ਦਿੱਲੀ ਦੇ ਉੱਤਰ ਪੂਰਵੀ ਇਲਾਕੇ ਵਿੱਚ ਹੋਈ ਸਮੂਹਿਕ ਹਿੰਸਾ ਨੂੰ ਲੈ ਕੇ ਜੋ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਬਿਆਨ ਤੇ ਸਪਸ਼ਟੀਕਰਨ ਦਿੱਤਾ ਹੈ ਉਸ ਮੁਤਾਬਕ ਇਸ ਹਿੰਸਾ ਦੀ ਜਿੰਮੇਵਾਰੀ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਦੇ ੧੪ ਦਸੰਬਰ ਦੇ ਇੱਕ ਜਨਤਕ ਸਮੂਹ ਨੂੰ ਦਿੱਤੇ ਭਾਸ਼ਨ ਨਾਲ ਜੋੜੀ ਹੈ। ਇਸੇ ਤਰਾਂ ਭਾਰਤੀ ਨਾਗਰਿਕਾਂ ਵੱਲੋਂ ਚਲਾਏ ਜਾ ਰਹੇ ਸਾਂਤੀ ਪੂਰਵਕ ਸ਼ਾਹੀਨ ਬਾਗ ਦੇ ਮੋਰਚੇ ਨੂੰ ਵੀ ਇਸ ਨਾਲ ਜੋੜਨ ਦੀ ਕੋਸ਼ਿਸ ਕੀਤੀ ਹੈ। ਇਥੋਂ ਤੱਕ ਕੇ ਇਸ ਸਮੂਹਿਕ ਹਿੰਸਾ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਨੇ ਇੱਕ ਮੁਸਲਿਮ ਜੱਥੇਬੰਦੀ ਨੂੰ ਇਸ ਦੰਗਿਆਂ ਦਾ ਕਰਤਾ-ਧਰਤਾ ਦਰਸਾਇਆ ਹੈ ਅਤੇ ਇਸ ਪਿੱਛੇ ਪਾਕਿਸਤਾਨ ਨੂੰ ਵੀ ਲਿਆਉਣ ਦੀ ਕੋਸ਼ਿਸ ਕੀਤੀ ਹੈ। ਕੁਝ ਮਿਲਾ ਕੇ ਇਸ ਭਾਸ਼ਨ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਦਿੱਲੀ ਦੀ ਪੁਲੀਸ ਬਹੁਤ ਕਾਮਯਾਬ ਹੈ ਤੇ ਉਸਨੇ ੩੬ ਘੰਟਿਆਂ ਵਿੱਚ ਇਸ ਸਮੂਹਕਿ ਹਿੰਸਾ ਤੇ ਕਾਬੂ ਪਾ ਲਿਆ ਸੀ। ਦਿੱਲੀ ਪੁਲੀਸ ਨੂੰ ਪੂਰੀ ਤਰ੍ਹਾਂ ਬੇਦਾਗ ਦਰਸਾਇਆ ਹੈ। ਇਸ ਸਮੂਹਿਕ ਹਿੰਸਾ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਇਸਦਾ ਮੁੱਢ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਅਤੇ ਖੁਦ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਚੋਣਾਂ ਦੋਰਾਨ ਕੀਤੀਆਂ ਗਈਆਂ ਭੜਕਾਊ ਤਕਰੀਰਾਂ ਤੋਂ ਸ਼ੁਰੂ ਹੋਇਆ ਜਿਸ ਬਾਰੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਵਿੱਚ ਪੂਰੀ ਤਰ੍ਹਾਂ ਚੁੱਪ ਧਾਰੀ ਰੱਖੀ। ਪ੍ਰਸਿੱਧ ਚਿੰਤਕ ਇਹ ਟਿੱਪਣੀਆਂ ਕਰਦੇ ਹਨ ਕਿ ਤਾਨਾਸ਼ਾਹੀ ਵਤੀਰਾ ਤੇ ਉਸ ਨਾਲ ਜੁੜੀਆਂ ਵਿਚਾਰਧਾਰਵਾਂ ਕਦੀ ਇੱਕ ਸੁਰ ਨਹੀਂ ਰਹਿੰਦੀਆਂ ਤੇ ਸਮੇਂ ਨਾਲ ਇੰਨਾ ਨੂੰ ਪ੍ਰਚਾਰਨ ਵਾਲੇ ਨਾਇਕ ਨਵੀਂ ਸ਼ਬਦਾਵਲੀ ਰਾਹੀਂ ਨਵੀਆਂ ਸੇਧਾਂ ਦਿੰਦੇ ਰਹਿੰਦੇ ਹਨ ਤਾਂ ਜੋ ਨਫਰਤ ਤੇ ਧਰਮ ਦੀ ਸਿਆਸਤ ਰਾਹੀਂ ਸੱਤਾ ਦੇ ਗਲਹਿਰਿਆਂ ਵਿੱਚ ਆਪਣੀ ਤਾਕਤ ਅਜ਼ਮਾ ਸਕਣ ਤੇ ਸੱਤਾ ਹਾਸਿਲ ਕਰ ਸਕਣ। ਜੋ ਹੁਣ ਭਾਰਤ ਅੰਦਰ ਰਾਸ਼ਟਰਵਾਦ ਦੀ ਸਿਆਸਤ ਚੱਲ ਰਹੀ ਹੈ। ਇਸਦਾ ਮੁੱਢ ਆਰ.ਐਸ.ਐਸ. ਦੇ ਬਾਨੀ ਸਾਵਰਕਰ ਤੋਂ ਬੰਨਿਆ ਗਿਆ ਸੀ। ਜਿਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਤੋਂ ਬਾਅਦ ਹੀ ਮੁਸਲਮਾਨਾਂ ਨੂੰ ਭਾਰਤ ਨੂੰ ਭਾਰਤ ਅੰਦਰ ਆਪਣਾ ਭਵਿੱਖ ਧੁੰਧਲਾ ਲੱਗਣ ਲੱਗ ਪਿਆ ਸੀ। ਸਾਵਰਕਰ ਤੋਂ ਬਾਅਦ ਗੋਵਾਲਕਰ ਆਇਆ ਜਿਸਨੇ ਭਾਰਤ ਅੰਦਰ ਫਿਕਰੂਵਾਦ ਦੀਆਂ ਤਰੇੜਾਂ ਨੂੰ ਪੱਕਿਆਂ ਕਰ ਦਿੱਤਾ। ਇਸਤੋਂ ਬਾਅਦ ਦੇਸ਼ ਦੇ ਪਿਤਾ ਵਜੋਂ ਜਾਣੇ ਜਾਂਦੇ ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰਨ ਵਾਲੇ ਨੱਥੂ ਰਾਮ ਗੌਡਸੇ ਨੂੰ ਇਸ ਵਿਚਾਰਧਾਰਾ ਨਾਲ ਜੋੜ ਕੇ ਦੇਖਿਆ ਗਿਆ। ਇਸੇ ਤਰਤੀਬ ਵਿੱਚ ਬਾਬਰੀ ਮਸਜਿਦ ਢਾਹੀ ਗਈ ਅਤੇ ਮੁੜ ਕੇ ਭਾਰਤ ਦੀ ਉੱਚ ਨਿਆਇਲਿਆ ਰਾਹੀਂ ਉਸ ਜਗ੍ਹਾ ਦੀ ਮਾਲਕੀ ਵੀ ਹਿੰਦੂਆਂ ਨੂੰ ਦਿਵਾ ਦਿੱਤੀ ਗਈ। ਇੰਨਾ ਸਾਰੀਆਂ ਤੇ ਹੋਰ ਲਿੰਚਿੰਗ ਰਾਹੀਂ ਦਲਿਤਾਂ ਤੇ ਮੁਸਲਮਾਨਾਂ ਦੀ ਹੱਤਿਆ ਕੀਤੀ ਗਈ ਤਾਂ ਜੋ ਗਊ ਰਕਸ਼ਕ ਵਿਚਾਰਧਾਰਾ ਰਾਹੀਂ ਦੇਸ਼ ਅੰਦਰ ਇੱਕ ਵਿਆਪਕ ਡਰ ਤੇ ਭੈਅ ਨੂੰ ਵਿਕਸਤ ਕੀਤਾ ਜਾ ਸਕੇ। ਇਹ ਲੜੀ ਕੋਈ ਛੋਟੀ ਨਹੀਂ ਹੈ ਇਸਦੀਆਂ ਤਾਰਾਂ ਲੰਮੀਆਂ ਹਨ ਕਿਉਂਕਿ ਇਸ ਰਾਹੀਂ ਘੱਟ ਗਿਣਤੀਆਂ ਤੇ ਇੱਕ ਸਹਿਮ ਦਾ ਪ੍ਰਛਾਵਾਂ ਰੱਖਣਾ ਹੈ ਤੇ ਇਹ ਵੀ ਸੁਨੇਹਾ ਦੇਣਾ ਹੈ ਕਿ ਜੇ ਕੋਈ ਇਸ ਰਾਸ਼ਟਰਵਾਦ ਦੇ ਰਾਹ ਵਿੱਚ ਰੋੜਾ ਬਣੇਗਾ ਤਾਂ ਉਸਨੂੰ ਦੇਸ਼ ਦਾ ਗਦਾਰ ਗਰਦਾਨ ਕੇ ਮਿਟਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਜਿਸ ਤਰਾਂ ਦਿੱਲੀ ਅੰਦਰ ਸਮੂਹਿਕ ਹਿੰਸਾ ਹੋਈ ਹੈ ਅਤੇ ਇੱਕ ਘੱਟ ਗਿਣਤੀ ਨੂੰ ਇਸਦਾ ਮੁੱਖ ਨਿਸ਼ਾਨਾ ਬਣਾਇਆ ਗਿਆ ਹੈ ਇਹ ਵੀ ਇਸ ਲੜੀ ਦਾ ਹੀ ਇੱਕ ਹਿੱਸਾ ਸੀ। ਸਿੱਖ ਕੌਮ ਵੀ ਕਿਤੇ ਇਹ ਨਾ ਸੋਚ ਬੈਠੇ ਕੇ ਸਿੱਖਾਂ ਦੀ ਮੁੱਖ ਪ੍ਰਤੀਨਿਧ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਰਾਸ਼ਟਰਵਾਰ ਦੀ ਮੁੱਖ ਨਾਇਕ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਹੈ ਤਾਂ ਅਸੀਂ ਅਜੇ ਸੁਰੱਖਿਅਤ ਹਾਂ। ਇਹ ਸਿਰਫ ਵਹਿਮ ਹੈ।