ਭਾਰਤੀ ਸੰਸਕ੍ਰਿਤੀ ਨਾਲ ਜੁੜੇ ਮਸ਼ਹੂਰ ਕਵੀ ਕਾਲੀਦਾਸ ਜੀ ਨੇ ਲਿਖਿਆ ਸੀ ਕਿ ਇੱਕ ਪਲ ਦਾ ਪਾਪ ਕਈ ਸਾਲਾਂ ਦਾ ਕਸ਼ਟ ਬਣ ਜਾਂਦਾ ਹੈ। ਇਹ ਸ਼ਬਦ ਪਿਛਲੇ ਕੁਝ ਦਿਨਾਂ ਵਿੱਚ ਜੋ ਬਿਰਤਾਤ ਰਾਮ ਰਹੀਮ ਸਾਧ ਨਾਲ ਵਾਪਰਿਆ ਹੈ, ਉੱਤੇ ਪੂਰੀ ਤਰਾਂ ਢੁਕਦਾ ਹੈ।

੧੯੯੦ ਤੋਂ ਬਾਅਦ ਆਪਣੇ ਡੇਰੇ ਦੀ ਗੱਦੀ ਲੈਣ ਉਪਰੰਤ ਤੇ ਅੱਜ ਤੱਕ ਇਸ ਨੇ ਗੁਰੁ ਨਾਨਕ ਦੇਵ ਜੀ ਦੇ ਸੱਚੇ ਸੰਕਲਪ “ਸੱਚਾ ਸੌਦਾ” ਨੂੰ ਆਪਣੇ ਅਨੁਸਾਰ ਵਰਤ ਕੇ ਡੇਰੇ ਦੇ ਭੇਖ ਹੇਠਾਂ ਇੱਕ ਵੱਡੀ ਸਲਤਨਤ ਬਣਾਈ ਹੋਈ ਸੀ। ਇਸ ਕੋਰੇ ਅਨਪੜ ੫੦ ਵਿਆਂ ਨੂੰ ਢੁਕੇ ਬਾਬੇ ਅੱਗੇ ਵੱਡੇ ਵੱਡੇ ਰਾਜਨੀਤਿਕ ਨੇਤਾ, ਧਾਰਮਿਕ ਉੱਚ ਹਸਤੀਆਂ ਤੇ ਹੋਰ ਸਮਾਜ ਦੇ ਮੋਹਤਬਾਰ ਬੰਦੇ ਆ ਕੇ ਝੁਕਦੇ ਸਨ। ਇਸਨੂੰ ਇਸ ਤਰਾਂ ਮਿਲੀ ਪ੍ਰਸਿੱਧੀ ਨੇ ਇਸਦੇ ਹੌਸਲੇ ਇੰਨੇ ਬੁਲੰਦ ਕਰ ਦਿੱਤੇ ਕਿ ਇਹ ਆਪਣੇ ਆਪ ਨੂੰ ਰੱਬ ਹੀ ਮੰਨ ਬੈਠਾ ਸੀ। ਇਸਨੇ ਆਪਣੇ ਮਗਰ ਲੱਖਾਂ, ਕਰੋੜਾਂ ਦਬੇ-ਕੁਚਲੇ ਗਰੀਬ ਲੋਕਾਂ ਦੀਆਂ ਭਾਵਾਨਵਾਂ ਨਾਲ ਖੇਡ ਕੇ ਉਨਾਂ ਦਾ ਮਸੀਹਾਂ ਬਣ ਗਿਆ।

ਇਥੇ ਇੱਕ ਕਥਨ ਜੋ ਅਮਰੀਕਾ ਦੇ ਰਹਿ ਚੁੱਕੇ ਮਸ਼ਹੂਰ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਆਖਿਆ ਸੀ ਪੂਰਾ ਢੁਕਦਾ ਹੈ ਕਿ “ਲੋਕ-ਤੰਤਰ ਦੀ ਬਾਗਡੋਰ ਰਸੂਖਵਾਨਾਂ ਨੂੰ ਸੌਂਪਣੀ ਸਭ ਤੋਂ ਵੱਡਾ ਜ਼ਮਹੂਰੀ ਗੁਨਾਹ ਹੈ“। ਇਸਦੀ ਮਿਸਾਲ ਹਰਿਆਣਾ ਵਿੱਚ ਜੋ ਦੁਖਾਂਤ ਅਤੇ ਮਾਨਵਤਾ ਦਾ ਘਾਣ ਇਸ ਭੇਖੀ ਬਾਬੇ ਦੀ ਸਜਾ ਤੋਂ ਬਾਅਦ ਪੰਚਕੂਲਾ ਵਿੱਚ ਵਾਪਰਿਆ, ਉਹ ਉਥੋਂ ਦੀ ਬਾਗਡੋਰ ਸੰਭਾਲ ਰਹੀ ਕਾਰਜਕਾਰੀ ਤੇ ਪੂਰੀ ਤਰਾਂ ਢੁਕਦਾ ਹੈ। ਕਿਉਂਕਿ ਇਸ ਸਰਕਾਰ ਨੇ ਇਸ ਬਾਬੇ ਤੋਂ ਰਾਜਸੱਤਾ ਹਾਸਲ ਕਰਨ ਲਈ ਜੋ ਹਮਾਇਤ ਪ੍ਰਾਪਤ ਕੀਤੀ ਸੀ ਉਸਦੇ ਬਦਲੇ ਵਿੱਚ ਇਸ ਤਾਂਡਵ ਨਾਚ ਨੂੰ ਨਾ ਕਾਬੂ ਕਰ ਸਕਣਾ, ਉਸ ਹਮਾਇਤ ਦਾ ਮੁੱਲ ਮੋੜਨਾ ਜਾਪਦਾ ਹੈ। ਇਸ ਬਾਬੇ ਦਾ ਤਾਂ ਇੱਕ ਤਰਾਂ ਨਾਲ ਅੰਤ ਨਿਆਂਪਾਲਿਕਾ ਨੇ ਲਿਖ ਹੀ ਦਿੱਤਾ ਹੈ, ਪਰ ਇਸ ਵੱਲੋਂ ਛੱਡੇ ਆਪਣੇ ਪਿਛੇ ਕੁਕਰਮ ਅਤੇ ਕਦਮ ਭਾਰਤ ਅੰਦਰ ਫੈਲੀ ਡੇਰੇਵਾਦ ਦੀ ਪ੍ਰਥਾ ਪ੍ਰਤੀ ਇੱਕ ਚੁਣੌਤੀ ਵਾਲਾ ਸਵਾਲ ਹੈ। ਜਿਸ ਬਾਰੇ ਆਮ ਨਾਗਰਿਕ ਵੀ ਚਿੰਤਤ ਹੈ।

ਇਸੇ ਬਾਬੇ ਨੇ ਵੱਖ-ਵੱਖ ਸਮੇਂ ਆਪਣੇ ਰੱਬ ਹੋਣ ਦੇ ਦਾਅਵੇ ਨੂੰ ਸਾਬਿਤ ਕਰਨ ਲਈ ਸਿੱਖ ਪੰਥ ਨੂੰ ਵੀ ਵਾਰ-ਵਾਰ ਵੰਗਾਰਿਆ ਤੇ ਗੁਰੂ ਸਾਹਿਬਾਨ ਤੇ ਅੰਮ੍ਰਿਤ ਦੀ ਦਾਤ ਦਾ ਸਰਕਾਰੀ ਹਮਾਇਤ ਰਾਹੀਂ ਮਜ਼ਾਕ ਉਡਾਇਆ। ਪਰ ਸਿੱਖ ਪੰਥ ਚਾਹੁੰਦਾ ਹੋਇਆ ਵੀ ਇਸਦੀ ਤਾਕਤ ਅੱਗੇ ਕਮਜ਼ੋਰ ਤੇ ਰਾਜਸੱਤਾ ਦੀ ਭੁੱਖੀ ਸਿੱਖ ਦੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਇਸ ਨਾਲ ਜੁੜੇ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੀ ਲਾਚਾਰੀ ਕਾਰਨ ਇਸ ਬਾਬੇ ਨੂੰ ਲਲਕਾਰ ਨਹੀਂ ਸਕਿਆ ਸੀ। ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਹੋਰ ਸਿੰਘ-ਸਾਹਿਬਾਨਾਂ ਵੱਲੋਂ ਹੁਕਮਨਾਮਾਂ ਜਾਰੀ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਲੀਡਰ ਜੱਥੇਦਾਰ ਤੇ ਹੋਰ ਸਿੱਖ ਖੁੱਲ ਕੇ ਇਸਦੇ ਦਰਬਾਰ ਵਿੱਚ ਝੁਕਦੇ ਹੋਏ ਦਿਖਾਈ ਦਿੱਤੇ। ਇਥੋਂ ਤੱਕ ਕੇ ਇਸ ਬਾਬੇ ਨੂੰ ਬਿਨਾਂ ਮੰਗਿਆਂ ਮਾਫੀ ਦੇਣ ਦਾ ਵੀ ਜੱਥੇਦਾਰ ਸਾਹਿਬਾਨਾਂ ਵੱਲੋਂ ਕੋਝਾ ਯਤਨ ਕੀਤਾ ਗਿਆ ਜੋ ਸਿੱਖ ਪੰਥ ਦੇ ਦਬਾਅ ਕਾਰਨ ਕਾਮਯਾਬ ਨਹੀਂ ਹੋ ਸਕਿਆ।

ਇਸ ਡੇਰੇ ਦੀ ਘਟਨਾ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਹਨ, ਉਸ ਮੁਤਾਬਕ ਅੱਜ ਪੰਜਾਬ ਅੰਦਰ ਅੱਠ ਹਜ਼ਾਰ ਤੋਂ ਵੱਧ ਇਸ ਤਰਾਂ ਦੇ ਡੇਰੇ ਹਨ ਜੋ ਸਿੱਖ ਪੰਥ ਲਈ ਦਰ ਪੇਸ਼ ਮਸਲਾ ਹਨ ਤੇ ਸਿੱਖ ਕੌਮ ਵਿੱਚ ਵੰਡੀ ਦਾ ਵੱਡਾ ਕਾਰਨ ਵੀ ਹਨ। ਕਿਉਂਕਿ ਇਸ ਭੇਖੀ ਬਾਬੇ ਦੀ ਤਰਾਂ ਦੂਜੇ ਡੇਰਿਆਂ ਦੇ ਪ੍ਰੇਮੀ ਵੀ ਸਿੱਖ ਪੰਥ ਵਿਚੋਂ ਹੀ ਨਿਕਲ ਕੇ ਇੰਨਾਂ ਡੇਰੇਦਾਰਾਂ ਅੱਗੇ ਝੁਕੇ ਹਨ। ਇਸ ਤਰਾਂ ਦਾ ਵਰਤਾਰਾ ਬਹੁਤਾ ਨੱਬੇ ਦੇ ਅੱਧ ਤੋਂ ਬਾਅਦ ਵਧਣਾ ਸ਼ੁਰੂ ਹੋਇਆ ਹੈ ਜਦੋਂ ਸਿੱਖ ਸੰਘਰਸ਼ ਆਪਣੀ ਕਾਮਯਾਬੀ ਤੋਂ ਪਛੜ ਗਿਆ ਸੀ ਭਾਵੇਂ ਇਸ ਪਿਛੇ ਹਜ਼ਾਰਾਂ, ਲੱਖਾਂ ਕੁਰਬਾਨੀਆਂ ਕੀਤੀਆਂ ਜਾ ਚੁੱਕੀਆਂ ਸਨ। ਇਸ ਡੇਰੇ ਦੇ ਅੰਤ ਤੋਂ ਬਾਅਦ ਸਿੱਖਾਂ ਦੀਆਂ ਸਿਰਮੌਰ ਹਸਤੀਆਂ ਤੇ ਅਦਾਰਿਆਂ ਦਾ ਇਹ ਮੁਢਲਾ ਫਰਜ਼ ਬਣਦਾ ਹੈ ਕਿ ਸਿੱਖੀ ਤੋਂ ਨਿਰਾਸ਼ ਹੋ ਕੇ ਡੇਰਿਆਂ ਦੇ ਪੈਰੋਕਾਰ ਬਣੇ ਸਿੱਖਾਂ ਨੂੰ ਵਾਪਸ ਸਿੱਖ ਪੰਥ ਵਿੱਚ ਲਿਆਂ ਕੇ ਸਿੱਖੀ ਨਾਲ ਜੋੜਿਆ ਜਾਵੇ।