ਪੰਜਾਬੀ ਵਿੱਚ ਇਹ ਅਖਾਣ ਕਾਫੀ ਪਰਚੱਲਤ ਹੈ ਕਿ ਗਿਰਝਾਂ ਨੂੰ ਤਾਂ ਹਰ ਨਵੇਂ ਦਿਨ ਮਾਸ ਚਾਹੀਦਾ ਹੁੰਦਾ ਹੈ ਖਾਣ ਲਈ। ਮਾਸ ਦੀ ਭਾਲ ਵਿੱਚ ਗਿਰਝਾਂ ਸੈਂਕੜੇ ਮੀਲ ਦਾ ਪੈਂਡਾ ਤੈਅ ਕਰ ਲੈਂਦੀਆਂ ਹਨ। ਸਿਰਫ ਗਿਰਝਾਂ ਹੀ ਨਹੀ ਬਲਕਿ ਜਿਹੜੇ ਇਨਸਾਨ ਗਿਰਝਾਂ ਬਣ ਗਏ ਹੋਣ, ਜਿਨ੍ਹਾਂ ਦੀ ਜੀਭ ਨੂੰ ਮਨੁੱਖ ਦਾ ਲਹੂ ਲੱਗ ਗਿਆ ਹੋਵੇ, ਉਹ ਵੀ ਨਿੱਤ ਨਵੇਂ ਦਿਨ, ਨਵਾਂ ਮਾਸ ਭਾਲਦੀਆਂ ਹਨ ਖਾਣ ਲਈ। ਇਹ ਮਨੁੱਖੀ ਗਿਰਝਾਂ ਵੀ ਫਿਰ ਮਾਸ ਦੀ ਭਾਲ ਵਿੱਚ ਸੈਂਕੜੇ ਮੀਲਾਂ ਦਾ ਸਫਰ ਤੈਅ ਕਰ ਲੈਂਦੀਆਂ ਹਨ।

ਭਾਰਤੀ ਮੀਡੀਆ ਦੀਆਂ ਗਿਰਝਾਂ ਵੀ ਅੱਜਕੱਲ ਇਸ ਤਰ੍ਹਾਂ ਹੀ ਕਰ ਰਹੀਆਂ ਹਨ। ਉਨ੍ਹਾਂ ਨੂੰ ਹਰ ਨਵੇਂ ਦਿਨ, ਮਨੁੱਖਾਂ ਦਾ ਅਤੇ ਕੌਮਾਂ ਦਾ ਮਾਸ ਚਾਹੀਦਾ ਹੈ ਖਾਣ ਲਈ। ਸਵੇਰ ਤੋਂ ਹੀ ਇਹ ਗਿਰਝਾਂ ਆਪਣੇ ਸ਼ਿਕਾਰ ਦੀ ਭਾਲ ਵਿੱਚ ਨਿਕਲ ਪੈਂਦੀਆਂ ਹਨ। ਜੇ ਇਨ੍ਹਾਂ ਨੂੰ ਆਪ ਕਿਸੇ ਦਾ ਮਾਸ ਨਹੀ ਲੱਭਦਾ ਤਾਂ ਜਿਨ੍ਹਾਂ ਸਰਕਾਰਾਂ ਦੀ ਇਹ ਸੇਵਾ ਕਰ ਰਹੀਆਂ ਹਨ ਉਹ ਸਰਕਾਰਾਂ ਇਨ੍ਹਾਂ ਨੂੰ ਤਾਜ਼ਾ ਮਾਸ ਉਪਲਬਧ ਕਰਵਾ ਦੇਂਦੀਆਂ ਹਨ।

ਅਸਲ ਗਿਰਝਾਂ ਵਾਂਗ ਇਹ ਮਨੁੱਖੀ ਖੂਨ ਪੀਣੀਆਂ ਗਿਰਝਾਂ ਵੀ ਮਾਸ ਦੀ ਭਾਲ ਵਿੱਚ ਸੈਂਕੜੇ ਮੀਲਆਂ ਦਾ ਸਫਰ ਕਰ ਲੈਂਦੀਆਂ ਹਨ। ਦਿੱਲੀ ਤੋਂ ਨਾਦੇੜ ਤੱਕ।

ਅਰਬ ਮੁਲਕਾਂ ਵੱਲੋਂ ਅੱਖਾਂ ਦਿਖਾਉਣ ਤੋਂ ਬਾਅਦ ਭਾਰਤੀ ਮੀਡੀਆ ਦੀਆਂ ਗਿਰਝਾਂ ਨੇ ਮੁਸਲਮਾਨਾਂ ਦਾ ਲਹੂ ਪੀਣ ਤੋਂ ਕੁਝ ਦਿਨਾਂ ਲਈ ਛੁੱਟੀ ਕਰ ਲਈ ਹੈੈ। ਮੀਡੀਆ ਨੂੰ ਚਲਾੳਣ ਵਾਲੇ ਆਕਾਵਾਂ ਨੇ ਸੈਨਤ ਮਾਰ ਕੇ ਦੱਸ ਦਿੱਤਾ ਹੈ ਕਿ ਹਾਲ ਦੀ ਘੜੀ ਮੁਸਲਮਾਨਾਂ ਦਾ ਲਹੂ ਪੀਣ ਤੋਂ ਕਿਨਾਰਾ ਕਰ ਲਿਆ ਜਾਵੇ। ਆਪਣੇ ਆਕਾ ਦੀ ਹਿਦਾਇਤ ਤੇ ਤਾਂ ਫੁੱਲ ਚੜ੍ਹਾ ਦਿੱਤੇ, ਪਰ ਮਨੁੱਖੀ ਗਿਰਝਾਂ ਕੀ ਖਾਣ ਫਿਰ? ਕਿਸੇ ਦਾ ਮਾਸ ਤਾਂ ਚਾਹੀਦਾ ਹੀ ਹੈੈ। ਪਟਿਆਲੇ ਵਾਲੇ ਸ਼ਿਵ ਸੈਨੀਏ ਚੱਲਣਗੇ? ਆਕਾ ਦਾ ਹੁਕਮ ਆਇਆ। ਨਹੀ।

ਲਾਲਾ ਜਗਤ ਨਰਾਇਣ ਵਾਲੇ ਚੱਲਣਗੇ? ਫਿਰ ਹੁਕਮ ਆਇਆ ਉਹ ਵੀ ਨਹੀ।

ਆਖਰ ਗਿਰਝਾਂ ਹਨ, ਭੁੱਖੀਆਂ ਕਿਵੇਂ ਰਹਿਣ। ਕੋੋਈ ਤਾਂ ਚਾਹੀਦਾ ਹੈ ਜਿਸਦਾ ਮਾਸ ਖਾਧਾ ਜਾਵੇ।

ਹੁਕਮ ਆਇਆ, ਸਿੱਖ ਨਹੀ ਦਿਸਦੇ? ਫਿਰ ਸਵਾਲ ਪਾਇਆ, ਕਿਹੜੇ ਸਿੱਖ? ਜਿਹੜੇ ਲੱਖਾਂ ਲੋਕਾਂ ਲਈ ਲੰਗਰ ਬਣਾ ਰਹੇ ਹਨ? ਉਨ੍ਹਾਂ ਦਾ ਲਹੂ ਕਿਵੇਂ ਪੀਈਏ?

ਨਹੀ ਭਲਿਓ-ਨਾਦੇੜ ਸਾਹਿਬ ਵਾਲੇ ਸਿੱਖ। ਉਨ੍ਹਾਂ ਦਾ ਲਹੂ ਪੀਣਾਂ ਸੌਖਾ ਹੈੈ।

ਆਕਾ ਦਾ ਹੁਕਮ ਮਿਲਣ ਦੀ ਦੇਰ ਸੀ, ਮੀਡੀਆ ਵਾਲੀਆਂ ਗਿਰਝਾਂ ਨਾਦੇੜ ਸਾਹਿਬ ਵਾਲੇ ਸਿੱਖਾਂ ਤੇ ਮਿਹਰਬਾਨ ਹੋ ਗਈਆਂ। ਅੱਜਕੱਲ੍ਹ ਭਾਰਤੀ ਮੀਡੀਆ ਦੀਆਂ ਗਿਰਝਾਂ ਦੀ ਸਿੱਖਾਂ ਤੇ ਮਿਹਰਬਾਨੀਆਂ ਦੀ ਭਰਪੂਰ ਬਰਸਾਤ ਹੋ ਰਹੀ ਹੈੈ। ਭਾਰਤ ਵਿੱਚ ਸਿਰਫ ਦੋ ਹੀ ਕੌਮਾਂ ਹਨ ਜਿਨ੍ਹਾਂ ਦੇ ਲਹੂ ਨਾਲ ਗਿਰਝਾਂ ਦੀ ਪਿਆਸ ਬੁਝਦੀ ਹੈੈ। ਸਿੱਖ ਅਤੇ ਮੁਸਲਮਾਨ। ਇਨ੍ਹਾਂ ਦੇ ਲਹੂ ਨਾਲ ਹੀ ਰਾਤ ਨੂੰ ਕਿਤੇ ਸਕੂਨ ਮਿਲਦਾ ਹੈੈੈ।

ਖੈਰ ਗਿਰਝਾਂ ਤਾਂ ਗਿਰਝਾਂ ਹਨ। ਉਨ੍ਹਾਂ ਨੂੰ ਆਪਣਾਂ ਕੰਮ ਕਰਨ ਦਿਓ। ਖਾਲਸਾ ਪੰਥ ਨੂੰ ਗਿਰਝਾਂ ਦੀ ਚੈਂਅ-ਚੈਂਅ ਤੋਂ ਘਬਰਾਉਣ ਦੀ ਲੋੜ ਨਹੀ ਹੈੈ। ਗਿਰਝਾਂ ਦਾ ਚੀਕ-ਚਿਹਾੜਾ ਦੱਸ ਰਿਹਾ ਹੈ ਕਿ ਦੇਸ਼ ਦੀ ਸੱਤਾ ਮਾਣ ਕੇ ਵੀ ਉਹ ਕਿੰਨੀਆਂ ਘਬਰਾਈਆਂ ਹੋਈਆਂ ਹਨ। ਗਿਰਝਾਂ ਕਿੰਨੀ ਅਸੁਰੱਖਿਆ ਵਿੱਚ ਹਨ। ਦੇਸ਼ ਦੀ ਵਾਗਡੋਰ ਸੰਭਾਲ ਕੇ ਵੀ ਉਨ੍ਹਾਂ ਨੂੰ ਆਪਣੇ ਰਾਜਭਾਗ ਉੱਤੇ ਵਿਸ਼ਵਾਸ਼ ਨਹੀ। ਗਿਰਝਾਂ ਦੇ ਚੀਕ ਚਿਹਾੜੇ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਮਸ਼ੀਨਾਂ ਵਿੱਚ ਵੋਟਾਂ ਪਵਾਕੇ ਹੀ ਕੋਈ ਹਾਕਮ ਨਹੀ ਬਣ ਜਾਂਦਾ ਬਲਕਿ ਹਾਕਮ ਬਣਨ ਲਈ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਹਨ। ਗਿਰਝਾਂ ਦੀ ਅਸੁਰੱਖਿਆ ਇਹ ਦਰਸਾ ਰਹੀ ਹੈ ਕਿ ਉਹ ਬਹੁਤ ਘਬਰਾਈਆਂ ਹੋਈਆਂ ਹਨ। ਆਪਣੇ ਸ਼ਿਕਾਰ ਉੱਤੇ ਵਾਰ ਕਰਨ ਵੇਲੇ ਵੀ ਉਹ ਚੀਕ ਰਹੀਆਂ ਹੁੰਦੀਆਂ ਹਨ।

ਕਿਸੇ ਰਾਜ ਕਰ ਰਹੀ ਕੌਮ ਵਿੱਚ ਅਸੀਂ ਏਨੀ ਅਸੁਰੱਖਿਆ ਨਹੀ ਦੇਖੀ।

ਅਸਲ ਵਿੱਚ ਰਾਜ ਕਰ ਰਹੀ ਕੌਮ, ਸਿੱਖਾਂ ਖਿਲਾਫ ਆਪਣੀ ਨਫਰਤ ਉਗਲਕੇ, ਸਿੱਖ ਪੰਥ ਦਾ ਵੱਡਾ ਫਾਇਦਾ ਹੀ ਕਰ ਰਹੀ ਹੈੈ। ਪੈਸੇ ਦੀ ਅੰਨ੍ਹੀ ਦੌੜ ਵਿੱਚ ਭੱਜ ਰਹੇ ਖਾਲਸਾ ਪੰਥ ਦੇ ਇੱਕ ਵੱਡੇ ਹਿੱਸੇ ਨੇ ਇਹ ਗੱਲ ਮੰਨ ਹੀ ਲਈ ਸੀ ਕਿ ਭਾਰਤ ਦਾ ਮੌਜੂਦਾ ਢਾਂਚਾ ਉਨ੍ਹਾਂ ਲਈ ਵੀ ਓਨਾ ਹੀ ਫਾਇਦੇਮੰਦ ਹੈ ਜਿੰਨਾ ਰਾਜ ਕਰ ਰਹੀ ਧਿਰ ਲਈ। ਭਾਰਤੀ ਮੀਡੀਆ ਦੇ ਇਸ ਵਤੀਰੇ ਨੇ ਖਾਲਸਾ ਪੰਥ ਦੇ ਇੱਕ ਹਿੱਸੇ ਨੂੰ ਨੀਂਦ ਵਿੱਚੋਂ ਜਗਾਉਣ ਦਾ ਕਾਰਜ ਕੀਤਾ ਹੈ। ਜੇ ਭਾਰਤੀ ਮੀਡੀਆ ਸਿੱਖਾਂ ਖਿਲਾਫ ਆਪਣੀ ਜ਼ਹਿਰ ਨਾ ਉਗਲਦਾ ਤਾਂ ਸਿੱਖਾਂ ਨੇ ਵੀ ਥਾਲੀਆਂ ਵਜਾਉਣ ਵਾਲੀ ਭੀੜ ਵਿੱਚ ਹੀ ਜਜਬ ਹੋ ਕੇ ਰਹਿ ਜਾਣਾਂ ਸੀ। ਉਨ੍ਹਾਂ ਨੂੰ ਇਹ ਭੁੱਲ ਹੀ ਜਾਣਾਂ ਸੀ ਕਿ ਅਸੀਂ ਗੁਰੂ ਦੇ ਪੁੱਤ ਹਾਂ,ਸ਼ੇਰਾਂ ਦੀ ਕੌਮ ਹਾਂ। ਸਾਡਾ ਰਾਜ ਕਰ ਰਹੀ ਧਿਰ ਨਾਲ ਕੁਝ ਵੀ ਸਾਂਝਾ ਨਹੀ ਹੈੈੈ।

ਅਸੀਂ ਭਾਰਤੀ ਮੀਡੀਏ ਅਤੇ ਭਾਰਤੀ ਰਾਜਨੀਤੀਵਾਨਾਂ ਦੇ ਸ਼ੁਕਰ ਗੁਜਾਰ ਹਾਂ ਜਿਨ੍ਹਾਂ ਨੇ ਨੀਂਦ ਵਿੱਚ ਸੌਂ ਕੇ ਥਾਲੀਆਂ ਵਜਾਉਣ ਵਾਲੀ ਕੌਮ ਨੂੰ ਯਾਦ ਕਰਵਾਇਆ ਕਿ ਉਹ ਤਾਂ ਨਗਾਰੇ ਵਜਾਉਣ ਅਤੇ ਖੰਡੇ ਖੜਕਾਉਣ ਵਾਲੀ ਕੌਮ ਹੈੈ।

ਆਓ ਆਪਣੇ ਨਿਆਰੇਪਣ ਨੂੰ ਯਾਦ ਰੱਖੀਏ। ਕਿਸੇ ਬੇਗਾਨੇ ਦੇ ਸਮੁੰਦਰ ਵਿੱਚ ਨਾ ਗੁਆਚੀਏ।