹਨ। ਕੁਝ ਰਿਸ਼ਤੇ ਇਨਸਾਨ ਖੁਦ ਸਿਰਜਦਾ ਹੈ। ਮਾਂ-ਬਾਪ ਕਿਸੇ ਬੱਚੇ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ। ਬਚਪਨ ਦੇ ਬਹੁਤੇ ਸਾਲ ਬੱਚਾ ਮਾਂ-ਬਾਪ ਨਾਲ ਗੁਜ਼ਾਰਦਾ ਹੋਇਆ ਬਹੁਤ ਕੁਝ ਸਿੱਖਦਾ ਵੀ ਹੈ ਅਤੇ ਕਿਸੇ ਇਨਸਾਨ ਦੀ ਜ਼ਿੰਦਗੀ ਤੇ ਉਸਦੇ ਮਾਂ-ਬਾਪ ਦਾ ਪ੍ਰਭਾਵ ਤੇ ਆਦਤਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ। ਕੁਝ ਰਿਸ਼ਤੇ ਇਨਸਾਨ ਸਮਾਜ ਵਿੱਚ ਵਿਚਰਦਾ ਹੋਇਆ ਸਹਿਜੇ ਹੀ ਨਿਭਾਉਂਦਾ ਹੈ ਤੇ ਕੁਝ ਨੂੰ ਨਿਭਾਉਣ ਲਈ ਥੋੜੀਆਂ ਕੋਸ਼ਿਸਾਂ ਕਰਨੀਆਂ ਪੈਂਦੀਆਂ ਹਨ। ਕੁਝ ਨੂੰ ਨਿਭਾਉਣ ਨੂੰ ਦਿਲ ਕਰਦਾ ਹੈ ਤੇ ਕੁਝ ਜਬਰਦਸਤੀ ਨਿਭਾਉਣੇ ਪੈਂਦੇ ਹਨ। ਕੁਝ ਰਿਸ਼ਤੇ ਖੂਨ ਦੇ ਹੁੰਦੇ ਹਨ ਤੇ ਕੁਝ ਪਿਆਰ ਦੇ ਹੁੰਦੇ ਹਨ। ਪਰ ਰਿਸ਼ਤੇ ਨਿਭਦੇ ਸਿਰਫ ਉਹੀ ਹਨ ਜੋ ਰਿਸ਼ਤੇ ਪਿਆਰ ਤੇ ਵਿਸ਼ਵਾਸ ਤੇ ਖੜ੍ਹੇ ਹੁੰਦੇ ਹਨ। ਕੁਝ ਰਿਸ਼ਤੇ ਨਿਭਾਉਦਿਆਂ ਜ਼ਿੰਦਗੀ ਫੁੱਲਾਂ ਵਰਗੀ ਤੇ ਪਲਾਂ ਵਿੱਚ ਬੀਤਦੀ ਪ੍ਰਤੀਤ ਹੁੰਦੀ ਹੈ ਤੇ ਕੁਝ ਰਿਸ਼ਤੇ ਨਿਭਾਉਂਦਿਆਂ ਜ਼ਿੰਦਗੀ ਪਹਾੜ ਜੇਡੀ ਤੇ ਕੰਢਿਆਲੀ ਸੂਲ ਜਾਪਦੀ ਹੈ। ਕੁਝ ਰਿਸ਼ਤੇ ਸਮਾਜਕ ਡਰ ਕਾਰਨ ਨਿਭਾਏ ਜਾਂਦੇ ਹਨ ਜਿਵੇਂ ਕਈ ਅਣਜੋੜ ਵਿਆਹ ਜਿੰਦਗੀ ਭਰ ਲੋਕ-ਲਾਜ ਕਾਰਨ ਹੀ ਤਿਲ-ਤਿਲ ਮਰਕੇ ਨਿਭਾਏ ਜਾਂਦੇ ਹਨ। ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਇਨਸਾਨ ਨੂੰ ਮੋਢਿਆਂ ਤੇ ਪਏ ਭਾਰ ਵਾਂਗ ਜਾਪਦੇ ਹਨ ਤੇ ਕੁਝ ਰਿਸ਼ਤੇ ਇੰਨੇ ਪਿਆਰੇ ਹੁੰਦੇ ਹਨ ਕਿ ਇਨਸਾਨ ਨੂੰ ਹਮੇਸ਼ਾ ਉਹਨਾਂ ਦੇ ਕਿਧਰੇ ਖੁੱਸ ਜਾਣ ਦਾ ਡਰ ਲੱਗਾ ਰਹਿੰਦਾ ਹੈ ਕੁਝ ਰਿਸ਼ਤਿਆਂ ਨੂੰ ਇਨਸਾਨ ਜਨਮਾਂ ਤੱਕ ਨਿਭਾਉਣਾ ਲੋਚਦਾ ਹੈ ਤੇ ਕੁਝ ਨੂੰ ਪਲਾਂ ਵਿੱਚ ਹੀ ਖਤਮ ਕਰਕੇ ਹੌਲਾ ਹੋਣਾ ਚਾਹੁੰਦਾ ਹੈ। ਕਈ ਵਾਰ ਰਿਸ਼ਤਿਆਂ ਪ੍ਰਤੀ ਇਨਸਾਨ ਇੰਨਾਂ ਸਵਾਰਥੀ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਨੂੰ ਇੰਨਾ ਪੀਡਿਆਂ ਕਰਕੇ ਫੜਦਾ ਹੈ ਕਿ ਉਹ ਰੇਤ ਦੀ ਮੁੱਠ ਵਾਂਗ ਹੱਥਾਂ ਵਿਚੋਂ ਕਿਰ ਜਾਂਦੇ ਹਨ। ਇਸੇ ਲਈ ਸਿਆਣੇ ਆਖਦੇ ਹਨ ਕਿ ਰਿਸ਼ਤੇ ਰਬੜ ਵਾਂਗ ਹੁੰਦੇ ਹਨ ਜਿਨਾਂ ਜਿਆਦਾ ਖਿੱਚੋਗੇ ਟੁੱਟ ਜਾਂਦੇ ਹਨ। ਇਹਨਾਂ ਰਿਸ਼ਤਿਆਂ ਦੇ ਤਾਣੇ-ਬਾਣੇ ਤੇ ਹੀ ਸਾਰਾ ਸਮਾਜਕ ਢਾਂਚਾ ਖੜ੍ਹਾ ਹੁੰਦਾ ਹੈ। ਅਜੋਕੇ ਸਮੇਂ ਦਾ ਇਨਸਾਨ ਇੰਨਾਂ ਸਵਾਰਥੀ ਹੋ ਗਿਆ ਹੈ ਕਿ ਹਰ ਰਿਸ਼ਤਾ ਹੀ ਤਿੜਕਦਾ ਜਾ ਰਿਹਾ ਹੈ, ਕਿਧਰੇ ਔਲਾਦ ਮਾਪਿਆਂ ਦੀ ਹਤਿਆਰੀ ਬਣ ਗਈ ਹੈ ਤੇ ਕਿਧਰੇ ਮਾਪੇ ਔਲਾਦ ਦੇ ਦੋਖੀ ਬਣ ਗਏ ਹਨ। ਹਰ-ਰੋਜ਼ ਦੀਆਂ ਬੇਹੱਦ ਘਿਨਾਉਣੀਆਂ ਘਟਨਾਵਾਂ ਕਿਸੇ ਵੀ ਸਮਾਜ ਦੀ ਤਰੱਕੀ ਜਾਂ ਗਰਕ ਜਾਣ ਨੂੰ ਸਾਫ ਜ਼ਾਹਰ ਕਰ ਦਿੰਦੀਆਂ ਹਨ। ਕਿਸੇ ਵੀ ਇਨਸਾਨ ਨੂੰ ਬਹੁਤੇ ਸੰਸਕਾਰ ਉਸਦੇ ਘਰ ਤੋਂ ਹੀ ਮਿਲਦੇ ਹਨ। ਪਿਛਲੇ ਸਮੇਂ ਵਿੱਚ ਭਾਰਤ ਅਤੇ ਪੰਜਾਬ ਵਿੱਚ ਬਲਾਤਕਾਰ ਤੇ ਤੇਜ਼ਾਬੀ ਹਮਲਿਆਂ ਪਿੱਛੇ ਮਨਚਲੇ ਆਸ਼ਕਾਂ ਦਾ ਹੱਥ ਹੁੰਦਾ ਹੈ ਜੋ ਕਿਸੇ ਕੁੜੀ ਨੂੰ ਉਨਾਂ ਦੇ ਅਨੁਸਾਰ ਨਾ ਚੱਲਣ ਕਾਰਨ ਅਜਿਹਾ ਅਤਿ ਦਰਜੇ ਦਾ ਨੀਚ ਵਰਤਾਰਾ ਅਪਣਾਉਦੇ ਹਨ। ਤੇਜ਼ਾਬੀ ਹਮਲੇ ਤੋਂ ਪੀੜਤ ਲੜਕੀਆਂ ਰਹਿੰਦੀ ਜਿੰਦਗੀ ਸਰੀਰਿਕ ਤੇ ਮਾਨਸਿਕ ਪੀੜਾ ਨਾਲ ਜਿਉਂਦੀ ਲਾਸ਼ ਦੀ ਤਰ੍ਹਾਂ ਬਤੀਤ ਕਰਨ ਲਈ ਮਜਬੂਰ ਹੁੰਦੀਆਂ ਹਨ।

ਪਿਛਲੇ ਦਿਨੀ ਪੰਜਾਬੀ ਦੇ ਪੇਪਰ ਵਿੱਚ ਬਠਿੰਡੇ ਸ਼ਹਿਰ ਦੀ ਕਿਸੇ ਲੜਕੀ ਨਾਲ ਉਸਦੇ ਆਪਣੇ ਹੀ ਜੀਜੇ ਵਲੋਂ ਕੀਤੇ ਤੇਜ਼ਾਬੀ ਹਮਲੇ ਕਾਰਨ ਉਸ ਘਰ ਦੀ ਬਰਬਾਦੀ ਦੀ ਕਹਾਣੀ ਪੜ੍ਹਨ ਨੂੰ ਮਿਲੀ। ਇਹ ਇੱਕ ਨਹੀਂ ਹਰ ਰੋਜ਼ ਅਨੇਕਾਂ ਹੀ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਕਿਸੇ ਇਨਸਾਨ ਦੀ ਮਾਨਸਿਕਤਾ ਇੰਨੀ ਗਿਰ ਜਾਂਦੀ ਹੈ ਕਿ ਉਹ ਸ਼ੈਤਾਨ ਦਾ ਰੂਪ ਧਾਰਨ ਕਰਕੇ ਕਿਸੇ ਵੀ ਕੁੜੀ ਜੋ ਉਸਦੀ ਪਹੁੰਚ ਤੋਂ ਬਾਹਰ ਹੁੰਦੀ ਹੈ, ਬਰਬਾਦ ਕਰ ਦਿੰਦਾ ਹੈ, ਕਿੰਨਾ ਗਿਰ ਗਿਆ ਇਨਸਾਨ ਜਿਸਨੂੰ ਅਜਿਹਾ ਘਟੀਆ ਵਰਤਾਰਾ ਅਪਣਾਉਂਦਿਆਂ ਆਪਣੀਆਂ ਮਾਵਾਂ-ਭੈਣਾਂ ਦਿਖਾਈ ਨਹੀਂ ਦਿੰਦੀਆਂ। ਉਸਦੇ ਸਾਹਮਣੇ ਸਿਰਫ ਇਹੀ ਨਿਸ਼ਾਨਾ ਹੁੰਦਾ ਹੈ ਕਿ ਜਾਂ ਮੇਰੀ ਜਾਂ ਤਬਾਹੀ। ਇਹਨਾਂ ਸਭ ਘਟਨਾਵਾਂ ਨੂੰ ਵੇਖ ਮਹਿਸੂਸ ਹੁੰਦਾ ਹੈ ਕਿ ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਵਿੱਚ ਕਿੱਥੇ ਕਮੀ ਹੁੰਦੀ ਹੈ ਕਿ ਇਹ ਹੈਵਾਨ ਦਾ ਰੂਪ ਧਾਰੀ ਫਿਰਦੇ ਇਨਸਾਨ ਵੀ ਕਿਸੇ ਮਾਂ ਦੀ ਕੁੱਖੋਂ ਹੀ ਜਾਏ ਹੁੰਦੇ ਹਨ। ਫਿਰ ਕਿੱਥੇ ਕਮੀ ਹੁੰਦੀ ਹੈ ਕਿ ਇਨਾਂ ਦੀ ਮਾਨਸਿਕਤਾ ਇੰਨੀ ਡਿੱਗ ਜਾਂਦੀ ਹੈ ਕਿ ਇਹ ਅਜਿਹਾ ਰਵੱਈਆ ਅਪਣਾਉਂਦੇ ਹਨ। ਕੀ ਮਾਂ-ਬਾਪ ਕੋਲ ਇੰਨਾ ਵੀ ਵਕਤ ਨਹੀਂ ਕਿ ਉਹ ਸਿਖਾ ਸਕਣ ਆਪਣੇ ਪੁੱਤਰਾਂ ਨੂੰ ਕਿ ਧੀਆਂ ਜਾਂ ਕਿਸੇ ਦੀ ਕੁੜੀਆਂ ਵੀ ਇਨਸਾਨ ਹੁੰਦੀਆਂ ਹਨ ਹਰੇਕ ਇਨਸਾਨ ਦੀ ਆਪਣੀ ਸੋਚ ਜਾਂ ਵਿਚਾਰ ਹੁੰਦੇ ਹਨ ਅਤੇ ਹਰੇਕ ਇਨਸਾਨ ਨੇ ਆਪਣੇ ਢੰਗ ਨਾਲ ਜਿਉਂਣ ਦਾ ਅਧਿਕਾਰ ਹੁੰਦਾ ਹੈ ਕੁਝ ਸਮਾਜਕ ਰੀਤੀ-ਰਿਵਾਜ ਹੁੰਦੇ ਹਨ, ਕੁਝ ਨਿਯਮ ਹੁੰਦੇ ਹਨ, ਕੋਈ ਮਰਿਯਾਦਾ ਹੁੰਦੀ ਹੈ, ਸਤਿਕਾਰ ਵਿਸ਼ਵਾਸ ਤੇ ਮੋਹ ਮੁਹੱਬਤ ਹੁੰਦੀ ਹੈ। ਕੀ ਅੱਜ ਦੇ ਮਾਂ-ਬਾਪ ਇੰਨੇ ਰੁਝ ਗਏ ਹਨ ਕਿ ਉਹ ਆਪਣੀ ਔਲਾਦ ਨੂੰ ਇਨਸਾਨ ਦੀ ਜਗ੍ਹਾ ਹੈਵਾਨ ਬਣਾ ਰਹੇ ਹਨ? ਸੱਚ-ਮੁੱਚ ਵਧੇਰੇ ਕਸੂਰ ਸਮਾਜਿਕ ਰਿਸ਼ਤਿਆਂ ਤੇ ਮਾਂ-ਬਾਪ ਦਾ ਹੀ ਹੈ ਜੋ ਆਪਣੀ ਔਲਾਦ ਨੂੰ ਚੰਗੇ ਸੰਸਕਾਰਾਂ ਤੋਂ ਵਿਹੂਣੀ ਰੱਖਦੇ ਹਨ। ਅਜੋਕੇ ਯੁੱਗ ਦੇ ਇਨਸਾਨ ਕਈ ਵਾਰ ਆਪਣੇ ਲਈ ਇੰਨੇ ਸਵਾਰਥੀ ਹੋ ਜਾਂਦੇ ਹਨ ਕਿ ਉਹ ਆਪਣੇ ਨਿੱਜ ਲਈ ਕੁਝ ਵੀ ਕਰਦੇ ਹਨ ਤੇ ਦੂਸਰਿਆਂ ਪ੍ਰਤੀ ਜਿੰਮੇਵਾਰੀਆਂ ਨੂੰ ਅਣਗੌਲਿਆਂ ਕਰਕੇ ਜ਼ਿੰਦਗੀ ਜਿਉਂਦੇ ਹਨ ਅਜਿਹੇ ਸਵਾਰਥੀ ਰਿਸ਼ਤਿਆਂ ਵਿੱਚੋਂ ਹੀ ਉਪਜਦੀ ਹੈ ਹੈਵਾਨਾਂ ਵਰਗੀ ਮਾਨਸਿਕਤਾ ਜੋ ਕਿਸੇ ਵੀ ਘਿਨਾਉਣੀ ਕਾਰਵਾਈ ਨੂੰ ਕਰਨ ਲੱਗਿਆ ਪਲ-ਛਿਨ ਲਾਉਂਦੇ ਹਨ। ਅਜਿਹੇ ਇਨਸਾਨਾਂ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ ਵਕਤ ਦੇ ਥਪੇੜੇ ਉਨ੍ਹਾਂ ਨੂੰ ਇਨਸਾਨ ਤੋਂ ਪੱਥਰ ਬਣਾਈ ਫਿਰਦੇ ਹੁੰਦੇ ਹਨ; ਉਹ ਕਿਸੇ ਵੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਸੋਚਦੇ ਨਹੀਂ ਤੇ ਉਹ ਇਨਸਾਨ ਤੋਂ ਭੇੜੀਏ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੀਤ ਵਿੱਚ ਸ਼ਾਇਦ ਉਨ੍ਹਾਂ ਨੂੰ ਕਿਸੇ ਦਾ ਪਿਆਰ ਸਤਿਕਾਰ ਮਿਲਿਆ ਹੀ ਨਹੀਂ ਹੁੰਦਾ ਨਹੀਂ ਤਾਂ ਕਿਸੇ ਇਨਸਾਨ ਦੀ ਆਤਮਾ, ਜਮੀਰ ਇੰਨੀ ਗਿਰ ਸਕਦੀ ਹੈ ਸੋਚਿਆ ਵੀ ਨਹੀਂ ਜਾ ਸਕਦਾ।

ਆਧੁਨਿਕ ਸਮਾਜ ਵਿੱਚ ਵਧ ਰਹੀ ਅਰਾਜਕਤਾ ਵੀ ਘਟੀਆ ਮਾਨਸਿਕ ਵਰਤਾਰੇ ਨੂੰ ਜਨਮ ਦੇਣ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਸਮਾਜ ਵਿੱਚ ਵਧ ਰਿਹਾ ਅਮੀਰੀ-ਗਰੀਬੀ ਦਾ ਪਾੜਾ ਅਤੇ ਬੇਰੁਜ਼ਗਾਰੀ ਕਾਰਨ ਵੀ ਸਮਾਜ ਵਿੱਚ ਸਰੀਰਿਕ ਤੇ ਮਾਨਸਿਕ ਜੁਲਮਾਂ ਵਿੱਚ ਵਾਧਾ ਹੋਇਆ ਹੈ। ਇੰਨੀ ਭੱਜ-ਦੌੜ ਵਾਲੇ ਆਧੁਨਿਕ ਯੁੱਗ ਵਿੱਚ ਕਈ ਵਾਰ ਮਾਪਿਆ ਕੋਲ ਇੰਨਾ ਵਕਤ ਵੀ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੀ ਸਖਸ਼ੀਅਤ ਦਾ ਸਰਵ-ਪੱਖੀ ਵਿਕਾਸ ਕਰ ਸਕਣ। ਕੁਲੀ, ਗੁੱਲੀ ਤੇ ਜੁੱਲੀ ਜਿੰਦਗੀ ਤੇ ਇੰਨੀ ਭਾਰੂ ਪੈ ਰਹੀ ਹੈ ਕਿ ਪੂਰੇ ਦਿਨ ਦੀ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਵੀ ਮਾਪੇ ਆਪਣੀਆਂ ਤੇ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਜਦ ਢਿੱਡ ਦੀ ਅੱਗ ਬੁਝੇਗੀ ਤਾਂ ਇਨਸਾਨ ਇਸ ਤੋਂ ਅੱਗੇ ਸੋਚੇਗਾ। ਸਮਾਜ ਵਿੱਚ ਅਜੇ ਵੀ ਇੰਨੀ ਅਗਿਆਨਤਾ ਹੈ ਕਿ ਗਰੀਬ ਲੋਕ ਬੱਚੇ ਪੈਦਾ ਕਰਕੇ ਉਨਾਂ ਨੂੰ ਹੀ ਆਪਣੇ ਆਮਦਨ ਦੇ ਸਾਧਨਾਂ ਵਜੋਂ ਵਰਤਣ ਲੱਗ ਪੈਂਦੇ ਹਨ। ਇਹ ਗਰੀਬ ਬੱਚੇ ਬਚਪਨ ਤੋਂ ਜਵਾਨੀ ਵੱਲ ਨੂੰ ਤੁਰਦੇ ਹਨ ਤਾਂ ਅਮੀਰ-ਗਰੀਬੀ ਦੀ ਅਸਮਾਨਤਾ ਕਈ ਵਾਰ ਉਨ੍ਹਾਂ ਦੀ ਸਮਝ ਤੋਂ ਬਾਹਰ ਹੋ ਜਾਂਦੀ ਹੈ। ਹਰ ਇਨਸਾਨ ਇੱਕ ਚੰਗਾ-ਘਰ ਤੇ ਚੰਗੀ ਰੋਟੀ ਖਾਣੀ ਚਾਹੁੰਦਾ ਹੈ ਪਰ ਜਦ ਇਹ ਮੁਢਲੀਆਂ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਤਾਂ ਉਸਦੇ ਮਨ ਵਿੱਚ ਮਿਹਨਤ ਨੂੰ ਛੱਡ ਕੇ ਕੋਈ ਹੋਰ ਅਪਰਾਧਕ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਹਨ ਉਹ ਜਲਦੀ ਅਮੀਰ ਹੋ ਕੇ ਸਭ ਕੁਝ ਪ੍ਰਾਪਤ ਕਰਨ ਲਈ ਘਟੀਆ ਤੌਰ-ਤਰੀਕੇ ਅਪਣਾਉਣਾ ਚਾਹੁੰਦੇ ਹਨ। ਕਈ ਵਾਰ ਮਾਪੇ ਬੱਚਿਆਂ ਲਈ ਵਧੇਰੇ ਸੁੱਖ ਸਹੂਲਤਾਂ ਪੈਦਾ ਕਰਨ ਦੇ ਵੱਸ ਪੂਰੀ ਜ਼ਿੰਦਗੀ ਪੈਸਾ ਹੋਰ ਪੈਸਾ ਤੇ ਹੋਰ ਪੈਸਾ ਦੇ ਰਾਹ ਪੈ ਜਾਂਦੇ ਹਨ ਤੇ ਅਣਗੌਲੀ ਹੋਈ ਔਲਾਦ ਤਿਲ-ਤਿਲ ਕਰਕੇ ਜੋੜੇ ਧਨ ਨੂੰ ਜਵਾਨ ਹੁੰਦਿਆਂ ਹੁੰਦਿਆ ਧੱਜੀਆਂ ਉਡਾ ਦਿੰਦੀ ਹੈ। ਮਾਤਾ-ਪਿਤਾ ਦੇ ਆਪਸੀ ਰਿਸ਼ਤੇ ਦੀ ਕੁੜੱਤਣ ਵੀ ਬੱਚਿਆਂ ਦੀ ਮਾਨਸਿਕਤਾ ਤੇ ਗਹਿਰਾ ਅਸਰ ਪਾਉਂਦੀ ਹੈ। ਅੱਜ ਦੇ ਪੰਜਾਬ ਵਿੱਚ ਪਤੀ-ਪਤਨੀ ਦਾ ਇਹ ਰਿਸ਼ਤਾ ਇੰਨਾ ਹੌਲਾ ਹੋ ਗਿਆ ਹੈ ਕਿ ਇੱਕਲੇ ਬਠਿੰਡਾ ਜਿਲ੍ਹੇ ਵਿੱਚ ਹਰੇਕ ਮਹੀਨੇ ਸਤਾਈ ਹਜ਼ਾਰ ਕੇਸ ਤਲਾਕ ਦੇ ਸਾਹਮਣੇ ਆ ਰਹੇ ਹਨ ਅਤੇ ਇੱਥੇ ਹੀ ਨੰਨੀ ਛਾਂ ਮੁਹਿੰਮ ਦੀਆਂ ਮੁੱਖ ਜੜ੍ਹਾਂ ਹਨ। ਕਿਸੇ ਵੀ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯਤਨਾਂ ਦੀ ਜਰੂਰਤ ਹੁੰਦੀ ਹੈ ਜੋ ਆਮ ਵਿੱਦਿਆ ਤੋਂ ਅਲੱਗ ਤੇ ਵਿਸ਼ੇਸ਼ ਹੋਵੇ। ਪੰਜਾਬ ਜਾਂ ਭਾਰਤ ਵਿੱਚ ਅਜਿਹੇ ਯਤਨ ਸਿਫਰ ਦੇ ਬਰਾਬਰ ਹਨ। ਕਿਤਾਬੀ ਵਿਦਿਆ ਨਾਲ ਡਿਗਰੀਆਂ ਦੇ ਭੰਡਾਰ ਇੱਕਠੇ ਕੀਤੇ ਜਾਂਦੇ ਹਨ, ਮਾਨਸਿਕਤਾ ਜਾਂ ਸਖਸ਼ੀਅਤ ਦਾ ਵਿਕਾਸ ਕਿਧਰੇ ਵੀ ਨਹੀਂ ਕੀਤਾ ਜਾਂਦਾ। ਇੰਨਾਂ ਡਿਗਰੀਆਂ ਦੀ ਪੰਡ ਚੁੱਕੀ ਇੱਕਲੇ ਪੰਜਾਬ ਵਿੱਚ ਕੁਝ ਅੰਕੜਿਆਂ ਮੁਤਾਬਕ ਪੰਜਾਹ ਲੱਖ ਦੇ ਕਰੀਬ ਬੇਰੁਜ਼ਗਾਰਾਂ ਦੀ ਫੌਜ ਰਿਸ਼ਤਿਆਂ ਦੇ ਕੱਚ-ਸੱਚ ਦਾ ਨਿਰਣਾ ਲੱਭਣ ਲਈ ਦਰ-ਦਰ ਮਜ਼ਬੂਰੀ ਵੱਸ ਜਿੰਦਗੀ ਦੀਆਂ ਕਦਰਾਂ-ਕੀਮਤਾਂ ਨੂੰ ਤਲਾਸ਼ ਰਹੀ ਹੈ। ਮਾਨਸਿਕਤਾ ਹੀ ਰਿਸ਼ਤਿਆਂ ਨੂੰ ਸਾਂਵੇ-ਪੱਧਰੇ ਬਣਾਉਣ ਵਿੱਚ ਬੇਹੱਦ ਸਹਾਈ ਹੁੰਦੀ ਹੈ। ਅਜੋਕੇ ਸਮਾਜ ਦੇ ਰਾਜਸੀ ਨੇਤਾ ਵੀ ਕੋਈ ਉਪਰਾਲਾ ਨਹੀਂ ਕਰਦੇ। ਉਹ ਵੋਟਾਂ ਵਟੋਰਨ ਬਾਅਦ ਆਪਣੇ-ਆਪ ਨੂੰ ਸਮਾਜ ਤੋਂ ਅਲੱਗ ਇੱਕ ਖਾਸ ਇਨਸਾਨ ਸਮਝਣ ਲੱਗ ਪੈਂਦੇ ਹਨ। ਉਹ ਬਿਲਕੁੱਲ ਹੀ ਵੱਖਰੇ ਰੂਪ ਵਿੱਚ ਸਮਾਜ ਦੇ ਸਾਹਮਣੇ ਆਉਂਦੇ ਹਨ। ਰਾਜਸੀ ਨੇਤਾ ਬਣਨ ਤੋਂ ਬਾਅਦ ਉਹ ਮਹਿੰਗੀਆਂ ਕਾਰਾਂ ਅਤੇ ਜਹਾਜਾਂ ਤੇ ਜਨਤਾ ਦਾ ਕਰੋੜਾਂ ਰੁਪਈਆਂ ਖਰਚ ਕੇ ਜਦੋਂ ਮਹਿੰਗੀਆਂ ਬਿਲਡਿੰਗਾਂ ਜਾਂ ਮਾਲਜ਼ ਦਾ ਉਦਘਾਟਨ ਕਰਨ ਆਉਂਦੇ ਹਨ ਤਾਂ ਇਹਨਾਂ ਉਚੀਆਂ ਅਸਮਾਨੀ ਛੁਹੰਦੀਆਂ ਵੱਡੀਆਂ ਇਮਾਰਤਾਂ ਦੇ ਪਿੱਛੇ ਗਰੀਬਾਂ ਦੀਆਂ ਉਨ੍ਹਾਂ ਝੁੱਗੀਆਂ ਨੂੰ ਕਦੇ ਨਹੀਂ ਤੱਕਦੇ, ਜਿਨ੍ਹਾਂ ਦੇ ਮਿਹਨਤੀ ਹੱਥਾਂ ਨੇ ਇਨ੍ਹਾਂ ਇਮਾਰਤਾਂ ਨੂੰ ਖੜੇ ਕੀਤਾ ਹੁੰਦਾ ਹੈ। ਇਨਾ ਇਮਾਰਤਾਂ ਦੇ ਬਣਦਿਆਂ ਹੀ ਉਹ ਝੁੱਗੀਆਂ ਢਹਿ ਜਾਂਦੀਆਂ ਹਨ ਤੇ ਕਿਸੇ ਹੋਰ ਮਹਿੰਗੀ ਇਮਾਰਤ ਨੂੰ ਬਣਾਉਣ ਲਈ ਉਡੀਕ ਕਰਦੇ ਹਨ ਉਹ ਗਰੀਬ ਲੋਕ ਜਿਨ੍ਹਾਂ ਦੀ ਮਾਨਸਿਕਤਾ ਵੀ ਉਹਨਾਂ ਦੇ ਤਨ ਦੇ ਕੱਪੜਿਆਂ ਵਾਂਗ ਲੀਰਾਂ ਹੋਈ ਪਈ ਹੁੰਦੀ ਹੈ। ਅੱਜ ਇਨਸਾਨ ਅਮੀਰ ਤੇ ਹੋਰ ਅਮੀਰ ਬਣਨ ਦੀ ਚਾਹ ਵਿੱਚ ਗੁਰੂ ਨਾਨਕ ਦੇ ਅਮੀਰ ਫਲਸਫੇ ਕਿਰਤ ਕਰਨ ਤੇ ਵੰਡ ਛਕਣ ਦੇ ਨਿਯਮ ਤੋਂ ਕੋਹਾਂ ਦੂਰ ਖੜਾ ਹੋ ਗਿਆ ਹੈ ਨਹੀਂ ਤਾਂ ਇਹਨਾਂ ਅਰਬਾਂ ਪਤੀਆਂ ਦੀ ਛੋਟੀ ਜਿਹੀ ਕੋਸ਼ਿਸ ਹੀ ਗਰੀਬ ਲੋਕਾਂ ਤੇ ਉਨਾਂ ਦੀ ਮਾਨਸਿਕਤਾ ਨੂੰ ਅਮੀਰ ਕਰਨ ਵਿੱਚ ਬੇਹੱਦ ਸਹਾਈ ਹੋ ਸਕਦੀ ਸੀ। ਸਾਨੂੰ ਸਭ ਨੂੰ ਰਿਸ਼ਤਿਆਂ ਦੇ ਕੱਚ ਨੂੰ ਸੱਚ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ ਕਰਨ ਚਾਹੀਦੀ ਹੈ।