੨੬ ਜਨਵਰੀ ਨੂੰ ਭਾਰਤ ਆਪਣਾਂ ਗਣਤੰਤਰ ਦਿਵਸ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਉਂਦਾ ਹੈ। ਹਰ ਸਾਲ ਦਿੱਲੀ ਦੇ ਲਾਲ ਕਿਲੇ ਤੇ ਦੇਸ਼ ਦੇ ਰਾਸ਼ਟਰਪਤੀ ਤਿਰੰਗਾ ਝੰਡਾ ਲਹਿਰਾਉਂਦੇ ਹਨ, ਭਾਰਤੀ ਫੌਜ ਦੇਸ਼ ਦੇ ਰਾਸ਼ਟਰਪਤੀ ਨੂੰ ਸਲਾਮੀ ਦੇਂਦੀ ਹੈ, ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆਏ ਲੋਕ ਦੇਸ਼ ਦੀ ‘ਅਨੇਕਤਾ ਵਿੱਚ ਏਕਤਾ’ ਦੀਆਂ ਝਾਕੀਆਂ ਪੇਸ਼ ਕਰਦੇ ਹਨ ਅਤੇ ਤਿੰਨ ਵਾਰ ਜੈ ਹਿੰਦ ਦੇ ਨਾਅਰੇ ਗਜਾ ਕੇ ਦੇਸ਼ ਵਾਸੀ ਹੋਣ ਦੇ ‘ਗੌਰਵ’ ਨੂੰ ਚਤਾਰਿਆ ਜਾਂਦਾ ਹੈ। ਹਰ ਵਾਰ ਦੇਸ਼ ਵਾਸੀਆਂ ਦੇਸ਼ ਦੀ ਸੱਤਾ ਦਾ ਆਨੰਦ ਮਾਣ ਰਹੇ ਲੋਕਾਂ ਵੱਲੋਂ ਉਪਦੇਸ਼ ਦਿੱਤਾ ਜਾਂਦਾ ਹੈ ਕਿ ਇਹ ਦੇਸ਼ ਇੱਕਸੁਰ ਇਕਾਈ ਹੈ ਅਤੇ ਇੱਥੇ ਕਿਸੇ ਨਾਲ ਵੀ ਭੇਦ ਭਾਵ ਨਹੀ ਕੀਤਾ ਜਾਂਦਾ। ਦੇਸ਼ ਦਾ ਹਰ ਨਾਗਰਿਕ ਕਨੂੰਨ ਦੇ ਸਾਹਮਣੇ ਇੱਕ ਹੈ ਅਤੇ ਸਾਰੇ ਇਸ ਦੇਸ਼ ਦੇ ਬੱਚੇ ਬੱਚੀਆਂ ਹਨ।

੬੭ ਸਾਲਾਂ ਬਾਅਦ ਅੱਜ ਭਾਰਤ ਵਿੱਚ ਸੁਆਲ ਪੁੱਛਿਆ ਜਾ ਰਿਹਾ ਹੈ ਕਿ ਕੀ ਦੇਸ਼ ਸੱਚਮੁੱਚ ਇੱਕ ਹੈ? ਕੀ ਦੇਸ਼ ਦਾ ਹਰ ਨਾਗਰਿਕ ਸੱਚਮੁੱਚ ਦੇਸ਼ ਦੇ ਕਨੂੰਨ ਸਾਹਮਣੇ ਇੱਕ ਹੈ? ਕੀ ਦੇਸ਼ ਵਿੱਚ ਕਿਸੇ ਨਾਲ ਉਸਦੇ ਰੰਗ, ਨਸਲ ਅਤੇ ਧਰਮ ਜਾਤ ਕਰਕੇ ਸੱਚਮੁੱਚ ਹੀ ਵਿਤਕਰਾ ਨਹੀ ਹੁੰਦਾ?

ਸੁਆਲ ਬਹੁਤ ਤਿੱਖੇ ਹਨ ਅਤੇ ਇਨ੍ਹਾਂ ਦੇ ਜੁਆਬ ਵੀ ਕਾਫੀ ਤਿੱਖੇ ਹੀ ਆ ਰਹੇ ਹਨ। ੬੭ ਸਾਲਾਂ ਦੀ ਉਮਰ ਦਾ ਗਣਤੰਤਰ ਅੱਜ ਕਿਹੋ ਜਿਹਾ ਗਣਤੰਤਰ ਬਣ ਗਿਆ ਹੈ ਇਸਦਾ ਅੰਦਾਜ਼ਾ ਅਸੀਂ ਦੇਸ਼ ਦੇ ਵਿਦਵਾਨਾਂ ਵਿੱਚ ਚੱਲ ਰਹੀ ਬਹਿਸ ਤੋਂ ਲਗਾ ਸਕਦੇ ਹਾਂ। ਦੇਸ਼ ਨੂੰ ਅਗਵਾਈ ਦੇਣ ਵਾਲੇ ਦੋ ਤਰ੍ਹਾਂ ਦੇ ਲੋਕ ਹਨ ਅਤੇ ਦੋਵਾਂ ਦੇ ਦੇਸ਼ ਵੱਖੋ ਵੱਖਰੇ ਹਨ। ਦੇਸ਼ ਨੂੰ ਅਗਵਾਈ ਦੇਣ ਵਾਲੀ ਇੱਕ ਧਿਰ ਰਾਜਸੀ ਨੇਤਾਵਾਂ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਦੇਸ਼ ਦੀ ‘ਸੇਵਾ’ ਕਰਨ ਵਾਲੀ ਉਚ ਅਫਸਰਸ਼ਾਹੀ ਦੀ ਹੈ ਜਿਸਨੇ ਦੇਸ਼ ਦੀ ਸੱਤਾ ਨੂੰ ਹਥਿਆ ਕੇ ਸਾਰੀ ਮਲਾਈ ਛਕ ਲਈ ਹੈ। ਦੂਜੇ ਪਾਸੇ ਉਹ ਲੋਕ ਹਨ ਜੋ ਵਿਦਵਾਨ ਹਨ, ਜੋ ਤਿਲ ਤਿਲ ਕਰਕੇ ਕਿਰ ਰਹੇ ਅਤੇ ਮਰ ਰਹੇ ਦੇਸ਼ ਦੀ ਅਧੋਗਤੀ ਤੇ ਕਲਮ ਵਹਾ ਰਹੇ ਹਨ। ਦੋਵਾਂ ਦਾ ਭਾਰਤ ਵੱਖਰਾ ਹੈ। ਦੇਸ਼ ਦੀ ਸਿਆਸੀ ਵਾਗਡੋਰ ਸਾਂਭ ਕੇ ਮਲਾਈਆਂ ਛਕਣ ਵਾਲੇ ਵਰਗ ਲਈ ਭਾਰਤ ਤੋਂ ਵੱਡਾ ਕੋਈ ਸਵਰਗ ਨਹੀ ਹੈ। ਉਹ ਇੱਕ ਦੂਜੇ ਤੋਂ ਅੱਗੇ ਹੋਕੇ ਦੇਸ਼ ਦੇ ਹੱਕ ਵਿੱਚ ਸਿਫਤਾਂ ਦੇ ਪੁਲ ਬੰਨ੍ਹ ਰਹੇ ਹਨ ਕਿਉਂਕਿ ਦੇਸ਼ ਨੇ ਉਨ੍ਹਾਂ ਨੂੰ ਹਰ ਉਹ ਕੁਝ ਦੇ ਦਿੱਤਾ ਹੈ ਜਿਸਦੇ ਉਹ ਲਾਇਕ ਵੀ ਨਹੀ ਸਨ। ਦੂਜੇ ਪਾਸੇ ਉਹ ਲੋਕ ਹਨ ਜੋ ਵਿਦਵਾਨ ਹਨ ਜੋ ਸਹਿਜ ਦਾ ਜੀਵਨ ਜੀਅ ਰਹੇ ਹਨ ਅਤੇ ਜੋ ਸੱਚਮੁੱਚ ਹੀ ਦੇਸ਼ ਨੂੰ ਅਸਲ ਅਰਥਾਂ ਵਿੱਚ ਗਣਤੰਤਰ ਬਣਾਉਣਾਂ ਲੋਚਦੇ ਹਨ, ਪਰ ਜਿਨ੍ਹਾਂ ਦੀ ਅਵਾਜ਼ ਸਿਆਸੀ ਦਹਿਸ਼ਤ ਨਾਲ ਦਬਾ ਦਿੱਤੀ ਜਾਂਦੀ ਹੈ। ਜੋ ਹੁਣ ਇਸ ਗਣਤੰਤਰ ਵਿੱਚ ਮਨੁੱਖ ਨਹੀ ਰਹੇ ਬਲਕਿ ਇੱਕ ਵੋਟ ਬਣਕੇ ਰਹਿ ਗਏ ਹਨ, ਜਿਨ੍ਹਾਂ ਦੀ ਸਵੈ ਪਹਿਚਾਣ ਵੀ ਸਿਆਸਤ ਦੇ ਭੇਟ ਚੜ੍ਹਾ ਦਿੱਤੀ ਗਈ ਹੈ। ਅਜਿਹੇ ਲੋਕਾਂ ਦਾ ਭਾਰਤ ਬਿਲਕੁਲ ਵੱਖਰਾ ਹੈ।

੨੬ ਜਨਵਰੀ ਨੂੰ ਉਤਰੀ ਭਾਰਤ ਵਿੱਚ ਸਭ ਤੋਂ ਜਿਆਦਾ ਪੜ੍ਹੇ ਜਾਂਦੇ ਅੰਗਰੇਜ਼ੀ ਦੇ ਅਖਬਾਰ ‘ਦੀ ਟ੍ਰਿਬਿਉਨ’ ਵਿੱਚ ਦੋ ਲੇਖ ਛਪੇ ਹਨ। ਇਨ੍ਹਾਂ ਲੇਖਾਂ ਦੇ ਲਿਖਾਰੀ ਉਪਰ ਵਰਨਣ ਕੀਤੀਆਂ ਦੋ ਵੰਨਗੀਆਂ ਨਾਲ ਸਬੰਧ ਰੱਖਦੇ ਹਨ। ਇੱਕ ਸ਼ਖਸ਼ ਉਹ ਹੈ ਜਿਸਨੇ ਦੇਸ਼ ਦੀ ਸਿਆਸੀ ਲੀਡਰਸ਼ਿੱਪ ਨਾਲ ਰਲਕੇ ਦੇਸ਼ ਦੀ ਖੂਬ ‘ਸੇਵਾ’ ਕੀਤੀ ਹੈ ਅਤੇ ਦੂਜਾ ਸ਼ਖਸ਼ ਉਹ ਹੈ ਜੋ ਕਿਸੇ ਵੱਡੀ ਯੂਨੀਵਰਸਿਟੀ ਵਿੱਚ ਬੈਠਾ ਪਲ ਪਲ ਖਿੰਡ ਰਹੇ ਅਤੇ ਦਹਿਸ਼ਤੀ ਹੋ ਰਹੇ ਦੇਸ਼ ਨੂੰ ਦੇਖ ਰਿਹਾ ਹੈ। ਦੋਵਾਂ ਦਾ ਭਾਰਤ ਵੱਖੋ ਵੱਖਰਾ ਹੈ। ਦੋਵਾਂ ਲਈ ਗਣਤੰਤਰ ਦੇ ਅਰਥ ਵੱਖਰੇ ਹਨ। ਮਹਿਜ਼ ਵੱਖਰੇ ਹੀ ਨਹੀ ਬਲਕਿ ਬਿਲਕੁਲ ਹੀ ਉਲਟ ਹਨ। ਦੋਵਾਂ ਦੇ ਵੱਖਰੇ ਭਾਰਤ ਦੀ ਤਸਵੀਰ ਸਾਨੂੰ ਉਨ੍ਹਾਂ ਦੇ ਸਿਰਲੇਖ ਵਿੱਚੋਂ ਹੀ ਲੱਭ ਪੈਂਦੀ ਹੈ।

ਪਹਿਲਾ ਲੇਖ ਸੇਵਾ ਮੁਕਤ ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ ਦਾ ਹੈ ਜੋ ਅੰਡੇਮਨ-ਨਿਕੋਬਾਰ ਦੀਪ ਸਮੂਹ ਅਤੇ ਪੂਂਡੀਚਰੀ ਦੇ ਸਾਬਕਾ ਗਵਰਨਰ ਰਹੇ ਹਨ। ਉਨ੍ਹਾਂ ਦੇ ਲੇਖ ਦਾ ਸਿਰਲੇਖ ਹੈ,’ਪਰੇਡ ਤੋਂ ਵਧਕੇ ਕੁਝ ਹੋਰ, ਇੱਕ ਗਣਤੰਤਰ ਦਾ ਗੌਰਵ’ (More than a parade, a Republic’s pride) ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ ਦਾ ਆਖਣਾਂ ਹੈ ਕਿ, ਦੇਸ਼ ਨੇ ਨੇਸ਼ਨ ਸਟੇਟ ਬਣਨ ਵੱਲ ਬਹੁਤ ਮਜਬੂਤ ਕਦਮ ਵਧਾ ਲਏ ਹਨ ਇਸ ਲਈ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਮੁਲਕ ਆਪਣੀ ਉਸ ਬਹਾਦਰ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ ਜੋ ਜਮਹੂਰੀਅਤ ਦੀਆਂ ਨੀਹਾਂ ਦੀ ਰਾਖੀ ਲਈ ਤਤਪਰ ਹੈ। ਉਹ ਇਹ ਵੀ ਆਖਦੇ ਹਨ ਕਿ ਗਣਤੰਤਰ ਦਿਵਸ ਦੀ ਪਰੇਡ ਸਾਡੇ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦੀ ਹੈ। ਇਸ ਰਵਾਇਤ ਨੇ ਸਾਨੂੰ ਆਪਣੀ ਸਮਾਜਕ, ਸੱਭਿਆਚਾਰਕ, ਆਰਥਕ ਅਤੇ ਫੌਜੀ ਤਾਕਤ ਨੂੰ ਇੱਕੋ ਜਗ੍ਹਾ ਦਰਸਾਉਣ ਦਾ ਮੌਕਾ ਦਿੱਤਾ ਹੈ। ਭੁਪਿੰਦਰ ਸਿੰਘ ਦਾ ਆਖਣਾਂ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਜਿਵੇਂ ਛੱਤੀਸਗੜ੍ਹ ਅਤੇ ਈਟਾਨਗਰ ਤੋਂ ਆਈਆਂ ਝਾਕੀਆਂ ਦੇਸ਼ ਦੀ ਏਕਤਾ ਅਤੇ ਇੱਕਸੁਰਤਾ ਨੂੰ ਦਰਸਾਉਂਦੀਆਂ ਹਨ। ਜਨਰਲ ਸਿੰਘ ਦਾ ਕਹਿਣਾਂ ਹੈ ਕਿ ਫੌਜੀ ਸ਼ਕਤੀ ਅਤੇ ਦੇਸ਼ ਦੀ ਵਿਭਿੰਨਤਾ ਨੂੰ ਇੱਕੋ ਜਗ੍ਹਾ ਪੇਸ਼ ਕਰਨ ਦਾ ਮਤਲਬ ਹੀ ਦੇਸ਼ ਦੇ ਮਹਾਨ ਗੌਰਵ ਨੂੰ ਪੇਸ਼ ਕਰਨਾ ਹੈ ਜੋ ਦੇਸ਼ ਦੇ ਹਰ ਨਾਗਰਿਕ ਦਾ ਮਾਣ ਹੈ। ਇਹ ਵਿਚਾਰ ਹਨ ਇੱਕ ਸਿੱਖ ਫੌਜੀ ਜਰਨੈਲ ਦੇ ਜਿਸਨੇ ਆਪਣੀ ਨੌਕਰੀ ਤੋਂ ਬਾਅਦ ਸਿਆਸੀ ਸ਼ਕਤੀ ਦੇ ਵੀ ਨਜ਼ਾਰੇ ਲਏ ਹਨ।

ਦੂਜੇ ਪਾਸੇ ੨੬ ਜਨਵਰੀ ਨੂੰ ਹੀ ‘ਦੀ ਟ੍ਰਿਬਿਊਨ’ ਵਿੱਚ, ਇਤਿਹਾਸ ਅਤੇ ਰਾਜਨੀਤੀ ਸ਼ਾਸ਼ਤਰ ਦੇ ਉ%ਘੇ ਪ੍ਰੋਫੈਸਰ ਗੋਪਾਲਕ੍ਰਿਸ਼ਨ ਗਾਂਧੀ ਦਾ ਲੇਖ ਛਪਿਆ ਹੈ। ਉਨ੍ਹਾਂ ਦੇ ਲੇਖ ਦਾ ਸਿਰਲੇਖ ਹੈ, ‘ਮਹਿਜ਼ ਨਾਅ ਦਾ ਗਣਤੰਤਰ?’ (A Republic by name?) ਪ੍ਰੋਫ਼ੈਸਰ ਗੋਪਾਲਕ੍ਰਿਸ਼ਨ ਗਾਂਧੀ ਨੇ ਆਪਣੀਆਂ ਅੱਖਾਂ ਵਿੱਚੋਂ ਹੰਝੂ ਕੇਰਦੇ ਹੋਏ ਲਿਖਿਆ ਹੈ ਕਿ ਅੱਜ ਅਸੀਂ ਉਸ ਦੇਸ਼ ਵਿੱਚ ਰਹਿ ਰਹੇ ਹਾਂ ਜਿਸ ਵਿੱਚ ਮਨੁੱਖ ਨੂੰ ਮਹਿਜ਼ ਗਿਣਤੀ ਦਾ ਇੱਕ ਹਿੰਦਸਾ ਬਣਾ ਦਿੱਤਾ ਗਿਆ ਹੈ। ਉਹ ਹੁਣ ਮਨੁੱਖ ਨਹੀ ਰਿਹਾ ਬਲਕਿ ਇੱਕ ਹਿੰਦਸਾ ਬਣਕੇ ਰਹਿ ਗਿਆ ਹੈ। ਉਹ ਆਖਦੇ ਹਨ ਕਿ ਕੋਈ ਸਮਾਂ ਸੀ ਜਦੋਂ ‘ਜੈ ਹਿੰਦ’ ਦਾ ਨਾਅਰਾ ਦੇਸ਼ ਵਾਸੀਆਂ ਵਿੱਚ ਭਾਈਚਾਰੇ ਦੇ ਭਾਵ ਪੈਦਾ ਕਰਦਾ ਸੀ। ਉਨ੍ਹਾਂ ਵਿੱਚ ਇੱਕ ਪਰਿਵਾਰ ਦੇ ਮੈਂਬਰ ਹੋਣ ਦਾ ਗੌਰਵ ਪੈਦਾ ਹੁੰਦਾ ਸੀ ਪਰ ਹੁਣ ਇਹ ਨਾਅਰਾ ਮਨੁੱਖਾਂ ਨੂੰ ਮਹਿਜ਼ ਹਿੰਦਸੇ ਬਣਾਉਣ ਦਾ ਕੰਮ ਕਰ ਰਿਹਾ ਹੈ।

ਉਹ ਹੁਣੇ ਜਿਹੇ ਦੇਸ਼ ਦੇ ਇੱਕ ਦਲਿਤ ਵਿਦਵਾਨ ਵੱਲੋਂ ਇਸ ਸਿਸਟਮ ਦੇ ਨਿਰੰਤਰ ਤਸੀਹਿਆਂ ਤੋਂ ਤੰਗ ਆਕੇ ਕੀਤ ਖੁਦਕੁਸ਼ੀ ਵੱਲ ਇਸ਼ਾਰਾ ਕਰਕੇ ਸੁਆਲ ਕਰਦੇ ਹਨ ਕਿ, “ਕੀ ਅਸੀਂ ਅੱਜ ਜੋ ਮਨੁੱਖ ਕਹਾ ਰਹੇ ਹਾਂ, ਬਿਲਕੁਲ ਖਾਲੀ ਤਾਂ ਨਹੀ ਹੋ ਗਏ? ਕੀ ਅਸੀਂ ਆਪਣੇ ਖਾਲੀਪਣ ਤੋਂ ਵੀ ਅਣਜਾਣ ਤਾਂ ਨਹੀ ਬਣ ਗਏ? ਕੀ ਇਸੇ ਲਈ ਅਸੀਂ ਦੂਜਿਆਂ ਦੇ ਖਾਲੀਪਣ ਨੂੰ ਦੂਰ ਕਰਨ ਤੋਂ ਅਸਮਰਥ ਤਾਂ ਨਹੀ ਹੋ ਗਏ? ਕੀ ਰੋਹਿਤ ਵਰਗੇ ਵਿਦਵਾਨ ਜੋ ਆਪਣੇ ਖੁਦਕੁਸ਼ੀ ਨੋਟ ਵਿੱਚ ਇਹ ਲਿਖਕੇ ਗਏ ਹਨ ਕਿ ‘ਜਿੰਦਗੀ ਇੱਕ ਸਰਾਪ ਬਣ ਗਈ ਹੈ?’ ਸਾਡੀ ਮਨੁੱਖ ਹੋਣ ਦੀ ਅਸਮਰਥਾ ਨੂੰ ਨਹੀ ਬਿਆਨ ਕਰ ਰਹੀ“?

ਰੋਹਿਤ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਉਸਦਾ ਜਨਮ ਇੱਕ ‘ਭਿਆਨਕ ਹਾਦਸਾ’ ਸੀ। ਜਿਸ ਦੇਸ਼ ਦੇ ਵਿਦਵਾਨ ਨੌਜਵਾਨਾਂ ਵਿੱਚ ਦਹਾਕਿਆਂ ਤੋਂ ਤਸੀਹੇ ਸਹਿਣ ਕਰਕੇ ਇਹ ਭਾਵਨਾ ਪੈਦਾ ਹੋ ਜਾਵੇ ਅਤੇ ਜਿੱਥੇ ਜਨਮ ਤੇ ਜੀਵਨ ਭਿਆਨਕ ਹਾਦਸਾ ਬਣ ਜਾਵੇ ਕੀ ਉਹ ਦੇਸ਼ ਸੱਚਾ ਗਣਤੰਤਰ ਹੋ ਸਕਦਾ ਹੈ?

ਪ੍ਰੋਫੈਸਰ ਗਾਂਧੀ ਦਾ ਕਹਿਣਾਂ ਹੈ ਕਿ ਦੇਸ਼ ਦੇ ਸੰਵਿਧਾਨ ਵਿੱਚ ਸ਼ਾਮਲ ਸ਼ਬਦ ‘ਅਸੀਂ ਲੋਕ’ (We the People) ਦਾ ਮਤਲਬ ਸਿਆਸੀ ਮਨੁੱਖਾਂ ਤੋਂ ਸੀ ਨਾ ਕਿ ਗੰਦੀਆਂ ਸਿਆਸੀ ਖੇਡਾਂ ਤੋਂ। ਉਨ੍ਹਾਂ ਆਖਿਆ ਕਿ ਦਹਾਕਿਆਂ ਤੋਂ ਹਾਦਸਿਆਂ ਵਰਗੀ ਭਿਆਨਕ ਜਿੰਦਗੀ ਜੀਅ ਰਹੇ ਕਰੋੜਾਂ ਲੋਕਾਂ ਲਈ ਇਹ ਦੇਸ਼ ਮਹਿਜ਼ ਨਾਅ ਦਾ ਹੀ ਗਣਤੰਤਰ ਬਣਕੇ ਰਹਿ ਗਿਆ ਹੈ।

ਸੱਚਮੁੱਚ ਇਹ ਦੇਸ਼ ਵਿਚਾਰਧਾਰਕ ਅਤੇ ਸਿਆਸੀ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਦੇਸ਼ ਮੋਦੀਆਂ, ਲਾਲੂਆਂ, ਬਾਦਲਾਂ ਅਤੇ ਲੈਫਟੀਨੈਂਟਾਂ ਦਾ ਦੇਸ਼ ਹੈ। ਦੂਜਾ ਦੇਸ਼ ਰੋਹਿਤ ਵਰਗੇ ਪੜ੍ਹੇ ਲਿਖੇ ਵਿਦਵਾਨਾਂ ਦਾ ਦੇਸ਼ ਹੈ ਜੋ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।