ਭਾਈ ਜਸਵੰਤ ਸਿੰਘ ਖਾਲੜਾ ਸਾਡੇ ਸਮਿਆਂ ਦਾ ਉਹ ਸ਼ਹੀਦ ਹੈ ਜਿਸਨੇ ਖਾਲਸਾ ਜੀ ਦੀਆਂ ਸਹਿਜ ਭਾਵ ਨਾਲ ਸ਼ਹਾਦਤ ਦੇਣ ਦੀਆਂ ਪਰੰਪਰਾਵਾਂ ਨੂੰ ਜੀਵੰਤ ਰੱਖਿਆ। ਭਾਈ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦਾ ਉਹ ਸ਼ਹੀਦ ਹੈ ਜਿਸਨੇ ਭਾਈ ਮਨੀ ਸਿੰਘ ਅਤੇ ਭਾਈ ਮਤੀ ਦਾਸ ਵਾਂਗ ਸਹਿਜ ਵਿੱਚ ਰਹਿੰਦਿਆਂ ਦੁਸ਼ਮਣ ਦਾ ਸਾਹਮਣਾਂ ਕੀਤਾ ਅਤੇ ਸਹਿਜ ਨਾਲ ਸ਼ਹਾਦਤ ਦਾ ਜਾਮ ਪੀਤਾ। ਆਪ ਨੇ ਹਥਿਆਰ ਚੁੱਕਕੇ ਮੈਦਾਨੇ ਜੰਗ ਵਿੱਚ ਲੜਾਈ ਨਹੀ ਲੜੀ ਬਲਕਿ ਉਨ੍ਹਾਂ ਲੋਕਾਂ ਲਈ ਆਪਾ ਵਾਰਿਆ ਜਿਨ੍ਹਾਂ ਨੇ ਪੰਜਾਬ ਦੀ ਅਜ਼ਮਤ ਦੀ ਰਾਖੀ ਲਈ ਆਪਣੀ ਜਾਨ ਤਲੀ ਉੱਤੇ ਰੱਖਕੇ ਸੰਘਰਸ਼ ਲੜਿਆ।
ਜਦੋਂ ਪੰਜਾਬ ਦਾ ਹਰ ਸ਼ਮਸ਼ਾਨਘਾਟ ਬੇਨਾਮ ਸਿੱਖਾਂ ਦੀਆਂ ਲਾਸ਼ਾਂ ਨਾਲ ਲਟ ਲਟ ਬਲ ਰਿਹਾ ਸੀ ਉਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਿੰਮੇਵਾਰੀ ਪਹਿਚਾਣਦਿਆਂ, ਵਿਦੇਸ਼ਾਂ ਦੇ ਸੁਖ ਸਹੂਲਤਾਂ ਨੂੰ ਲੱਤ ਮਾਰਕੇ ਆਪਣੇ ਧੀਆਂ ਪੁੱਤਰਾਂ ਨਾਲ ਖੜ੍ਹਨ ਦਾ ਫੈਸਲਾ ਲਿਆ। ਸਿੱਖ ਪੰਥ ਵਿੱਚ ਸ਼ਹਾਦਤ ਦੀ ਅਦੁੱਤੀ ਉਚਾਈ ਤੱਕ ਅਸਲ ਵਿੱਚ ਉਹ ਹੀ ਪਹੁੰਚ ਸਕਦਾ ਹੈ ਜੋ ਆਪਣੇ ਜੀਉਂਦੇ ਜੀਅ ਕਲਯੁਗ ਦੀਆਂ ਲੁਭਾਉੂ ਵਾਸ਼ਨਾਵਾਂ ਉੱਤੇ ਫਤਿਹ ਹਾਸਲ ਕਰ ਲੈਂਦਾ ਹੈੈ। ਭਾਈ ਜਸਵੰਤ ਸਿੰਘ ਖਾਲੜਾ ਨੇ ਵਿਦੇਸ਼ੀ ਜੀਵਨ ਦੇ ਸੁਖਾਂ ਦਾ ਤਿਆਗ ਕਰਕੇ ਆਪਣੀ ਸਰੀਰਕ ਸ਼ਹਾਦਤ ਤੋਂ ਬਹੁਤ ਪਹਿਲਾਂ ਮਾਨਸਕ ਸ਼ਹਾਦਤ ਨੂੰ ਹਾਸਲ ਕਰ ਲਿਆ ਸੀ। ਇਸੇ ਲਈ ਉਹ ਸਮੇਂ ਦੀ ਜਾਲਮ ਸਰਕਾਰ ਨਾਲ ਏਨੀ ਬਹਾਦਰੀ ਨਾਲ ਲੜ ਸਕਿਆ।
ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤਿਆਂ ਹੁਣ 25 ਸਾਲ ਬੀਤ ਗਏ ਹਨ। 6 ਸਤੰਬਰ 1995 ਨੂੰ ਭਾਈ ਸਾਹਿਬ ਨੂੰ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ। ਜਾਲਮਾਂ ਨੇ ਹਰ ਹੱਥਕੰਡਾ ਅਪਣਾਇਆ ਉਨ੍ਹਾਂ ਨੂੰ ਆਪਣੇ ਇਰਾਦੇ ਤੋਂ ਡੇਗਣ ਦਾ ਪਰ ਜਿਹੜਾ ਗੁਰੂ ਦਾ ਲਾਡਲਾ, ਇਸ ਮੈਦਾਨ ਵਿੱਚ ਕੁੱਦਣ ਤੋਂ ਪਹਿਲਾਂ ਹੀ ਮਾਨਸਕ ਸ਼ਹਾਦਤ ਹਾਸਲ ਕਰ ਚੁੱਕਿਆ ਸੀ ਉਸਨੂੰ ਡਰੇ ਹੋਏ ਦੁਸ਼ਮਣ ਦੇ ਘਿਨਾਉਣੇ ਹੱਥਕੰਡੇ ਕੀ ਡਰਾ ਸਕਦੇ ਸਨ। ਆਖਰ ਕੋਈ ਵਾਹ ਨਾ ਚਲਦੀ ਦੇਖ ਕੇ ਜਾਲਮਾਂ ਨੇ ਉਨ੍ਹਾਂ ਨੂੰ ਸਰੀਰਕ ਤੌਰ ਤੇ ਸ਼ਹੀਦ ਕਰ ਦਿੱਤਾ।
25 ਸਾਲ ਬਾਅਦ ਅੱਜ ਜਦੋਂ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰ ਰਹੇ ਹਾਂ ਤਾਂ ਸਾਨੂੰ ਉਨ੍ਹਾਂ ਨੂੰ ਇੱਕ ਹੋਰ ਨਜ਼ਰ ਨਾਲ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈੈ। ਸਿੱਖ ਪੰਥ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਿਰਫ ਮਨੁੱਖੀ ਹੱਕਾਂ ਦੇ ਰਾਖੇ ਦੇ ਤੌਰ ਤੇ ਜਾਣਦਾ ਹੈੈ। ਪਰ ਭਾਈ ਜਸਵੰਤ ਸਿੰਘ ਖਾਲੜਾ ਇਸ ਤੋਂ ਵੀ ਵੱਡੀ ਸ਼ਖਸ਼ੀਅਤ ਸੀ। ਮਨੁੱਖੀ ਹੱਕਾਂ ਦੇ ਰਾਖੇ ਦੇ ਨਾਲ ਨਾਲ ਉਹ ਬਹੁਤ ਚੇਤੰਨ, ਸਿਆਣੇ ਅਤੇ ਨੀਤੀਵਾਨ ਸਿੱਖ ਰਾਜਨੇਤਾ ਸਨ। ਉਨ੍ਹਾਂ ਦੇ ਜੀਵਨ ਤੇ ਕੁਝ ਲਿਖ਼ਣ ਦੇ ਮਨਸ਼ੇ ਨਾਲ ਜਦੋਂ ਅਸੀਂ ਕੁਝ ਸਮਾਂ ਪਹਿਲਾਂ ਉਨ੍ਹਾਂ ਵੱਲੋਂ ਲਿਖੇ ਗਏ ਵੱਖ ਵੱਖ ਲੇਖ ਪੜ੍ਹੇ, ਉਨ੍ਹਾਂ ਵੱਲੋਂ ਸਿੱਖ ਲਹਿਰ ਦੇ ਸਿਖਰ ਵੇਲੇ ਅਤੇ ਉਸ ਦੇ ਖਿੰਡਾਅ ਤੋਂ ਬਾਅਦ ਜਾਰੀ ਕੀਤੇ ਗਏ ਬਿਆਨਾਂ ਨੂੰ ਘੋਖਿਆ ਤਾਂ ਅਸੀਂ ਮਹਿਸੂਸ ਕੀਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਆਪਣੇ ਆਪ ਵਿੱਚ ਇੱਕ ਸੰਸਥਾ ਸਨ।
ਖਾੜਕੂ ਸਿੱਖ ਲਹਿਰ ਦੇ ਖਿੰਡਾਅ ਤੋਂ ਬਾਅਦ ਪੰਥ ਨੂੰ, ਉਸਦੇ ਨਿਸ਼ਾਨਿਆ ਦੀ ਪ੍ਰਾਪਤੀ ਲਈ ਜਿਸ ਕਿਸਮ ਦੀ ਸਿਆਸੀ ਲੀਡਰਸ਼ਿੱਪ ਦੀ ਲੋੜ ਸੀ ਅਤੇ ਹੈ, ਉਸ ਥਾਂ ਨੂੰ ਭਰਨ ਲਈ ਭਾਈ ਜਸਵੰਤ ਸਿੰਘ ਤੋਂ ਬਿਨਾ ਹੋਰ ਕੋਈ ਵੀ ਯੋਗ ਨਹੀ ਸੀ। 25 ਸਾਲ ਦੇ ਤਜ਼ਰਬੇ ਨੇ ਸਾਨੂੰ ਦਿਖਾ ਦਿੱਤਾ ਹੈ ਕਿ ਕੌਮ ਜਿਵੇਂ ਲੀਡਰ ਰਹਿਤ ਹੋਈ ਪਈ ਹੈ ਉਸ ਥਾਂ ਨੂੰ ਕੇਵਲ ਜਸਵੰਤ ਸਿੰਘ ਹੀ ਭਰ ਸਕਦੇ ਸਨ।
ਉਹ ਸਿਰਫ ਅਖਬਾਰੀ ਬਿਆਨਬਾਜ਼ੀ ਕਰਨ ਵਾਲਾ ਲੀਡਰ ਨਹੀ ਸੀ ਬਲਕਿ ਸਮਾਜ ਦੇ ਹਰ ਦੱਬੇ ਕੁਚਲੇ ਵਰਗ ਦਾ ਲੀਡਰ ਸੀ। ਉਸਨੇ ਆਪ ਵਿਦਿਆਰਥੀ ਸੰਘਰਸ਼ ਵਿੱਚ ਡਟਵੀ ਸਰਗਰਮੀ ਕੀਤੀ, ਫਿਰ ਕਿਰਤੀ ਕਿਸਾਨ ਯੂਨੀਅਨਾਂ ਨੂੰ ਸੰਗਠਤ ਕੀਤਾ, ਪੱਲੇਦਾਰ ਯੂਨੀਅਨਾਂ ਕਾਇਮ ਕੀਤੀਆਂ, ਪਟਵਾਰੀ ਯੂਨੀਅਨ ਅਤੇ ਹੋਰ ਮੁਲਾਜਮ ਯੂਨੀਅਨਾਂ ਨੂੰ ਜਥੇਬੰਦ ਕਰਕੇ ਉਨ੍ਹਾਂ ਦੀ ਅਗਵਾਈ ਕੀਤੀ। ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕੀਤਾ। ਇਸਦੇ ਨਾਲ ਹੀ ਸੰਸਾਰ ਰਾਜਨੀਤੀ ਦੇ ਬਦਲਦੇ ਰੌਂਅ ਉੱਤੇ ਸਪਸ਼ਟ ਨਜ਼ਰ ਰੱਖੀ।
ਸਿੱਖ ਪੰਥ ਦੇ ਵਿਦਵਾਨ ਅਤੇ ਰਾਜਨੀਤੀਵਾਨ ਜਿਨ੍ਹਾਂ ਸੁਆਲਾਂ ਨਾਲ ਅੱਜ ਵੀ ਗੁਥਮਗੁੱਥਾ ਹੋ ਰਹੇ ਹਨ ਉਨ੍ਹਾਂ ਬਾਰੇ ਭਾਈ ਜਸਵੰਤ ਸਿੰਘ ਖਾਲੜਾ ਨੇ ਲਗਭਗ 28-29 ਸਾਲ ਪਹਿਲਾਂ ਸਪਸ਼ਟ ਸਟੈਂਡ ਲੈ ਲਏ ਸਨ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ, ਖਾੜਕੂ ਸੰਘਰਸ਼ ਤੋਂ ਬਾਅਦ ਕੌਮ ਨੂੰ ਸਪਸ਼ਟ ਅਗਵਾਈ ਦੇਣ ਦੀ ਬੌਧਿਕ ਅਤੇ ਸਿਆਸੀ ਸਮਰਥਾ ਰੱਖਦੇ ਸਨ।
ਉਨ੍ਹਾਂ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਲਗਭਗ 50 ਵਰ੍ਹੇ ਪਿਛਾਂਹ ਸੁੱਟ ਦਿੱਤਾ ਹੈੈ। ਕਾਸ਼ ਉਹ ਜਿਉਂਦੇ ਹੁੰਦੇ ਤਾਂ ਅੱਜ ਕੌਮ ਇਸ ਤਰ੍ਹਾਂ ਲੀਡਰ ਰਹਿਤ ਨਾ ਹੋਈ ਹੁੰਦੀ। ਖਾੜਕੂ ਸਿੱਖ ਸੰਘਰਸ਼ ਦੀਆਂ ਸਾਰੀਆਂ ਅੰਦਰੂਨੀ ਗੱਲਾਂ ਅਤੇ ਭੇਤਾਂ ਤੋਂ ਉਹ ਜਾਣੂੰ ਸਨ।ਕਿਰਤੀਆਂ ਤੋਂ ਲੈਕੇ ਕਿਸਾਨਾਂ ਤੱਕ ਨੂੰ ਸੰਗਠਤ ਕਰਨ ਦੀ ਉਨ੍ਹ੍ਹਾਂ ਵਿੱਚ ਬੇਜੋੜ ਯੋਗਤਾ ਸੀ ਅਤੇ ਪੰਥਕ ਦਰਦ ਨੂੰ ਸਹੀ ਬੋਲ ਦੇਣ ਦੀ ਸਮਰਥਾ ਉਨ੍ਹਾਂ ਵਿੱਚ ਸੀ।
ਸੱਚ ਮੁਚ ਦੁਸ਼ਮਣ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਕੇ ਕੌਮ ਦਾ ਸਿਆਸੀ ਤੌਰ ਤੇ ਲੱਕ ਤੋੜ ਦਿੱਤਾ ਹੈੈ।
ਅਜਿਹੇ ਸੂਰਬੀਰ ਅਤੇ ਵਿਦਵਾਨ ਦੀ ਸ਼ਹਾਦਤ ਨੂੰ ਲੱਖ ਲੱਖ ਪਰਣਾਮ।