ਅਸੀ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਵਿਚ ਸਮਾਜਵਾਦ, ਨਹਿਰੂ ਦੇ ਸਮਾਜਵਾਦ, ਪੂੰਜੀਵਾਦ ਜਾਂ ਹੋਰ ਕਿਸੇ ਵਾਦ ਲਈ ਜਗ੍ਹਾ ਨਹੀਂ ਸਗੋਂ ਅਸੀ ਤਾਂ ਪੁਰਾਣੇ ਭਾਰਤ ਦੀਆਂ ਮਿੱਥਕ ਕਹਾਣੀਆਂ ਨੂੰ ਆਧੁਨਿਕ ਭਾਰਤ ਦਾ ਆਧਾਰ ਬਣਾ ਰਹੇ ਹਾਂ।ਇਸ ਤਰਾਂ ਦਾ ਰਾਹ ਤਰੱਕੀ ਵੱਲ ਨਹੀਂ, ਬਲਕਿ ਪਿੱਛੇ ਵੱਲ ਜਾਂਦਾ ਹੈ ਜਿਸ ਵਿਚ ਬਦਲਾ ਲੈਣ ਦੀ ਨੀਤੀ ਅਤੇ ‘ਦੋਸ਼ੀ’ ਪੂਰਵਜਾਂ ਦੀ ਮੌਜੂਦਾ ਪੀੜ੍ਹੀ ਉੱਪਰ ਦੋਸ਼ ਮੜ੍ਹਨ ਦੀ ਪ੍ਰਵਿਰਤੀ ਭਾਰੂ ਹੁੰਦੀ ਹੈ।ਮੌਜੂਦਾ ਭਾਰਤੀ ਰਾਜਨੀਤਿਕ ਵਿਵਸਥਾ ਦੀ ਮੁੱਖ ਸਮੱਸਿਆ ਹੈ ਕਿ ਆਮ ਲੋਕਾਂ ਨੂੰ ਅਸਾਧਾਰਣ ਪ੍ਰਤਿਭਾ ਵਾਲਾ ਵਿਅਕਤੀ ਜਾਂ ਪਾਰਟੀ ਨਜ਼ਰ ਨਹੀਂ ਆ ਰਹੀ ਜੋ ਕਿ ਦੇਸ਼ ਨੂੰ ਅਗਵਾਈ ਪ੍ਰਦਾਨ ਕਰਕੇ ਉਸ ਨੂੰ ਇਸ ਉੱਥਲ-ਪੱੁਥਲ ਵਿਚੋਂ ਕੱਢ ਸਕੇ।ਭਾਰਤੀ ਰਾਜਨੀਤਿਕ ਖਲਾਅ ਨੂੰ ਇਕ ਵਿਅਕਤੀ ਅਤੇ ਪਾਰਟੀ ਦੀ ਜਰੂਰਤ ਹੈ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸੁਝਾ ਸਕੇ, ਜੋ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਦੇ ਰਾਹ ਪਾ ਸਕੇ ਅਤੇ ਜਿਨ੍ਹਾਂ ਵਿਚ ਆਪਣੇ ਨਿਸ਼ਾਨਿਆਂ ਨੂੰ ਲੈ ਕੇ ਦ੍ਰਿੜਤਾ ਅਤੇ ਸਪੱਸ਼ਟਤਾ ਹੋਵੇ।ਲੋਕਾਂ ਨੂੰ ਸਿਰਫ ਨਾਅਰਿਆਂ ਦੀ ਖੋਖਲੀ ਸਿਆਸਤ ਨਹੀਂ ਚਾਹੀਦੀ। ਉਨ੍ਹਾਂ ਨੂੰ ਅਜਿਹੇ ਲੀਡਰ ਚਾਹੀਦੇ ਹਨ ਜੋ ਆਪਣੇ ਇਤਿਹਾਸ ਤੋਂ ਮੁੱਖ ਨਾ ਮੋੜਨ ਅਤੇ ਨਾ ਹੀ ਹੌਂਦਹੀਣ ਤਰੱਕੀ ਦੀ ਗੱਲ ਕਰਕੇ ਵੱਡੇ-ਵੱਡੇ ਭਵਿੱਖ ਦੇ ਸੁਪਨੇ ਉਨ੍ਹਾਂ ਨੂੰ ਵੇਚਣ।ਲੋਕਾਂ ਨੂੰ ਆਪਣਾ ਅੱਜ ਚਾਹੀਦਾ ਹੈ ਜਿਸ ਵਿਚ ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਜੱਦੋ-ਜਹਿਦ ਨਾ ਕਰਨੀ ਪਵੇ, ਗਰੀਬੀ ਰੇਖਾ ਅਤੇ ਹੋਰ ਪਿਛੜੇਪਣ ਦੀ ਦਰਜਾਬੰਦੀ ਤੋਂ ਉੱਪਰ ਉੱਠ ਕੇ ਉਹ ਮਾਣ-ਸਨਮਾਨ ਵਾਲੀ ਜ਼ਿੰਦਗੀ ਜਿਉਂ ਸਕਣ।ਉਨ੍ਹਾਂ ਨੂੰ ਨੌਕਰੀਆਂ, ਸਨਮਾਨਜਨਕ ਤਨਖਾਹਾਂ, ਸਿੱਖਿਆ, ਸਿਹਤ ਸਹੂਲ਼ਤਾਂ ਅਤੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਚਾਹੀਦਾ ਹੈ।

ਸਾਨੂੰ ਸਰਸਰੀ ਜਿਹੀ ਝਾਤੀ ਮਾਰਨ ਦੀ ਲੋੜ ਹੈ ਕਿ ਬਿਹਾਰ ਅਤੇ ਯੂਪੀ ਵਿਚ ਨੌਜਵਾਨਾਂ ਦਾ ਕੀ ਹਸ਼ਰ ਹੋਇਆ ਹੈ।ਕਿਉਂ ਉਹ ਦੰਗਾਈ ਅਤੇ ਹਿੰਸਾਤਮਕ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ?ਉਨ੍ਹਾਂ ਨੂੰ ਨੇਤਾਵਾਂ ਦੁਆਰਾ ਦਿੱਤੇ ਜਾਂਦੇ ਖੂਬਸੂਰਤ ਲੋਭਾਂ ਦੀ ਬਜਾਇ ਰੁਜ਼ਗਾਰ ਚਾਹੀਦਾ ਹੈ।ਲੱਖਾਂ ਲੋਕ ਇਕ ਨੌਕਰੀ ਲਈ ਆਵੇਦਨ ਦਿੰਦੇ ਹਨ ਅਤੇ ਪੇਪਰ ਲੀਕ ਹੋ ਜਾਂਦਾ ਹੈ।ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਕੋਈ ਇਕ ਰੈਗੂਲਰ ਤਰੀਕਾ ਕਿਉਂ ਨਹੀਂ ਅਪਣਾਇਆ ਜਾ ਸਕਦਾ? ਕਰੋਨਾ ਮਹਾਂਮਾਰੀ ਦੇ ਡਰਾਉਣੇ ਅਤੇ ਦੁਖਦਾਈ ਅਨੁਭਵ ਤੋਂ ਬਾਅਦ ਅਸੀ ਇਹ ਅਸਾਨੀ ਨਾਲ ਸੋਚ ਸਕਦੇ ਹਾਂ ਕਿ ਸਾਡੇ ਦੇਸ਼ ਦੀ ਸਿਹਤ ਵਿਵਸਥਾ ਨੂੰ ਪੂਰੀ ਤਰਾਂ ਬਦਲਣ ਦੀ ਲੋੜ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਨੇਤਾ ਜਾਂ ਪਾਰਟੀ ਇਸ ਬਾਰੇ ਗੱਲ ਨਹੀਂ ਕਰਦੀ ਹੈ।ਸਾਡੀ ਚੇਤਨਾ ਨੂੰ ਜਗਾਉਣ ਦਾ ਕੰਮ ਕਰਨ ਵਾਲਾ ਮੀਡੀਆ ਇਸ ਸਮੇਂ ਕਿੱਥੇ ਹੈ?ਅਸੀ ਇਹਨਾਂ ਦੋ ਸਾਲਾਂ ਵਿਚ ਹਜਾਰਾਂ ਹੀ ਜ਼ਿੰਦਗੀਆਂ, ਨੌਕਰੀਆਂ ਅਤੇ ਵਪਾਰ ਨੂੰ ਖਾ ਜਾਣ ਵਾਲਿਆਂ ਦੀ ਜਵਾਬਦੇਹੀ ਕਿਉਂ ਨਹੀਂ ਤੈਅ ਕਰ ਰਹੇ?ਇਕ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਦੁਆਰਾ ਚੰਗੀ ਜ਼ਿੰਦਗੀ ਦੀ ਭਾਲ ਵਿਚ ਬਾਰਡਰ ਪਾਰ ਕਰਦੇ ਸਮੇਂ ਕੈਨੇਡੀਅਨ ਟੁੰਡਰਾ ਵਿਚ ਠੰਢ ਨਾਲ ਮਰ ਜਾਣ ਦੀ ਘਟਨਾ ਨੂੰ ਭੁਲਾਇਆ ਨਹੀਂ ਜਾ ਸਕਦਾ।ਕਿਸ ਤਰਾਂ ਨਿਰਾਸ਼ਾ ਨੇ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ?ਕੀ ਮਜਬੂਰੀ ਸੀ ਕਿ ਮਾਤਾ-ਪਿਤਾ ਨੂੰ ਆਪਣੇ ਛੋਟੇ ਬੱਚੇ ਨਾਲ ‘ਠੰਢੇ ਰੇਗਿਸਤਾਨ’ ਵਿਚੋਂ ਲੰਘਣਾ ਪਿਆ…ਕੌਣ ਇਸ ਦਾ ਜਵਾਬ ਦੇਵੇਗਾ?

ਭਾਰਤੀ ਅਜ਼ਾਦੀ ਦੇ ਪਝੱਤਰਵੇਂ ਵਰ੍ਹੇ ਵਿਚ ਮੰਨਾਇਆ ਜਾ ਰਿਹਾ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਇਸ ਦੇਸ਼ ਵਿਚੋਂ ਹਜ਼ਾਰਾਂ ਹੀ ਲੋਕ ਆਪਣੀ ਜ਼ਿੰਦਗੀ ਜੋਖਿਮ ਵਿਚ ਪਾ ਕੇ ਸਮੁੰਦਰ, ਜੰਗਲ ਅਤੇ ਰੇਗਿਸਤਾਨ ਪਾਰ ਕਰਦੇ ਹਨ ਅਤੇ ਚੰਗੀ ਜ਼ਿੰਦਗੀ ਦੀ ਤਲਾਸ਼ ਦੀ ਵੱਡੀ ਕੀਮਤ ਤਾਰਦੇ ਹਨ।ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਗਵਾਈ ਦੇਣ ਵਾਲੀ ਨਵੀਂ ਲੀਡਰਸ਼ਿਪ ਕਿੱਥੇ ਹੈ?ਸਾਨੂੰ ਮਹਿਜ਼ ਅਜ਼ਾਦੀ ਤੋਂ ਬਾਅਦ ਦੀਆਂ ਦੋ ਪੀੜ੍ਹੀਆਂ ਉੱਪਰ ਝਾਤ ਮਾਰਨ ਦੀ ਲੋੜ ਹੈ ਜਦੋਂ ਭਾਰਤ ਕੋਲ ਅਜਿਹੇ ਨੇਤਾ ਸਨ ਜੋ ਅਜ਼ਾਦੀ ਦੀ ਲੜਾਈ ਦੇ ਭੱਠ ਵਿਚੋਂ ਤਿਆਰ ਹੋਏ ਸਨ।ਉਹ ਅਜਿਹੇ ਮਰਦ ਅਤੇ ਔਰਤਾਂ ਸਨ ਜਿਨ੍ਹਾਂ ਨੇ ਸਿਰਫ ਸੱਤਾ ਭੋਗਣ ਦਾ ਸੁਪਨਾ ਨਹੀਂ ਲਿਆ। ਉਨ੍ਹਾਂ ਦੇ ਸੁਪਨੇ ਅਜ਼ਾਦੀ ਪ੍ਰਾਪਤ ਕਰਨ ਤੱਕ ਹੀ ਸੀਮਿਤ ਸਨ।

ਜਦੋਂ ਭਾਰਤ ਨੂੰ ਅਜ਼ਾਦੀ ਮਿਲੀ, ਚੋਣਾਂ ਹੋਈਆਂ ਤਾਂ ਲੋਕਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਲੀਡਰ ਕੌਣ ਹਨ ਅਤੇ ਉਨ੍ਹਾਂ ਨੂੰ ਚੁਣ ਲਿਆ ਗਿਆ।ਇਸ ਵਿਚ ਪੈਸੇ ਦਾ ਕੋਈ ਲੈਣ-ਦੇਣ ਨਹੀਂ ਹੋਇਆ, ਨਾ ਹੀ ਕਾਰਪੋਰੇਟ ਦੁਆਰਾ ਜਨਮਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।ਮੀਡੀਆ ਨੇ ਪਾਰਦਰਸ਼ਤਾ ਅਤੇ ਨਿਰਪੱਖ ਤਰੀਕੇ ਨਾਲ ਆਪਣਾ ਕੰਮ ਕੀਤਾ।ਅਜ਼ਾਦੀ ਤੋਂ ਬਾਅਦ ਸਾਡੇ ਕੋਲ ਪੰਜਾਬ ਵਿਚ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ, ਜਸਟਿਸ ਗੁਰਨਾਮ ਸਿੰਘ ਜਿਹੇ ਲੀਡਰ ਸਨ।ਯੂਪੀ ਨੇ ਗੋਵਿੰਦ ਵੱਲਭ ਪਟੇਲ, ਸੁਚੇਤਾ ਕ੍ਰਿਪਲਾਨੀ, ਸੀ ਬੀ ਗੁਪਤਾ ਅਤੇ ਐਚ ਐਨ ਬਹੁਗਣਾ ਜਿਹੇ ਲੀਡਰ ਦਿੱਤੇ।ਗੋਆ ਵਿਚ ਦਯਾਨੰਦ ਬੰਦੋੜਕਰ, ਸ਼ਸ਼ੀਕਲਾ ਕਕੋੜਰ, ਪ੍ਰਤਾਪ ਸਿੰਘ ਰਾਣੇ ਅਤੇ ਬੰਗਾਲ ਵਿਚ ਬੀ ਸੀ ਰਾਏ, ਮੱਧ ਪ੍ਰਦੇਸ਼ ਵਿਚ ਕੇ ਐਨ ਕਾਟਜੂ, ਤਾਮਿਲਨਾਡੂ ਵਿਚ ਕੇ ਕਾਮਰਾਜ, ਮਹਾਰਾਸ਼ਟਰ ਵਿਚ ਵਾਈ ਬੀ ਚੌਹਾਨ ਅਤੇ ਮੌਰਾਰ ਜੀ ਦੇਸਾਈ ਜਿਹੇ ਨੇਤਾ ਪੈਦਾ ਹੋਏ।ਇਸ ਤੋਂ ਇਲਾਵਾ ਪ੍ਰਸ਼ਾਸਨ ਅਧਿਕਾਰੀਆਂ ਐਮ ਐਸ ਰੰਧਾਵਾ, ਬੀ ਡੀ ਪਾਂਡੇ ਦਾ ਨਾਮ ਖਾਸ ਤੌਰ ਤੇ ਜ਼ਿਕਰਯੋਗ ਹੈ ਜੋ ਲੰਮੇ ਅਜ਼ਾਦੀ ਸੰਘਰਸ਼ ਦੀ ਪ੍ਰੀਖਿਆ ਵਿਚੋਂ ਲੰਘੇ ਅਤੇ ਜਿਨ੍ਹਾਂ ਦਾ ਅਕਾਦਮਿਕ ਪਿਛੋਕੜ ਸ਼ਾਨਦਾਰ ਰਿਹਾ।ਰਾਜਨੀਤੀ ਉਨ੍ਹਾਂ ਲਈ ਸੋਨੇ ਦੀ ਖਾਣ ਨਹੀਂ ਸੀ, ਬਲਕਿ ਬਾਕੀ ਭਾਰਤੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਇਕ ਮਾਧਿਅਮ ਸੀ।ਉਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਨਾ ਹੀ ਵੱਖ-ਵੱਖ ਨਾਵਾਂ ਹੇਠ ਉਨ੍ਹਾਂ ਨੇ ਕੋਈ ਨਿੱਜੀ ਫੌਜਾਂ ਸਥਾਪਿਤ ਕੀਤੀਆਂ ਹੋਈਆਂ ਸਨ।ਅੱਜ-ਕੱਲ੍ਹ ਦੇ ਮੰਤਰੀਆਂ ਵਾਂਗ ਉਨ੍ਹਾਂ ਨੇ ੩੦-੪੦ ਬੰਦਿਆਂ ਦੀ ਸੁਰੱਖਿਆ ਛੱਤਰੀ ਨਹੀਂ ਸੀ ਲਈ ਹੋਈ।ਇਸ ਦੀ ਜਰੂਰਤ ਕੀ ਹੈ?

ਅੱਜ-ਕੱਲ੍ਹ ਦੇ ਨੇਤਾਵਾਂ ਦਾ ਅਕਾਦਮਿਕ ਪਿਛੋਕੜ ਵੀ ਜਿਆਦਾ ਅਮੀਰ ਨਹੀਂ ਹੈ {ਉਨ੍ਹਾਂ ਵਿਚ ਬਹੁਤਿਆਂ ਨੇ ਟੇਢੇ ਢੰਗ ਨਾਲ ਡਿਗਰੀਆਂ ਲਈ ਹੋਈਆਂ ਹਨ} ਅਤੇ ਜਨਤਕ ਅਤੇ ਪੇਸ਼ੇ ਪੱਖੋਂ ਵੀ ਉਨ੍ਹਾਂ ਦੀਆਂ ਕੋਈ ਜਿਆਦਾ ਵੱਡੀਆਂ ਉਪਲਬਧੀਆਂ ਨਹੀਂ ਹਨ।ਰਾਜਨੀਤੀ ਦੀ ਅਪਰਾਧਿਕ ਛਵੀ ਅਤੇ ਢੰਗ ਤਰੀਕੇ ਹੋਣ ਕਰਕੇ ਪੜ੍ਹੇ-ਲਿਖੇ, ਕਾਬਲ ਅਤੇ ਦੂਰ-ਦ੍ਰਿਸ਼ਟਤਾ ਰੱਖਣ ਵਾਲੇ ਲੋਕ ਇਸ ਨੂੰ ਛੱਡ ਦਿੰਦੇ ਹਨ।ਅੱਜ ਸਮੇਂ ਦੀ ਲੋੜ ਹੈ ਕਿ ਮੌਜੂਦਾ ਲੀਡਰਸ਼ਿਪ ਆਪਣੇ ਢੰਗ ਤਰੀਕਿਆਂ ਵਿਚ ਵੱਡੀ ਤਬਦੀਲੀ ਲੈ ਕੇ ਆਵੇ ਅਤੇ ਲੋਕਾਂ ਦੀਆਂ ਉਮੀਦਾਂ ਉੱਪਰ ਖਰਾ ਉਤਰੇ।ਕੁਦਰਤ ਵੀ ਖਲਾਅ ਨੂੰ ਪਸੰਦ ਨਹੀਂ ਕਰਦੀ, ਜਿਸ ਤਰਾਂ ਦੀ ਜੱਦੋ-ਜਹਿਦ ਮੌਜੂਦਾ ਸਮੇਂ ਵਿਚ ਚੱਲ ਰਹੀ ਹੈ ਉਸ ਵਿਚੋਂ ਨਵੀਂ ਲੀਡਰਸ਼ਿਪ ਪੈਦਾ ਹੋ ਸਕਦੀ ਹੈ।

ਲੀਡਰਸ਼ਿਪ, ਵਿਵਹਾਰਿਕ ਅਤੇ ਸਿਧਾਂਤਕ ਪੱਖੋਂ, ਇਕ ਵਿਅਕਤੀ, ਸਮੂਹ ਜਾਂ ਸੰਸਥਾ ਦੀ ਕਾਬਲੀਅਤ ਹੈ ਜਿਸ ਰਾਹੀ ਉਹ ਪ੍ਰਭਾਵਸ਼ਾਲੀ ਤਰੀਕੇ ਨਾਲ ਦੂਜੇ ਵਿਅਕਤੀਆਂ, ਟੀਮਾਂ, ਜਾਂ ਸੰਸਥਾਵਾਂ ਨੂੰ ਪ੍ਰਭਾਵਿਤ ਜਾਂ ਗਾਈਡ ਕਰ ਸਕੇ।ਲੀਡਰਸ਼ਿਪ ਬਹਿਸ ਦਾ ਮੁੱਦਾ ਤਾਂ ਹੈ ਹੀ।ਹਰ ਕੋਈ ਜਾਣਦਾ ਹੈ ਕਿ ਲੀਡਰਸ਼ਿਪ ਕੀ ਹੈ, ਪਰ ਬਹੁਤ ਥੌੜੇ ਲੋਕ ਹੀ ਇਸ ਦੇ ਸਹੀ ਅਰਥਾਂ ਨੂੰ ਸਮਝਦੇ ਹਨ।ਭਵਿੱਖ ਲਈ ਨੇਤਾ ਤਿਆਰ ਕਰਨ ਲਈ ਅਤੇ ਏਕਤਾ ਬਣਾਈ ਰੱਖਣ ਲਈ ਇਕ ਸੰਸਥਾ ਦਾ ਸਸ਼ਕਤ ਪਰਿਭਾਸ਼ਾ ਸਿਰਜਣਾ ਬਹੁਤ ਹੀ ਜਰੂਰੀ ਹੈ।ਹਰ ਇਕ ਨੇਤਾ ਦੀ ਲੀਡਰਸ਼ਿਪ ਦੀ ਆਪਣੀ ਪਰਿਭਾਸ਼ਾ ਹੁੰਦੀ ਹੈ ਜੋ ਇਹ ਨਿਰਧਾਰਿਤ ਕਰਦੀ ਹੈ ਕਿ ਉਨ੍ਹਾਂ ਨੇ ਆਪਣੇ ਸੱਭਿਆਚਾਰ, ਦੇਸ਼ ਅਤੇ ਖਿੱਤੇ ਨੂੰ ਅਗਵਾਈ ਕਿਸ ਤਰਾਂ ਦੇਣੀ ਹੈ।ਜਿਵੇਂ ਹੀ ਲੀਡਰਸ਼ਿਪ ਵਿਚ ਬਦਲਾਅ ਆਉਂਦਾ ਹੈ ਤਾਂ ਇਸ ਦੀ ਪਰਿਭਾਸ਼ਾ ਵੀ ਬਦਲ ਜਾਂਦੀ ਹੈ।ਨਵੀਂ ਲੀਡਰਸ਼ਿਪ ਦੇ ਆਉਣ ਨਾਲ ਇਸ ਪ੍ਰਤੀ ਰਵੱਈਆ ਵੀ ਬਦਲ ਜਾਂਦਾ ਹੈ ਜੋ ਕਿ ਕਿਸੇ ਵੀ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।ਇਕ ਯੋਗ ਨੇਤਾ ਸਿਰਫ ਲੋਕਾਂ ਦੀ ਅਗਵਾਈ ਹੀ ਨਹੀਂ ਕਰਦਾ ਬਲਕਿ ਉਸ ਕੋਲ ਉਤਸ਼ਾਹ ਅਤੇ ਪ੍ਰੇਰਣਾ ਵੀ ਹੁੰਦੀ ਹੈ ਜੋ ਕਿ ਉਸ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।ਇਕ ਯੋਗ ਨੇਤਾ ਇਹ ਦੇਖ ਸਕਦਾ ਹੈ ਕਿ ਉਸ ਨੇ ਚੀਜਾਂ ਵਿਚ ਸੁਧਾਰ ਕਿਸ ਤਰਾਂ ਲੈ ਕੇ ਆਉਣਾ ਹੈ ਅਤੇ ਦੂਰ-ਦ੍ਰਿਸ਼ਟੀ ਨਾਲ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਹੈ?ਇਕ ਯੋਗ ਨੇਤਾ ਹੀ ਆਪਣੀ ਦੂਰ-ਦ੍ਰਿਸ਼ਟੀ ਨੂੰ ਹਕੀਕਤ ਵਿਚ ਬਦਲਣਾ ਹੈ ਅਤੇ ਜਿਸ ਵਿਚ ਲੋਕਾਂ ਨੂੰ ਤਰਜੀਹ ਦਿੰਦੇ ਹਨ।ਲੋਕਾਂ ਵਿਚ ਸਿਰਫ ਪ੍ਰੇਰਣਾ ਪੈਦਾ ਕਰਨਾ ਹੀ ਕਾਫੀ ਨਹੀਂ, ਬਲਕਿ ਉਨ੍ਹਾਂ ਨੂੰ ਲੋਕਾਂ ਨਾਲ ਹਮਦਰਦੀ ਹੁੰਦੀ ਹੈ ਅਤੇ ਉਹ ਆਪਣੇ ਆਪ ਨੂੰ ਲੋਕਾਂ ਨਾਲ ਜੋੜਨ ਵਿਚ ਵੀ ਸਫਲ ਹੁੰਦੇ ਹਨ।ਜਦੋਂ ਅਸੀ ਮਹਾਨ ਨੇਤਾਵਾਂ ਬਾਰੇ ਸੋਚਦੇ ਹਾਂ ਤਾਂ ਸਾਡੇ ਮਨਾਂ ਵਿਚ ਕੌਣ ਆਉਂਦਾ ਹੈ? ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਜਾਂ ਵਿਸਟੰੰਨ ਚਰਚਿਲ ਜਾਂ ਨੈਲਸਨ ਮੰਡੇਲਾ।ਇਕ ਯੋਗ ਨੇਤਾ ਕੋਲ ਨਿੱਜੀ ਨਹੀਂ, ਬਲਕਿ ਸਾਰਿਆਂ ਲਈ ਦੁਰ-ਦ੍ਰਿਸ਼ਟੀ ਹੁੰਦੀ ਹੈ, ਜਿਸ ਕੋਲ ਕਦਰਾਂ-ਕੀਮਤਾਂ ਹੁੰਦੀਆਂ ਹਨ ਅਤੇ ਇਹ ਸਮਝਦਾ ਹੈ ਕਿ ਉਸ ਨੇ ਆਪਣੇ ਉਦੇਸ਼ਾਂ ਨੂੰ ਕਿਵੇਂ ਪੂਰਾ ਕਿਵੇਂ ਕਰਨਾ ਹੈ?ਉਹ ਆਪਣੀ ਟੀਮ ਨੂੰ ਸਿਰਜਾਣਿਮਕਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਉਸ ਨਾਲ ਸਹਿਯੋਗ ਕਰਦਾ ਹੈ।

ਮੌਜੂਦਾ ਸਮੇਂ ਵਿਚ ਕਾਂਗਰਸ ਆਪਣੀ ਪਾਰਟੀ ਵਿਚ ਲੀਡਰਸ਼ਿਪ ਖਲਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੋਈ ਵੀ ਸੀਨੀਅਰ ਲੀਡਰ ਇਸ ਦੀ ਲੀਡਰਸ਼ਿਪ ਵਿਚ ਤਬਦੀਲੀ ਲਿਆਉਣ ਸੰਬੰਧੀ ਬੋਲਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਕੋਈ ਸੀਨੀਅਰ ਪਾਰਟੀ ਲੀਡਰ ਇਸ ਸੰਬੰਧੀ ਚੇਤੰਨ ਹੈ ਕਿ ਉਨ੍ਹਾਂ ਨੇ ਕਿਸ ਦਿਸ਼ਾ ਵਿਚ ਅੱਗੇ ਵਧਣਾ ਹੈ।ਇਹ ਇਕ ਕੌੜੀ ਸੱਚਾਈ ਹੈ ਕਿ ਵਰ੍ਹੇ-ਦਰ-ਵਰ੍ਹੇ ਲੀਡਰਸ਼ਿਪ ਦੇ ਮਾਪਦੰਡਾਂ ਵਿਚ ਕਮੀ ਆ ਰਹੀ ਹੈ।ਇਹ ਖਲਾਅ ਜੋ ਹੁਣ ਸਾਹਮਣੇ ਆ ਰਿਹਾ ਹੈ, ਉਸ ਨੂੰ ਕੁਝ ਸਮੇਂ ਲਈ ਕੁਝ ‘ਸਖਸ਼ੀਅਤਾਂ’ ਸਹਾਰੇ ਭਰ ਦਿੱਤਾ ਗਿਆ, ਪਰ ਉਨ੍ਹਾਂ ਵਿਚ ਯੋਗਤਾ ਅਤੇ ਸਮਰੱਥਾ ਦੀ ਘਾਟ ਸਾਹਮਣੇ ਆਉਣੀ ਸ਼ੁਰੂ ਹੋ ਗਈ।ਇਹ ਖਲਾਅ ਹੁਣ ਖੁੱਲ ਕੇ ਸਾਹਮਣੇ ਆ ਗਿਆ ਹੈ।ਨਰਿੰਦਰ ਮੋਦੀ ਜਿਸ ਨੂੰ ੨੦੦੪ ਵਿਚ ਵਾਜਪਾਈ ਸਰਕਾਰ ਦੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਕਿਉਂਕਿ ਉਹ ਗੁਜਰਾਤ ਦੰਗਿਆਂ ਨੂੰ ਨਿਯੰਤ੍ਰਿਤ ਨਹੀਂ ਕਰ ਪਾਇਆ, ਅੱਜ-ਕੱਲ੍ਹ ਉਹ ਭਾਜਪਾ ਦਾ ਮਜਬੂਤ ਲੀਡਰ ਹੈ।ਇਹ ਇਸ ਤਰਾਂ ਲੀਡਰਸ਼ਿਪ ਦੀ ਅਸਫਲਤਾ ਹੈ ਜਿਸ ਵਿਚ ਪ੍ਰਭਾਵਸ਼ਾਲੀ ਸਖਸ਼ੀਅਤਾਂ ਦੀ ਘਾਟ ਹੈ।ਇਸ ਦੇ ਮੁਕਾਬਲਤਨ ਨਹਿਰੂ-ਗਾਂਧੀ ਪਰਿਵਾਰ ਦੇ ਮੌਜੂਦਾ ਮੈਂਬਰ ਨੂੰ ਇਸ ਸੰਬੰਧੀ ਕੋਈ ਅੰਦਾਜ਼ਾ ਨਹੀਂ ਹੈ ਕਿ ਉਨ੍ਹਾਂ ਦੀ ਪਾਰਟੀ ਇੰਨਾ ਨੀਵਾਂ ਕਿਉਂ ਜਾ ਰਹੀ ਹੈ?

ਉਦਾਰਵਾਦੀ ਲੋਕਤੰਤਰ ਵਿਚ ਲੀਡਰਸ਼ਿਪ ਦਾ ਸੰਕਟ ਹਰ ਪਾਸੇ ਦੇਖਿਆ ਜਾ ਸਕਦਾ ਹੈ।ਭਾਰਤੀ ਲੀਡਰਸ਼ਿਪ ਅਤੇ ਲੋਕਾਂ ਵਿਚਕਾਰ ਖਾਈ ਦਿਨ-ਬ-ਦਿਨ ਹੋਰ ਜਿਆਦਾ ਡੂੰਘੀ ਹੁੰਦੀ ਜਾ ਰਹੀ ਹੈ।ਲੀਡਰਸ਼ਿਪ ਇਕ ਕਲਾ ਹੈ ਜਿਸ ਰਾਹੀ ਨੇਤਾ ਬੌਧਿਕ ਜਾਂ ਭਾਵਨਾਤਮਕ ਰੂਪ ਵਿਚ ਵੱਡੇ ਉਦੇਸ਼ ਨਾਲ ਕਿਸ ਤਰਾਂ ਜੁੜਦੇ ਹਨ ਜੋ ਕਿ ਉਨ੍ਹਾਂ ਦੇ ਨਿੱਜੀ ਮੁਫਾਦਾਂ ਤੱਕ ਹੀ ਸੀਮਿਤ ਨਾ ਹੋਵੇ।ਰਾਜਨੇਤਾ ਆਪਣੇ ਨਿੱਜੀ ਮੁਫਾਦਾਂ ਲਈ ਲੋਕਾਂ ਵਿਚ ਫੁੱਟ ਪਾਉਂਦੇ ਹਨ।ਮੌਜੂਦਾ ਸਮੇਂ ਸਰਕਾਰ ਦੀ ਲਵ-ਜਿਹਾਦ, ਘਰ-ਵਾਪਸੀ, ਗਊ ਦੇ ਮਾਸ ਦੇ ਨਾਂ ਉੱਪਰ ਲੰਿਚਿੰਗ, ਬੁਲਡੋਜ਼ਰ ਰਾਜਨੀਤੀ ਅਤੇ ਧਰਮ ਦੇ ਨਾਂ ਉੱਪਰ ਲੋਕਾਂ ਨੂੰ ਵੰਡਣ ਸੰਬੰਧੀ ਚੁੱਪੀ ਬਹੁਤ ਹੀ ਖਤਰਨਾਕ ਹੈ।ਹਿੰਦੂਤਵ ਦੀ ਰਾਜਨੀਤੀ, ਭੀੜ ਦਾ ਰਾਜ, ਇੰਟਰਨੈਟ ਟਰੌਲੰਿਗ ਸਿਰਫ ਚੋਣ ਏਜੰਡਾ ਹੀ ਹੈ।ਇਹਨਾਂ ਸਾਰੇ ਖਤਰਿਆਂ ਦਾ ਸਾਹਮਣਾ ਕਰਨ ਲਈ ਇਕ ਯੋਗ ਲੀਡਰਸ਼ਿਪ ਦਾ ਹੋਣਾ ਬਹੁਤ ਜਰੂਰੀ ਹੈ।