ਵੈਸੇ ਤਾਂ ਭਾਰਤ ਵਿੱਚ ਵਸਣ ਵਾਲੇ ਆਮ ਲੋਕਾਂ ਦੀ ਇਹ ਸ਼ਿਕਾਇਤ ਹਮੇਸ਼ਾ ਹੀ ਰਹਿੰਦੀ ਹੈ ਕਿ ਉਨ੍ਹਾਂ ਵੱਲੋਂ ਵੋਟਾਂ ਪਾਕੇ ਚੁਣੇ ਹੋਏ ਨੁਮਾਇੰਦੇ, ਇੱਕ ਵਾਰ ਚੁਣੇ ਜਾਣ ਤੋਂ ਬਾਅਦ ਮੁੜ ਉਨ੍ਹਾਂ ਦੀ ਬਾਤ ਨਹੀ ਪੁੱਛਦੇ ਪਰ ਇਹ ਬੀਮਾਰੀ ਪਿਛਲੇ ਦਹਾਕਿਆਂ ਦੌਰਾਨ ਕਾਫੀ ਵੱਡੀ ਪੱਧਰ ਤੇ ਵੇਖਣ ਨੂੰ ਮਿਲੀ ਹੈੈ। ਬੇਸ਼ੱਕ ਭਾਰਤ ਦੇ ਰਾਜਨੇਤਾ ਹਮੇਸ਼ਾ ਇਹ ਗੱਲ ਬਹੁਤ ਹੁੱਬ ਕੇ ਦੱਸਦੇ ਹਨ ਕਿ ਭਾਰਤ ਇੱਕ ਵੱਡੀ ਜਮਹੂਰੀਅਤ ਹੈ ਪਰ ਭਾਰਤ ਦੀ ਜਮਹੂਰੀਅਤ ਦਾ ਮਾਡਲ ਇੱਕ ਪਾਸੜ ਟਰੈਫਿਕ ਵਾਲਾ ਹੈ ਜਿੱਥੇ ਲੋਕ ਤਾਂ ਜਮਹੂਰੀਅਤ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਈ ਜਾ ਰਹੇ ਹਨ ਪਰ ਜਿਨ੍ਹਾਂ ਦੀ ਅਸਲ ਜਿੰਮੇਵਾਰੀ ਜਮਹੂਰੀਅਤ ਦੀ ਰਾਖੀ ਕਰਨ ਦੀ ਸੀ ਉਹ ਆਪਣੀ ਜਿੰਮੇਵਾਰੀ ਤੋਂ ਮੁਖ ਮੋੜ ਰਹੇ ਹਨ।

ਇਹ ਅਕਸਰ ਹੀ ਹੁੰਦਾ ਹੈ ਕਿ ਸਿਆਸੀ ਲੀਡਰ ਇੱਕ ਵਾਰ ਚੁਣੇ ਜਾਣ ਤੋਂ ਬਾਅਦ ਅਗਲੇ ਪੰਜ ਸਾਲ ਬਾਅਦ ਆਪਣੀ ਨਵੀਂ ਨਾਮਜ਼ਦਗੀ ਦਾ ਪਰਚਾ ਭਰਨ ਹੀ ਆਪਣੇ ਹਲਕੇ ਵਿੱਚ ਆਉਂਦੇ ਹਨ। ਪੰਜਾਬ ਨੇ ਇਸ ਤਰ੍ਹਾਂ ਦਾ ਦੁਖਾਂਤ ਬਹੁਤ ਨੇੜਿਓਂ ਦੇਖਿਆ ਹੈੈ। ਪ੍ਰਕਾਸ਼ ਸਿੰਘ ਬਾਦਲ ਨਾਅ ਦੇ ਇੱਕ ਵਿਅਕਤੀ ਦੀ ਅੰਨ੍ਹੀ ਭਗਤੀ ਅਧੀਨ ਗੁਰਦਾਸਪੁਰ ਦੇ ਭੋਲੇ ਭਾਲੇ ਵੋਟਰ ਪਿਛਲੇ 20 ਸਾਲਾਂ ਤੋਂ ਇੱਕ ਅਜਿਹੇ ਵਿਅਕਤੀ ਨੂੰ ਵੋਟਾਂ ਪਾਉਂਦੇ ਆ ਰਹੇ ਸਨ ਜੋ ਕਦੇ ਆਪਣੇ ਹਲਕੇ ਵਿੱਚ ਵੜਿਆ ਹੀ ਨਹੀ। ਉਸਨੂੰ ਆਪਣੇ ਹਲਕੇ ਦੇ ਪਿੰਡਾਂ ਦੇ ਨਾਅ ਤਾਂ ਕੀ ਪਤਾ ਹੋਣੇ ਸਨ ਬਲਕਿ ਦੋ ਤਿੰਨ ਪ੍ਰਮੁੱਖ ਸ਼ਹਿਰਾਂ ਦੇ ਨਾਅ ਵੀ ਸ਼ਾਇਦ ਨਾ ਪਤਾ ਹੋਣ। ਆਪਣੇ ਹਲਕੇ ਤੋਂ 1500 ਕਿਲੋਮੀਟਰ ਵਸਣ ਵਾਲਾ ਉਹ ਵਿਅਕਤੀ ਜਦੋਂ ਮੌਤ ਦੇ ਮੂੰਹ ਜਾ ਪਿਆ ਤਾਂ ਉਸਦੇ ਬੰਬੇ ਰਹਿੰਦੇ ਪਰਿਵਾਰ ਨੇ ਉਸ ਸੀਟ ਤੇ ਆਪਣਾਂ ਦਾਅਵਾ ਠੋਕ ਦਿੱਤਾ। ਇਹ ਜਮਹੂਰੀਅਤ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈੈ।

ਜਮਹੂਰੀਅਤ ਦੀਆਂ ਇਨ੍ਹਾਂ ਗਿਰਾਵਟਾਂ ਨੂੰ ਅਸੀਂ ਸਮਝਦੇ ਹਾਂ ਠੀਕ ਵੀ ਜਮਹੂਰੀਅਤ ਦੇ ਅਸਲ ਵਾਰਸਾਂ ਨੇ ਹੀ ਕਰਨਾ ਹੁੰਦਾ ਹੈ। ਅਸਲ ਵਾਰਸ ਆਮ ਲੋਕ ਹਨ। ਸਿਆਸੀ ਲੀਡਰ ਜਮਹੂਰੀਅਤ ਦੇ ਅਸਲ ਵਾਰਸ ਨਹੀ ਹਨ, ਬਲਕਿ ਆਮ ਲੋਕ ਹਨ। ਜਿਉਂ ਜਿਉਂ ਆਮ ਲੋਕਾਂ ਵਿੱਚ ਚੇਤੰਨਤਾ ਵਧ ਰਹੀ ਹੈ, ਤਿਉਂ ਤਿਉਂ ਲੋਕ ਹੁਣ, ਧੋਖਾ ਦੇਣ ਵਾਲੇ ਲੀਡਰਾਂ ਨੂੰ ਉਨ੍ਹਾਂ ਦੀ ਅਸਲ ਥਾਂ ਦਿਖਾਉਣ ਲੱਗ ਪਏ ਹਨ। ਇਹ ਵਰਤਾਰਾ ਪੰਜਾਬ ਵਿੱਚ ਹੀ ਨਹੀ ਵਾਪਰ ਰਿਹਾ ਬਲਕਿ ਸਮੁੱਚੇ ਹਿੰਦੁਸਤਾਨ ਵਿੱਚ ਵਾਪਰ ਰਿਹਾ ਹੈੈ। 5 ਸਾਲ ਪਹਿਲਾਂ ਜਿਸ ਹੱਠਧਰਮੀ ਲੀਡਰ, ਨਰਿੰਦਰ ਮੋਦੀ ਦੇ ਖਿਲਾਫ ਬੋਲਣ ਦਾ ਕੋਈ ਜਿਗਰਾ ਨਹੀ ਸੀ ਕਰਦਾ ਹੁਣ ਉਸਦੇ ਖਿਲਾਫ ਸ਼ੋਸ਼ਲ ਮੀਡੀਆ ਹੀ ਨਹੀ ਬਲਕਿ ਉਸਦੀਆਂ ਰੈਲੀਆਂ ਵਿੱਚ ਵੀ ਲੋਕ ਆਪਣੀ ਅਵਾਜ਼ ਬੁਲੰਦ ਕਰਨ ਲੱਗ ਪਏ ਹਨ। ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਲੜਕੀ ਉਸ ਵੇਲੇ ਨਰਿੰਦਰ ਮੋਦੀ ਦੇ ਖਿਲਾਫ ਨਾਅਰੇ ਮਾਰਦੀ ਨਜ਼ਰ ਆ ਰਹੀ ਹੈ ਜਦੋਂ, ਮੋਦੀ ਭਾਸ਼ਣ ਦੇ ਰਹੇ ਹਨ। ਪੁਲਿਸ ਉਸ ਔਰਤ ਨੂੰ ਨਾ ਕੇਵਲ ਧੱਕੇ ਨਾਲ ਘੜੀਸਕੇ ਬਾਹਰ ਲਿਜਾ ਰਹੀ ਹੈ ਬਲਕਿ ਉਸਦੀ ਖਿਚਧੂਹ ਵੀ ਕਰ ਰਹੀ ਹੈੈ। ਹਰਿਆਣੇ ਵਿੱਚ ਸੰਘ ਪਰਿਵਾਰ ਦੇ ਇਕ, ਮਜਬੂਤ ਆਖੇ ਜਾਂਦੇ ਨੇਤਾ ਦੇ ਖਿਲਾਫ ਲੋਕ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੁਖ ਮੰਤਰੀ ਯੋਗੀ ਅਦਿਿਤਆਨਾਥ ਖਿਲਾਫ ਵੀ ਅਵਾਜ਼ਾਂ ਉੱਠ ਰਹੀਆਂ ਹਨ।

ਕਿਸੇ ਵੇਲੇ ਪੰਜਾਬ ਨੂੰ ਆਪਣੀ ਬਸਤੀ ਸਮਝਣ ਵਾਲੇ ਬਾਦਲ ਪਰਿਵਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਕਾਫੀ ਵੱਡੀ ਪੱਧਰ ਤੇ ਜਾਹਰ ਹੋ ਰਿਹਾ ਹੈੈ। ਫਿਰੋਜ਼ਪੁਰ ਅਤੇ ਬਠਿੰਡਾ ਵਿੱਚ ਲੋਕਾਂ ਦੇ ਕਾਫਲੇ ਇਸ ਪਰਿਵਾਰ ਦਾ ਵਿਰੋਧ ਕਰ ਰਹੇ ਹਨ। ਬੀਬੀ ਹਰਸਿਮਰਤ ਕੌਰ ਦੇ ਜਲਸੇ ਵਿੱਚ ਹੋਈਆਂ ਗੜਬੜੀਆਂ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ। ਬੀਬੀ ਰਾਜਿੰਦਰ ਕੌਰ ਭੱਠਲ ਨੂੰ ਵੀ ਲੋਕਾਂ ਨੇ ਸੁਆਲ ਪੁੱਛੇ ਜਿਸਦਾ ਜੁਆਬ ਬੀਬੀ ਜੀ ਨੇ ਲੀਡਰਾਂ ਵਾਲੀ ਭਾਸ਼ਾ ਵਿੱਚ ਦਿੱਤਾ।

ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਨੂੰ ਵੀ ਸੁਆਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈੈ। ਕਈ ਥਾਵਾਂ ਤੇ ਉਸਦੇ ਵਿਰੋਧ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਲੋਕਾਂ ਦੇ ਸੁਆਲਾਂ ਤੋਂ ਸੁਖਪਾਲ ਸਿੰਘ ਖਹਿਰਾ ਵੀ ਨਹੀ ਬਚ ਸਕੇ। ਕਈ ਥਾਵਾਂ ਤੇ ਆਮ ਲੋਕਾਂ ਅਤੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਘੇਰ ਕੇ ਤਿੱਖੇ ਸੁਆਲ ਕੀਤੇ ਹਨ ਜਿਨ੍ਹਾਂ ਦਾ ਉ੍ਹ ਤਸੱਲੀਬਖ਼ਸ਼ ਜੁਆਬ ਨਹੀ ਦੇ ਸਕੇ।

ਖੈਰ ਭਾਰਤੀ ਜਮਹੂਰੀਅਤ ਵਿੱਚ ਸਿਆਸੀ ਲੀਡਰਾਂ ਦੀ ਜਿੰਮੇਵਾਰੀ ਤਹਿ ਕਰਨ ਵਾਲਾ ਅਤੇ ਆਪਣੀ ਸੰਤੁਸ਼ਟੀ ਨਾ ਹੋਣ ਤੇ ਵੋਟਾਂ ਪਾਉਣ ਤੋਂ ਸਪਸ਼ਟ ਜੁਆਬ ਦੇਣ ਵਾਲਾ ਵਰਤਾਰਾ, ਜਮਹੂਰੀਅਤ ਦੀ ਅਸਲ ਭਾਵਨਾ ਹੈੈ। ਜਦੋਂ ਤੱਕ ਸਿਆਸੀ ਲੀਡਰਾਂ ਤੋਂ ਜੁਆਬਦੇਹੀ ਨਹੀ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਸੁਆਲ ਨਹੀ ਪੁੱਛੇ ਜਾਂਦੇ ਉਦੋਂ ਤੱਕ ਉਹ ਲੋਕਾਂ ਦੇ ਸੇਵਕ ਨਹੀ ਬਲਕਿ ਮਾਲਕ ਬਣੇ ਰਹਿਣਗੇ। ਆਮ ਲੋਕਾਂ ਦੀ ਜਾਗਰਤੀ ਹੀ ਇਹ ਸਥਿਤੀ ਨੂੰ ਬਦਲ ਸਕਦੀ ਹੈੈ।