ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਧਾਰਮਕ ਸੰਸਥਾ ਹੈ ਜੋ ਖਾਲਸਾ ਪੰਥ ਨੂੰ ਦਰਪੇਸ਼ ਔਕੜਾਂ ਸਮੇਂ ਜਿੱਥੇ ਕੌਮ ਦੀ ਧਾਰਮਕ ਅਗਵਾਈ ਕਰਦੀ ਰਹੀ ਹੈ ਉੱਥੇ ਸਮੇਂ ਸਮੇਂ ਤੇ ਖਾਲਸਾ ਪੰਥ ਨੂੰ ਸਿਆਸੀ ਸੇਧਾਂ ਵੀ ਮੁਹੱਈਆ ਕਰਵਾਉਂਦੀ ਰਹੀ ਹੈੈ। ਪੁਰਾਤਨ ਸਮਿਆਂ ਵਿੱਚ ਜਦੋਂ ਖਾਲਸਾ ਜੀ ਜੰਗਾਂ ਯੁੱਧਾਂ ਵਿੱਚ ਵਿਚਰਦੇ ਰਹੇ ਹਨ ਤਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਕੌਮ ਨੂੰ ਸੰਕਟ ਵੇਲੇ ਉਸਦੀ ਛਤਰਛਾਇਆ ਹੇਠ ਇਕੱਠੇ ਹੋਕੇ ਕੌਮ ਦੀ ਵਿਗੜੀ ਸੰਵਾਰਨ ਦੇ ਸੰਦੇਸ਼ ਅਤੇ ਆਦੇਸ਼ ਦਿੰਦੇ ਰਹੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁਖੀ ਜਥੇਦਾਰ ਸਾਹਿਬ ਦਾ ਸਿੱਖ ਪੰਥ ਵਿੱਚ ਵੱਡਾ ਸਤਕਾਰ ਪੁਰਾਤਨ ਸਮੇਂ ਵਿੱਚ ਵੀ ਕਾਇਮ ਸੀ ਅਤੇ ਅੱਜ ਵੀ ਹਜਾਰਾਂ ਬਖੇੜਿਆਂ, ਝੱਖੜਾਂ ਅਤੇ ਔਕੜਾਂ ਦੇ ਬਾਵਜੂਦ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸਤਕਾਰ ਬਰਕਰਾਰ ਹੈੈ।

ਅੱਜ ਵੀ ਖਾਲਸਾ ਪੰਥ ਜਦੋਂ ਇੱਕ ਅਜਿਹੀ ਹਕੂਮਤ ਦੀ ਦਿਸਦੀ ਅਤੇ ਅਣਦਿਸਦੀ ਦਹਿਸ਼ਤ ਦਾ ਸ਼ਿਕਾਰ ਹੋ ਰਿਹਾ ਹੈ ਉਸ ਵੇਲੇ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਵੱਲ, ਅਗਵਾਈ ਲਈ ਦੇਖਦੀ ਹੈੈ। ਅਸੀਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਕੁਝ ਲਾਲਚੀ ਅਤੇ ਬੇਜ਼ਮੀਰੇ ਰਾਜਸੀ ਲੋਕਾਂ ਨੇ ਆਪਣੇ ਰਾਜਸੀ ਭਰਿਸ਼ਟਾਚਾਰ ਦੀ ਸੰਸਥਾ ਬਣਾਉਣ ਦੇ ਸਿਰਤੋੜ ਯਤਨ ਕੀਤੇ ਹਨ ਪਰ ਇਸਦੇ ਬਾਵਜੂਦ ਵੀ ਖਾਲਸਾ ਪੰਥ ਨੇ ਚੰਗੇ ਅਤੇ ਬੁਰੇ ਦਰਮਿਆਨ ਫਰਕ ਨੂੰ ਸਮਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਮਾਣ ਮਰਯਾਦਾ ਨੂੰ ਕਾਇਮ ਰੱਖਿਆ ਹੈੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਹਰਪਰੀਤ ਸਿੰਘ ਨੂੰ ਬੇਸ਼ੱਕ ਅਕਾਲੀ ਦਲ ਨੇ ਆਪਣੀ ਕਿਸੇ ਰਾਜਸੀ ਮਜਬੂਰੀ ਅਧੀਨ ਨਿਯੁਕਤ ਕੀਤਾ ਹੈ ਪਰ ਉਨ੍ਹਾਂ ਵੱਲੋਂ ਸਾਹਿਬ ਸ੍ਰੀ ਗੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਜੋ ਸੰਦੇਸ਼ ਸਿੱਖ ਕੌਮ ਦੇ ਨਾਅ ਦਿੱਤਾ ਗਿਆ ਹੈ ਉਹ ਖਾਲਸਾ ਜੀ ਦੇ ਇਤਿਹਾਸ ਦਾ ਇੱਕ ਵਿਲੱਖਣ ਦਸਤਾਵੇਜ਼ ਬਣ ਗਿਆ ਹੈ।

ਬਹੁਤ ਲੰਬੇ ਸਮੇਂ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਜਿਹਾ ਕੁਝ ਸੁਣਿਆ ਗਿਆ ਹੈ ਜਿਸ ਨੂੰ ਖਾਲਸਾ ਪੰਥ ਦੇ ਦਰਦ ਦੀ ਗਹਿਰਾਈ ਵਿੱਚੋਂ ਲਿਖੇ ਗਏ ਦਸਤਾਵੇਜ਼ ਦੇ ਤੌਰ ਤੇ ਪਰਿਭਾਸ਼ਤ ਕੀਤਾ ਜਾ ਸਕਦਾ ਹੈੈੈ।

ਭਾਈ ਹਰਪਰੀਤ ਸਿੰਘ ਨੇ ਉਸ ਸੰਦੇਸ਼ ਵਿੱਚ ਜਿੱਥੇ ਸਿੱਖਾਂ ਦੀ ਸ਼ਖਸ਼ੀ ਰਹਿਣੀ ਵਿੱਚ ਆ ਰਹੀ ਗਿਰਾਵਟ ਬਾਰੇ ਕੌਮ ਨੂੰ ਅਗਾਹ ਕੀਤਾ ਹੈ ਉੱਥੇ ਉਨ੍ਹਾਂ ਕੌਮ ਵਿੱਚੋਂ ਖਤਮ ਹੋ ਰਹੇ ਕਿਰਤ ਸੱਭਿਆਚਾਰ ਉੱਤੇ ਵੀ ਉਂਗਲ ਚੁੱਕੀ ਹੈੈੈ। ਇਸਦੇ ਨਾਲ ਹੀ ਭਾਈ ਹਰਪਰੀਤ ਸਿੰਘ ਨੇ ਪੰਜਾਬੀ ਬੋਲੀ ਨਾਲੋਂ ਟੁੱਟ ਰਹੇ ਕੌਮ ਦੇ ਮੋਹ ਦਾ ਜ਼ਿਕਰ ਕਰਦੇ ਹੋਏ ਆਖਿਆ ਹੈ ਕਿ ਬੋਲੀ ਦੇ ਨਾਲ ਹੀ ਕੌਮਾਂ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ, ਇਸ ਲਈ ਸਿੱਖ ਕੌਮ ਦੀ ਹੋਂਦ ਅਤੇ ਹਸਤੀ ਨੂੰ ਕਾਇਮ ਰੱਖਣ ਲਈ ਪੰਜਾਬੀ ਬੋਲੀ ਨਾਲ ਸਾਂਝ ਵਧਾਉਣੀ ਚਾਹੀਦੀ ਹੈੈੈ।

ਇਸਦੇ ਨਾਲ ਹੀ ਭਾਈ ਹਰਪਰੀਤ ਸਿੰਘ ਨੇ ਸਿੱਖ ਕੌਮ ਦੀ ਰਾਜਸੀ ਤਕਦੀਰ ਦੇ ਫੈਸਲੇ ਕਿਸੇ ਹੋਰ ਵੱਲੋਂ ਕੀਤੇ ਜਾਣ ਦੀ ਗੱਲ ਨੂੰ ਵੱਡੀ ਪੱਧਰ ਤੇ ਉਭਾਰਿਆ ਹੈੈ। ਉਨ੍ਹਾਂ ਸੁਆਲ ਕੀਤਾ ਹੈ ਕਿ ਕੀ ਅਸੀਂ ਹਵਾ ਦੇ ਪੱਤਿਆ ਵਾਂਗ ਹੀ ਉਡਦੇ ਰਹਿਣਾਂ ਹੈ ਜਾਂ ਆਪਣੀ ਸਿਆਸੀ ਤਕਦੀਰ ਦੇ ਫੈਸਲੇ ਕੌਮ ਦੇ ਹੱਥਾਂ ਵਿੱਚ ਦੇਣੇ ਹਨ। ਆਪ ਜੀ ਨੇ ਖਾਲਸਾ ਰਾਜ ਦੇ ਸੰਕਲਪ ਨੂੰ ਵੀ ਗੁਰਮਤ ਦੀ ਰੌਸ਼ਨੀ ਵਿੱਚ ਇਸ ਸੰਦੇਸ਼ ਦਾ ਹਿੱਸਾ ਬਣਾਇਆ ਹੈੈੈ।

ਇਸਦੇ ਨਾਲ ਹੀ ਜਥੇਦਾਰ ਸਾਹਿਬ ਨੇ ਗੁਰਬਾਣੀ ਅਤੇ ਗੁਰਮਤ ਦੀ ਰੌਸ਼ਨੀ ਵਿੱਚ ਸਿੱਖ ਕੌਮ ਦੀ ਤਕਦੀਰ ਨੂੰ ਸੰਸਾਰ ਪੱਧਰ ਦੇ ਕੈਨਵਸ ਉੱਤੇ ਚਿਤਰਨ ਦਾ ਕੌਮ ਦੇ ਬੁਧੀਜੀਵੀਆਂ ਨੂੰ ਹੋਕਾ ਵੀ ਦਿੱਤਾ ਹੈੈ। ਉਨ੍ਹਾਂ ਆਖਿਆ ਹੈ ਕਿ ਜਦੋਂ ਪੂੰਜੀਵਾਦ ਅਤੇ ਸਮਾਜਵਾਦੀ ਨਿਜਾਮਾਂ ਨੇ ਮਨੁੱਖਤਾ ਨੂੰ ਹਰ ਪੱਖ ਤੋਂ ਤਬਾਹ ਕਰ ਦਿੱਤਾ ਹੈ ਤਾਂ ਉਸ ਹਾਲਤ ਵਿੱਚ ਸੰਸਾਰ ਨੂੰ ਅਗਵਾਈ ਦੇਣ ਲਈ ਸਿਰਫ ਗੁਰਮਤ ਦਾ ਰਾਹ ਹੀ ਬਣਦਾ ਹੈੈ।

ਇਸ ਰਾਹ ਅਧੀਨ ਸਿਰਜੇ ਗਏ ਰਾਜ ਹੀ ਭਵਿੱਖ ਵਿੱਚ ਸੰਸਾਰ ਦੀ ਅਗਵਾਈ ਕਰ ਸਕਦੇ ਹਨ।

ਆਪ ਜੀ ਨੇ ਕੌਮ ਦੇ ਬੁਧੀਜੀਵੀਆਂ ਨੂੰ ਹੋਕਾ ਦਿੱਤਾ ਹੈ ਕਿ ਉਹ ਆਪਣੀ ਵਿਦਵਤਾ ਸਰਕਾਰਾਂ ਦੇ ਚਰਨਾ ਵਿੱਚ ਅਰਪਨ ਨਾ ਕਰਨ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਹੇਠ ਆਪਣੀ ਵਿਦਵਤਾ ਦੇ ਗੁਲਦਸਤੇ ਨੂੰ ਲੈ ਕੇ ਆਉਣ ਤਾਂ ਕਿ ਸੰਸਾਰ ਪੱਧਰ ਤੇ ਹੋ ਰਹੀ ਬਹੁਮੁਲੀ ਬਹਿਸ ਵਿੱਚ ਖਾਲਸਾ ਪੰਥ ਦੇ ਰੰਗ ਵੀ ਬਿਖੇਰੇ ਜਾ ਸਕਣ।

ਅਸੀਂ ਸਮਝਦੇ ਹਲਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ 12 ਨਵੰਬਰ ਵਾਲਾ ਸੰਦੇਸ਼ ਖਾਲਸਾ ਪੰਥ ਦੇ ਹਿਰਦੇ ਦੀ ਹੂਕ ਦੀ ਤਰਜਮਾਨੀ ਕਰਦਾ ਹੈ ਅਤੇ ਭਵਿੱਖ ਵਿੱਚ ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਲਈ ਰਾਹ ਦਰਸਾਵਾ ਹੋ ਸਕਦਾ ਹੈੈ।

ਹਰ ਸਿੱਖ ਨੂੰ ਉਹ ਸੰਦੇਸ਼ ਜਿੱਥੇ ਪੜ੍ਹਨਾ ਚਾਹੀਦਾ ਹੈ ਉੱਥੇ ਭਵਿੱਖ ਲਈ ਸੰਭਾਲ ਕੇ ਰੱਖਣਾਂ ਚਾਹੀਦਾ ਹੈ ਕਿਉਂਕਿ ਉਹ ਇੱਕ ਅਜਿਹਾ ਵਿਲੱਖਣ ਦਸਤਾਵੇਜ਼ ਹੈ ਜਿਸ ਦੀ ਰੌਸ਼ਨੀ ਵਿੱਚ ਖਾਲਸਾ ਪੰਥ ਦੇ ਭਵਿੱਖ ਦੇ ਫੈਸਲੇ ਹੋਣੇ ਹਨ।