ਪਿਛਲੇ ਦਿਨੀ ਨੌਜਵਾਨ ਵੀਰ ਹਰਵਿੰਦਰ ਸਿੰਘ ਨੇ ਨੌਜਵਾਨੀ ਡਾਟ ਕਾਮ ਲਈ ਅੰਗਰੇਜ਼ੀ ਵਿੱਚ ਇੱਕ ਬਹੁਤ ਭਾਵਪੂਰਤ ਲੇਖ ਲਿਖਿਆ, ਜੋ ਸਿੱਖ ਹਲਕਿਆਂ ਵਿੱਚ ਕਾਫੀ ਸਲਾਹਿਆ ਵੀ ਗਿਆ। ਪੰਜਾਬ ਤੋਂ ਹਜਾਰਾਂ ਮੀਲ ਦੂਰ ਬੈਠੇ ਸਿੱਖ ਨੌਜਵਾਨ ਆਪਣੀ ਮਾਂ ਧਰਤੀ ਤੇ ਵਾਪਰ ਰਹੀਆਂ ਸੁਚੇਤ ਅਤੇ ਸੂਖਮ ਘਟਨਾਵਾਂ ਨੂੰ ਕਿਵੇਂ ਦੇਖਦੇ ਹਨ ਅਤੇ ਉਨ੍ਹਾਂ ਬਾਰੇ ਗਿਆਨ ਦੀਆਂ ਉਚੀਆਂ ਮੰਜ਼ਿਲਾਂ ਤੇ ਖੜ੍ਹਕੇ ਕਿਵੇਂ ਭਾਵਪੂਰਤ ਟਿੱਪਣੀਆਂ ਕਰਦੇ ਹਨ ਉਹ ਲੇਖ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ।

ਵੀਰ ਹਰਵਿੰਦਰ ਸਿੰਘ ਨੇ ਸਿੱਖ ਪੰਥ ਦੇ ਇੱਕ ਗੰਭੀਰ ਹਿੱਸੇ ਦੇ ਦਰਦ ਨੂੰ ਆਪਣੀਆਂ ਭਾਵਨਾਵਾਂ ਅਤੇ ਵਲਵਲਿਆਂ ਭਰਪੂਰ ਸ਼ਬਦਾਂ ਨਾਲ ਬਿਆਨ ਕੀਤਾ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਸ੍ਰਪਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲ਼ੋਂ ਮਲੇਰਕੋਟਲੇ ਵਿੱਚ ਵਸਦੇ ਮੁਹੰਮਦ ਇਜ਼ਹਾਰ ਆਲਮ ਨੂੰ ਪੰਥ ਦੀ ਸਿਰਮੌਰ ਜਥੇਬੰਦੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ਤੇ ਆਪਣੇ ਜਜਬਾਤਾਂ ਦਾ ਇਜ਼ਹਾਰ ਕੀਤਾ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਸਰਪ੍ਰਸਤ ਵੱਲ਼ੋਂ ਕੀਤੀ ਗਈ ਇਸ ਗੁਸਤਾਖ਼ੀ ਦਾ ਵੇਰਵਾ ਦੇਣ ਤੋਂ ਬਾਅਦ ਪੰਥ ਦੇ ਵਿਹੜੇ ਵਿੱਚ ਇੱਕ ਸੁਆਲ ਪਾਇਆ ਕਿ, ‘ਕੀ ਇਸ ਸਥਿਤੀ ਵਿੱਚ ਸਿੱਖ ਪੰਥ ਆਪਣੀ ਹਾਰ ਕਬੂਲ ਕਰ ਲਵੇ?’

ਬਿਨਾਸ਼ੱਕ ਹਰ ਪੰਥ ਦਰਦੀ ਜਿਸਨੇ ਪਿਛਲੇ ੩੦ ਸਾਲਾਂ ਦੌਰਾਨ ਪੰਜਾਬ ਵਿੱਚ ਉਧੜੀ ਇਤਿਹਾਸਕ ਹਕੀਕਤ ਨੂੰ ਨੇੜਿਓਂ ਦੇਖਿਆ ਹੈ। ਜਿਸਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਅਤੇ ਜੀਵਨ ਦੇ ਬਦਲਦੇ ਰੰਗਾਂ ਨੂੰ ਦੇਖਿਆ ਹੈ ਉਸਦੇ ਮਨ ਵਿੱਚ ਇਹ ਸੁਆਲ ਆਉਣਾਂ ਸੁਭਾਵਿਕ ਹੀ ਹੈ। ਖਾਸ ਕਰਕੇ ਉਸ ਸਥਿਤੀ ਵਿੱਚ ਜਦੋਂ ਸਿੱਖ ਪੰਥ ਦਾ ਵੱਡਾ ਹਿੱਸਾ ਕਿਸੇ ਖਾਸ ਦਰਦ ਨੂੰ ਆਪਣੇ ਅੰਦਰ ਸਮੋਈ ਬੈਠਾ ਹਾਲਾਤ ਨੂੰ ਇੱਕ ਖਾਸ ਨਜ਼ਰ ਨਾਲ ਦੇਖ ਰਿਹਾ ਹੈ।

ਕੀ ਸਿੱਖ ਪੰਥ ਇਸ ਸਥਿਤੀ ਵਿੱਚ ਹਾਰ ਕਬੂਲ ਕਰ ਲਵੇ?

ਹਜਾਰਾਂ ਸੁਆਲਾਂ ਦਾ ਇਹ ਸੁਆਲ ਹਰ ਸਿੱਖ ਲਈ ਹੈ। ਇਹ ਸਿਰਫ ਅਕਾਲੀ ਦਲ ਤੋਂ ਦੂਰ ਬੈਠੇ ਸੱਜਣਾਂ ਨੂੰ ਹੀ ਨਹੀ ਤੜਫਾ ਰਿਹਾ ਬਲਕਿ ਅਕਾਲੀ ਦਲ ਦੇ ਅੰਦਰ ਬੈਠੇ ਬਹੁਤ ਸਾਰੇ ਸੱਜਣਾਂ ਦੇ ਸੀਨੇ ਵਿੱਚ ਵੀ ਤੀਰ ਵਾਂਗ ਖੁਭਾ ਹੈ। ਸ੍ਰ ਬਾਦਲ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿੱਪ ਦੇ ਬਹੁਤ ਨੇੜੇ ਦੇ ਸੱਜਣ ਵੀ ਇਸ ਕਿਸਮ ਦੇ ਵਿਚਾਰ ਰੱਖਦੇ ਹਨ ਜਿਸ ਕਿਸਮ ਦੇ ਵਿਚਾਰ ਆਮ ਸਿੱਖਾਂ ਦੇ ਮਨ ਵਿੱਚ ਪੈਦਾ ਹੋ ਰਹੇ ਹਨ। ਉਹ ਵੀ ਵਰਤਮਾਨ ਸਮੇਂ ਅਕਾਲੀ ਦਲ ਵਿੱਚ ਹੋ ਰਹੀਆਂ ਤਬਦੀਲੀਆਂ ਤੋਂ ਦੁਖੀ ਹਨ ਪਰ ਆਪ ਕੁਝ ਕਰਨ ਦੀ ਸਥਿਤੀ ਵਿੱਚ ਨਹੀ ਹਨ।

ਖ਼ੈਰ ਵਿਚਾਰ ਤਾਂ ਉਸ ਸੁਆਲ ਬਾਰੇ ਹੋ ਰਹੀ ਸੀ ਕਿ ਸਿੱਖ ਪੰਥ ਇਸ ਸਥਿਤੀ ਵਿੱਚ ਕੀ ਕਰੇ। ਸਾਡਾ ਮੰਨਣਾਂ ਹੈ ਕਿ ਹਰ ਔਖੀ ਘੜੀ ਵਿੱਚ ਸਿੱਖ ਨੂੰ ਆਪਣੇ ਹਰ ਸੁਆਲ ਦਾ ਜਵਾਬ ਆਪਣੇ ਗੁਰੂ ਤੋਂ ਲੈਣਾਂ ਚਾਹੀਦਾ ਹੈ। ਸਾਡਾ ਅੱਜ ਵੀ ਮੰਨਣਾਂ ਹੈ ਕਿ ਸਿੱਖਾਂ ਦਾ ਸੰਕਟ ਰਾਜਨੀਤਿਕ ਨਾਲੋਂ ਧਾਰਮਿਕ ਅਤੇ ਸਮਾਜਕ ਵੱਧ ਹੈ। ਸਿੱਖ ਕੌਮ ਇਸ ਵੇਲੇ ਆਪਣੇ ਜਨਮਦਾਤਾ ਗੁਰੂਆਂ ਅਤੇ ਪੈਗੰਬਰਾਂ ਦੀ ਰੁਹਾਨੀ ਬਖਸ਼ਿਸ ਤੋਂ ਦੂਰ ਚਲੀ ਗਈ ਹੈ। ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ ਉਸ ਵੇਲੇ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਗੁਰੂ-ਪੈਗੰਬਰ ਦੀ ਅੱਤ ਨੇੜੇ ਦੀ ਛੁਹ ਹੁੰਦੀ ਹੈ। ਅਜਿਹੀਆਂ ਹਾਲਤਾਂ ਵਿੱਚ ਕੌਮਾਂ ਦੀ ਸਮੂਹਿਕ ਚੇਤਨਾ ਜਰਖੇਜ਼ ਅਤੇ ਚਮਤਕਾਰੀ ਹੁੰਦੀ ਹੈ। ਅਜਿਹੀ ਤਬਿਰਤਾ ਵਿੱਚੋਂ ਹੀ ਇਤਿਹਾਸ ਜਨਮ ਲੈਂਦੇ ਹਨ। ੨੩੯ ਸਾਲ ਦਾ ਗੁਰੂ ਕਾਲ ਸੰਸਾਰ ਦੇ ਇਤਿਹਾਸ ਵਿੱਚ ਇੱਕ ਅਜਿਹਾ ਸੁਨਹਿਰਾ ਪੱਤਰਾ ਹੈ ਜਦੋਂ ਸਿੱਖਾਂ ਦੀ ਕਹਿਣੀ ਅਤੇ ਕਰਨੀ ਵਿੱਚ ਇੱਕ ਰੱਤੀ ਭਰ ਦਾ ਵੀ ਫਰਕ ਨਹੀ ਸੀ। ਗੁਰੂ ਦੀ ਅਲੌਕਿਕ ਛੋਹ ਨੇ ਸਿੱਖਾਂ ਨੂੰ ਇਤਿਹਾਸ ਸਿਰਜਣ ਵਾਲੇ ਨਾਇਕ ਬਣਾ ਦਿੱਤਾ।

ਜਦੋਂ ਕੌਮਾਂ ਆਪਣੇ ਗੁਰੂ-ਪੈਗੰਬਰਾਂ ਦੀ ਸਿਖਿਆ ਤੋਂ ਦੂਰ ਚਲੇ ਜਾਂਦੀਆਂ ਹਨ ਉਸ ਵੇਲੇ ਉਨ੍ਹਾਂ ਦੇ ਸਮੂਹਕ ਮਨ ਕਮਜੋਰ ਪੈਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦਾ ਮੌਲਿਕ ਸਰੂਪ ਅਤੇ ਅਜ਼ਾਦ-ਹਸਤੀ ਖਤਰੇ ਮੂੰਹ ਆ ਜਾਂਦੇ ਹਨ। ਮਜਹਬਾਂ ਅਤੇ ਕੌਮਾਂ ਦੇ ਸ਼ਕਤੀਸ਼ਾਲੀ ਮਨ ਹੀ ਆਪਣੀ ਅਜ਼ਾਦ ਹਸਤੀ ਵਿੱਚ ਵਿਚਰਦੇ ਹਨ।

ਇਹ ਨਹੀ ਹੈ ਕਿ ਧਰਮਾਂ ਦੇ ਖੇਤਰ ਵਿੱਚ ਅਜਿਹੀਆਂ ਘਟਨਾਵਾਂ ਨਹੀ ਵਾਪਰਦੀਆਂ ਜਿਨ੍ਹਾਂ ਦਾ ਦੁਖ ਵੀਰ ਹਰਵਿੰਦਰ ਸਿੰਘ ਨੇ ਪ੍ਰਗਟ ਕੀਤਾ ਹੈ।

ਗੁਰੂ ਨਾਨਕ ਦੇਵ ਜੀ ਇਸ ਤੋਂ ਵੀ ਭਿਆਨਕ ਸਥਿਤੀ ਦਾ ਵਰਨਣ ਗੁਰਬਾਣੀ ਵਿੱਚ ਕਰਦੇ ਹਨ। ਉਨ੍ਹਾਂ ਦਾ ਸ਼ਬਦ – ਵਰਤਿਆ ਪਾਪੁ ਸਬਸ ਜਗਿ ਮਾਹੀ – ਇਸ ਗੱਲ ਦੀ ਗਵਾਹੀ ਭਰਦਾ ਹੈ। ਗੁਰੂ ਸਾਹਿਬ ਉਸ ਸ਼ਬਦ ਵਿੱਚ ਆਖਦੇ ਹਨ-

ਹਉ ਭਾਲੁ ਵਿਕੁਨੀ ਹੋਈ ਅਧੇਰੇ ਰਾਹੁ ਨ ਕੋਈ।।

ਸੰਸਾਰ ਵਿੱਚ ਸਮਾਜਕ ਅਤੇ ਰਾਜਨੀਤਿਕ ਦਰਿੰਦਗੀ ਨੇ ਏਨਾ ਹਨੇਰ ਮਚਾ ਦਿੱਤਾ ਸੀ ਕਿ ਸੱਚ ਦੀ ਭਾਲ ਕਰਨੀ ਵੀ ਔਖੀ ਹੋ ਗਈ ਸੀ। ਅਜਿਹੀ ਹਾਲਤ ਵਿੱਚ ਜਦੋਂ ਸਾਡੇ ਗੁਰੂ-ਪੈਗੰਬਰਾਂ ਨੇ ਸੱਚ ਦੀ ਜੋਤ ਜਗਾਈ ਤਾਂ ਅੱਜ ਦੇ ਹਾਲਾਤ ਵਿੱਚ ਵੀ ਧਰਮ ਦੀਆਂ ਤਾਜ਼ਾ ਅਤੇ ਮੌਲਿਕ ਰਮਜ਼ਾਂ ਵਾਲੇ ਗੁਰੂ ਦੇ ਸਿੱਖ ਹੀ ਹਨ ਜੋ ਸੱਚ ਦੀ ਜੋਤ ਜਗਾਉਣਗੇ। ਜਿਨ੍ਹਾਂ ਨੇ ਇਸ ਦੁਖਦਾਈ ਹਾਲਤ ਵਿੱਚ ਵੀ ਗੁਰੂ ਦੀ ਛੋਹ ਨੂੰ ਆਪਣੀ ਚੇਤਨਾ ਅੰਦਰ ਵਸਾ ਰੱਖਿਆ ਹੈ।

ਸਿੱਖਾਂ ਲਈ ਇਹ ਸਮਾਂ ਹਾਰ ਮੰਨਣ ਦਾ ਨਹੀ ਹੈ ਬਲਕਿ ਆਪਣੇ ਇਤਿਹਾਸ ਤੋਂ ਸੇਧ ਅਤੇ ਅਗਵਾਈ ਲੈਣ ਦਾ ਹੈ। ਇਹ ਠੀਕ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਦੁਨਿਆਵੀ ਤੌਰ ਤੇ ਬਹੁਤ ਸ਼ਕਤੀਸ਼ਾਲੀ ਹਨ ਪਰ ਗੁਰੂ ਦੀ ਬਖਸ਼ਿਸ ਦੇ ਮੁਕਾਬਲੇ ਕੁਝ ਵੀ ਨਹੀ ਹਨ। ਗੁਰੂ ਸਾਹਿਬ ਨੇ ਜਿੱਥੇ ਚਾਰੇ ਪਾਸੇ ਪਸਰੇ ਹਨੇਰੇ ਦੀ ਗੱਲ ਕੀਤੀ ਹੈ ਉਥੇ ਇਹ ਵੀ ਆਖਿਆ ਹੈ –

ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ।।
Acting in evil and corruption, people are immersed in corruption.

ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰ।।
They act in harmony with the Will of the True Guru; they shed the poison of ego and corruption.

ਇਹ ਠੀਕ ਹੈ ਕਿ ਇਸ ਵੇਲੇ ਸਿਆਸੀ ਵਰਤਾਰਾ ਬਹੁਤ ਅਸ਼ਲੀਲ ਢੰਗ ਨਾਲ ਵਰਤ ਰਿਹਾ ਹੈ ਅਤੇ ਹਾਕਮਾਂ ਦੀ ਸਿੱਖ ਵਿਰੋਧੀ ਸਾਜਿਸ਼ਾਂ ਨੇ ਵੀ ਬਹੁਤ ਖਰ੍ਹਵਾਂ ਤੇ ਕੁਢਰ ਰੂਪ ਅਖਤਿਆਰ ਕੀਤਾ ਹੋਇਆ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਜੇ ਸਾਡੇ ਵਿੱਚ ਗੁਰੂ ਸਾਹਿਬ ਦਾ ਸੁਹਜ ਪ੍ਰਜਵੱਲਿਤ ਰਹੇ ਅਤੇ ਉਨ੍ਹਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਸਾਡੀ ਮਾਨਸਿਕਤਾ ਦਾ ਅੰਗ ਬਣੀਆਂ ਰਹਿਣ ਤਾਂ ਸਾਡੀ ਪੰਥਕ ਚੇਤਨਾ ਦੇ ਬੌਧਿਕ ਅਤੇ ਆਤਮਿਕ ਪਹਿਲੂ ਕਮਜੋਰ ਨਹੀ ਪੈਣਗੇ।

ਧਰਮ ਦੀ ਪ੍ਰਪੱਕਤਾ ਅਤੇ ਗੁਰੂ ਸਾਹਿਬ ਦੀਆਂ ਬਖਸ਼ਿਸਾਂ ਨਾਲ ਨੇੜਤਾ ਹੀ ਸਿੱਖ ਕੌਮ ਦੇ ਸੁਨਹਿਰੇ ਭਵਿੱਖ ਅਤੇ ਅਜ਼ਾਦ-ਹਸਤੀ ਲਈ ਰਾਹ ਪੱਧਰਾ ਕਰਨਗੀਆਂ। ਇਸ ਵੇਲੇ ਉਪਰ ਵਰਨਣ ਕੀਤੀ ਹੋਈ ਮੂਲ ਕਮਜ਼ੋਰੀ ਹੀ ਸਮਾਜਕ, ਰਾਜਨੀਤਿਕ ਅਤੇ ਨੈਤਿਕ ਖੇਤਰ ਅੰਦਰ ਸਿੱਖ ਕੌਮ ਦੀ ਗਿਰਾਵਟ ਦਾ ਕਾਰਨ ਬਣੀ ਹੋਈ ਹੈ। ਕਮਾਏ ਹੋਏ ਜੀਵਨ ਵਾਲੇ ਪੰਥ ਦਰਦੀਆਂ ਵੱਲੋਂ ਚਲਾਈ ਹੋਈ ਧਾਰਮਿਕ ਮੁਹਿੰਮ ਕੌਮ ਅੰਦਰ ਪਸਰੀ ਹੋਈ ਕਮਜ਼ੋਰੀ ਨੂੰ ਚੜ੍ਹਦੀਕਲਾ ਵਿੱਚ ਬਦਲ ਸਕਦੀ ਹੈ। ਉਸ ਸਥਿਤੀ ਵਿੱਚ ਫਿਰ ਕੋਈ ਇਸ ਤਰ੍ਹਾਂ ਕੌਮ ਦੀ ਮਾਨਸਿਕਤਾ ਨੂੰ ਚੁਣੌਤੀ ਦੇਣ ਦੀ ਜੁਅਰਤ ਨਹੀ ਕਰ ਸਕੇਗਾ ਜਿਵੇਂ ਹੁਣ ਕੀਤੀ ਜਾ ਰਹੀ ਹੈ।