ਵਿਸ਼ਵ ਸਿਹਤ ਸੰਗਠਨ (W.H.O.) ਦੀ ਤਾਜ਼ਾ ਵਿਸ਼ਥਾਰ-ਪੂਰਵਕ ਦੁਨੀਆਂ ਦੇ ਪ੍ਰਦੂਸ਼ਣ ਬਾਰੇ ਰਿਪੋਰਟ ਪਿਛਲੇ ਦਿਨੀਂ ਪੇਸ਼ ਕੀਤੀ ਗਈ ਹੈ। ਇਸੇ ਰਿਪੋਰਟ ਅਨੁਸਾਰ ਦੁਨੀਆਂ ਵਿੱਚ ੯੦% ਤੋਂ ਵਧੇਰੇ ਲੋਕ ਪ੍ਰਦੂਸ਼ਤ ਆਲੇ-ਦੁਆਲੇ ਤੇ ਪ੍ਰਦੂਸ਼ਤ ਵਾਤਾਵਰਣ ਦੇ ਸ਼ਿਕਾਰ ਹਨ। ਇਹਨਾਂ ਕਾਰਨਾਂ ਕਰਕੇ ਹੀ ਵਾਤਾਵਰਣ ਦੇ ਗੰਧਲੇਪਣ ਸਦਕਾ ੬੦ ਲੱਖ ਤੋਂ ਉੱਪਰ ਲੋਕ ਹਵਾ ਪ੍ਰਦੂਸ਼ਣ ਕਾਰਨ ਮਰਦੇ ਹਨ। ਇਸੇ ਤਰਾਂ ਹਰ ਸਾਲ ਵਾਤਾਵਰਣ ਦਾ ਪ੍ਰਭਾਵ ਜ਼ਿਆਦਤਰ ਵਿਕਸਤ ਹੋ ਰਹੇ ਦੇਸ਼ਾਂ ਤੇ ਗਰੀਬ ਮੁਲਕਾਂ ਦੇ ਪੰਜ ਸਾਲ ਤੋਂ ਹੇਠਲੀ ਉਮਰ ਦੇ ਬੱਚੇ ਹਵਾ, ਧੂਏਂ ਤੇ ਹੋਰ ਜ਼ਹਿਰੀਲੀਆਂ ਗੈਸਾਂ ਕਾਰਨ ਬੇਸ਼ਮਾਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ। ਇਸ ਵੇਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਹਰ ਪੰਜ ਬੱਚਿਆਂ ਮਗਰ ਇੱਕ ਬੱਚਾ ਆਪਣੀ ਜਾਨ ਗੁਆ ਰਿਹਾ ਹੈ। ਇਸੇ ਰਿਪੋਟਰ ਮੁਤਾਬਕ ਹਰ ਸਾਲ ੧੭ ਲੱਖ ਬੱਚੇ ਹਵਾ ਪ੍ਰਦੂਸ਼ਣ ਆਲੇ-ਦੁਆਲੇ ਵਿੱਚ ਫੈਲੀ ਗੰਦਗੀ, ਖੁੱਲੇ ਪਖਾਨੇ ਦੀ ਵਰਤੋਂ ਕਾਰਨ ਆਪਣੀ ਜਾਨ ਗਵਾ ਰਹੇ ਹਨ।

ਪ੍ਰਦੂਸ਼ਣ ਪੈਦਾ ਕਰਨ ਵਾਲੇ ਕਈ ਹੋਰ ਸ੍ਰੋਤ ਜੋ ਆਧੁਨਿਕਤਾ ਨਾਲ ਜੁੜੇ ਹੋਏ ਹਨ, ਉਹ ਹਨ ਇਲੈਕਟ੍ਰੋਨਿਕਸ ਦਾ ਕੂੜਾ ਤੇ ਬਿਜਲਈ ਉਪਕਰਨਾਂ ਦੀ ਰਹਿੰਦ-ਖੂੰਹਦ। ਕਿਉਂਕਿ ਵਿਉਂਤ ਦੀ ਘਾਟ ਕਾਰਨ ਸਹੀ ਤਰੀਕੇ ਨਾਲ ਰੀ-ਸਾਈਕਲ ਕਰਨ ਦੀ ਕੋਈ ਯੋਜਨਬੰਦੀ ਨਹੀਂ ਹੋਈ ਹੈ ਤੇ ਇਹ ਖੁੱਲੇ ਵਿੱਚ ਪਿਆ ਬੇਹੱਦ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਜਿਸ ਦੀ ਵਧੇਰੇ ਮਾਰ ਛੋਟੇ ਬੱਚਿਆਂ ਅੰਦਰ ਬਿਮਾਰੀਆਂ ਨਾਲ ਲੜ ਸਕਣ ਦੀ ਸਮਰੱਥਾ ਬਹੁਤ ਹੱਦ ਤੱਕ ਘੱਟ ਚੁੱਕੀ ਹੈ।

ਭਾਰਤ ਅੰਦਰ ਵੀ ਅੱਜ ਦੇ ਦਿਨ ੫੦ ਫੀਸਦੀ ਤੋਂ ਉਪਰ ਲੋਕ ਤੇ ਬੱਚੇ ਸਾਫ-ਸੁਥਰੇ ਪਖਾਨਿਆਂ ਦੀ ਘਾਟ ਕਾਰਨ ਤੇ ਸਾਫ ਪੀਣ ਯੋਗ ਪਾਣੀ ਦੀ ਦਿੱਕਤ ਕਾਰਨ ਅਨੇਕਾਂ ਬਿਮਾਰੀਆਂ ਜਿਵੇਂ ਕਿ ਮਲੇਰੀਆਂ, ਕੈਂਸਰ, ਨਮੂਨੀਆਂ, ਦਮਾ ਜਿੰਦਗੀ ਨਾਲ ਖੇਡ ਰਹੇ ਹਨ। ਦਮਾ ਜੋ ਕਿ ਸਾਹ ਦਾ ਰੋਗ ਹੈ, ਵੀ ਉੱਠ ਰਹੀਆਂ ਪ੍ਰਦੂਸ਼ਤ ਹਵਾਵਾਂ ਕਾਰਨ ਬੱਚਿਆਂ ਵਿੱਚ ਮੌਤ ਦਾ ਕਾਰਨ ਬਣ ਰਿਹਾ ਹੈ। ਇਸੇ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਇਹ ਗੰਦਗੀ ਭਰੀ ਹਵਾ ਨਾ ਸਹਾਰਦੇ ਹੋਏ ਪੰਜ ਲੱਖ ਤੋਂ ਉਪਰ ਹਰ ਸਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਚਾਰ ਲੱਖ ਦੇ ਕਰੀਬ ਬੱਚੇ ਗੰਧਲੇ ਵਾਤਾਵਰਣ ਕਰਕੇ ਹੈਜ਼ੇ ਵਰਗੀ ਬਿਮਾਰੀ ਨਾਲ ਮਰ ਜਾਂਦੇ ਹਨ। ਇਸੇ ਤਰਾਂ ਤਿੰਨ ਲੱਖ ਦੇ ਕਰੀਬ ਨਵਜਨਮੇ ਬੱਚੇ ਅਣਸੁਖਾਵੇਂ ਵਾਤਾਵਰਣ ਦੀ ਭੇਂਟ ਚੜਦੇ ਹਨ। ਕਈ ਲੱਖ ਮਲੇਰੀਆ ਦੀ ਭੇਂਟ ਚੜਦੇ ਹਨ। ਇਨਾਂ ਬਿਮਾਰੀਆਂ ਦਾ ਮੁਢਲਾ ਕਾਰਨ ਕੂੜਾਂ-ਕਰਕਟ ਤੇ ਆਲੇ ਦੁਆਲੇ ਫੈਲੀ ਹੋਈ ਸ਼ਹਿਰਾਂ ਦੀ ਗੰਦਗੀ ਹੈ।

੨੦੧੫ ਵਿੱਚ ਇੱਕ ਰਿਪੋਰਟ ਨੇ ਤੱਥਾਂ ਸਹਿਤ ਇਹ ਦੱਸਿਆਂ ਸੀ ਕਿ ਭਾਰਤ ਦੇਸ਼ ਦੇ ਦਸ ਵੱਡੇ ਸ਼ਹਿਰ ਦੁਨੀਆਂ ਦੇ ਸਭ ਤੋਂ ਵਧੇਰੇ ਪ੍ਰਦੂਸ਼ਤ ਵੀਹ ਸ਼ਹਿਰਾਂ ਵਿਚੋਂ ਹਨ। ਹੁਣ ਵੀ ਜਦੋਂ ਤੋਂ ਇਹ ਨਵੀਂ ਸਰਕਾਰ ਭਾਰਤ ਦੀ ਰਾਜਨੀਤਿਕ ਸੱਤਾ ਵਿੱਚ ਆਈ ਹੈ ਇਸਨੇ ਗੰਦਗੀ ਤੇ ਆਲੇ-ਦੁਆਲੇ ਨੂੰ ਸਾਫ ਬਣਾਉਣ ਲਈ ‘ਸਵੱਛ ਭਾਰਤ’ ਦੀ ਮੁਹਿੰਮ ਪ੍ਰਧਾਨ ਮੰਤਰੀ ਨੇ ਆਪ ਚਲਾਈ ਸੀ ਤੇ ਨਾਲ ਹੀ ਭਾਰਤ ਦੇ ਸਭ ਤੋਂ ਵੱਡੇ ਦਰਿਆ ਗੰਗਾ ਨੂੰ ਗੰਦਗੀ ਰਹਿਤ ਕਰਨ ਲਈ ਵਿਸ਼ੇਸ਼ ਯਤਨਾਂ ਦਾ ਪ੍ਰਬੰਧ ਕੀਤਾ ਸੀ ਤੇ ਬਚਨਵੱਧਤਾ ਪ੍ਰਗਟਾਈ ਸੀ। ਪਰ ਅੱਜ ਤੱਕ ਢਾਈ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਸਾਰਥਕ ਕਦਮ ਸਾਹਮਣੇ ਨਹੀਂ ਆਇਆ ਜੋ ਸਵੱਛ ਭਾਰਤ ਦੀ ਵਚਨਬੱਧਤਾ ਦੀ ਹਾਮੀ ਭਰਦਾ ਹੋਵੇ। ਭਾਵੇਂ ਹਰ ਕਿਸਮ ਦਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖਤਰਾ ਹੈ ਤੇ ਗਰੀਬ ਦੇਸ਼ਾਂ ਵਿੱਚ ਨਾ-ਰਹਿਣ ਯੋਗ ਹਾਲਾਤਾਂ ਵਿੱਚ ਜਿਉਂਦੇ ਲੋਕ ਜਿੰਦਗੀ ਦੀ ਕੋਈ ਤਸਵੀਰ ਉਲੀਕ ਸਕਦੇ ਹਨ। ਇਸ ਰੂਪ ਰੇਖਾ ਨੂੰ ਰੰਗ ਭਰਨ ਲਈ ਬਹੁਤ ਉਪਰਾਲਿਆਂ ਦੀ ਲੋੜ ਹੈ ਜਿਸ ਤੋਂ ਸਰਕਾਰਾਂ ਅਸਮਰਥ ਦਿਖਾਈ ਦੇ ਰਹੀਆਂ ਹਨ। ਚੰਗਾਂ ਜਿਉਣ ਲਈ ਹਵਾਦਾਰ ਘਰ, ਗੰਦਗੀ ਰਹਿਤ ਵਾਤਾਵਰਣ, ਸਾਫ ਪਾਣੀ ਤੇ ਚੰਗੀਆਂ ਸਫਾਈ ਸਹੂਲਤਾਂ ਜਿੰਨਾਂ ਦੇ ਨਾਲ-ਨਾਲ ਚੰਗੀਆਂ ਸਿਹਤ ਸਹੂਲਤਾਂ ਵੀ ਹੋਣ, ਲੋਕ ਹਿਤੂ ਸਰਕਾਰਾ ਦਾ ਮੁਢਲਾ ਫਰਜ਼ ਹੈ। ਜਿਸ ਵਿੱਚ ਬਾਕੀ ਸਰਕਾਰਾਂ ਵਾਂਗ ਭਾਰਤ ਸਰਕਾਰ ਵੀ ਅਸਮਰਥ ਹੈ। ਲੋੜ ਹੈ ਭਾਰਤ ਅੰਦਰ ਸਵੱਛ ਭਾਰਤ ਦਾ ਮੁਹਿੰਮ ਨੂੰ ਸੰਜ਼ੀਦਗੀ ਨਾਲ ਸੋਚਣ ਵਾਰਨ ਦੀ ਤਾਂ ਹੀ ਵਾਤਾਵਰਣ ਸੰਬਦੀ ਕੋਈ ਹੱਲ ਮਿਲ ਸਕੇਗਾ।