ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵਧੀਆ ਸਿੱਖ ਸਮਝਿਆ ਜਾਂਦਾ ਸੀ। ਆਪਣੇ ਪਿਛਲੇ ੧੫-੨੦ ਸਾਲਾਂ ਦੇ ਸਿਆਸੀ ਜੀਵਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਆਪਣੀ ਰਾਜਸ਼ਾਹੀ ਠਾਠ ਹਮੇਸ਼ਾ ਕਾਇਮ ਰੱਖੀ ਉਥੇ ਉਹ ਸਿੱਖ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਵੀ ਏਨਾ ਨੀਵਾਂ ਨਹੀ ਸੀ ਡਿਗਿਆ ਜਿੰਨੇ ਪ੍ਰਕਾਸ ਸਿੰਘ ਬਾਦਲ ਅਤੇ ਉਸਦੇ ਸਹਿਯੋਗੀ ਡਿਗ ਗਏ ਸਨ। ਪੰਥਕ ਸਿੱਖ ਮਸਲਿਆਂ ਦੇ ਸੰਦਰਭ ਵਿੱਚ ਉਸਨੇ ਹਮੇਸ਼ਾ ਕਠੋਰ ਰੁਖ ਅਖਤਿਆਰ ਕਰਨ ਤੋਂ ਟਾਲਾ ਹੀ ਵੱਟਿਆ ਸੀ। ਭਾਵੇਂ ਬੰਦੀ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਮਾਮਲਾ ਹੋਵੇ ਜਾਂ ਫਿਰ ਸਿੱਖਾਂ ਦਾ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਦੀ ਕਾਰਵਾਈ ਹੋਵੇ, ਭਾਰਤੀ ਢਾਂਚੇ ਦੇ ਵਿੱਚ ਰਹਿੰਦੇ ਹੋਏ ਉਸਨੇ ਕਿਤੇ ਨਾ ਕਿਤੇ ਸਿੱਖਾਂ ਦੇ ਹੱਕ ਵਿੱਚ ਹੀ ਡੱਕਾ ਸੱਟਣ ਦੇ ਯਤਨ ਕੀਤੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਇਸ ਸਿਆਸੀ ਪਹੁੰਚ ਕਾਰਨ ਹੀ ਇੱਕ ਵਾਰ ਬੀਬੀ ਰਜਿੰਦਰ ਕੌਰ ਭੱਠਲ ਨੂੰ ਇਹ ਕਹਿਣਾਂ ਪਿਆ ਸੀ ਕਿ ਕਾਂਗਰਸ ਨੂੰ ਸਿੱਖਾਂ ਦੀ ਪਾਰਟੀ ਨਾ ਬਣਾਓ।

ਪਰ ਇਸ ਵਾਰ ਮੁਖ ਮੰਤਰੀ ਬਣਕੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਵਿੱਚ ਉਸ ਬਾਰੇ ਪਏ ਸਾਰੇ ਭਰਮ ਤੋੜ ਦਿੱਤੇ ਹਨ। ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਤੋਂ ਇਕਦਮ ਬਾਅਦ ਜਿਵੇਂ ਕੈਪਟਨ ਅਮਰਿੰਦਰ ਸਿੰਘ ਕੇ.ਪੀ. ਐਸ ਗਿੱਲ ਨੂੰ ਮਿਲਣ ਲਈ ਗਏ ਅਤੇ ਜਿਵੇਂ ਉਨ੍ਹਾਂ ਦੀ ਮਿਲਣੀ ਦੀਆਂ ਤਸਵੀਰਾਂ ਵਿਸ਼ੇਸ਼ ਕਰਕੇ ਅਖਬਾਰਾਂ ਵਿੱਚ ਛਪਵਾ ਕੇ ਸਿੱਖਾਂ ਨੂੰ ਇੱਕ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਉਸਤੋਂ ਸਪਸ਼ਟ ਹੁੰਦਾ ਹੈ ਕਿ ਇਸ ਵਾਰ ਖੇਡ ਕਿਸੇ ਬਹੁਤ ਵੱਡੀ ਸਾਜਿਸ਼ ਤਹਿਤ ਖੇਡੀ ਗਈ ਹੈ। ਜਿਸ ਕਿਸਮ ਦੇ ਰਾਜਸੀ ਰੰਗ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸ਼ੀਅਤ ਵਿੱਚੋਂ ਅੱਜਕੱਲ਼੍ਹ ਖਿੜ ਰਹੇ ਹਨ ਉਹ ਇਸ ਤਰ੍ਹਾਂ ਦੇ ਕਦੇ ਵੀ ਨਹੀ ਸਨ।

ਕੇ.ਪੀ.ਐਸ ਗਿੱਲ ਦੇ ਪੈਰ ਫੜਨੇ ਅਤੇ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਡਟਵਾਂ ਵਿਰੋਧ ਕਰਨਾ ਇਹ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਚੋਣਾਂ ਹੋਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਸੌਂਪਣ ਵਾਲਿਆਂ ਨੇ ਉਸ ਤੋਂ ਬਹੁਤ ਕੁਝ ਮਨਵਾ ਲਿਆ ਸੀ। ਉਸਨੂੰ ਗੱਦੀ ਤੇ ਬਿਠਾਉਣ ਤੋਂ ਪਹਿਲਾਂ ਉਸਦੀ ਗਰਦਨ ਵਿਚਲੀ ਆਕੜ ਭੰਨ ਦਿੱਤੀ ਗਈ ਸੀ ਅਤੇ ਇਸ ਭੰਨੀ ਹੋਈ ਆਕੜ ਦਾ ਸੁਨੇਹਾ ਪੰਜਾਬ ਦੀ ਸਾਰੀ ਹਿੰਦੂ ਵੋਟ ਤੱਕ ਵੀ ਪਹੁੰਚਦਾ ਕਰ ਦਿੱਤਾ ਗਿਆ ਸੀ।

ਚੋਣਾਂ ਵਾਲੇ ਦਿਨ ਕਿਸੇ ਰਿਪੋਰਟਰ ਨੇ ਅੰਮ੍ਰਿਤਸਰ ਦੇ ਸ਼ਹਿਰੀ ਇਲਾਕਿਆਂ ਦਾ ਦੌਰਾ ਕਰਕੇ ਕੱਟੜ ਹਿੰਦੂ ਜਥੇਬੰਦੀ ਬਜਰੰਗ ਦਲ ਦੇ ਬਹੁਤ ਸਾਰੇ ਕਾਰਕੁੰਨਾ ਨਾਲ ਮੁਲਾਕਾਤ ਕੀਤੀ ਜੋ ਸ਼ਰੇਆਮ ਕਾਂਗਰਸ ਨੂੰ ਵੋਟਾਂ ਪਾ ਅਤੇ ਪਵਾ ਰਹੇ ਸਨ। ਜਦੋਂ ਉਸ ਰਿਪੋਰਟਰ ਨੇ ਉਨ੍ਹਾਂ ਬਜਰੰਗ ਦਲ ਵਾਲਿਆਂ ਨੂੰ ਪੁਛਿਆ ਕਿ ਤੁਸੀਂ ਤਾਂ ਭਾਜਪਾ ਦੇ ਪੱਕੇ ਮੁਰੀਦ ਰਹੇ ਹੋ ਫਿਰ ਕਾਂਗਰਸ ਨੂੰ ਵੋਟ ਕਿਉਂ ਪਾ ਰਹੇ ਹੋ ਤਾਂ ਉਨ੍ਹਾਂ ਨੇ ਜੋ ਜੁਆਬ ਦਿੱਤਾ ਉਹ ਨਾ ਕੇਵਲ ਧਿਆਨ ਨਾਲ ਸੁਣਨ ਵਾਲਾ ਹੈ ਬਲਕਿ ਸਿੱਖਾਂ ਨੂੰ ਇੱਕ ਸਬਕ ਦੇਣ ਵਾਲਾ ਵੀ ਹੈ।

ਉਨ੍ਹਾਂ ਬਜਰੰਗ ਦਲ ਵਾਲਿਆਂ ਨੇ ਆਖਿਆ ਕਿ ਅਸੀਂ ਭਾਜਪਾ ਨਾਲ ਬੰਨ੍ਹੇ ਹੋਏ ਨਹੀ ਹਾਂ ਅਸੀਂ ਉਸ ਪਾਰਟੀ ਨੂੰ ਵੋਟ ਕਰਦੇ ਹਾਂ ਜੋ ਸਾਡੇ ਹਿੰਦੂ ਹੋਣ ਦੇ ਨਾਤੇ ਸਾਡੇ ਹਿੱਤ ਸੁਰੱੰਖਿਅਤ ਕਰ ਸਕਦੀ ਹੋਵੇ। ਉਨ੍ਹਾਂ ਆਖਿਆ ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਹਿੰਦੂਆਂ ਦੇ ਹੱਕਾਂ ਦਾ ਪਹਿਰੇਦਾਰ ਬਣੇਗਾ ਇਸ ਲਈ ਅਸੀਂ ਕੈਪਟਨ ਨੂੰ ਵੋਟ ਪਾ ਰਹੇ ਹਾਂ।

ਇੱਕ ਪਾਸੇ ਪੰਜਾਬ ਦਾ ਹਿੰਦੂ ਹੈ ਜੋ ਆਪਣੇ ਕੌਮੀ ਹਿੱਤਾਂ ਦੀ ਸਲਾਮਤੀ ਲਈ ਭਾਰਤੀ ਸਿਸਟਮ ਨੂੰ ਵਰਤਦਾ ਹੈ ਦੂਜੇ ਪਾਸੇ ਸਿੱਖ ਹਨ ਜੋ ਕਿਸੇ ਐਰੇ ਗੈਰੇ ਲੀਡਰ ਦੀ ਭਗਤੀ ਅਧੀਨ ਹੀ ਸਾਰੀ ਉਮਰ ਆਪਣੇ ਕੌਮੀ ਫਰਜ਼ਾਂ ਨੂੰ ਵਿਸਾਰ ਕੇ ਕਿਸੇ ਪਰਿਵਾਰ ਦੇ ਵਪਾਰ ਵਿੱਚ ਵਾਧਾ ਕਰਨ ਦਾ ਵਾਹਕ ਬਣੇ ਰਹਿੰਦੇ ਹਨ।
ਅਸੀਂ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਪਿੱਛਲ ਮੋੜਾ ਵੈਸੇ ਹੀ ਨਹੀ ਆ ਗਿਆ ਬਲਕਿ ਭਾਰਤੀ ਨੀਤੀਘਾੜਿਆਂ ਨੇ ਉਸਨੂੰ ਰਾਜਗੱਦੀ ਦਾ ਪ੍ਰਬੰਧ ਕਰਕੇ ਦੇਣ ਬਦਲੇ ਉਸਦਾ ਬਹੁਤ ਕੁਝ ਤੋੜ ਦਿੱਤਾ ਹੈ। ਇਸੇ ਲਈ ਉਹ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਦੇ ਪੈਰੀ ਹੱਥ ਲਾਉਂਦਾ ਫਿਰਦਾ ਹੈ।