ਸਿੱਖ ਅਰਦਾਸ ਦੁਨੀਆਂਦਾਰੀ ਦੇ ਸਾਰੇ ਦਿੱਸਹੱਦਿਆਂ ਤੋਂ ਅਗਾਂਹ ਦਾ ਅਹਿਸਾਸ ਹੈੈ। ਅਰਦਾਸ ਨਾਲ ਜੁੜਿਆ ਸਿੱਖ ਆਪਣੇ ਪਰਮ ਪਿਤਾ ਪਰਮਾਤਮਾ ਦੀਆਂ ਬਖਸ਼ਿਸ਼ਾਂ ਦੀ ਗੋਦ ਵਿੱਚ ਸਮਾਇਆ ਹੋਇਆ ਹੁੰਦਾ ਹੈੈ। ਇਹ ਵਾਹਿਗੁਰੂ ਨਾਲ ਲੀਨ ਹੋਣ ਦਾ ਪਰਮ ਅਹਿਸਾਸ ਹੈੈ। ਇਹ ਸ਼ਬਦਾਂ ਤੋਂ ਅਤੇ ਕਿਸੇ ਦੁਨਿਆਵੀ ਵਿਆਖਿਆ ਤੋਂ ਪਾਰ ਦੀਆਂ ਗੱਲਾਂ ਹਨ। ਅਰਦਾਸ ਦੇ ਅਹਿਸਾਸ ਨੂੰ ਅਰਦਾਸ ਵਿੱਚ ਲੀਨ ਹੋਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈੈ। ਅਰਦਾਸ ਦੇ ਮਹਾਨ ਅਨੁਭਵ ਨੂੰ ਸਿੱਖ ਹੋਏ ਤੋਂ ਬਿਨਾ ਸਮਝਿਆ ਨਹੀ ਜਾ ਸਕਦਾ।
ਸਿੱਖ ਅਰਦਾਸ ਜਿੱਥੇ ਸਾਨੂੰ ਗੁਰੂ ਪਰੰਪਰਾ ਨਾਲ ਜੋੜਦੀ ਹੈ ਉੱਥੇ ਹੀ ਉਸ ਪਰੰਪਰਾ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਦੇ ਵੀ ਰੂ-ਬ-ਰੂ ਕਰਵਾਉਂਦੀ ਹੈੈ। ਅਰਦਾਸ ਵਿੱਚ ਲੀਨ ਸਿੱਖ ਸਮੁੱਚੀ ਗੁਰਮਤ ਪਰੰਪਰਾ ਅਤੇ ਇਤਿਹਾਸ ਦੇ ਸਨਮੁੱਖ ਹੁੰਦਾ ਹੈੈ। ਉਹ ਆਪਣੇ ਅਤੀਤ ਨੂੰ ਯਾਦ ਕਰਦਾ ਹੈ। ਅਤੀਤ ਨੂੰ ਯਾਦ ਕਰਦਾ ਹੈ ਭਵਿੱਖ ਦਾ ਮਾਰਗ ਦਰਸ਼ਨ ਕਰਨ ਲਈ। ਭਵਿੱਖ ਨੂੰ ਉਨ੍ਹਾਂ ਹੀ ਸਵੱਛ ਅਤੇ ਨਿਰਮਲ ਬਣਾਉਣ ਲਈ ਜਿੰਨਾ ਉਹ ਗੁਰੂ ਪਰੰਪਰਾ ਵੇਲੇ ਸੀ। ਅਰਦਾਸ ਵਿੱਚ ਲੀਨ ਸਿੱਖ ਉਸ ਜਜਬੇ ਅਤੇ ਉਸ ਸਪਿਰਟ ਨੂੰ ਜਿਉਂਦਾ ਹੈ ਜੋ ਗੁਰੂ ਕਾਲ ਵੇਲੇ ਦੇ ਸਿੱਖਾਂ ਨੇ ਜੀਵੀ। ਸਿੱਖ ਇਤਿਹਾਸ ਵਿੱਚ ਉਹ ਤਾਂਘ ਨਿਰੰਤਰ ਜੋਰਾਵਰ ਰਹੀ ਹੈ ਕਿ ਅਸੀਂ ਉਨ੍ਹਾਂ ਰਾਹਾਂ ਤੇ ਚਲਣਾਂ ਹੈ ਜੋ ਮਨੁੱਖੀ ਸੱਭਿਅਤਾ ਦੇ ਰਾਹ ਦਰਸਾਵੇ ਰਹੇ ਹਨ। ਜਿੱਥੇ ਭਿੰਨੀ ਰੈਨੀਅੜੇ ਚਮਕਣੁ ਤਾਰੇ ਦਾ ਅਹਿਸਾਸ ਪਰਬਲ ਰਿਹਾ ਹੈੈ। ਜਿੱਥੇ ਸਿੱਖ ਦਾ ਮਨ ਨੀਵਾਂ ਅਤੇ ਮਤ ਉੱਚੀ ਰਹੀ ਹੈੈ। ਜਿੱਥੇ ਇਸ ਉੱਚੀ ਮਤ ਨਾਲ ਹੀ ਖਾਲਸਾ ਜੀ ਨੇ ਇਤਿਹਾਸਕ ਫੈਸਲੇ ਲੈਣੇ ਹਨ। ਜਿੱਥੇ ਉਨ੍ਹਾਂ ਸ਼ਹੀਦਾਂ ਦੇ ਰੁਹਾਨੀ ਰਾਹ ਤੇ ਚਲਣ ਦੀ ਪਰੇਰਨਾ ਅਤੇ ਤਾਂਘ ਮੌਲਦੀ ਰਹਿੰਦੀ ਹੈ ਜਿਨ੍ਹਾਂ ਨੇ ਮਨੁੱਖਤਾ ਦੇ ਝੰਡੇ ਗੱਡਣ ਲਈ ਆਪਾ ਵਾਰ ਦਿੱਤਾ। ਗੁਰੂ ਪਰੰਪਰਾ ਦੇ ਥੰਮ ਸਾਡੇ ਗੁਰਧਾਮ ਸਿੱਖ ਅਰਦਾਸ ਦਾ ਕੇਂਦਰੀ ਧੁਰਾ ਹਨ। ਉਪਰ ਲਿਖੀਆਂ ਜਿਹੜੀਆਂ ਬਖਸ਼ਿਸ਼ਾਂ ਦਾ ਅਸੀਂ ਵਰਨਣ ਕੀਤਾ ਹੈ ਉਹ ਗੁਰਧਾਮਾਂ ਨਾਲ ਜੁੜੇ ਤੋਂ ਬਿਨਾ ਪਰਾਪਤ ਨਹੀ ਹੋ ਸਕਦੀਆਂ।
ਸਿੱਖ ਅਰਦਾਸ ਦਾ ਇੱਕ ਭਾਗ ਸਾਡੇ ਸ਼ਹੀਦਾਂ ਨਾਲ ਜੁੜਿਆ ਹੋਇਆ ਹੈੈ। ਗੁਰਮਤ ਪਰੰਪਰਾ ਦੇ ਉਹ ਸ਼ਹੀਦ ਜੋ ਪੂਰਨ ਮਨੁੱਖ ਬਣ ਗਏ ਸਨ। ਜੋ ਦੁਨਿਆਵੀ ਵਲਗਣਾਂ ਤੋਂ ਬਹੁਤ ਅਗਾਂਹ ਲੰਘ ਗਏ ਸਨ। ਜਿਨ੍ਹਾਂ ਨੇ ਮੌਤ ਨੂੰ ਹਸ ਹਸਕੇ ਚੁਣਿਆ,ਕਿਸੇ ਦੈਵੀ ਕਾਰਜ ਲਈ। ਇਸ ਲੜੀ ਵਿੱਚ ਬਹੁਤ ਸਾਰੇ ਸ਼ਹੀਦ ਆਉਂਦੇ ਹਨ ਜਿਨ੍ਹਾਂ ਦਾ ਜਿਕਰ ਸਿੱਖ ਅਰਦਾਸ ਵਿੱਚ ਆਉਂਦਾ ਹੈੈ। ਇਨ੍ਹਾਂ ਸ਼ਹੀਦਾਂ ਦੀ ਯਾਦ ਸਿੱਖ ਇਸ ਲਈ ਦ੍ਰਿੜ ਕਰਦਾ ਹੈ ਕਿ ਵਾਹਿਗੁਰੂ ਜੀ ਹਰ ਸਿੱਖ ਨੂੰ ਅਜਿਹੀ ਸ਼ਹਾਦਤ ਦਾ ਵਰ ਦੇਵੇ ਜੋ ਦੈਵੀ ਕਾਰਜਾਂ ਲਈ ਵਰੀ ਗਈ ਸੀ। ਸਾਡੇ ਵਰਤਮਾਨ ਸਮੇਂ ਦੇ ਸ਼ਹੀਦ ਜਿਨ੍ਹਾਂ ਨੇ ਗੁਰਧਾਮਾਂ ਦੀ ਰਾਖੀ ਲਈ ਆਪਾ ਵਾਰਿਆ ਜੋ ਭਾਰਤੀ ਸਰਕਾਰ ਦੇ ਅਸਹਿ ਅਤੇ ਅਕਹਿ ਜੁਲਮਾਂ ਦਾ ਸਿਦਕਦਿਲੀ ਨਾਲ ਟਾਕਰਾ ਕਰਦੇ ਹੋਏ ਕਿਸੇ ਦੈਵੀ ਸਮਾਜ ਦੀ ਸਿਰਜਣਾਂ ਲਈ ਸ਼ਹਾਦਤ ਦੇ ਗਏ ਉਹ ਵੀ ਉਨੇ ਹੀ ਮਹਾਨ ਹਨ ਜਿੰਨੇ ਸਾਡੇ ਪੁਰਾਤਨ ਸਿੱਖ ਸ਼ਹੀਦ।
ਵਰਤਮਾਨ ਸਮੇਂ ਦੇ ਸਿੱਖ ਸ਼ਹੀਦਾਂ ਨੂੰ ਸਿੱਖ ਅਰਦਾਸ ਦਾ ਹਿੱਸਾ ਬਣਾਉਣ ਲਈ, ਸਿੰਘ ਸਭਾ ਗੁਰੂਦੁਆਰਾ ਸਾਊਥਾਲ, ਲੰਡਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈੈ। ਗੁਰੂ ਘਰ ਦੀ ਪਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰੂਘਰ ਵਿੱਚ ਕੀਤੀ ਜਾਣ ਵਾਲੀ ਅਰਦਾਸ ਵਿੱਚ ਉਨ੍ਹਾਂ ਸਿੱਖ ਸ਼ਹੀਦਾਂ ਦਾ ਜਿਕਰ ਵੀ ਕੀਤਾ ਜਾਇਆ ਕਰੇਗਾ ਜੋ ਵੀਹਵੀਂ ਸਦੀ ਦੌਰਾਨ ਅਜ਼ਾਦ ਭਾਰਤ ਵਿੱਚ ਸਰਕਾਰੀ ਜੁਲਮਾਂ ਦਾ ਟਾਕਰਾ ਕਰਦਿਆਂ ਹੋਇਆਂ ਸ਼ਹੀਦ ਹੋ ਗਏ। ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਸਹੀ ਅਰਥਾਂ ਵਿੱਚ ਬੇਗਮਪੁਰਾ ਬਣਾਉਣ ਲਈ ਸ਼ਹਾਦਤ ਦੇ ਰਾਹ ਨੂੰ ਆਪ ਚੁਣਿਆ। ਜਿਨ੍ਹਾਂ ਘੋਰ ਜੁਲਮਾਂ ਦਾ ਟਾਕਰਾ ਕਰਨ ਦੇ ਰਾਹ ਨੂੰ ਆਪ ਚੁਣਿਆ। ਉਸ ਰਾਹ ਤੇ ਚਲਦਿਆਂ ਕੋਈ ਸਿੱਖ ਡੋਲਿਆ ਨਹੀ ਕਿਸੇ ਨੇ ਭੀਖ ਨਹੀ ਮੰਗੀ ਅਤੇ ਕਿਸੇ ਨੇ ਗੁਰੂ ਪਰੰਪਰਾ ਨੂੰ ਪਿੱਠ ਨਹੀ ਦਿਖਾਈ।
ਨਿਰਸੰਦੇਹ ਵਰਤਮਾਮ ਸਮੇਂ ਦੇ ਸਿੱਖ ਸ਼ਹੀਦ ਸਾਡੀ ਅਰਦਾਸ ਦਾ ਅੰਗ ਹੋਣੇ ਚਾਹੀਦੇ ਹਨ। ਇਨ੍ਹਾਂ ਸ਼ਹੀਦਾਂ ਨੇ ਉਹ ਵਰ ਪਰਾਪਤ ਕੀਤਾ ਜੋ ਅਸੀਂ ਹਰ ਰੋਜ ਅਰਦਾਸ ਵਿੱਚ ਮੰਗਦੇ ਹਾਂ।ਗੁਰੂ ਸਾਹਿਬ ਦੀ ਬਖਸ਼ਿਸ਼ ਇਨ੍ਹਾਂ ਤੇ ਹੋਈ ਅਤੇ ਉਹ ਪੰਥ-ਪੰਜਾਬ ਦੇ ਸੁਨਹਿਰੇ ਭਵਿੱਖ ਲਈ ਹਸ ਹਸਕੇ ਗੁਰੂ ਸਾਹਿਬ ਦੀ ਗੋਦ ਵਿੱਚ ਲੀਨ ਹੋ ਗਏ।
ਅਸੀਂ ਸਮਝਦੇ ਹਾਂ ਕਿ ਸਿੰਘ ਸਭਾ ਗੁਰਦੁਆਰਾ,ਸਾਉੂਥਾਲ ਦਾ ਇਹ ਕਦਮ ਕਾਫੀ ਮਹੱਤਵਪੂਰਨ ਹੈ ਜਿਸਤੇ ਬਾਕੀ ਗੁਰਧਾਮਾਂ ਨੂੰ ਵੀ ਪਹਿਰਾ ਦੇਣਾਂ ਚਾਹੀਦਾ ਹੈੈੈ। ਸਾਡੇ ਵਰਤਮਾਨ ਸਮੇਂ ਦੇ ਸ਼ਹੀਦਾਂ ਦਾ ਜਿਕਰ ਸਿੱਖ ਅਰਦਾਸ ਵਿੱਚ ਹੋਣਾਂ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦੇ ਯੋਗਦਾਨ ਤੋਂ ਜਾਣੂੰ ਰਹਿਣ।