ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਦੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾਹ ਦੇ ਕਾਰਨਾਮਿਆਂ ਨੇ ਸਾਡੇ ਬਜ਼ੁਰਗਾਂ ਵੱਲੋਂ ਆਪਣੇ ਖੂਨ ਨਾਲ ਸਿਰਜੀ ਹੋਈ ਇਸ ਸੰਸਥਾ ਦੇ ਖੋਖਲੇਪਣ ਨੂੰ ਉਜਾਗਰ ਕਰ ਦਿੱਤਾ ਹੈ। ਪੰਥ ਨਾਲ ਵਫਾ ਪੁਗਾਉਣ ਵਾਲੇ ਅਤੇ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਗੁਰਸਿੱਖਾਂ ਦੀ ਪਾਰਟੀ ਕਿਵੇਂ ਸਮੈਕੀਆਂ, ਸਮਗਲਰਾਂ ਅਤੇ ਬਲਾਤਕਾਰੀਆਂ ਦੀ ਪਾਰਟੀ ਵਿੱਚ ਤਬਦੀਲ ਹੋ ਗਈ ਹੈ, ਇਸ ਨੇ ਖਾਲਸਾ ਪੰਥ ਸਾਹਮਣੇ ਨਵੇਂ ਸੁਆਲ ਖੜ੍ਹੇ ਕਰ ਦਿੱਤੇ ਹਨ। ਪਹਿਲਾਂ ਇਸ ਪਾਰਟੀ ਦੇ ਮੌਜੂਦਾ ਰਹਿਬਰਾਂ ਨੇ ਅਕਾਲੀ ਦਲ ਵਿੱਚੋਂ ਕਿਰਪਾਨਧਾਰੀ ਅਤੇ ਕੇਸਾਂ ਵਾਲੇ ਲੋਕਾਂ ਦਾ ਵਢਾਂਗਾ ਸ਼ੁਰੂ ਕੀਤਾ ਅਤੇ ਉਸ ਸਮੁੱਚੀ ਧਾਰਾ ਨੂੰ ਅਕਾਲੀ ਖੇਮੇ ਵਿੱਚੋਂ ਬਾਹਰ ਕੱਢ ਕੇ ਅਜਿਹੇ ਲੋਕਾਂ ਦੀ ਭਰਤੀ ਪਾਰਟੀ ਵਿੱਚ ਸੁਚੇਤ ਤੌਰ ਤੇ ਕੀਤੀ ਗਈ ਜੋ ਅਯਾਸ਼ ਅਤੇ ਕਿਰਦਾਰ ਪੱਖੋਂ ਹੀਣੇ ਸਨ। ਜੇ ਕੋਈ ਵਿਅਕਤੀ ਪਾਰਟੀ ਵਿੱਚ ਦਸਤਾਰਧਾਰੀ ਅਤੇ ਅੰਮ੍ਰਿਤਧਾਰੀ ਰਹਿ ਗਿਆ ਸੀ ਤਾਂ ਉਹ ਕਿਰਦਾਰ ਪੱਖੋਂ ਸੁਚਾ ਸਿੰਘ ਲੰਗਾਹ ਵਰਗਾ ਹੀ ਸੀ।

ਸੂਰਮਿਆਂ ਦੀ ਪਾਰਟੀ ਨੂੰ ਕਿਵੇਂ ਬਲਾਤਕਾਰੀਆਂ ਦੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਬਾਰੇ ਨਾ ਕੇਵਲ ਖੁੱਲ੍ਹ ਕੇ ਵਿਚਾਰਾਂ ਹੋਣਆਿਂ ਚਾਹੀਦੀਆਂ ਹਨ ਬਲਕਿ ਉਨ੍ਹਾਂ ਸ਼ਖਸ਼ੀਅਤਾਂ ਦੀ ਵੀ ਪਹਿਚਾਣ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਪੰਥਕ ਪਾਰਟੀ ਨਾਲ ਇਸ ਤਰ੍ਹਾਂ ਦਾ ਵਤੀਰਾ ਅਪਣਾਇਆ ਅਤੇ ਇੱਕ ਸੱਚੀ ਸੁੱਚੀ ਪਾਰਟੀ ਨੂੰ ਕਿਰਦਾਰ ਪੱਖੋਂ ਹੀਣੀ ਬਣਾ ਕੇ ਧਰ ਦਿੱਤਾ ਗਿਆ।

ਬੇਸ਼ੱਕ ਅਕਾਲੀ ਦਲ ਦੇ ਮੌਜੂਦਾ ਪ੍ਰਬੰਧਕ ਇਹ ਸ਼ੇਖੀ ਮਾਰਦੇ ਹੋਣਗੇ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ੧੫ ਸਾਲਾਂ ਤੱਕ ਪੰਜਾਬ ਵਿੱਚ ਰਾਜ ਕੀਤਾ ਹੈ ਅਤੇ ਸਿੱਖ ਦੁਸ਼ਮਣ ਕਾਂਗਰਸ ਨੂੰ ਪੰਜਾਬ ਵਿੱਚੋਂ ਖਦੇੜ ਕੇ ਰੱਖਿਆ, ਪਰ ਇਸ ਰਾਜ ਦੌਰਾਨ ਕੁਝ ਵੀ ਅਜਿਹਾ ਨਹੀ ਕੀਤਾ ਗਿਆ ਜੋ ਕਾਂਗਰਸ ਨਾਲੋਂ ਵੱਖਰਾ ਹੋਵੇ। ਬਲਕਿ ਅਕਾਲੀ ਰਾਜ ਦੇ ਤਜ਼ਰਬੇ ਤੋਂ ਆਖਿਆ ਜਾ ਸਕਦਾ ਹੈ ਕਿ ਜਿੰਨਾ ਨੁਕਸਾਨ ਅਕਾਲੀ ਦਲ ਨੇ ਸਿੱਖਾਂ ਦਾ ਅਤੇ ਪੰਜਾਬ ਦਾ ਕੀਤਾ ਹੈ ਸ਼ਾਇਦ ਕਾਂਗਰਸ ਵੀ ਨਾ ਕਰ ਸਕਦੀ।

ਸਿੱਖਾਂ ਦਾ ਸਭ ਤੋਂ ਪਵਿੱਤਰ ਗਰੰਥ ਸਾਹਿਬ ਜੇ ਖੂਹਾਂ ਟੋਭਿਆਂ ਵਿੱਚ ਰੁਲਿਆ ਤਾਂ ਇਹ ਅਕਾਲੀਆਂ ਦੇ ਰਾਜ ਵਿੱਚ ਹੀ ਸੰਭਵ ਹੋ ਸਕਿਆ। ਜੇ ਸ਼ਾਂਤਮਈ ਜਾਪ ਕਰਦੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਤਾਂ ਇਹ ਵੀ ਅਕਾਲੀ ਦਲ ਦੇ ਰਾਜ ਵਿੱਚ ਹੀ ਹੋਇਆ।

ਕਾਂਗਰਸ ਦੇ ਹੁਕਮਾਂ ਤੇ ਪੰਜਾਬ ਵਿੱਚ ਸਿੱਖਾਂ ਦਾ ਬੇਕਿਰਕ ਕਤਲੇਆਮ ਹੋਇਆ, ਉਸ ਕਤਲੇਆਮ ਨੂੰ ਆਪਣੇ ਹੱਥੀਂ ਕਰਨ ਵਾਲੇ ਸਾਰੇ ਜਾਲਮ ਪੁਲਿਸ ਅਫਸਰ ਅਕਾਲੀ ਦਲ ਦੀ ਗੋਦ ਦਾ ਨਿੱਘ ਮਾਣਦੇ ਰਹੇ। ਜਿਨ੍ਹਾਂ ਨੂੰ ਆਪਣੇ ਸਾਰੀ ਜਿੰਦਗੀ ਜੇਲ੍ਹਾਂ ਵਿੱਚ ਗੁਜ਼ਾਰਨੀ ਚਾਹੀਦੀ ਸੀ ਉਹ ਹਾਲੇ ਵੀ ਮਹੱਤਵਪੂਰਨ ਅਹੁਦਿਆਂ ਤੇ ਬੈਠਕੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੇ ਡਰਾਮੇ ਕਰ ਰਹੇ ਹਨ।

ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਜੇ ਕਿਸੇ ਧਿਰ ਦਾ ਸਭ ਤੋਂ ਵੱਧ ਕਚੂੰਭਰ ਕੱਢਿਆ ਤਾਂ ਉਹ ਸਿੱਖੀ ਨੂੰ ਪ੍ਰਣਾਏ ਹੋਏ ਨੌਜਵਾਨਾਂ ਅਤੇ ਪੰਥ ਦਰਦੀ ਸਿੱਖਾਂ ਦਾ ਸੀ। ਪੈਰ ਪੈਰ ਤੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਗਈ ਅਤੇ ਅਜਿਹਾ ਸੱਭਿਆਚਾਰ ਸਿਰਜਿਆ ਗਿਆ ਜਿਸ ਵਿੱਚ ਅੰਮ੍ਰਿਤਧਾਰੀ ਅਤੇ ਸਿੱਖੀ ਇਖਲਾਕ ਵਾਲੇ ਲੀਡਰਾਂ ਲਈ ਕੋਈ ਥਾਂ ਨਹੀ ਰਹਿਣ ਦਿੱਤੀ ਗਈ। ਅਜਿਹੇ ਲੋਕਾਂ ਨੂੰ ਅਕਾਲੀ ਦਲ ਵਿਚ ਮਾਣ ਅਤੇ ਸਤਿਕਾਰ ਦਿੱਤਾ ਗਿਆ ਜਿਨ੍ਹਾਂ ਦਾ ਕਿਰਦਾਰ ਪਹਿਲੇ ਦਿਨ ਤੋਂ ਸ਼ੱਕੀ ਸੀ।

ਸੁੱਚਾ ਸਿੰਘ ਲੰਗਾਹ ਦੇ ਘਟਨਾਕ੍ਰਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਕੋਈ ਕੱਲੀ ਕਹਿਰੀ ਘਟਨਾ ਨਹੀ ਹੈ ਬਲਕਿ ਅਕਾਲੀ ਦਲ ਦਾ ਸਮੁੱਚਾ ਢਾਂਚਾ ਹੀ ਸੁਚਾ ਲੰਗਾਹ ਵਰਗੇ ਲੋਕਾਂ ਨਾਲ ਭਰਿਆ ਪਿਆ ਹੈ।

ਇਸ ਮੌਕੇ ਸਿਰਫ ਇਹ ਹੀ ਨਹੀ ਬਣਦਾ ਕਿ ਇੱਕ ਦਾਗੀ ਬੰਦੇ ਨੂੰ ਪਾਰਟੀ ਵਿੱਚੋਂ ਬਾਹਰ ਕੱਢਕੇ ਆਪ ਸੁਰਖਰੂ ਹੋ ਜਾਵੋ, ਬਲਕਿ ਸਮਾਂ ਇਹ ਮੰਗ ਕਰਦਾ ਹੈ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਸਮੇਤ ਪ੍ਰਧਾਨ ਅਤੇ ਸਰਪ੍ਰਸਤ ਅਸਤੀਫੇ ਦੇਕੇ ਘਰ ਬੈਠ ਜਾਣ ਅਤੇ ਸਾਡੇ ਬਜ਼ੁਰਗਾਂ ਦੀ ਇਸ ਪਾਰਟੀ ਦੀ ਵਾਗਡੋਰ ਨਵੇਂ ਅਤੇ ਜਜਬੇ ਵਾਲੇ ਅੰਮ੍ਰਿਤਧਾਰੀ ਨੌਜਵਾਨਾਂ ਦੇ ਹੱਥ ਵਿੱਚ ਫੜਾ ਦਿੱਤੀ ਜਾਵੇ। ਮੌਜੂਦਾ ਅਕਾਲੀ ਦਲ ਦਾ ਬਿਲਕੁਲ ਸਫਾਇਆ ਕਰਕੇ ਨਵੀਂ ਸੋਚ ਵਾਲੇ ਗੁਰਸਿੱਖ ਨੌਜਵਾਨ, ਜਿਨ੍ਹਾਂ ਦਾ ਕਿਰਦਾਰ ਸੁਚਾ ਸਿੰਘ ਲੰਗਾਹ ਵਰਗਾ ਨਾ ਹੋਵੇ ਉਨ੍ਹਾਂ ਨੂੰ ਅਕਾਲੀ ਦਲ ਦੀ ਵਾਗਡੋਰ ਸੌਂਪ ਕੇ ਸਾਰੀ ਮੌਜੂਦਾ ਲੀਡਰਸ਼ਿੱਪ ਘਰ ਬੈਠ ਜਾਵੇ ਅਤੇ ਅਕਾਲੀ ਦਲ ਦੀ ਕਾਇਆਕਲਪ ਦੇ ਪ੍ਰਜੈਕਟ ਨੂੰ ਸੱਚੇ ਦਿਲੋਂ ਮਨਜੂਰ ਕਰ ਲਵੇ।

ਹੋ ਸਕਦਾ ਹੈ ਕਿ ਘੱਟ ਤਜ਼ਰਬਾ ਹੋਣ ਕਾਰਨ ਸਿੱਖ ਨੌਜਵਾਨ ਛੇਤੀ ਕੀਤੇ ਕੋਈ ਚੋਣ ਨਾ ਜਿੱਤ ਸਕਣ ਪਰ ਉਹ ਸਿੱਖੀ ਦੇ ਕਿਰਦਾਰ ਨੂੰ ਬਚਾਉਣ ਵਿੱਚ ਕਾਮਯਾਬ ਹੋ ਜਾਣਗੇ ਜੋ ਕਿ ਅਕਾਲੀ ਦਲ ਦਾ ਅਸਲ ਨਿਸ਼ਾਨਾ ਹੈ।