ਇਸ ਸਾਲ ਦੇ ਸ਼ੁਰੂ ਵਿੱਚ 9 ਜਨਵਰੀ ਨੂੰ ਕਸ਼ਮੀਰੀ ਨੌਜਵਾਨ ਸ਼ਾਹ ਫੈਸਲ ਨੇ ਆਪਣੀ ਆਈ.ਏ.ਐਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਕਸ਼ਮੀਰ ਵਿੱਚ ਤਾਂ ਅਚੰਭਾ ਹੋਣਾ ਹੀ ਸੀ ਸਗੋਂ ਪੂਰੇ ਭਾਰਤ ਵਿੱਚ ਹੀ ਇਸ ਨੂੰ ਅਚੰਭੇ ਵਾਲਾ ਕਦਮ ਮੰਨਿਆ ਗਿਆ ਹੈ। 35 ਸਾਲ ਦੇ ਕਸ਼ਮੀਰੀ ਨੌਜਵਾਨ ਨੇ 2010 ਵਿੱਚ ਭਾਰਤ ਦੀ ਸਭ ਤੋਂ ਸਰਬਉਤਮ ਜਮਾਤ ਆਈ.ਏ.ਐਸ. ਵਿੱਚ ਪਹਿਲਾ ਨੰਬਰ ਹਾਸਿਲ ਕੀਤਾ ਸੀ। ਇਹ ਪਹਿਲਾ ਕਸ਼ਮੀਰੀ ਨੌਜਵਾਨ ਸੀ ਜਿਸਨੇ ਇਹ ਅੱਵਲ ਨੰਬਰ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਇਸ ਤੋਂ ਪ੍ਰੇਰਿਤ ਅਨੇਕਾ ਕਸ਼ਮੀਰੀ ਨੌਜਵਾਨਾਂ ਨੇ ਆਈ.ਏ.ਐਸ. ਦੀ ਪ੍ਰੀਖਿਆ ਵਿੱਚ ਹਿੱਸਾ ਲਿਆ। ਸਾਹ ਫੈਸਲ ਨੇ ਆਪਣੇ ਅਸਤੀਫੇ ਦਾ ਕਾਰਨ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਬਲਾਂ ਵੱਲੋਂ ਕਸ਼ਮੀਰੀਆ ਦੀਆਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਬਾਰੇ ਆਪਣਾ ਰੋਸ ਦੱਸਿਆ ਸੀ। ਉਸਨੇ ਕਸ਼ਮੀਰੀ ਰਾਜਨੀਤੀ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਆਪਣੇ ਰਾਜਨੀਤਿਕ ਮਕਸਦ ਬਦਲਣ ਤਾਂ ਜੋ ਕਸ਼ਮੀਰੀ ਲੋਕਾਂ ਨੂੰ ਸਹੀ ਢੰਗ ਨਾਲ ਭਾਰਤੀ ਨਿਜ਼ਾਮ ਅੱਗੇ ਆਪਣਾ ਪੱਖ ਰੱਖਣ ਦਾ ਮੌਕਾ ਮਿਲ ਸਕੇ ਤੇ ਕਸ਼ਮੀਰ ਵਾਦੀ ਵਿੱਚ ਹੋ ਰਹੀਆਂ ਰੋਜ਼ਮਰਾ ਹੱਤਿਆਵਾਂ ਜਾਂ ਕਤਲਾਂ ਨੂੰ ਠੱਲ ਪੈ ਸਕੇ। ਉਸਨੇ ਆਪਣੇ ਅਸਤੀਫੇ ਦਾ ਇੱਕ ਕਾਰਨ ਇਹ ਵੀ ਦੱਸਿਆ ਕਿ ਅੱਜ ਭਾਰਤ ਦਾ ਦੋ ਸੋ ਮਿਲੀਅਨ ਮੁਸਲਮਾਨ ਹਿੰਦੂ ਤਾਕਤਾਂ ਦੇ ਪ੍ਰਭਾਵ ਕਾਰਨ ਡਰ ਤੇ ਸਹਿਮ ਵਿੱਚ ਰਹਿ ਕੇ ਜੀਅ ਰਿਹਾ ਹੈ। ਉਨਾਂ ਨੂੰ ਭਾਰਤੀ ਨਿਜ਼ਾਮ ਅੰਦਰ ਬੇਭਰੋਸਗੀ ਤੇ ਘੁਟਣ ਮਹਿਸੂਸ ਹੋ ਰਹੀ ਹੈ।

ਸ਼ਾਹ ਫੈਸਲ ਇੱਕ ਛੋਟੇ ਜਿਹੇ ਕਸ਼ਮੀਰ ਦੇ ਪਿੰਡ ਵਿੱਚ ਜੰਮਿਆ ਤੇ ਪਲਿਆ ਜਿਥੇ ਉਸਦਾ ਪਿਤਾ ਇੱਕ ਸਕੂਲ ਦਾ ਟੀਚਰ ਸੀ। ਇਸਦੇ ਪਿੰਡ ਵਾਲਾ ਇਲਾਕਾ ਕਸ਼ਮੀਰੀ ਖਾੜਕੂਵਾਦ ਦਾ ਗੜ ਮੰਨਿਆ ਜਾਂਦਾ ਹੈ ਉਹ ਭਾਰਤ-ਪਕਿ ਸੀਮਾ ਦੇ ਬਿਲਕੁੱਲ ਉਤੇ ਪੈਂਦਾ ਹੈ। ਸ਼ਾਹ ਫੈਸਲ ਦੇ ਅਸਤੀਫੇ ਵਾਲੇ ਕਦਮ ਨੇ ਕਸ਼ਮੀਰੀ ਨੌਜਵਾਨਾਂ ਲਈ ਇੱਕ ਨਵੀਂ ਪ੍ਰੇਰਨਾ ਤੇ ਚੇਤਨਤਾ ਪੈਦਾ ਕੀਤੀ ਹੈ। ਇਸਦੇ ਪਿਤਾ ਨੂੰ ਵੀ ਕਸ਼ਮੀਰੀ ਖਾੜਕੂਆਂ ਨੇ 2002 ਵਿੱਚ ਇਸਦੇ ਪਿੰਡ ਵਿੱਚ ਕਤਲ ਕਰ ਦਿੱਤਾ ਸੀ। ਪਰ ਇਸ ਸਧਾਰਨ ਨੌਜਵਾਨ ਨੇ ਆਪਣੀ ਜਿੰਦਗੀ ਦੀ ਲੀਹ ਨੂੰ ਬਰਕਰਾਰ ਰੱਖਦਿਆਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਤੇ ਉਰਦੂ ਐਮ.ਏ. ਅੱਵਲ ਨੰਬਰਾਂ ਵਿੱਚ ਪਾਸ ਕੀਤੀ। 2010 ਵਿੱਚ ਇਸਨੇ ਆਈ.ਏ.ਐਸ. ਦੀ ਪ੍ਰੀਖਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸ਼ਾਹ ਫੈਸਲ ਨੇ ਕਸ਼ਮੀਰ ਵਾਦੀ ਵਿੱਚ ਆਪਣੀ ਨੌਕਰੀ ਦੌਰਾਨ ਸੁਰੱਖਿਆ ਬਲਾਂ ਵੱਲੋਂ ਕਸ਼ਮੀਰੀਆਂ ਦੀਆਂ ਕੀਤੀਆਂ ਜਾਂਦੀਆਂ ਹੱਤਿਆਵਾਂ ਦੇ ਖਿਲਾਫ ਆਪਣਾ ਰੋਸ ਉਠਾਇਆ ਤੇ ਇਸਦੇ ਵਿਰੁੱਧ ਲਗਾਤਾਰ ਮੀਡੀਆ ਤੇ ਵੀ ਵਿਰੋਧ ਕੀਤਾ। ਸਰਕਾਰ ਵੱਲੋਂ ਵੀ ਇਸਨੂੰ ਵਾਰ-ਵਾਰ ਤਾੜਿਆ ਗਿਆ ਤੇ ਭਾਰਤੀ ਸਰਕਾਰ ਨੇ ਇਸਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ। ਇਸਨੇ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਤੋਂ ਵੀ ਲੋਕਾਂ ਦੀ ਭਲਾਈ ਸਬੰਧੀ ਕੋਰਸ ਕੀਤਾ ਹੋਇਆ ਹੈ ਤੇ ਹੁਣ ਇਸਦਾ ਮੰਨਣਾ ਹੈ ਕਿ ਜਿਸ ਤਰਾਂ ਉਸਨੂੰ ਕਸ਼ਮੀਰ ਵਾਦੀ ਦੇ ਲੋਕਾਂ ਵੱਲੋਂ ਭਰਮਾਂ ਹੁੰਗਾਰਾ ਮਿਲਿਆ ਹੈ ਉਸਨੂੰ ਇਹ ਰਾਜਨੀਤਕ ਸ਼ਕਤੀ ਵਿੱਚ ਤਬਦੀਲ ਕਰਕੇ, ਕਸ਼ਮੀਰੀ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਕਸ਼ਮੀਰ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਸਿਰਜਣਾ ਚਾਹੁੰਦਾ ਹੈ। ਇਸ ਤਹਿਤ ਉਸਨੇ ਕਸ਼ਮੀਰ ਦੀ ਕਿਸੇ ਵੀ ਪ੍ਰਮੁੱਖ ਰਾਜਨੀਤਿਕ ਜਮਾਤ ਦਾ ਪੱਲਾ ਫੜਨ ਤੋਂ ਨਾਂਹ ਕਰ ਦਿੱਤੀ ਹੈ। ਜਦਕਿ ਕਸ਼ਮੀਰ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਸ਼ਾਹ ਫੈਸਲ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਪੂਰੀ ਵਾਹ ਲਈ ਹੈ। ਪਰ ਇਸਨੇ ਕਸ਼ਮੀਰ ਵਾਦੀ ਦੀ ਰਾਜਨੀਤੀ ਵਿੱਚ ਕਸ਼ਮੀਰ ਦੇ ਲੋਕਾਂ ਦੀਆਂ ਭਾਵਨਵਾਂ ਅਨੁਸਾਰ ਨਵੀਂ ਰਾਜਨੀਤਕ ਸੋਚ ਪੈਦਾ ਕਰਨ ਦਾ ਰਾਹ ਅਖਤਿਆਰ ਕੀਤਾ ਹੈ ਜਿਸਦਾ ਮੁੱਖ ਮਕਸਦ ਕਸ਼ਮੀਰ ਵਾਦੀ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਦੇ ਖਿਲਾਫ ਇੱਕ ਜੋਰਦਾਰ ਮੰਚ ਸਥਾਪਤ ਕੀਤਾ ਜਾ ਸਕੇ। ਇਸ ਦੇ ਇਸ ਪ੍ਰੇਰਨਾ ਸ੍ਰੋਤ ਕਦਮ ਨੂੰ ਕਸ਼ਮੀਰੀ ਪੂਰੀ ਤਰਾਂ ਆਪਣਾ ਰਹੇ ਹਨ ਤੇ ਸ਼ਾਹ ਫੈਸਲ ਨੂੰ ਇੱਕ ਕਸ਼ਮੀਰੀ ਅਵਾਜ ਵਜੋਂ ਭਾਰਤੀ ਨਿਜ਼ਾਮ ਅੱਗੇ ਉਭਾਰਨ ਦੀ ਕੋਸ਼ਿਸ ਕਰ ਰਹੇ ਹਨ ਤਾਂ ਜੋ ਕਸ਼ਮੀਰ ਮਸਲੇ ਦਾ ਕਸ਼ਮੀਰੀ ਭਾਵਨਾਵਾਂ ਅਨੁਸਾਰ ਕੋਈ ਸਥਾਈ ਹੱਲ ਤੇ ਫੈਸਲਾ ਹੋ ਸਕੇ।

ਸ਼ਾਹ ਫੈਸਲਾ ਵਰਗਾ ਨੌਜਵਾਨ ਕਸ਼ਮੀਰ ਵਾਦੀ ਲਈ ਹੀ ਨਹੀਂ ਸਗੋਂ ਭਾਰਤ ਦੇ ਹੋਰ ਸੂਬਿਆਂ ਦੇ ਨੌਜਵਾਨਾਂ ਲਈ ਵੀ ਇੱਕ ਰੋਲ ਮਾਡਲ ਬਣ ਕੇ ਸਾਹਮਣੇ ਆਇਆ ਹੈ। ਇਹ ਸਿੱਖ ਨੌਜਵਾਨੀ ਨੂੰ ਇੱਕ ਉਦਾਹਰਣ ਵਜੋਂ ਅਪਨਾਉਣਾ ਚਾਹੀਦਾ ਹੈ ਤਾਂ ਜੋ ਅੱਜ ਪੰਜਾਬ ਅੰਦਰ ਸਿੱਖ ਕੌਮ ਦਾ ਵੀ, ਅਜਿਹਾ ਸੂਝਵਾਨ ਨੌਜਵਾਨ ਸਿੱਖ ਕੌਮ ਦੀ ਅਗਵਾਈ ਕਰ ਸਕੇ ਤੇ ਸਿੱਖ ਕੌਮ ਦੇ ਮਸਲਿਆਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਭਾਰਤੀ ਨਿਜ਼ਾਮ ਤੇ ਦੁਨੀਆਂ ਸਾਹਮਣੇ ਰੱਖਿਆ ਜਾ ਸਕੇ।