ਅੱਜ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮਾਧਿਅਮ (ਟੀ.ਵੀ.) ਦੇ ਜ਼ਰੀਏ ਹੀ ਇੱਕ ਦੇਸ਼ ਦੀ ਦੂਜੇ ਦੇਸ਼ ਉਪਰ ਕੀਤੀ ਫੌਜੀ ਕਾਰਵਾਈ ਨੂੰ ਰਾਸ਼ਟਰੀ ਭਾਵਨਾਵਾਂ ਦਾ ਰੂਪ ਦੇ ਰਾਸ਼ਟਰਵਾਦੀ ਮੁੱਦੇ ਦੇ ਆਧਾਰ ਤੇ ਸੱਤਾ ਹਾਸਲ ਕਰਨ ਦਾ ਉਪਰਾਲਾ ਪੂਰੇ ਜੋਬਨ ਤੇ ਚੱਲ ਰਿਹਾ ਹੈ। ਇਹ ਵਰਤਾਰਾ ਭਾਰਤ ਵਰਗੇ ਜ਼ਮਹੂਰੀ ਦੇਸ਼ ਵਿੱਚ ਚਿੱਟੇ ਦਿਨ ਵਾਂਗ ਖੇਡਿਆ ਜਾ ਰਿਹਾ ਹੈ ਜਿਸ ਰਾਹੀਂ ਰਾਜਨੀਤੀ ਦੀ ਵਰਤੋਂ ਕਰਕੇ ਸੱਤਾ ਤੇ ਮੁੜ ਕਾਬਜ਼ ਹੋਣ ਦੀਆਂ ਮੁੱਖ ਰਾਸ਼ਟਰੀ ਸੱਤਾਧਾਰੀ ਪਾਰਟੀ ਵੱਜੋ ਪੁਰਜੋਰ ਕੋਸ਼ਿਸ ਕੀਤੀ ਜਾ ਰਹੀ ਹੈ। ਟੀ.ਵੀ. ਮਾਧਿਅਮ ਵੀ ਇਸ ਕਾਰਵਾਈ ਦੀ ਪੂਰੀ ਪ੍ਰੋੜਤਾ ਕਰਦਾ ਹੋਇਆ ਸੱਤਾ ਦਾ ਮਾਹੌਲ ਇਸ ਤਰਾਂ ਦਾ ਸਿਰਜ ਰਿਹਾ ਹੈ ਕਿ ਇਹੋ ਹੀ ਇੱਕ ਰਾਸ਼ਟਰਵਾਦੀ ਮੁੱਦਾ ਹੈ ਅਤੇ ਇਸਤੋਂ ਇਲਾਵਾ ਜੇ ਕੋਈ ਵੀ ਇਸਨੂੰ ਵਾਰਤਾਲਾਪ ਜਾਂ ਦੇਸ਼ ਵਿੱਚ ਵਿਚਾਰਧਾਰਕ ਮਾਧਿਅਮ ਨੂੰ ਆਪਣਾ ਕੇ ਇਨਾਂ ਦੇਸ਼ਾਂ ਦੇ ਤਕਰਾਰ ਨੂੰ ਹੱਲ ਕਰਨ ਦੀ ਗੱਲ ਕਹਿੰਦਾ ਹੈ ਤਾਂ ਉਸ ਨੂੰ ਇਸ ਸ਼ੋਰ ਸ਼ਰਾਬੇ ਦੇ ਮਾਹੌਲ ਵਿੱਚ ਰਾਸ਼ਟਰ ਵਿਰੋਧੀ ਆਖ ਕੇ ਦਬਾਇਆ ਜਾ ਰਿਹਾ ਹੈ। ਇਹ ਬਿਲਕੁੱਲ ਉਸੇ ਤਰਾਂ ਦਾ ਮਾਹੌਲ ਹੋ ਜੋ ਕਦੀ ਅਮਰੀਕੀ ਫੌਜ ਦੀ ਇਰਾਕ ਤੇ ਕੀਤੀ ਫੌਜੀ ਕਾਰਵਾਈ ਨੂੰ ਟੀ.ਵੀ. ਮਾਧਿਅਮ ਰਾਹੀਂ ਦਰਸਾ ਕੇ ਇੱਕ ਅਪਰਾਧਿਕ ਫੌਜੀ ਕਾਰਵਾਈ ਨੂੰ ਅਮਰੀਕਾ ਵਿੱਚ ਰਾਸ਼ਟਰ ਪੱਖੀ ਦਰਸਾ ਕੇ ਅਵਾਮ ਦਾ ਰੁਖ ਅਮਰੀਕਾ ਦੀ ਉਸ ਸਮੇਂ ਦੀ ਸਿਆਸਤ ਨੇ ਆਪਣੇ ਪੱਖੀ ਕਰਨ ਦਾ ਦੁਰਉਪਯੋਗ ਕੀਤਾ ਸੀ। ਜਿਸਦਾ ਸਮੇਂ ਤੋਂ ਬਾਅਦ ਤੱਥਾ ਸਹਿਤ ਖੁਲਾਸਾ ਵੀ ਹੋਇਆ ਸੀ। ਇਸੇ ਤਰਾਂ ਸਾਉਦੀ ਅਰਬ ਵੱਲੋਂ ਅੱਜ ਦੇ ਦਿਨ ਪਿਛਲੇ ਕਈ ਸਾਲਾਂ ਤੋਂ ਜ਼ੇਹਮਨ ਦੇ ਲੋਕਾਂ ਨਾਲ ਲੜੀ ਜਾ ਰਹੀ ਜੰਗ ਨੂੰ ਅੱਤਵਾਦ ਕੁਚਲਣ ਦਾ ਜ਼ਰੀਆ ਬਣਾ ਕੇ ਜੇਹਮਨ ਦੇ ਲੋਕਾਂ ਨੂੰ ਭੁੱਖ ਮਰੀ ਵੱਲ ਧੱਕਿਆ ਜਾ ਰਿਹਾ ਹੈ ਅਤੇ ਉਥੇ ਪੁਰਜੋਬਨ ਨਾਲ ਮਾਨਵਤਾ ਦਾ ਘਾਣ ਫੌਜੀ ਕਾਰਵਾਈ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰਾਂ ਕਸ਼ਮੀਰੀ ਲੋਕਾਂ ਅਤੇ ਉਨਾਂ ਦੀ ਸਵੈ-ਇੱਛਾ ਨੂੰ ਪਰੇ ਰੱਖ ਕੇ ਅੱਤਵਾਦ ਦੇ ਹਊਏ ਹੇਠ ਅੱਜ ਭਾਰਤ ਅੰਦਰ ਰਾਜਸੱਤਾ ਵੱਲੋਂ ਸੱਤਾ ਤੇ ਬਣੇ ਰਹਿਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜਿਸ ਨਾਲ ਨੋਟਬੰਦੀ ਮਹਿੰਗਾਈ, ਬੇਰੁਜਗਾਰੀ, ਭਾਰਤ ਦੇ ਲੋਕਾਂ ਦੀ ਲਾਚਾਰੀ, ਆਰਥਿਕ ਮੰਦਹਾਲੀ ਵਰਗੇ ਗੰਭੀਰ ਮਸਲਿਆਂ ਨੂੰ ਦਬਾਅ ਕੇ ਅੱਤਵਾਦ ਵਿਰੋਧੀ ਜੰਗ ਨੂੰ ਇੱਕ ਰਾਜਸੱਤਾ ਦਾ ਹਥਿਆਰ ਬਣਾ ਕੇ ਟੀ.ਵੀ. ਮਾਧਿਅਮ ਦੇ ਹੁੰਗਾਰੇ ਰਾਹੀਂ ਖੇਡਿਆ ਜਾ ਰਿਹਾ ਹੈ। ਅੱਜ ਰਾਸਟਰ ਵਿਆਪੀ ਇੱਕ ਹੀ ਧੁੰਨ ਰਾਸ਼ਟਰ ਅੰਦਰ ਸਵਾਰ ਹੈ ਕਿ ਪਾਕਿਸਤਾਨ ਨੂੰ ਸਹਿਮ ਦੇ ਮਾਹੌਲ ਵਿੱਚ ਧਕੇਲ ਕੇ ਭਾਰਤੀ ਖੁਸ਼ਹਾਲੀ ਸੰਭਵ ਹੋ ਸਕਦੀ ਹੈ। ਭਾਵੇਂ ਇਸ ਨਾਲ ਕਸ਼ਮੀਰੀ ਲੋਕੀ ਜੇ ਦੱਬੇ ਵੀ ਜਾਂਦੇ ਹਨ ਤਾਂ ਗੁਰੇਜ਼ ਨਹੀਂ ਕਰਨਾ। ਇਹ ਕਿਸ ਤਰਾਂ ਦੀ ਖੇਡ ਹੈ ਜਿਸਦਾ ਅੱਜ ਦੇ ਦਿਨ ਕੋਈ ਮੁਲਾਂਕਣ ਕਰਨਾ ਵੀ ਅਸੰਭਵ ਹੈ। ਇਹ ਸਾਰਾ ਵਰਤਾਰਾ ਅਤਿਅੰਤ ਖਤਰਨਾਕ ਹੈ, ਇਤਿਹਾਸ ਤੇ ਤੱਥਾਂ ਤੋਂ ਬਹੁਤ ਸਾਰੇ ਲੋਕ ਖਾਸ ਕਰਕੇ ਨੌਜਵਾਨ ਵਰਗ ਜਜਬਾਤੀ ਹੋ ਜਾਂਦੇ ਹਨ ਜਿਸ ਕੋਲ ਇਤਿਹਾਸ ਵਿੱਚ ਹੋਈਆਂ ਘਟਨਾਵਾਂ ਦੇ ਸੱਚ ਨੂੰ ਲੱਭਣ ਵਾਲੇ ਵਸੀਲੇ ਵੀ ਸੰਭਵ ਨਹੀਂ ਹਨ।