ਆਪਣੇ ਪਿਛਲੇ ਲੇਖ ਵਿੱਚ ਅਸੀਂ ਪਾਠਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਥਕ ਰਾਜਨੀਤੀ ਵਿੱਚ ਭੁਚਾਲ ਵਰਗੀ ਸਥਿਤੀ ਹੈ। ਹਾਲੇ ਵੀ ਉਹ ਰਾਜਸੀ ਸਥਿਤੀ ਅਕਾਲੀ ਦਲ ਦਾ ਪਿੱਛਾ ਨਹੀ ਛੱਡ ਰਹੀ। ਅਕਾਲੀ ਦਲ ਇਸ ਵੇਲੇ ਆਪਣੀ ਪੁਨਰ ਸੁਰਜੀਤੀ ਅਤੇ ਤਬਾਹੀ ਦੀ ਉਸ ਫੈਸਲਾਕੁੰਨ ਘੜੀ ਵਿੱਚ ਵਿਚਰ ਰਿਹਾ ਹੈ ਜਿਸ ਵਿੱਚ ਕੋਈ ਚੰਗਾ ਫੈਸਲਾ ਉਸਦਾ ਭਵਿੱਖ ਰੌਸ਼ਨ ਕਰ ਸਕਦਾ ਹੈ ਅਤੇ ਪਰਕਾਸ਼ ਸਿੰਘ ਬਾਦਲ ਵਾਂਗ ਪੁੱਟਿਆ ਗਿਆ ਕੋਈ ਵੀ ਕਦਮ ਉਸਦੀ ਮੁੜ ਤੋਂ ਕਬਰ ਖੋਦ ਸਕਦਾ ਹੈ। ਕਬਰ ਤਾਂ ਅਕਾਲੀ ਦਲ ਦੀ ਪਹਿਲਾਂ ਹੀ ਪੁੱਟੀ ਹੋਈ ਹੈ। ਹੁਣ ਜਿਸ ਮੁਕਾਮ ਤੇ ਅਕਾਲੀ ਦਲ ਆਣ ਖੜਾ ਹੋਇਆ ਹੈ ਉਸ ਮੁਕਾਮ ਤੇ ਅਕਾਲੀ ਦਲ ਨੇ ਇਹ ਫੈਸਲਾ ਕਰਨਾ ਹੈ ਕਿ ਕੀ ਬਿਲਕੁਲ ਤਬਾਹ ਹੋਕੇ ਕਿਸੇ ਹੋਰ ਸਿੱਖ ਸੰਸਥਾ ਲਈ ਰਾਹ ਖੋਲਣੇ ਹਨ ਜਾਂ ਫਿਰ ਆਪਣੀਆਂ ਅਤੀਤ ਦੀਆਂ ਗਲਤੀਆਂ ਤੋਂ ਕੁਝ ਸਿੱਖਕੇ ਆਪਣੀ ਤਬਾਹੀ ਨੂੰ ਰੋਕਣਾਂ ਹੈ।

ਭਾਰਤੀ ਜਨਤਾ ਪਾਰਟੀ ਅਤੇ ਮੋਦੀ-ਸ਼ਾਹ ਜੋੜੀ ਜਿਸ ਜੋਰਾਵਰ ਢੰਗ ਨਾਲ ਖੇਤਰੀ ਪਾਰਟੀਆਂ ਨੂੰ ਤਬਾਹ ਕਰਦੀ ਹੋਈ ਦੌੜ ਰਹੀ ਹੈ ਉਸ ਸਥਿਤੀ ਵਿੱਚ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਇਹ ਫੈਸਲਾ ਕਰਨਾ ਹੈ ਕਿ ਕੀ ਮੋਦੀ-ਸ਼ਾਹ ਦੀ ਜੋੜੀ ਦੇ ਮਨਸੂਬਿਆਂ ਅਧੀਨ ਫੈਸਲੇ ਲੈਕੇ ਅਕਾਲੀ ਦਲ ਦੀ ਤਬਾਹੀ ਕਰਵਾਉਣੀ ਹੈ ਜਾਂ ਹਿੱਕ ਡਾਹ ਕੇ ਪੰਥਕ-ਕੌਮਵਾਦ ਜਾਂ ਸਿੱਖ ਰਾਸ਼ਟਰਵਾਦ ਦਾ ਝੰਡਾ ਬੁਲੰਦ ਕਰਨਾ ਹੈ। ਅਕਾਲੀ ਦਲ ਕਦੇ ਵੀ ਭਾਰਤੀ ਰਾਸ਼ਟਰਵਾਦ ਦੀ ਅਧੀਨ ਪਾਰਟੀ ਨਹੀ ਰਹੀ। ਇਸਦੀ ਸਥਾਪਨਾ ਵੀ ਸਿੱਖ ਰਾਸ਼ਟਰਵਾਦ ਦੀ ਉਸਾਰੀ ਕਰਨੀ ਅਤੇ ਉਸ ਕੌਮੀ ਜਾਗਰਤੀ ਨੂੰ ਇਸ ਹੱਦ ਤੱਕ ਮਜਬੂਤ ਕਰਨ ਲਈ ਹੋਈ ਸੀ ਕਿ ਇਤਿਹਾਸ ਦੇ ਕਿਸੇ ਮੋੜ ਤੇ ਜੇ ਸਿੱਖਾਂ ਦੀ ਆਪਣੀ ਪ੍ਰਭੂਸੱਤਾ ਸੰਪੰਨ ਸਟੇਟ ਦੇ ਮੌਕੇ ਪੈਦਾ ਹੁੰਦੇ ਹਨ ਤਾਂ ਅਕਾਲੀ ਦਲ ਨੇ ਉਸ ਦਿਸ਼ਾ ਵਿੱਚ ਕਦਮ ਅੱਗੇ ਵਧਾਉਂਣੇ ਹਨ।

ਅਕਾਲੀ ਦਲ ਪੂਰੀ ਤਰ੍ਹਾਂ ਸਿੱਖ ਕੌਮਵਾਦੀ ਪਾਰਟੀ ਸੀ। 1996 ਵਿੱਚ ਪਰਕਾਸ਼ ਸਿੰਘ ਬਾਦਲ ਨੇ ਵੱਡਾ ਗੁਨਾਹ ਕਰਕੇ ਇਸਨੂੰ ਭਾਰਤੀ ਰਾਸ਼ਟਰਵਾਦ ਦੀ ਪੁੱਠ ਚਾੜ੍ਹਨ ਦਾ ਯਤਨ ਕੀਤਾ। ਅਕਾਲੀ ਦਲ ਨੂੰ ਭਾਜਪਾ ਬਣਾਉਣ ਦਾ ਯਤਨ ਕੀਤਾ। ਸ਼ੇਰ ਤੇ ਖੋਤੇ ਦੀ ਖੱਲ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਕੁਝ ਦੇਰ ਤਾਂ ਉਸ ਤਬਦੀਲੀ ਨੇ ਬੜੇ ਸੁਹਾਵਣੇ ਨਤੀਜੇ ਦਿੱਤੇ ਪਰ ਆਖਰ ਤਾਂ ਉਹ ਭਾਂਡਾ ਭੱਜਣਾਂ ਹੀ ਸੀ। ਕਦੋਂ ਤੱਕ ਸ਼ੇਰ ਖੋਤਾ ਬਣਕੇ ਰਹਿ ਸਕਦਾ ਸੀ। ਖੇਲ੍ਹ ਖਤਮ ਹੋ ਗਿਆ। ਭਾਜਪਾ ਆਪਣੀ ਸਰਕਾਰ ਭਾਰਤ ਵਿੱਚ ਬਣਾ ਗਈ ਹਿੰਦੂ ਰਾਸ਼ਟਰ ਦਾ ਮਜਬੂਤ ਅਧਾਰ ਕਾਇਮ ਕਰਕੇ। ਸਿੱਖਾਂ ਦੀ ਪਾਰਟੀ ਨੇ, ਸਿੱਖ ਰਾਸ਼ਟਰਵਾਦ ਦਾ ਪੱਲਾ ਹੀ ਛੱਡ ਦਿੱਤਾ।

ਹੁਣ ਅਕਾਲੀ ਦਲ ਫਿਰ ਉਸ ਫੈਸਲਾਕੁੰਨ ਘੜੀ ਤੇ ਖੜਾ ਹੈ। ਇੱਕ ਪਾਸੇ ਇਸਦੇ ਲਾਲਚੀ ਲੀਡਰਾਂ ਨੂੰ ਵਿਧਾਇਕਾਂ ਦੀਆਂ ਕੁਰਸੀਆਂ ਅਤੇ ਸੰਸਦ ਮੈਂਬਰਾਂ ਦੇ ਰੋਅਬ ਵਾਲੇ ਦਬਕੇ ਦਿਸਦੇ ਹਨ ਦੂਜੇ ਪਾਸੇ ਅਕਾਲੀ ਦਲ ਦਾ ਭਵਿੱਖ ਖੜ੍ਹਾ ਹੈ। ਜੇ 1996 ਵਾਲੀ ਗਲਤੀ ਅਕਾਲੀ ਦਲ ਹੁਣ ਫਿਰ ਕਰਦਾ ਹੈ ਤਾਂ ਇਸ ਪਾਰਟੀ ਦਾ ਕੋਈ ਭਵਿੱਖ ਨਹੀ ਰਹੇਗਾ। ਜੇ ਅਕਾਲੀ ਲੀਡਰਸ਼ਿੱਪ ਹੁਣ ਪੈਰ ਅੜਾ ਲੈਂਦੀ ਹੈ ਅਤੇ ਲੰਗੜੀਆਂ ਜਿਹੀਆਂ ਕੁਰਸੀਆਂ ਦੇ ਲੋਭ ਤੇ ਮੋਹਿਤ ਨਹੀ ਹੁੰਦੀ ਤਾਂ ਭਵਿੱਖ ਵਿੱਚ ਪੰਜਾਬ ਦਾ ਰਾਜ ਕਮਾ ਸਕਦੀ ਹੈੈ। ਸਿੱਖਾਂ ਦੀ ਕੌਮੀ ਪਾਰਟੀ ਦੇ ਤੌਰ ਤੇ ਉਭਰ ਸਕਦੀ ਹੈ। ਜੇ ਹੁਣ ਭਾਜਪਾ ਦੀ ਖੇਡ ਵਿੱਚ ਫਸਕੇ ਪਰਕਾਸ਼ ਸਿੰਘ ਬਾਦਲ ਵਾਲਾ ਗੁਨਾਹ ਫਿਰ ਕਰਦੀ ਹੈ ਤਾਂ ਇਸਦੀ ਹੋਂਦ ਅੱਗੇ ਸੁਆਲ ਖੜ੍ਹੇ ਹੋ ਜਾਣਗੇ।

ਕੀ ਗਰੰਟੀ ਹੈ ਕਿ ਜਿਹੜੇ ਅੱਜ 46 ਸੀਟਾਂ ਮੰਗ ਰਹੇ ਹਨ ਕੱਲ੍ਹ ਨੂੰ 85 ਨਹੀ ਮੰਗਣਗੇ। ਫਿਰ ਕਿੱਥੇ ਜਾਓਗੇ। ਜੇ ਹੁਣ ਭਾਰਤੀ ਰਾਸ਼ਰਟਵਾਦ ਦੀ ਚੁੰਗਲ ਵਿੱਚੋਂ ਨਿਕਲਕੇ ਸਿੱਖ ਰਾਸ਼ਟਰਵਾਦ ਦਾ ਝੰਡਾ ਬੁਲੰਦ ਕਰੋਗੇ ਤਾਂ ਹੋ ਸਕਦਾ ਹੈ 2027 ਦੀਆਂ ਚੋਣਾਂ ਤੱਕ ਬਹੁਤ ਕੁਝ ਵਾਪਸ ਲੈ ਸਕੋ। ਵਰਨਾ ਭਾਜਪਾ ਵਾਲੇ ਇਸ ਤਰ੍ਹਾਂ ਭਜਾ ਭਜਾ ਕੇ ਮਾਰਨਗੇ ਕਿ ਅਕਾਲੀ ਦਲ ਦੀ ਹੋਂਦ ਵੀ ਨਹੀ ਲੱਭਣੀ।

ਵਕਤ ਹੁਣ ਪੰਥ ਦੇ ਹੱਕ ਵਿੱਚ ਫੈਸਲਾ ਕਰਨ ਦਾ ਹੈ। ਸਿੱਖਾਂ ਨੂੰ ਆਪਣੀ ਸੋਚ ਦਾ ਕੇਂਦਰ ਬਣਾਉਣ ਦਾ ਹੈ। ਆਪਣੀ ਸਰਗਰਮੀ ਸਿੱਖਾਂ ਨੂੰ ਮੁੱਖ ਰੱਖਕੇ ਕਰਨ ਦਾ ਹੈ। ਦਿੱਲੀ ਦਰਬਾਰ ਤੇ ਬੈਠਣ ਵਾਲੇ ਹਜਾਰਾਂ ਆਏ ਅਤੇ ਹਜਾਰਾਂ ਗਏ ਪਰ ਜੇ ਅਕਾਲੀ ਦਲ ਮਜਬੂਤ ਹੋਵੇਗਾ, ਸਿੱਖ ਜਜਬੇ ਦੀ ਤਰਜਮਾਨੀ ਕਰੇਗਾ ਤਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣੇਗਾ। ਫਿਰ ਨਾ ਇੰਦਰਾ ਗਾਂਧੀ ਕੁਝ ਵਿਗਾੜ ਸਕੀ ਨਾ ਮੋਦੀ-ਸ਼ਾਹ ਜੋੜੀ ਕੁਝ ਵਿਗਾੜ ਸਕੇਗੀ। ਇਹ ਸਾਰੇ ਹਾਕਮ ਸਿੱਖਾਂ ਦੀ ਏਕਤਾ ਤੋਂ ਡਰਦੇ ਹਨ। ਪੂਰਾ ਭਾਰਤ ਸਿੱਖਾਂ ਵੱਲ ਦੇਖ ਰਿਹਾ ਹੈ ਅਗਵਾਈ ਲਈ। ਜੇ ਅਕਾਲੀ ਦਲ ਉਹ ਹੀ ਸੰਘਰਸ਼ਾਂ ਦੀ ਪਾਰਟੀ ਬਣ ਜਾਵੇ ਤਾਂ ਪੰਜਾਬ ਕੀ ਭਾਰਤ ਦੀ ਅਗਵਾਈ ਕਰ ਸਕਦਾ ਹੈ। ਲੋੜ ਗੁਰੂ ਵੱਲ ਮੁੱਖ ਕਰਕੇ ਹੱਕ ਸੱਚ ਦੀ ਰਾਜਨੀਤੀ ਕਰਨ ਦੀ ਹੈ।