ਸਿੱਖ ਕੌਮ ਲਈ ਨਿਰਸੁਆਰਥ ਆਪਾ ਵਾਰਨ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਹੱਦ ਉੱਤੇ ਜਾਰੀ ਹੈ। 7 ਜਨਵਰੀ ਤੋਂ ਇਹ ਮੋਰਚਾ ਅਰੰਭ ਕੀਤਾ ਹੋਇਆ ਹੈ। ਹੁਣ ਇਸ ਮੋਰਚੇ ਵਿੱਚ ਸੰਗਤਾਂ ਦੀ ਆਮਦ ਵਧਣ ਲੱਗ ਪਈ ਹੈ। ਦੂਰ ਦੁਰਾਡਿਓਂ ਵੀ ਅਤੇ ਨੇੜਿਓਂ ਵੀ ਸਿੱਖ ਸੰਗਤਾਂ ਆਪਣੇ ਉਨ੍ਹਾਂ ਸੂਰਬੀਰਾਂ ਦੀ ਰਿਹਾਈ ਲਈ ਯਤਨਸ਼ੀਲ ਹਨ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਕੌਮ ਦੀਆਂ ਅਗਲੀਆਂ ਨਸਲਾਂ ਨੂੰ ਜਿਉਂਦਾ ਰੱਖਣ ਦਾ ਤਹੱਈਆ ਕੀਤਾ ਸੀ।

ਇਸ ਕੌਮੀ ਇਨਸਾਫ ਮੋਰਚੇ ਵਿੱਚ ਸਿੱਖ ਸੰਗਤਾਂ ਤੋਂ ਬਿਨਾ ਹੁਣ ਕੁਝ ਹਿੰਦੂ ਜਥੇਬੰਦੀਆਂ ਦੇ ਕਾਰਕੁੰਨ ਵੀ ਸ਼ਮੂਲੀਅਤ ਕਰਨ ਲੱਗ ਪਏ ਹਨ। ਲੁਧਿਆਣੇ ਤੋਂ ਆਏ ਕੁਝ ਹਿੰਦੂ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਹਮਾਇਤ ਜਤਾਈ ਹੈ। 26 ਜਨਵਰੀ ਨੂੰ ਜਦੋਂ ਭਾਰਤੀ ਸਟੇਟ ਆਪਣੇ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਨ ਮਨਾ ਰਹੀ ਸੀ ਉਸ ਦਿਨ ਸਿੱਖ ਕੌਮ ਉਸੇ ਸੰਵਿਧਾਨ ਅਧੀਨ ਹੋਈਆਂ ਬੇਇਨਸਾਫੀਆਂ ਖਿਲਾਫ ਇਨਸਾਫ ਮਾਰਚ ਕਰ ਰਹੀ ਸੀ। ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਇਨਸਾਫ ਮਾਰਚ ਵਿੱਚ ਸ਼ਾਮਲ ਹੋਈਆਂ। ਕੇਸਰੀ ਨਿਸ਼ਾਨ ਦੀ ਅਗਵਾਈ ਹੇਠ ਸ਼ਾਮਲ ਸੰਗਤਾਂ ਨੇ ਦਰਸਾ ਦਿੱਤਾ ਕਿ ਖਾਲਸਾ ਪੰਥ ਦੀਆਂ ਕੌਮੀ ਮੰਗਾਂ ਲਈ ਉਹ ਇੱਕਜੁੱਟ ਹਨ।

ਇਸ ਕੌਮੀ ਇਨਸਾਫ ਮੋਰਚੇ ਦੀ ਵਿਲੱਖਣ ਗੱਲ ਇਹ ਹੈ ਕਿ ਇਸ ਵਿੱਚ ਸਿੱਖ ਨੌਜਵਾਨਾਂ ਦੀ ਸ਼ਮੂਲੀਅਤ ਕਾਫੀ ਵੱਡੀ ਪੱਧਰ ਤੇ ਹੋ ਰਹੀ ਹੈ। ਨੌਜਵਾਨਾਂ ਵਿੱਚ ਆਪਣੀ ਕੌਮ ਅਤੇ ਧਰਮ ਨਾਲ ਜੁੜਨ ਦੀ ਇਹ ਚਿਣਗ, ਕਿਸਾਨ ਮੋਰਚੇ ਦੌਰਾਨ ਪਰਬਲ ਹੋਈ ਹੈ। ਉਸ ਮੋਰਚੇ ਦੌਰਾਨ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣੇ, ਸੰਦੀਪ ਸਿੰਘ ਸਿੱਧੂ ਦੀਆਂ ਚੇਤੰਨਤਾ ਭਰੀਆਂ ਗੱਲਾਂ ਨੇ ਸਿੱਖ ਨੌਜਵਾਨਾਂ ਨੂੰ ਦੋ ਟਕੇ ਦੇ ਗਾਇਕਾਂ ਮਗਰ ਆਪਣੀ ਸ਼ਕਤੀ ਗਵਾਉਣ ਨਾਲੋਂ ਕੌਮ ਦੇ ਮਸਲਿਆਂ ਪ੍ਰਤੀ ਸੁਚੇਤ ਹੋਣ ਦਾ ਹੋਕਾ ਦਿੱਤਾ ਗਿਆ ਸੀ। ਦੀਪ ਸਿੱਧੂ ਦਾ ਉਹ ਹੋਕਾ ਸਿੱਖ ਜਵਾਨੀ ਦੀ ਧੁਰ ਆਤਮਾ ਅੰਦਰ ਪਰਵੇਸ਼ ਕਰ ਗਿਆ ਹੈ। ਉਨ੍ਹਾਂ ਨੂੰ ਹੁਣ ਹਰ ਮਸਲੇ ਦੌਰਾਨ, ਨਸਲਾਂ ਦੀ ਲੜਾਈ ਅਤੇ ਹੋਂਦ ਦੀ ਲੜਾਈ ਦੇ ਝਲਕਾਰੇ ਪੈਂਦੇ ਦਿਸ ਰਹੇ ਹਨ।

ਬਹੁਤ ਲੰਬੇ ਸਮੇਂ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਕਿਸੇ ਅਜਿਹੀ ਸ਼ਖਸ਼ੀਅਤ ਨੇ ਟੁੰਬਿਆ ਹੈ ਜਿਸ ਦੇ ਬੋਲਾਂ ਨੂੰ ਉਜ ਅੱਜ ਵੀ ਯਾਦ ਕਰ ਕਰ ਕੇ ਰੋਂਦੇ ਹਨ। ਨਹੀ ਤਾਂ ਸਿੱਖ ਪੰਥ ਦੇ ਵਿਹੜੇ ਵਿੱਚ ਵਿਚਾਰਾਂ ਦੀ ਵਿਰਾਨਗੀ ਹੀ ਛਾਈ ਪਈ ਸੀ। ਦੋ ਚਾਰ ਗੀਤ ਗਾਉਣ ਵਾਲੇ ਹੀ ਪੰਜਾਬੀ ਨੌਜਵਾਨਾਂ ਦੇ ਜਾਅਲੀ ਜਿਹੇ ਨਾਇਕ ਬਣ ਬੈਠੇ ਸਨ।

ਕਿਸਾਨ ਮੋਰਚੇ ਦੌਰਾਨ ਦੀਪ ਸਿੱਧੂ ਵੱਲੋਂ ਪੈਦਾ ਕੀਤੀ ਗਈ ਜਾਗਰਤੀ ਹੁਣ ਇੱਕ ਲੜੀ ਵਿੱਚ ਪਰੋ ਹੋ ਗਈ ਹੈ। ਸਿੱਖ ਨੌਜਵਾਨ ਹੁਣ ਆਪਣੇ ਆਪੇ ਬਾਰੇ ਸੋਚਣ ਲੱਗ ਪਏ ਹਨ। ਇਸਦੇ ਨਾਲ ਹੀ ਉਹ ਘਟੀਆ ਕਾਮਰੇਡਾਂ ਨੂੰ ਵੀ ਜੁਆਬ ਦੇਣ ਜੋਗੇ ਹੋ ਗਏ ਹਨ ਜਿਹੜੇ ਸਿੱਖਾਂ ਨੂੰ ਹਮੇਸ਼ਾ ਟਿੱਚਰਾਂ ਕਰਿਆ  ਕਰਦੇ ਸਨ।

ਕੌਮੀ ਇਨਸਾਫ ਮੋਰਚੇ ਨੇ ਸਿੱਖਾਂ ਵਿੱਚ ਕੌਮੀ ਜਜਬਾ ਮੁੜ ਤੋਂ ਉਭਾਰ ਦਿੱਤਾ ਹੈ। ਜਿੱਥੇ ਇਸ ਮੋਰਚੇ ਨੇ ਸਿੱਖਾਂ ਦੀਆਂ ਕੇਂਦਰੀ ਮੰਗਾਂ ਨੂੰ ਸਾਹਮਣੇ ਲੈ ਆਂਦਾ ਹੈ ਉੱਥੇ ਹੀ ਕੌਮ ਦੇ ਜਜਬਿਆਂ ਵਿੱਚ ਪਈ ਅਜ਼ਾਦੀ ਦੀ ਅਮੋੜ ਰੀਝ ਦਾ ਵੀ ਪਰਗਟਾਵਾ ਕੀਤਾ ਹੈ। 26 ਜਨਵਰੀ ਨੂੰ ਮੁਲਕ ਦੀਆਂ ਝਾਕੀਆਂ ਦੇ ਬਰਾਬਰ ਸਿੱਖਾਂ ਵੱਲੋਂ ਆਪਣੇ ਇਤਿਹਾਸ ਦੀਆਂ ਝਾਕੀਆਂ ਕੱਢਣੀਆਂ ਇਹ ਦਰਸਾਉਂਦੀਆਂ ਹਨ ਕਿ ਕੌਮੀ ਜਜਬਾ ਪਰਬਲ ਹੋ ਰਿਹਾ ਹੈ। ਸਿੱਖਾਂ ਦੀ ਕੌਮੀ ਝਾਕੀ ਦੀ ਵਾਗਡੋਰ ਸਾਬਕਾ ਸਿੱਖ ਫੌਜੀਆਂ ਨੇ ਸੰਭਾਲ ਕੇ ਇਹ ਸੰਦੇਸ਼ ਦਿੱਤਾ ਹੈ ਕਿ ਹੁਣ ਦੇ ਫੌਜੀਆਂ ਨੂੰ ਸੂਚਨਾਵਾਂ ਤੋਂ ਦੂਰ ਰੱਲਕੇ ਸਰਕਾਰ ਆਪਣੀਆਂ ਉਂਗਲਾਂ ਤੇ ਨਹੀ ਨਚਾ ਸਕਦੀ। ਸਿੱਖ ਫੌਜੀ ਆਪਣੀ ਕੌਮ ਦੇ ਹੱਕਾਂ ਹਿੱਤਾਂ ਬਾਰੇ ਵੀ ਸੁਚੇਤ ਹੋ ਰਹੇ ਹਨ।

26 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਇਨਸਾਫ ਮਾਰਚ ਨੇ ਜਿਸ ਕਿਸਮ ਦੇ ਖਾਲਸਾਈ ਰੰਗ ਅਤੇ ਕੌਮੀ ਜਾਬਤੇ ਦੇ ਦਰਸ਼ਨ ਕਰਵਾਏ ਹਨ ਉਸ ਤੋਂ ਇਹ ਗੱਲ ਭਲੀਭਾਂਤ ਸਮਝੀ ਜਾ ਸਕਦੀ ਹੈ ਕਿ ਸਿੱਖਾਂ ਲਈ ਆਪਣੇ ਗੁਰਧਾਮ, ਗੁਰੂ ਗਰੰਥ ਸਾਹਿਬ ਅਤੇ ਆਪਣੇ ਸੂਰਮੇ-ਸ਼ਹੀਦ ਸਭ ਤੋਂ ਪਰਮੁੱਖ ਹਨ। ਸਿੱਖ ਕੌਮ ਇਨ੍ਹਾਂ ਸੂਰਮਿਆਂ ਦੀ ਰਿਹਾਈ ਲਈ ਨਿਰੰਤਰ ਯਤਨ ਕਰਦੀ ਰਹੇਗੀ। ਬਾਕੀ ਸਰਕਾਰੀ ਅਫਸਰਸ਼ਾਹੀ ਨੇ ਇੱਕ ਵਾਰ ਫਿਰ ਖਾਲਿਸਤਾਨੀ ਅੱਤਵਾਦ ਦਾ ਰੌਲਾ ਪਵਾਕੇ, ਦੇਸ਼ ਦੀ ਰਾਜਨੀਤਕ ਲੀਡਰਸ਼ਿੱਪ ਨੂੰ ਪਹਿਲਾਂ ਹੀ ਬਲੈਕਮੇਲ ਕਰ ਲਿਆ ਹੈ ਕਿ ਕਿਤੇ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੋਚਣਾਂ ਵੀ ਨਾ। ਨਹੀ ਤਾਂ ਦੇਸ਼ ਟੁੱਟ ਜਾਵੇਗਾ। ਅਫਸਰਸ਼ਾਹੀ ਨੇ ਆਪਣੀ ਚਾਲ ਚੱਲ ਦਿੱਤੀ ਹੈ। ਸਿੱਖਾਂ ਦਾ ਕੌਮੀ ਜਜਬਾ ਅਤੇ ਕੌਮੀ ਜਾਬਤਾ ਮੋਰਚੇ ਨੂੰ ਸਰ ਕਰੇਗਾ, ਇਹ ਸਾਡੀ ਉਮੀਦ ਹੈ।