ਅੱਜ ਦੇ ਭਾਰਤ ਅੰਦਰ ਖਾਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਭਾਰਤ ਦੀ ਆਮ ਜਨਤਾ ਦੇ ਸਾਹਮਣੇ ਇਹ ਪ੍ਰਭਾਵ ਬਣਦਾ ਜਾ ਰਿਹਾ ਹੈ ਅਤੇ ਅੱਜ ਦੀਆਂ ਭਾਰਤੀ ਰਾਜਨੀਤਿਕ ਸਭਾਵਾਂ ਤੇ ਇਥੋਂ ਤੱਕ ਕਿ ਭਾਰਤ ਦੀਆਂ ਸਰਬ–ਉੱਚ ਅਦਾਲਤਾਂ ਤੋਂ ਇਹ ਵਾਰ ਵਾਰ ਸੁਨੇਹਾ ਆ ਰਿਹਾ ਹੈ ਕਿ ਅੱਜ ਦੇ ਭਾਰਤ ਅੰਦਰ ਲੋਕਾ ਵਿੱਚ ਫਿਰਕੂ ਰੰਗਤ ਦੇ ਪ੍ਰਛਾਵੇਂ ਹੇਠ ਕਨੂੰਨ ਦਾ ਸਤਿਕਾਰ ਤੇ ਅਸਰ ਖਿਲਰਦਾ ਜਾ ਰਿਹਾ ਹੈ। ਇਸਦੀ ਤਾਜਾ ਮਿਸਾਲ ੨੦੧੮ ਸਾਲ ਦੇ ਸ਼ੁਰੂ ਵਿੱਚ ਜੰਮੂ ਦੇ ਹੀਰਾ ਨਗਰ ਸ਼ਹਿਰ ਦੇ ਨਾਲ ਵਸਦੇ ਇਕ ਛੋਟੇ ਜਿਹੇ ਪਿੰਡ ਰਸਾਨਾ ਦੀ ਘਟਨਾ ਹੈ ਜਿਸ ਬਾਰੇ ਵਿਸਥਾਰ ਪੂਰਵਕ ਪੂਰਾ ਸਮਾਚਾਰ ਅੱਜ ਚਾਰ ਮਹੀਨਿਆਂ ਬਾਅਦ ਖੁੱਲਣਾ ਸ਼ੁਰੂ ਹੋਇਆ ਹੈ ਜਦੋਂ ਇਸ ਮਾਨਵਤਾ ਦੇ ਘਾਣ ਵਾਲੇ ਵਾਕਿਆ ਬਾਰੇ ਦੋਸ਼ੀ ਮੰਨੇ ਜਾਂਦੇ ਦੋਸ਼ੀਆਂ ਖਿਲਾਫ ਜਿਲ੍ਹਾ ਜੱਜ ਦੇ ਸਾਹਮਣੇ ਚਲਾਨ ਪੇਸ਼ ਕੀਤਾ। ਜਿਸਨੂੰ ਫਿਰਕੂ ਰੰਗਤ ਦੇ ਕੇ ਕਨੂੰਨ ਦੇ ਪਹਿਰੇਦਾਰ ਵਕੀਲਾਂ ਨੇ ਭਾਰਤੀ ਰਾਸ਼ਟਰੀ ਝੰਡੇ ਦੀ ਆੜ ਹੇਠ ਤੇ ਰਾਸ਼ਟਰਵਾਦ ਦੇ ਦਬਕੇ ਨਾਲ ਕਾਨੂੰਨ ਨੂੰ ਆਪਣੀ ਕਾਰਵਾਈ ਕਰਨ ਤੋਂ ਰੋਕਿਆ ਤਾਂ ਜੋ ਦੋਸ਼ਿਆਂ ਦੀ ਹਮਾਇਤ ਖੁੱਲ ਕੇ ਕੀਤੀ ਜਾਵੇ। ਇਸ ਹਮਾਇਤ ਦਾ ਇੱਕ ਹੋਰ ਦੁਖਦਾਈ ਪਹਿਲੂ ਇਹ ਹੈ ਕਿ ਕਾਨੂੰਨ ਪ੍ਰਤੀ ਘਟ ਰਹੇ ਸਤਿਕਾਰ ਦਾ ਪ੍ਰਭਾਵ ਪੈ ਰਿਹਾ ਹੈ ਉਹ ਹੈ ਭਾਰਤ ਦੀ ਰਾਜਸੱਤਾ ਅਤੇ ਜੰਮੂ–ਕਸ਼ਮੀਰ ਦੀ ਰਾਜਸੱਤਾ ਤੇ ਕਾਬਜ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਆਗੂ ਇਸ ਹਮਾਇਤ ਵਿੱਚ ਸ਼ਾਮਿਲ ਹਨ। ਇਹ ਵਾਕਿਆ ਉਹ ਹੈ ਜੋ ਜੰਮੂ ਜਿਲ੍ਹੇ ਵਿੱਚ ਸਾਹਮਣੇ ਆਇਆ ਹੈ ਤੇ ਇਸ ਵਿੱਚ ਇੱਕ ਮਾਸੂਮ ਅੱਠ ਸਾਲਾਂ ਦੀ ਬੱਚੀ ਆਸਿਫਾ ਜੋ ਕਾਬਲੀ ਗੁਜਰ ਤਬਕੇ ਨਾਲ ਸਬੰਧਤ ਸੀ, ਨਾਲ ਮਾਨਵਤਾ ਤੇ ਕਲੰਕ ਲਾਉਣ ਵਾਲਾ ਵਰਤਾਰਾ ਕੀਤਾ ਗਿਆ ਹੈ। ਸ਼ਾਤੀ ਦੇ ਪੁਜਾਰੀ ਦੀ ਦਿੱਖ ਦੱਸਣ ਵਾਲੇ ਦੇਸ਼ ਦੀ ਅੰਦਰੂਨੀ ਮਾਨਸਿਕਤਾ ਨੂੰ ਜ਼ਾਹਰ ਕਰਦਾ ਇਹ ਕਾਰਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਇਸ ਮਾਸੂਮ ਬੱਚੀ ਦੇ ਜਿਸਮ ਨੂੰ ਕੋਹ ਕੋਹ ਕੇ ਹੈਵਾਨੀਅਤ ਦੇ ਪੁਜਾਰੀਆਂ ਵੱਲੋਂ ਨੋਚਿਆਂ ਗਿਆ। ਆਪਣੇ ਹੀ ਇੱਕ ਮੰਦਰ ਵਿੱਚ ਬੇਹੋਸ਼ੀ ਦੀਆਂ ਦਵਾਈਆਂ ਦੇ ਕੇ ਇਸ ਬੱਚੀ ਨੂੰ ਨੋਚਿਆ ਜਾਂਦਾ ਰਿਹਾ ਇਥੋਂ ਤੱਕ ਕਿ ਪੁਲੀਸ ਦੇ ਇੱਕ ਕਰਮਚਾਰੀ ਦੀ ਸ਼ਰੇਆਮ ਭਾਗੀਦਾਰੀ ਸਾਹਮਣੇ ਆਈ ਹੈ ਜਿਸ ਵਿੱਚ ਫੋਨ ਤੇ ਉਸਨੇ ਕਿਹਾ ਹੈ ਇਸ ਮਾਸੂਮ ਨੂੰ ਮਰਨ ਨਾ ਦੇਣਾ ਇਸ ਨੂੰ ਕੁਝ ਦੇਰ ਜਿੰਦਾ ਰੱਖਿਆ ਜਾਵੇ ਤਾਂ ਜੋ ਉਹ ਵੀ ਆਪਣੀ ਹਵਸ ਨੂੰ ਪੂਰਿਆਂ ਕਰ ਸਕੇ। ਇਹ ਕਾਰਾ ਚਾਰ ਮਹੀਨੇ ਬਾਅਦ ਦੁਨੀਆਂ ਸਾਹਮਣੇ ਆਇਆ ਹੋ ਜਦੋ ਜਿਲ੍ਹਾ ਜੱਜ ਸਾਹਮਣੇ ਦੋਸ਼ੀਆਂ ਦਾ ਚਲਾਨ ਪੇਸ਼ ਕੀਤਾ ਗਿਆ ਜਿਸ ਬਾਰੇ ਅੱਜ ਭਾਰਤੀ ਇਨਸਾਫ ਪਸੰਦ ਲੋਕ ਤਾਂ ਸ਼ਰਮਸਾਰ ਹੋਏ ਹਨ ਤੇ ਮਾਨਵਤਾ ਦਾ ਹਿਰਦਾ ਵੀ ਵਲੂੰਧਰਿਆ ਗਿਆ ਹੈ। ਇਸ ਬਾਰੇ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਆਪਣੇ ਬਿਆਨ ਰਾਹੀਂ ਭਾਰਤੀ ਸਰਕਾਰ ਅੱਗੇ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਇਸ ਕੇਸ ਦੀ ਤਫਤੀਸ਼ ਤੇ ਮੁਕੰਮਲਤਾ ਜਲਦੀ ਦੁਨੀਆਂ ਸਾਹਮਣੇ ਲਿਆਂਦੀ ਜਾਵੇ। ਇਥੋਂ ਤੱਕ ਕਿ ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਦੇ ੪੯ ਉਚ ਕੋਟੀ ਦੇ ਸਿਵਲ ਅਧਿਕਾਰੀਆਂ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਮ ਲਿਖੀ ਇੱਕ ਜਨਤਕ ਚਿੱਠੀ ਰਾਹੀਂ ਇਹ ਖਦਸ਼ਾ ਜਹਿਰ ਕੀਤਾ ਹੈ ਕਿ ਅੱਜ ਦਾ ਭਾਰਤ ਇਸ ਪ੍ਰਧਾਨ ਮੰਤਰੀ ਦੀ ਰਹਿਨੁਮਾਈ ਅੰਦਰ ਅਜਿਹੀ ਫਿਰਕੂ ਰੰਗਤ ਵਿੱਚ ਰੰਗਿਆ ਗਿਆ ਹੈ ਕਿ ਅਜਾਦੀ ਤੋਂ ਬਾਅਦ ਅੱਜ ਦਾ ਸਮਾਂ ਕਾਲੇ ਦੌਰ ਵਾਲਾ ਹੈ। ਜਿਸ ਵਿੱਚ ਕਾਨੂੰਨੀ ਵਿਵਸਥਾ, ਰਾਜਨੀਤਿਕ ਸੱਭਿਆਚਾਰ ਖਿਲਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਬਾਰੇ ਅੱਜ ਜਿਉਂ ਜਿਉਂ ਪੁਲੀਸ ਦੀ ਤਫਤੀਸ਼ ਮੀਡੀਆ ਰਾਹੀਂ ਸਾਹਮਣੇ ਆ ਰਹੀ ਹਰ ਇੱਕ ਭਾਰਤੀ ਇਨਸਾਫ ਪਸੰਦ ਇਨਸਾਨ ਆਪਣੇ ਆਲੇ ਦੁਆਲੇ ਤੇ ਬੱਚਿਆਂ ਪ੍ਰਤੀ ਅਣਸੁੱਰਖਿਅਤ ਮਾਹੌਲ ਨੂੰ ਮਹਿਸੂਸ ਕਰ ਰਿਹਾ ਹੈ। ਕਿਉਕਿ ਇਸ ਘਟਨਾ ਰਾਹੀਂ ਇਹ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਿਣਾਉਣੇ ਤੇ ਮਾਨਵਤਾ ਉਪਰ ਕਲੰਕ ਇਸ ਕਾਰੇ ਵਿੱਚ ਕੁੱਝ ਰਾਜਨੀਤਿਕ ਤਾਕਤਾਂ ਅਪਰਾਧੀਆਂ ਦੀ ਹਮਾਇਤ ਤੇ ਖੜੀਆਂ ਹਨ ਤਾਂ ਜੋ ਕਨੂੰਨ ਨੂੰ ਦੋਸ਼ੀਆਂ ਦੀ ਹਮਾਇਤ ਵਿੱਚ ਵਰਤਿਆ ਜਾ ਸਕੇ ਤੇ ਅੱਜ ਵੀ ਉਹਨਾਂ ਦੀ ਹਮਾਇਤ ਵਿੱਚ ਜੰਮੂ ਦੇ ਹੀਰਾ ਨਗਰ ਕਸਬੇ ਵਿੱਚ ਪਰਿਵਾਰਕ ਇਸਤਰੀਆਂ ਵੱਲ਼ੋ ਮਰਨ-ਵਰਤ ਦਾ ਡਰਾਮਾ ਰਚਿਆ ਜਾ ਰਿਹਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇੱਕ ਸਰਵੇਖਣ ਅਨੁਸਾਰ ਬੱਚਿਆਂ ਤੇ ਜਿਆਦਤੀਆਂ ਅਤੇ ਅੱਤਿਆਚਾਰ ਵਿੱਚ ੮੨% ਵਾਧਾ ਹੋਇਆ ਹੈ।