ਪੰਜਾਬ ਦੇਸ਼ ਦੀਆਂ ਧੀਆਂ ਦਾ ਸਾਡੇ ਇਤਿਹਾਸ ਵਿੱਚ ਆਪਣਾਂ ਹੀ ਸਤਿਕਾਰ ਰਿਹਾ ਹੈੈ।ਪੰਜਾਬੀ ਸੱਭਿਆਚਾਰ ਵਿੱਚ ਇਸ ਦੇਸ ਦੀਆਂ ਧੀਆਂ ਨੂੰ ਬਹੁਤ ਹੀ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਰਿਹਾ ਹੈੈ। ਸਮੁੱਚਾ ਪੰਜਾਬੀ ਭਾਈਚਾਰਾ ਧਰਮਾਂ ਅਤੇ ਹੋਰ ਕਿਸਮ ਦੇ ਵਖਰੇਵਿਆਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੀਆਂ ਧੀਆਂ ਨੂੰ ਉੱਚੇ ਸਤਿਕਾਰ ਨਾਲ ਨਿਵਾਜ਼ਦਾ ਰਿਹਾ ਹੈੈ। ਪਿੰਡ ਦੀ ਧੀਅ ਹਰ ਕਿਸੇ ਦੀ ਧੀਅ ਜਾਂ ਭੈਣ ਸਮਝੀ ਜਾਂਦੀ ਸੀ ਅਤੇ ਹੈੈ। ਸਿੱਖ ਇਤਿਹਾਸ ਨੇ ਤਾਂ ਇਸ ਰਿਸ਼ਤੇ ਨੂੰ ਰੁਹਾਨੀ ਰੰਗ ਦੇ ਦਿੱਤੇ ਹਨ। ਜਿਤ ਜੰਮੈ ਰਾਜਾਨਿ, ਦੀ ਬਖਸ਼ਿਸ਼ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਪੰਜਾਬ ਦੀਆਂ ਧੀਆਂ ਨੂੰ ਅਜਿਹਾ ਮਾਣ ਬਖਸ਼ਿਆ ਹੈ ਜੋ ਸ਼ਾਇਦ ਕਿਸੇ ਹੋਰ ਪੈਗੰਬਰ ਨੇ ਨਹੀ ਬਖਸ਼ਿਆ। ਇਤਿਹਾਸ ਦੱਸਦਾ ਹੈ ਕਿ ਵੱਡੇ ਘੱਲੂਘਾਰੇ ਵੇਲੇ ਜਦੋਂ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਦੁਸ਼ਮਣ ਦਾ ਘੇਰਾ ਪੈ ਗਿਆ ਤਾਂ ਬਹਾਦਰ ਸੂਰਮਿਆਂ ਨੇ ਬੱਚਿਆਂ ਅਤੇ ਸਿੰਘਣੀਆਂ ਦੇ ਆਲੇ ਦੁਆਲੇ ਅਜਿਹੀ ਮਨੁੱਖੀ ਦੀਵਾਰ ਬਣਾਈ ਕਿ ਦੁਸ਼ਮਣ ਦੇ ਵੱਡੇ ਹੱਲੇ ਵੀ ਉਸ ਦੀਵਾਰ ਨੂੰ ਤੋੜ ਨਾ ਸਕੇ।

ਪਰ ਅਫਸੋਸ ਕਿ ਆਪਣੇ ਮਾਣਮੱਤੇ ਇਤਿਹਾਸ ਦੀਆਂ ਵਾਰਾਂ ਗਾਉਣ ਵਾਲੀ ਕੌਮ ਦੇ ਹੱਥਾਂ ਵਿੱਚੋਂ ਵਰਤਮਾਨ ਕਿਰਦਾ ਜਾ ਰਿਹਾ ਹੈੈ। ਸ਼ਹੀਦਾਂ ਦੇ ਲਹੂ ਨਾਲ ਰੰਗੀ ਇਸ ਪਾਵਨ ਧਰਤੀ ਦੀਆਂ ਧੀਆਂ ਦੀ ਹਾਲਤ ਅੱਜ ਕਾਫੀ ਬਦਲ ਗਈ ਹੈੈ। ਸਾਡੇ ਪਰਿਵਾਰ ਦਾ ਹਿੱਸਾ ਸਾਡੀਆਂ ਧੀਆਂ ਦੀ ਕਾਫੀ ਵੱਡੀ ਗਿਣਤੀ ਇਸ ਵੇਲੇ ਕੁਰਾਹੇ ਪਈ ਜਾਪਦੀ ਹੈ। ਜਿਸ ਧਰਤੀ ਤੇ ਦਿਨ ਦਾ ਆਰੰਭ ਜਪੁਜੀ ਸਾਹਿਬ ਦੀ ਬਾਣੀ ਨਾਲ ਹੁੰਦਾ ਹੈ ਅਤੇ ਅੰਤ ਸੋਹਿਲਾ ਸਾਹਿਬ ਦੀ ਬਾਣੀ ਨਾਲ ਹੁੰਦਾ ਹੈ, ਉਸ ਬਖਸ਼ਿਸ਼ ਵਾਲੀ ਧਰਤੀ ਦੀਆਂ ਧੀਆਂ ਭਟਕ ਰਹੀਆਂ ਹਨ।

ਪਿਛਲੇ ਦਿਨਾਂ ਤੋਂ ਮੀਡੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਜਿਨ੍ਹਾਂ ਰਾਹੀਂ ਇਹ ਜਾਣਕਾਰੀ ਮਿਲ ਰਹੀ ਹੈ ਕਿ, ਪੰਜਾਬ ਦੀਆਂ ਧੀਆਂ ਦੀ ਹਾਲਤ ਬਹੁਤ ਚੰਗੀ ਨਹੀ ਹੈੈ। ਇਹ ਗੱਲ ਨਹੀ ਕਿ ਪੰਜਾਬ ਦੀ ਹਰ ਧੀਅ ਨੇ ਕੁਰਾਹਾ ਫੜ ਲਿਆ ਹੈੈ। ਪਰ ਜੇ ਸਾਡੇ ਮੁਲਕ ਦੀ ਇੱਕ ਧੀਅ ਵੀ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੋਂ ਭਟਕਦੀ ਹੈ ਤਾਂ ਸਾਨੂੰ ਫਿਕਰ ਹੋਣਾਂ ਲਾਜਮੀ ਹੈੈ।

ਚੰਡੀਗੜ੍ਹ ਤੋਂ ਛਪਦੇ ਇੱਕ ਅੰਗਰੇਜ਼ੀ ਅਖਬਾਰ ਨੇ ਪਿਛਲੇ ਦਿਨੀ ਪੰਜਾਬ ਦੇ ਇੱਕ ਨਸ਼ਾ ਛੁਡਾਊ ਕੇਂਦਰ ਦੀ ਖਬਰ ਛਾਪੀ ਹੈ ਜਿਸ ਵਿੱਚ ਉਸਨੇ ਨਸ਼ੇ ਦੀ ਮਾਰ ਹੇਠ ਆਈਆਂ ਪੰਜਾਬ ਦੀਆਂ ਦੋ ਦਰਜਨ ਧੀਆਂ ਦਾ ਜਿਕਰ ਕੀਤਾ ਹੈ ਜੋ ਕਿਸੇ ਨਾ ਕਿਸੇ ਕਾਰਨ ਨਸ਼ਾ ਲੈਣ ਸੇਵਨ ਕਰਨ ਲੱਗ ਪਈਆਂ ਅਤੇ ਫਿਰ ਇਸ ਦਲਦਲ ਵਿੱਚ ਅਜਿਹੀਆਂ ਫਸੀਆਂ ਕਿ ਉਨ੍ਹਾਂ ਦਾ ਘਰ ਘਾਟ ਸਭ ਕੁਝ ਬਰਬਾਦ ਹੋ ਗਿਆ, ਇੱਥੋਂ ਤੱਕ ਕਿ ਇੱਜਤ ਵੀ ਬਰਬਾਦ ਹੋ ਗਈ। ਅਖਬਾਰ ਦੀ ਉਹ ਖਬਰ ਬਹੁਤ ਦਿਲ ਦਹਿਲਾਉਣ ਵਾਲੀ ਸੀ। ਵੱਖ ਵੱਖ ਧੀਆਂ ਨੇ ਆਪਣੇ ਜੀਵਨ ਦਾ ਜੋ ਬਿਰਤਾਂਤ ਦੱਸਿਆ ਉਹ ਸਾਡੇ ਸਾਰਿਆਂ ਲਈ, ਗੁਰੂ ਸਾਹਿਬ ਦੇ ਪੁੱਤਰ ਹੋਣ ਦੇ ਨਾਤੇ ਇੱਕ ਚੁਣੌਤੀ ਹੈੈ।

ਇਸਦੇ ਨਾਲ ਹੀ ਇੱਕ ਹੋਰ ਦਰਦਨਾਕ ਖਬਰ ਇਹ ਆਈ ਕਿ ਮੋਗਾ ਵਿੱਚ ਇੱਕ ਸਿੱਖ ਜਥੇਬੰਦੀ ਨੂੰ ਇੱਕ ਅਜਿਹੀ ਬੱਚੀ ਮਿਲੀ ਜੋ 12 ਸਾਲ ਦੀ ਉਮਰ ਵਿੱਚ ਨਸ਼ਾ ਕਰਨ ਲੱਗ ਗਈ ਸੀ ਅਤੇ ਹੁਣ 17 ਸਾਲ ਦੀ ਹੋ ਚੁੱਕੀ ਹੈੈ। ਉਸਨੇ ਆਪਣੇ ਜੀਵਨ ਦੀ ਜੋ ਦਰਦ ਕਹਾਣੀ ਪੇਸ਼ ਕੀਤੀ ਉਹ ਵੀ ਬਹੁਤ ਦੁਖਦਾਈ ਹੈੈ। 12 ਸਾਲ ਦੀ ਅੱਲੜ੍ਹ ਧੀਅ ਕਿਸ ਵੇਲੇ ਕੁਰਾਹੇ ਪੈ ਗਈ ਸਾਡੇ ਸਮਾਜ ਨੂੰ ਪਤਾ ਹੀ ਨਹੀ ਲੱਗਾ। ਇਸ ਤੋਂ ਪਤਾ ਲਗਦਾ ਹੈ ਕਿ ਦੁਸ਼ਮਣ ਆਪਣੀ ਚਾਲ ਵਿੱਚ ਵੱਡੀ ਪੱਧਰ ਤੇ ਸਫਲ ਹੋ ਰਿਹਾ ਹੈੈ। ਇਹ ਬੱਚੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ, ਪਰ ਸਾਡੇ ਗੁਰੂ ਸਾਹਿਬ ਦੀ ਵਰੋਸਾਈ ਧਰਤੀ ਦੀ ਜੰਮਪਲ ਹੈ, ਸਾਡੀ ਧੀਅ ਹੈੈ।

ਉਸ ਤੋਂ ਬਾਅਦ ਲੁਧਿਆਣੇ ਤੋਂ ਕੰਮ ਕਰਦੇ ਇੱਕ ਸਿੱਖ ਨੌਜਵਾਨ ਪੱਤਰਕਾਰ ਨੇ ਸਾਡੀ ਮਲਾਕਾਤ ਇੱਕ ਹੋਰ ਬੱਚੀ ਨਾਲ ਕਰਵਾਈ ਜਿਸਦੀ ਦਰਦ ਕਹਾਣੀ ਨੇ ਰੌਂਗਟੇ ਖੜ੍ਹੇ ਕਰਕੇ ਰੱਖ ਦਿਤੇ। ਨਸ਼ੇ ਦੀ ਆਦਤ ਵਿੱਚ ਉਹ ਆਪਣਾਂ ਪਰਿਵਾਰ ਵੀ ਖੋ ਬੈਠੀ ਹੈ, ਆਪਣਾਂ ਘਰ ਵੀ ਵੇਚ ਚੁੱਕੀ ਹੈ, ਗਹਿਣੇ ਵੀ ਵੇਚ ਚੁੱਕੀ ਹੈ ਅਤੇ ਹੁਣ ਨਸ਼ੇ ਦੀ ਲੱਤ ਪੂਰੀ ਕਰਨ ਲਈ ਆਪਣੀ ਇੱਜਤ ਵੇਚ ਰਹੀ ਹੈੈੈ। ਉਸਨੂੰ ਹਰ ਰੋਜ਼ 4 ਹਜ਼ਾਰ ਰੁਪਏ ਚਾਹੀਦੇ ਹੁੰਦੇ ਹਨ, ਨਸ਼ਾ ਲੈਣ ਲਈ ਜੋ ਉਹ ਆਪਣੀ ਇੱਜਤ ਦਾ ਸੌਦਾ ਕਰਕੇ ਹਾਸਲ ਕਰਦੀ ਹੈੈ।

ਇਤਿਹਾਸ ਵਿੱਚ ਬੇਗਾਨੀਆਂ ਧੀਆਂ ਦੇ ਇੱਜਤਾਂ ਦੇ ਰਾਖਿਆਂ ਵੱਜੋਂ ਜਾਣੇ ਜਾਂਦੇ ਸਾਡੇ ਆਪਣੇ ਪਰਿਵਾਰ ਨੂੰ ਕਿਸਦੀ ਨਜ਼ਰ ਲੱਗ ਗਈ ਹੈੈ, ਇਹ ਹਕੀਕਤ ਬਹੁਤ ਦਰਦਨਾਕ ਹੈੈ। 21ਵੀਂ ਸਦੀ ਵਿੱਚ ਅਸੀਂ ਇਤਿਹਾਸ ਦੇ ਕਿਸ ਮੋੜ ਤੇ ਖੜ੍ਹ ਗਏ ਹਾਂ, ਇਹ ਸੁਆਲ ਸਾਨੂੰ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਵਾਰ ਵਾਰ ਹੋਣਗੇ।ਹ੍ਹਰ ਮੋੜ ਤੇ ਹਰ ਕਦਮ ਤੇ ਸਾਨੂੰ ਇਹ ਸੁਆਲ ਘੇਰਨਗੇ, ਕਿ ਬੇਸ਼ੱਕ ਵਕਤ ਦੇ ਹਾਕਮ ਅੰਨੇ੍ਹ ਹੋ ਗਏ ਸੀ ਪਰ ਗੁਰੂ ਦੇ ਪੁੱਤਰੋ, ਤੁਸੀਂ ਕਿੱਥੇ ਸੋ। ਆਓ ਪੰਜਾਬ ਦੀਆਂ ਧੀਆਂ ਨੂੰ ਬਚਾਉਣ ਲਈ ਕੋਈ ਹੰਭਲਾ ਮਾਰੀਏ।