ਹਿੰਦੂ ਧਾਰਮਕ ਪਰਚਾਰਕ ਆਸਾ ਰਾਮ ਨੂੰ ਪਿਛਲ਼ੇ ਦਿਨੀ ਜੋਧਪੁਰ ਦੀ ਇੱਕ ਅਦਾਲ਼ਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਆਸਾ ਰਾਮ ਜਿਸ ਨੂੰ ਭਾਰਤ ਦੇ ਟੀ.ਵੀ. ਚੈਨਲ਼ਾਂ ਨੇ ਬਾਪੂ ਆਸਾ ਰਾਮ ਬਣਾ ਦਿੱਤਾ ਸੀ ਨੂੰ ਇੱਕ ਨਾਬਾਲ਼ਗ ਲ਼ੜਕੀ ਦੀ ਪੱਤ ਲ਼ੁੱਟਣ ਦੇ ਦੋਸ਼ ਅਧੀਨ ਸਜ਼ਾ ਸੁਣਾਈ ਗਈ ਹੈ। ਉਸਦੇ ਦੋ ਸਹਿਯੋਗੀਆਂ ਨੂੰ ਵੀ ੨੦-੨੦ ਸਾਲ਼ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਆਸਾ ਰਾਮ ਦੀਆਂ ਕਰਤੂਤਾਂ ਨੇ ਧਰਮ ਦੇ ਪਰਦੇ ਹੇਠ ਵਿਚਰਦੇ ਦਰਿੰਦਿਆਂ ਦੀ ਖਤਰਨਾਕ ਸੋਚ ਅਤੇ ਖਤਰਨਾਕ ਇਰਾਦਿਆਂ ਨੂੰ ਬੇਪਰਦ ਕਰ ਦਿੱਤਾ ਹੈ। ਧਰਮ ਦਾ ਕਥਿਤ ਪਰਚਾਰ ਕਰਨ ਦੇ ਦਾਅਵੇ ਕਰਨ ਵਾਲ਼ੇ ਲ਼ੋਕ ਅਸਲ਼ ਵਿੱਚ ਧਰਮ ਤੋਂ ਕਿੰਨੇ ਦੂਰ ਹਨ ਇਸਦਾ ਖੁਲ਼ਾਸਾ, ਗੁਰਮੀਤ ਰਾਮ ਰਹੀਮ, ਰਾਮ ਗੋਪਾਲ਼ ਅਤੇ ਹੁਣ ਆਸਾ ਰਾਮ ਦੇ ਕਾਰਨਾਮਿਆਂ ਨੇ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਨੇ ਧਰਮ ਦਾ ਸਹਾਰਾ ਲ਼ੈ ਕੇ ਨਾ ਕੇਵਲ਼ ਵੱਡੀਆਂ ਆਰਥਕ ਸਲ਼ਤਨਤਾਂ ਖੜ੍ਹੀਆਂ ਕੀਤੀਆਂ, ਬਲ਼ਕਿ ਰਾਜਸੀ ਲ਼ੀਡਰਸ਼ਿੱਪ ਦਾ ਓਟ ਆਸਰਾ ਲ਼ੈ ਕੇ ਅਜਿਹੀਆਂ ਘਿਨਾਉਣੀਆਂ ਅਤੇ ਧਰਮ ਵਿਰੋਧੀ ਕਾਰਵਾਈ ਸਾਲ਼ਾਂਬੱਧੀ ਕੀਤੀਆਂ ਕਿ ਜਿਸ ਨਾਲ਼ ਸੱਭਿਅਕ ਸਮਾਜ ਨੂੰ ਵੀ ਸਿਰ ਝੁਕਾਉਣਾਂ ਪੈ ਗਿਆ ਹੈ।

ਕੁਝ ਮਹੀਨੇ ਪਹਿਲ਼ਾਂ ਪੰਚਕੂਲ਼ੇ ਦੀ ਅਦਾਲ਼ਤ ਨੇ ਸਿਰਸੇ ਵਾਲ਼ੇ ਗੁਰਮੀਤ ਰਾਮ ਰਹੀਮ ਨੂੰ ਵੀ ਅਜਿਹੇ ਹੀ ਜੁਰਮਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਉਹ ਵੀ ਕਿਸੇ ਸਮੇਂ ਆਪਣੇ ਆਪ ਨੂੰ ਰੱਬ ਹੀ ਸਮਝਣ ਲ਼ੱਗ ਪਿਆ ਸੀ। ਕਿਸੇ ਵੇਲ਼ੇ ਸਕੂਲ਼ ਦੇ ਬੱਚੇ ਢੋਅ ਕੇ ਗੁਜ਼ਾਰਾ ਕਰਨ ਵਾਲ਼ਾ ਇੱਕ ਅਨਪੜ੍ਹ ਇਨਸਾਨ ਕਿਵੇਂ ਪ੍ਰਕਾਸ਼ ਸਿੰਘ ਬਾਦਲ਼ ਵਰਗੇ ਘਾਗ ਸਿਆਸਤਦਾਨਾਂ ਨੂੰ ਵੀ ਆਪਣੀਆਂ ਉਂਗਲ਼ੀਆਂ ਤੇ ਨਚਾਉਂਦਾ ਰਿਹਾ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀ ਸੀ। ਵਰਨਾ ਪਰਕਾਸ਼ ਸਿੰਘ ਬਾਦਲ਼ ਨੇ ਸਾਰੀ ਉਮਰ ਲ਼ੋਕਾਂ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਆਪਣੀ ਉਂਗਲ਼ ਤੇ ਨਚਾਇਆ ਸੀ।

ਗੁਰਮੀਤ ਰਾਮ ਰਹੀਮ ਅਤੇ ਆਸਾ ਰਾਮ ਦੇ ਵਰਤਾਰੇ ਨੇ ਧਰਮ ਨੂੰ ਧੰਦਾ ਬਣਾਉਣ ਵਾਲ਼ੇ ਅਤੇ ਧਰਮ ਨੂੰ ਧੰਦੇ ਵੱਜੋਂ ਵਰਤਣ ਵਾਲ਼ੇ ਤੰਤਰ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਦੁਨੀਆਂ ਵਿੱਚ ਬਹੁਤ ਥੋੜ੍ਹੀਆਂ ਰੂਹਾਂ ਹਨ ਜੋ ਅਸਲ਼ ਵਿੱਚ ਧਰਮ ਦੇ ਅਕੀਦੇ ਨਾਲ਼ ਸੱਚੇ ਦਿਲ਼ੋਂ ਜੁੜੀਆਂ ਹੋਈਆਂ ਹਨ। ਬਾਕੀ ਤਾਂ ਸਾਰਾ ਪਾਖੰਡ ਹੀ ਹੈ। ਜਿਹੜੇ ਧਰਮ ਨਾਲ਼ ਸੱਚੇ ਦਿਲ਼ੋਂ ਜੁੜੇ ਹੋਏ ਹਨ ਉਨ੍ਹਾਂ ਨੂੰ ਫਿਰ ਵੱਡੇ ਵੱਡੇ ਅੱਡੇ ਬਣਾਉਣ ਦੀ ਲ਼ੋੜ ਨਹੀ ਰਹਿੰਦੀ ਅਤੇ ਨਾ ਹੀ ਸਿਆਸਤਦਾਨਾਂ ਦਾ ਸਹਾਰਾ ਲ਼ੈਣ ਦੀ ਲ਼ੋੜ ਹੁੰਦੀ ਹੈ।

ਇਸ ਸਾਰੇ ਵਰਤਾਰੇ ਵਿੱਚ ਹੁਣ ਤਿੰਨ ਸੰਸਥਾਵਾਂ ਦੀ ਕਾਰਗੁਜ਼ਾਰੀ ਦੀ ਇਮਾਨਦਾਰੀ ਨਾਲ਼ ਜਾਂਚ ਹੋਣੀ ਚਾਹੀਦੀ ਹੈ। ਪਹਿਲ਼ੀ ਭਾਰਤੀ ਟੈਲ਼ੀਵਿਜ਼ਨ ਜਗਤ ਦੀ। ਜਿਸਨੇ ਧਰਮ ਨੂੰ ਧੰਦਾ ਬਣਾਉਣ ਵਿੱਚ ਸਭ ਤੋਂ ਜਿਆਦਾ ਜੋਰ ਲ਼ਾਇਆ ਹੈ। ਅੱਜ ਆਸਾ ਰਾਮ ਵਰਗੇ ਲ਼ੋਕ ਜੇ ਸਮਾਜ ਨੂੰ ਦੁਖ ਦੇ ਰਹੇ ਹਨ ਤਾਂ ਇਸ ਕਰਕੇ ਕਿ ਭਾਰਤੀ ਟੈਲ਼ੀਵਿਜ਼ਨ ਨੇ ਪੈਸੇ ਕਮਾਉਣ ਦੀ ਦੌੜ ਵਿੱਚ ਅਜਿਹੀਆਂ ਗੰਦੀਆਂ ਸ਼ਖਸ਼ੀਅਤਾਂ ਨੂੰ ਲ਼ੋਕਾਂ ਸਾਹਮਣੇ ਪੇਸ਼ ਕੀਤਾ ਜੋ ਧਰਮ ਦੇ ਨੇੜੇ ਤੇੜੇ ਵੀ ਨਹੀ ਸਨ। ਇਸ ਘਟਨਾਕ੍ਰਮ ਤੋਂ ਬਾਅਦ ਹੁਣ ਸਾਰੇ ਭਾਰਤੀ ਟੀ.ਵੀ. ਚੈਨਲ਼ਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਸਾਰੇ ਬਾਬਿਆਂ ਤੇ ਬੀਬੀਆਂ ਦੇ ਪ੍ਰਵਚਨ ਬੰਦ ਕਰ ਦੇਣੇ ਚਾਹੀਦੇ ਹਨ ਤਾਂ ਕਿ ਉਹ ਆਪਣੀ ਸਲ਼ਤਨਤ ਨੂੰ ਹੋਰ ਨਾ ਵਧਾ ਸਕਣ।

ਦੂਜਾ ਦੋਸ਼ ਭਾਰਤੀ ਸਿਆਸਤਦਾਨਾਂ ਤੇ ਆਉਂਦਾ ਹੈ ਜਿਨ੍ਹਾਂ ਨੇ ਅਜਿਹੇ ਦਰਿੰਦੇ ਲ਼ੋਕਾਂ ਨੂੰ ਸਮਾਜ ਵਿੱਚ ਖੜ੍ਹਨ ਲ਼ਈ ਸਹਾਰਾ ਦਿੱਤਾ। ਮੀਡੀਆ ਅਤੇ ਸਿਆਸਤਦਾਨਾਂ ਦੇ ਸਹਾਰੇ ਤੋਂ ਬਿਨਾ ਅਜਿਹੇ ਦਰਿੰਦੇ ਸਮਾਜ ਵਿੱਚ ਪੈਰ ਨਹੀ ਸੀ ਜਮਾ ਸਕਦੇ। ਇਸ ਸਬੰਧੀ ਸਾਰੇ ਅਜਿਹੇ ਸਿਆਸਤਦਾਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਆਸਾ ਰਾਮ, ਗੁਰਮੀਤ ਰਾਮ ਰਹੀਮ ਅਤੇ ਹੋਰ ਅਜਿਹੇ ਲ਼ੋਕਾਂ ਦੀ ਪੁਸ਼ਤਪਨਾਹੀ ਕੀਤੀ ਹੈ ਜਿਹੜੇ ਹਾਲ਼ੇ ਕਨੂੰਨ ਦੀ ਗ੍ਰਿਫਤ ਵਿੱਚ ਨਹੀ ਆਏ। ਇਸ ਸਬੰਧੀ ਤੀਜੀ ਗਾਜ਼ ਪੁਲ਼ਿਸ ਪਰਸ਼ਾਸ਼ਨ ਤੇ ਡਿਗਦੀ ਹੈ ਜਿਸ ਨੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਸਿਆਸਤਦਾਨਾਂ ਦੇ ਡਰ ਤੋਂ ਕਾਰਵਾਈ ਨਹੀ ਕੀਤੀ।

ਆਸਾ ਰਾਮ ਦੇ ਘਟਨਾਕ੍ਰਮ ਤੋਂ ਬਾਅਦ ਹਿੰਦੂ ਧਰਮ ਦੇ ਅਸਲ਼ ਵਾਰਸਾਂ ਨੂੰ ਅੱਗੇ ਆਉਣਾਂ ਚਾਹੀਦਾ ਹੈ ਅਤੇ ਇੱਕ ਅਜਿਹੀ ਸ਼ੁਧੀਕਰਨ ਦੀ ਮੁਹਿੰਮ ਚਲ਼ਾਉਣੀ ਚਾਹੀਦੀ ਹੈ ਜਿਸ ਨਾਲ਼ ਧਰਮ ਦਾ ਮੁਖੌਟਾ ਪਾਕੇ ਵਿਚਰ ਰਹੇ ਅਜਿਹੇ ਦਰਿੰਦਿਆਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਅਸਲ਼ ਧਾਰਮਕ ਲ਼ੋਕਾਂ ਨੂੰ ਅੱਗੇ ਲ਼ਿਆਂਦਾ ਜਾਵੇ।