ਅੱਜ ਕੱਲ ਪੂਰੇ ਸੰਸਾਰ ਅੰਦਰ ਜਿਥੇ ਕਿਤੇ ਵੀ ਹਫੜਾ ਦਫੜੀ ਦਾ ਬੋਲਬਾਲਾ ਹੈ ਉਸ ਦਾ ਮੁੱਖ ਕਾਰਨ ਧਰਮ ਹੀ ਹੈ। ਇਸੇ ਕਾਰਨ ਹੋ ਰਹੀ ਹਿੰਸਾ ਵੱਡ ਟੁੱਕ ਅਤੇ ਇਸੇ ਕਾਰਨ ਇਸਤੇ ਹੋ ਰਹੀ ਸਿਆਸਤ ਅਤੇ ਧਾਰਮਿਕ ਆਗੂਆਂ ਅਤੇ ਇਸ ਨਾਲ ਸਬੰਧਅਤ ਰਾਜਨੀਤਿਕ ਜਮਾਤ ਵਲੋਂ ਆਪਣੇ ਨਿੱਜ ਨੂੰ ਸਮਾਜ ਨਾਲੋਂ ਅਗੇ ਰੱਖਣ ਕਾਰਨ ਅੱਜ ਤਰਕਸ਼ੀਲਤਾ ਅਤੇ ਮਨੁਖੀ ਕਦਰਾਂ ਕੀਮਤਾਂ ਨੂੰ ਵੱਡੀ ਚਣੌਤੀ ਬਣੀ ਹੋਈ ਹੈ।

ਪੰਜਾਬ ਅਤੇ ਸਿੱਖ ਕੋਮ ਵੀ ਲੰਮੇ ਸਮੇਂ ਤੋਂ ਇਸ ਪ੍ਰਭਾਵ ਅਧੀਨ ਤੇ ਤਰਕਹੀਣ ਤੱਤਾਂ ਦੇ ਬਲ ਤੇ ਖੜੀ ਸਿਆਸਤ ਅਤੇ ਧਰਮਿਕਤਾ ਦੇ ਜਾਲ ਵਿੱਚ ਉਲਝੀ ਹੋਈ ਹੈ। ਇਸ ਨਾਲ ਸਬੰਧਅਤ ਇਕ ਵਿਸ਼ਾ ਜੋ ਕਈ ਪੰਥਕ ਆਗੂਆਂ ਅਤੇ ਜਥੇਬੰਦੀਆਂ ਵਲੋਂ ਇਸ ਵਿਸਾਖੀ ਵੇਲੇ ਉਠਾਇਆ ਗਿਆ ਹੈ ਉਹ ਮੇਰਾ ਇਸ ਲੇਖ ਦਾ ਵਿਸ਼ਾ ਹੈ। ਇਹ ਵਿਸ਼ਾ ਇਹਨਾਂ ਪੰਥਕ ਆਗੂਆਂ ਵੱਲੋਂ ਸਰਬਤ ਖਾਲਸਾ ਇਕੱਠ ਪਿਛਲੇ ਸਾਲ ੧੦ ਨੰਵਬਰ ਨੂੰ ਹੋ ਚੁੱਕਾ ਪੰਥਕ ਇੱਕਠ ਵਾਂਗ ਸਦਣ ਨਾਲ ਸੰਬੰਧ ਰੱਖਦਾ ਹੈ। ਸਿੱਖ ਕੌਮ ਜਿਸ ਨੂੰ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਪੰਥਕ ਇੱਕਠ ਦੌਰਾਨ ਦਸਾਂ ਪਾਤਸ਼ਾਹੀਆਂ ਦੀ ਘਾਲਣਾ ਦੇ ਵਜੂਦ ਅਤੇ ਤਰਕਸ਼ੀਲ ਵਿਚਾਰਾਂ ਦਾ ਅਧਾਰ ਬਣਾ ਕੇ ਸਥਾਪਨਾ ਕੀਤੀ ਸੀ ਅਤੇ ਇਸੇ ਸਿੱਖ ਕੌਮ ਨੇ ਅੱਜ ਤੋਂ ਦੋ ਸਦੀਆਂ ਪਹਿਲੇ ਤਰਕਸ਼ੀਲ ਤੇ ਲੋਕਤੰਤਰਤਾ ਨੂੰ ਅਧਾਰ ਬਣਾ ਕੇ ਸਮੇਂ-ਸਮੇਂ ਸਿਰ ਪੰਥ ਅੱਗੇ ਉਠੀਆਂ ਦਰਪੇਸ਼ ਔਕੜਾਂ ਅਤੇ ਮਸਲਿਆਂ ਨੂੰ ਨਜਿੱਠਣ ਲਈ ਸਰਬੱਤ ਖਾਲਸਾ ਪਰੰਪਰਾ ਰਾਹੀਂ ਅੱਗੇ ਤੋਰਿਆ ਸੀ ਇਸੇ ਕਰਕੇ ਸਰਬੱਤ ਖਾਲਸਾ ਇੱਕ ਅਜਿਹਾ ਵਿਚਾਰ ਅਤੇ ਤਰਕਸ਼ੀਲਤਾ ਦਾ ਸਮੂਹ ਹੈ ਜਿਸਨੂੰ ਅੱਜ ਦੇ ਪੰਥਕ ਆਗੂ ਆਪਣੀ ਨਿੱਜ ਪ੍ਰਸਤੀ ਅਤੇ ਫੋਕੀ ਹਉਮੈ ਵਿੱਚ ਉਲਝਾ ਕੇ ਬਾਕੀ ਸਾਰੀਆਂ ਸਿੱਖ ਪਰੰਪਰਾਵਾਂ ਅਤੇ ਅਕਾਲ ਤਖਤ ਸਾਹਿਬ ਵਰਗੀਆਂ ਉੱਚ ਸੰਸਥਾਵਾਂ ਵਾਂਗ ਰੋਲਣ ਦਾ ਇੱਕ ਕੋਝਾਂ ਉਪਰਾਲਾ ਹੈ।

ਸਿੱਖ ਕੌਮ ਦੀ ਸਥਾਪਨਾ ਤੋਂ ਬਾਅਦ ਵੱਖ-ਵੱਖ ਸਮੇਂ ਜੁਲਮ ਤੇ ਜਬਰ ਦਾ ਸ਼ਿਕਾਰ ਹੋਣ ਕਾਰਨ ਆਪਣੀ ਨਿਰੋਲ ਹਸਤੀ ਨੂੰ ਕਾਇਮ ਰੱਖ ਸਕਣ ਕਰਕੇ ਪੰਥਕ ਸਰਬੱਤ ਖਾਲਸਾ ਇੱਕਠ ਸੱਦਿਆ ਜਾਂਦਾ ਰਿਹਾ ਹੈ। ਇਸ ਇੱਕਠ ਅਧੀਨ ਲੋਕ ਰਾਇ ਦੇ ਨਾਲ ਪੰਜ ਪਿਆਰਿਆਂ ਦੀ ਨਿਯੁਕਤੀ ਕੀਤੀ ਜਾਂਦੀ ਸੀ ਜੋ ਕਿ ਲੰਮੇ ਵਿਚਾਰ ਵਟਾਂਦਰੇ ਮਗਰੋਂ ਅਤੇ ਤਰਕਸ਼ੀਲ ਵਿਚਾਰਾਂ ਨੂੰ ਅਧਾਰ ਬਣਾ ਕੇ ਉਸ ਸਮੇਂ ਦੀ ਹਰ ਚੁਣੌਤੀ ਦੇ ਹੱਲ ਲਈ ਕੋਈ ਯੋਗ ਰਾਹ ਲੱਭਿਆ ਜਾਂਦਾ ਸੀ। ਇਸੇ ਪਰੰਪਰਾ ਰਾਹੀਂ ਉਸ ਸਮੇਂ ਦੀਆਂ ਸਿੱਖ ਮਿਸਲਾਂ ਦੇ ਵਖਰੇਵੇਂ ਅਤੇ ਹੋਰ ਬਾਹਰੀ ਤਾਕਤਾਂ ਵੱਲੋਂ ਸਿੱਖ ਕੌਮ ਨਾਲ ਹੁੰਦੇ ਟਕਰਾਅ ਦੇ ਹੱਲ ਲਈ ਸਮੇਂ ਸਮੇਂ ਇਹ ਇੱਕਠ ਸੱਦਿਆ ਜਾਂਦਾ ਸੀ। ਜਿਸ ਨੂੰ ਸਿੱਖ ਕੌਮ ਵੱਲੋਂ ਬੜੇ ਅਦਬ ਨਾਲ ਸਰਬੱਤ ਖਾਲਸਾ ਦਾ ਨਾਮ ਦਿੱਤਾ ਗਿਆ ਸੀ। ਇਸੇ ਪਰੰਪਰਾ ਦੇ ਚੱਲਦਿਆਂ ਭਾਰਤ ਅੰਦਰ ਅੰਗਰੇਜਾਂ ਦੇ ਰਾਜ ਸਮੇਂ ਸਿੱਖ ਕੌਮ ਨੇ ਮਹੰਤਾਂ ਦੇ ਕਬਜੇ ਹੇਠ ਆਏ ਸਿੱਖੀ ਦੇ ਚਿੰਨ ਗੁਰਦੁਆਰਾ ਸਾਹਿਬ ਅਜਾਦ ਕਰਵਾਏ ਸੀ ਅਤੇ ਇਸੇ ਸਰਬੱਤ ਖਾਲਸਾ ਦੇ ਰਾਹੀਂ ਪੰਥ ਦੀ ਸ਼ਕਤੀ ਨੂੰ ਇਕੱਠਾ ਰੱਖਣ ਲਈ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਸੁੱਚਜੇ ਯੋਗ ਪ੍ਰਬੰਧ ਹੇਠ ਲਿਆਉਣ ਲਈ ਸ਼੍ਰੋਮਣੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਇਸੇ ਕਮੇਟੀ ਰਾਹੀਂ ਸਿੱਖ ਕੌਮ ਦੀ ਰਾਜ ਸ਼ਕਤੀ ਨੂੰ ਯੋਗ ਅਗਵਾਈ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਹੀ ਸਥਾਪਨਾ ਕੀਤੀ ਗਈ ਸੀ।

ਪਰ ਸਮੇਂ ਦੇ ਨਾਲ ਜਦੋਂ ਭਾਰਤ ਦੀ ਵੰਡ ਦਾ ਸਮਾਂ ਆਇਆ ਅਤੇ ਸਿੱਖ ਕੌਮ ਅੱਗੇ ਵੀ ਇਹ ਸਵਾਲ ਖੜਾ ਹੋਇਆ ਸੀ ਸਾਡਾ ਭਵਿੱਖ ਕਿੱਥੇ ਸੁੱਰਖਿਅਤ ਹੋਵੇਗਾ, ਬਾਰੇ ਸ਼੍ਰੋਮਣੀ ਅਕਾਲੀ ਦਲ ਸਰਬੱਤ ਖਾਲਸਾ ਦੀ ਪਰੰਪਰਾ ਤੋਂ ਦੂਰ ਜਾਣ ਕਰਕੇ ਉਸ ਸਮੇਂ ਸਿੱਖਾਂ ਨੂੰ ਯੋਗ ਅਗਵਾਈ ਨਹੀਂ ਸੀ ਦੇ ਸਕਿਆ ਜਿਸ ਦੀ ਕਿ ਮਾਰ ਅੱਜ ਵੀ ਸਿੱਖ ਕੌਮ ਝੱਲ ਰਹੀ ਹੈ ਅਤੇ ਆਪਣੀ ਕੌਮੀਅਤ ਤੇ ਭਵਿੱਖ ਲਈ ਰਾਹ ਲੱਭਣ ਵਿੱਚ ਵਾਰ-ਵਾਰ ਅਸਫਲ ਹੋ ਰਹੀ ਹੈ। ਇਸਦੀ ਹੀ ਮਾਰ ਨੇ ਚੱਲਦਿਆਂ ਤਰਕਸ਼ੀਲਤਾ ਤੋਂ ਦੂਰ ਜਾਂਦਿਆਂ ਸਿੱਖ ਕੌਮ ਭਾਰਤੀ ਰਾਜਨੀਤੀ ਨਾਲ ਅਜਿਹੀ ਉਲਝੀ ਕਿ ਜੂਨ ਚੁਰਾਸੀ ਵਿੱਚ ਸਿੱਖ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਰਾਹੀਂ ਗੋਲਿਆਂ ਅਤੇ ਬੰਬਾਂ ਦਾ ਸ਼ਿਕਾਰ ਹੋਣਾ ਪਿਆ। ਇਸ ਘਟਨਾ ਤੋਂ ਬਾਅਦ ਉੱਠੇ ਸਿੱਖ ਸੰਘਰਸ਼ ਨੂੰ ਕੋਈ ਸੁੱਚਜੀ ਅਗਵਾਈ ਦੇਣ ਲਈ ੨੬ ਜਨਵਰੀ ੧੯੮੬ ਨੂੰ ਸਮੁੱਚੇ ਪੰਥ ਨੇ ਸਰਬੱਤ ਖਾਲਸਾ ਦਾ ਲੰਮੇ ਅਰਸੇ ਬਾਅਦ ਇੱਕਠ ਸੱਦਿਆ ਸੀ ਪਰ ਸਮੇਂ ਨਾਲ ਸਿੱਖ ਕੌਮ ਆਪਣੇ ਗੁਰੂ ਵੱਲੋਂ ਦਰਸਾਏ ਰਾਹ ਤੋਂ ਦੂਰ ਹੋਣ ਸਦਕਾ ਉਸ ੧੯੮੬ ਦੇ ਵਕਤ ਵੀ ਸਰਬਤ ਖਾਲਸੇ ਦੇ ਇੱਕਠ ਰਾਹੀ ਪੂਰੀ ਤਰਾਂ ਕੋਈ ਮੁਕੰਮਲ ਅਗਵਾਈ ਨਹੀਂ ਸੀ ਲੱਭ ਸਕੀ ਤਾਂ ਹੀ ਤਾਂ ਇਸ ਲੰਮਾ ਅਰਸਾ ਚੱਲੇ ਸਿੱਖ ਸੰਘਰਸ਼ ਅਤੇ ਇਸ ਨਾਲ ਜੁੜੀਆਂ ਅਥਾਹ ਕੁਰਬਾਨੀਆਂ ਦੇ ਬਾਵਜੂਦ ਵੀ ਸਿੱਖ ਆਪਣੇ ਭਵਿੱਖ ਪ੍ਰਤੀ ਕੋਈ ਸਫਲਤਾ ਗ੍ਰਹਿਣ ਨਹੀਂ ਸੀ ਕਰ ਸਕੇ।

ਪਿਛਲੇ ਸਾਲ ਤੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਥਾਂ-ਥਾਂ ਤੇ ਬੇਅਦਬੀ ਦੀਆਂ ਘਟਨਾਵਾਂ ਤੋਂ ਉਠੇ ਰੋਸ ਨੇ ਇੱਕ ਵਾਰ ਫੇਰ ੧੦ ਨਵੰਬਰ ੨੦੧੫ ਨੂੰ ਸਰਬੱਤ ਖਾਲਸਾ ਦੇ ਇੱਕਠ ਰਾਹੀਂ ਕੋਈ ਰਾਹ ਲੱਭਣਾ ਚਾਹਿਆ ਸੀ ਪਰ ੧੯੮੬ ਵਾਂਗ ਸੰਗਤ ਦੇ ਇੱਕਠ ਤੋਂ ਛੋਟੇ ਵਿਚਾਰਾਂ ਵਾਲੀ ਤਰਕਹੀਣ ਲੀਡਰਸ਼ਿਪ ਸਵਾਏ ਆਪਣੇ ਨਿੱਜ ਦੀ ਪ੍ਰਾਪਤੀ ਤੋਂ ਬਿਨਾਂ ਸਿੱਖ ਕੌਮ ਦੇ ਭਵਿੱਖ ਦਾ ਕੋਈ ਰਾਹ ਲੱਭਣ ਵਿੱਚ ਅਸਫਲ ਰਹੀ। ਹੁਣ ਇਸ ਸਾਲ ਵਿਸਾਖੀ ਵੇਲੇ ਦੁਬਾਰਾ ਫੇਰ ਇਸ ਤਰਕਹੀਣ ਸੋਚ ਵਾਲੀਆਂ ਕੁਝ ਪੰਥਕ ਜੱਥੇਬੰਦੀਆਂ ਅਤੇ ਇਹਨਾਂ ਨਾਲ ਜੁੜੇ ਆਗੂਆਂ ਨੇ ਵਿਸਾਖੀ ਮੌਕੇ ਹੋਏ ਇੱਕਠ ਦੌਰਾਨ ਆਪਣੀ ਨਿੱਜ ਪ੍ਰਸਤੀ ਤੇ ਚੌਧਰ ਨੂੰ ਪੱਠੇ ਪਾਉਣ ਲਈ ਦੁਬਾਰਾ ਫੇਰ ਸਿੱਖਾਂ ਦੇ ਮਾਣ ਮੱਤੇ ਇਤਿਹਾਸ ਨਾਲ ਜੁੜੀ ਸਰਬੱਤ ਖਾਲਸਾ ਸੋਚ ਨੂੰ ਫੇਰ ਉਠਾ ਕੇ ਇਸ ਸਰਬੱਤ ਖਾਲਸਾ ਦੇ ਇੱਕਠ ਨੂੰ ਨੀਵਾਂ ਦਿਖਾਉਣ ਦਾ ਯਤਨ ਅਰੰਭਿਆ ਹੈ।